ਰਸਨਾ ਅਤੇ ਕਾਮ-ਇੰਦ੍ਰੀ ਦੇ ਅਧੀਨ ਮਨੁੱਖ - ਠਾਕੁਰ ਦਲੀਪ ਸਿੰਘ
ਜੇਕਰ ਵਿਚਾਰ ਕਰੀਏ ਤਾਂ ਕਾਮ-ਇੰਦ੍ਰੀ ਦਾ ਰਸ ਤਾਂ ਅਸਲ ਵਿੱਚ ਤਵੱਚਾ (ਚਮੜੀ) ਦਾ ਸਪਰਸ਼-ਰਸ ਹੀ ਹੈ। ਪਰ, ਉਹ ਚਮੜੀ ਇੱਕ ਵਿਸ਼ੇਸ਼ ਸਥਾਨ ਉੱਤੇ ਹੋਣ ਕਰਕੇ ਅਤੇ ਇੱਕ ਵਿਸ਼ੇਸ਼ ਕੰਮ ਲਈ ਹੋਣ ਕਾਰਣ: ਉਸਦਾ ਵਿਸ਼ੇਸ਼, ਵਿਲੱਖਣ, ਅਨੰਦ ਅਨੁਭਵ ਹੁੰਦਾ ਹੈ। ਜਿਸ ਕਾਰਨ ਮਨੁੱਖ ਉਸ ਇੰਦ੍ਰੀ ਦੇ ਏਨਾ ਅਧੀਨ ਹੋ ਜਾਂਦਾ ਹੈ ਕਿ ਉਸ ਦੇ ਆਨੰਦ ਲਈ ਉਹ ਯੋਗ, ਅਯੋਗ, ਔਖਾ, ਸੌਖਾ, ਪੁੰਨ, ਪਾਪ ਆਦਿ ਕੁਝ ਵੀ ਕਰਨ ਲਈ ਤਿਆਰ ਹੋ ਜਾਂਦਾ ਹੈ।
ਮਨੁੱਖ ਨੂੰ ਇੰਦਰੀਆਂ ਦੇ ਅਧੀਨ ਨਹੀਂ ਹੋਣਾ ਚਾਹੀਦਾ। ਗੁਰਬਾਣੀ ਵਿੱਚ ਵੀ ਲਿਖਿਆ ਹੈ “ਪਾਚਉ ਇੰਦ੍ਰੀ ਬਸਿ ਕਰਿ ਰਾਖੈ” (ਭਗਤ ਬੇਣੀ ਜੀ, ਪੰਨਾ 974)। ਪਰੰਤੂ, ਆਮ ਤੌਰ ਉੱਤੇ, ਉਹ ਇੰਦਰੀਆਂ ਦੇ ਅਧੀਨ ਹੀ ਰਹਿੰਦਾ ਹੈ। ਸੂਝਵਾਨ, ਵਿਵੇਕੀ ਅਤੇ ਸਾਧੂਜਨ; ਗਿਆਨ ਇੰਦਰੀਆਂ ਦੇ ਅਧੀਨ ਨਹੀਂ ਹੁੰਦੇ, ਉਹ ਇੰਦਰੀ-ਰਸ ਵਿੱਚ ਲਿਪਤ ਵੀ ਨਹੀਂ ਹੁੰਦੇ: ਉਹ ਆਪਣੀਆਂ ਗਿਆਨ ਇੰਦਰੀਆਂ ਨੂੰ ਆਪਣੇ ਅਧੀਨ ਰੱਖਦੇ ਹਨ ਅਤੇ ਆਪਣੀ ਇੱਛਾ ਅਨੁਸਾਰ ਉਹਨਾਂ ਨੂੰ ਵਰਤਦੇ ਹਨ “ਇੰਦ੍ਰੀ ਵਸਿ ਸਚਿ ਸੰਜਮਿ ਜੁਗਤਾ” (ਮ. ੩, ਪੰਨਾ 121)।
ਮਨੁੱਖ ਨੂੰ, ਸਾਰੀਆਂ ਗਿਆਨ ਇੰਦਰੀਆਂ ਨੂੰ ਆਪਣੇ ਕਾਬੂ ਵਿੱਚ ਰੱਖਣਾ ਚਾਹੀਦਾ ਹੈ “ਪਾਂਚਉ ਇੰਦ੍ਰੀ ਨਿਗ੍ਰਹ ਕਰਈ” (ਕਬੀਰ ਜੀ, ਪੰਨਾ 340)। ਪਰੰਤੂ, ਸਮੱਸਿਆ ਇਹ ਹੈ ਕਿ ਬਹੁਤੇ ਮਨੁੱਖ ਇਨ੍ਹਾਂ ਗੱਲਾਂ ਉੱਤੇ ਵਿਚਾਰ ਹੀ ਨਹੀਂ ਕਰਦੇ। ਔਖਾ ਕੰਮ ਹੋਣ ਕਾਰਣ, ਇੰਦਰੀਆਂ ਨੂੰ ਆਪਣੇ ਅਧੀਨ ਕਰਨ ਅਤੇ ਆਪ ਸੁਤੰਤਰ ਹੋਣ ਦੀ ਕੋਸ਼ਿਸ਼ ਵੀ ਨਹੀਂ ਕਰਦੇ। ਇੰਦਰੀ-ਰਸ ਦਾ ਆਨੰਦ ਲੈਣਾ ਕੋਈ ਪਾਪ ਨਹੀਂ, ਗਲਤ ਕੰਮ ਨਹੀਂ: ਪਰੰਤੂ, ਆਪ ਇੰਦਰੀਆਂ ਦੇ ਅਧੀਨ ਹੋ ਜਾਣਾ; ਇਹ ਪਾਪ ਹੈ, ਬਹੁਤ ਗਲਤ ਕੰਮ ਹੈ। ਜਿਵੇਂ: ਕਾਮ ਇੰਦ੍ਰੀ ਦੇ ਰਸ ਅਧੀਨ ਹੋ ਕੇ ਮਨੁੱਖ ਨੂੰ ਏਡਜ਼ ਵਰਗੇ ਅਸਾਧ ਰੋਗ ਲੱਗ ਜਾਂਦੇ ਹਨ, ਜਿਨ੍ਹਾਂ ਦਾ ਕੋਈ ਇਲਾਜ ਹੀ ਨਹੀਂ ਹੈ। ਬਹੁਤ ਸਾਰੇ ਲੜਾਈ-ਝਗੜੇ ਵੀ ਇਸੇ ਕਾਮ-ਇੰਦ੍ਰੀ ਦੇ ਰਸ ਕਾਰਣ ਹੁੰਦੇ ਹਨ; ਜਿਸ ਕਾਰਣ ਮਨੁੱਖ ਦਾ ਜੀਵਨ ਤਬਾਹ ਹੋ ਜਾਂਦਾ ਹੈ ਅਤੇ ਪਰਿਵਾਰਾਂ ਦੇ ਪਰਿਵਾਰ ਉਜੜ ਜਾਂਦੇ ਹਨ। ਇਸੇ ਤਰ੍ਹਾਂ, ਰਸਨਾ ਦੇ ਅਧੀਨ ਹੋ ਕੇ ਅਜਿਹਾ ਸਵਾਦੀ ਭੋਜਨ ਖਾਣ ਨਾਲ, ਜੋ ਸਿਹਤ ਲਈ ਹਾਨੀਕਾਰਕ ਹੈ, ਜਾਂ ਜ਼ਿਆਦਾ ਮਾਤਰਾ ਵਿੱਚ ਸੁਆਦੀ ਭੋਜਨ ਖਾ ਲੈਣ ਨਾਲ ਵੀ; ਮਨੁੱਖ ਰੋਗੀ ਹੋ ਕੇ ਬਹੁਤ ਦੁਖ ਵੀ ਭੋਗਦਾ ਹੈ। ਜਿਵੇਂ: ਮਿੱਠੇ ਪਦਾਰਥਾਂ ਦਾ ਬਹੁਤਾ ਸੇਵਨ ਕਰਨ ਨਾਲ ਸ਼ੂਗਰ (ਮਧੂਮੇਹ) ਵਰਗੇ ਭਿਆਨਕ ਰੋਗ ਲੱਗ ਜਾਂਦੇ ਹਨ। ਜ਼ਿਆਦਾ ਨਮਕ, ਮਿਰਚ ਮਸਾਲਾ ਅਤੇ ਖਟਿਆਈ ਖਾਣ ਨਾਲ ਚਮੜੀ ਦੇ ਰੋਗ ਹੋ ਜਾਂਦੇ ਹਨ। “ਹਾਰ ਜੂਆਰ ਜੂਆ ਬਿਧੇ ਇੰਦ੍ਰੀ ਵਸਿ ਲੈ ਜਿਤਨੋ” (ਮ. ੫, ਪੰਨਾ 212) ਭਾਵ: ਇਹਨਾਂ ਦੋਵੇਂ ਇੰਦ੍ਰੀ-ਰਸਾਂ ਦੇ ਅਧੀਨ ਹੋ ਕੇ ਮਨੁੱਖ ਆਪਣਾ ਸਾਰਾ ਕੁਝ ਇਸ ਤਰ੍ਹਾਂ ਤਬਾਹ ਕਰ ਲੈਂਦਾ ਹੈ, ਜਿਵੇਂ ਜੂਏ ਵਿੱਚ ਜੁਆਰੀਆ ਆਪਣਾ ਸਭ ਕੁਝ ਤਬਾਹ ਕਰ ਬੈਠਦਾ ਹੈ।
ਇਸ ਕਰਕੇ, ਮਨੁੱਖ ਨੂੰ ਗਿਆਨ ਇੰਦਰੀਆਂ ਦੇ ਅਧੀਨ/ਗੁਲਾਮ ਨਹੀਂ ਹੋਣਾ ਚਾਹੀਦਾ; ਇੰਦਰੀਆਂ ਨੂੰ ਆਪਣੇ ਅਧੀਨ ਰੱਖਣਾ ਚਾਹੀਦਾ ਹੈ। “ਇੰਦ੍ਰੀ ਜਿਤ ਪੰਚ ਦੋਖ ਤੇ ਰਹਤ” (ਮ. ੫, ਪੰਨਾ 274) ਇੰਦਰੇਜਿੱਤ ਮਨੁੱਖ ਸਦਾ ਸੁਖੀ ਰਹਿੰਦਾ ਹੈ।