ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ॥ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ॥ - ਹਰਲਾਜ ਸਿੰਘ ਬਹਾਦਰਪੁਰ,
ਹਜਾਰਾਂ ਸਾਲ ਪਹਿਲਾਂ ਮੂਲ਼ ਨਿਵਾਸੀ ਭਾਰਤੀਆਂ ਨੂੰ ਗੁਲਾਮ ਬਣਾ ਕੇ ਉਹਨਾ ਉੱਤੇ ਰਾਜ ਕਰਨ ਲਈ ਬ੍ਰਾਹਮਣਵਾਦੀ ਸੋਚ ਨੇ ਭਾਰਤੀਆਂ ਨੂੰ ਜਾਤਾਂ ਵਿੱਚ ਵੰਡ ਕੇ ਊੱਚ ਨੀਚਤਾ ਪੈਦਾ ਕੀਤੀ, ਹੋਰ ਸੱਭ ਜਾਤਾਂ ਨੂੰ ਨੀਚ ਅਤੇ ਆਪਣੇ ਆਪ ਨੂੰ ਉਤਮ ਸਥਾਪਤ ਕਰ ਲਿਆ ਸੀ। ਸਮੇ ਬਦਲ ਗਏ ਪਰ ਊੱਚੇ ਬਣੇ ਬ੍ਰਾਹਮਣਵਾਦ ਨੇ ਮਨੁੱਖਤਾ ਨੂੰ ਜਾਤਾਂ ਵੰਡਣ ਵਾਲੀ ਆਪਣੀ ਨੀਚ ਸੋਚ ਨੂੰ ਬਦਲਣ ਦੀ ਥਾਂ ਵੰਡੀਆਂ ਨੂੰ ਪੱਕਿਆਂ ਰੱਖਣ ਲਈ ਨਵੇਂ ਢੰਗ ਅਪਣਾਉਣੇ ਸ਼ੁਰੂ ਕਰ ਦਿੱਤੇ। ਜਿਵੇਂ ਕਿ ਪਹਿਲਾਂ ਜਾਤੀ ਵੰਡ ਨੂੰ ਸਖਤੀ ਨਾਲ ਲਾਗੂ ਕਰਨ ਅਤੇ ਸੂਦਰਾਂ ਉਤੇ ਜੁਰਮ ਕਰਨ ਲਈ ਮੰਨੂ ਸਿੰਮ੍ਰਿਤੀ ਦਾ ਸਹਾਰਾ ਲਿਆ, ਹੁਣ ਵੋਟ ਵਟੋਰੂ ਨੀਤੀ ਅਨੁਸਾਰ ਭਾਰਤੀ ਸਵਿਧਾਨ ਨੂੰ ਵਰਤਿਆ ਜਾ ਰਿਹਾ ਹੈ। ਉੱਝ ਬੇਸੱਕ ਨੀਵੀਆਂ ਜਾਤਾਂ ਉੱਤੇ ਹੁੰਦੇ ਜੁਰਮ ਰੋਕਣ ਅਤੇ ਉਹਨਾ ਦੇ ਹੱਕਾਂ ਦੀ ਰਾਖੀ ਲਈ ਐੱਸ ਸੀ/ ਐੱਸ ਟੀ ਐਕਟ ਬਣਇਆ ਹੋਇਆ ਹੈ, ਅਸਲ ਵਿੱਚ ਜਾਤੀ ਪ੍ਰਬੰਧ ਅਧੀਨ ਚੱਲ ਰਹੀਆਂ ਸਰਕਾਰਾਂ ਦਾ ਇਹ ਐਕਟ ਵੀ ਕਹੇ ਜਾਂਦੇ ਨੀਵੀ ਜਾਤ ਦੇ ਭਾਰਤੀਆਂ ਨੂੰ ਮੂਰਖ ਬਣਾਉਣ ਤੋਂ ਸਿਵਾਏ ਕੁੱਝ ਵੀ ਨਹੀਂ ਹੈ। ਇੱਕ ਪਾਸੇ ਕਿਸੇ ਮਨੁੱਖ ਨੂੰ ਚੂਹੜਾ ਜਾਂ ਚਮਿਆਰ ਕਹਿਣ ਵਾਲੇ ਨੂੰ ਸਜਾ ਦਿੱਤੀ ਜਾਂਦੀ ਹੈ ਦੂਜੇ ਪਾਸੇ ਉਸੇ ਮਨੁੱਖ ਨੂੰ ਆਪਣੇ ਨਾਮ ਨਾਲ ਜਾਤੀ ਚੂਹੜਾ ਜਾਂ ਚਮਿਆਰ ਅਦਿ ਲਿਖਣੀ ਜਰੂਰੀ ਹੈ। ਜੇ ਇਹ ਜਾਤੀ ਸੂਚਕ ਸ਼ਬਦ (ਚੂਹੜਾ ਜਾਂ ਚਮਿਆਰ ਆਦਿ) ਇੰਨਾ ਹੀ ਮਾੜਾ ਹੈ ਜਿਸ ਦੇ ਕਹਿਣ ਨਾਲ ਕਿਸੇ ਦੇ ਮਨ ਨੂੰ ਠੇਸ ਪਹੁੰਚਦੀ ਹੈ, ਜਿਸ ਕਾਰਨ ਇਹ ਸ਼ਬਦ ਵਰਤਣ ਵਾਲੇ ਨੂੰ ਸਜਾ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਫਿਰ ਇਸ ਮਨੁੱਖੀ ਮਨ ਨੂੰ ਠੇਸ ਪਹੁੰਚਾਣ ਵਾਲੇ ਜਾਤੀ ਸੂਚਕ ਸ਼ਬਦ ਨੂੰ ਖਤਮ ਹੀ ਕਿਉਂ ਨਹੀਂ ਕਰ ਦਿੱਤਾ ਜਾਂਦਾ ? ਇਸ ਜਾਤੀ ਊਚ ਨੀਚ ਦੇ ਵਿਰੁੱਧ ਭਗਤ ਰਵਿਦਾਸ ਜੀ ਨੇ ਸਦੀਆਂ ਪਹਿਲਾਂ ਇਸ ਦੇ ਵਿਰੋਧ ਵਿੱਚ ਬ੍ਰਾਹਮਣ ਲਲਕਾਰਦਿਆਂ ਕਿਹਾ ਸੀ ਕਿ -: ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥ ਤਉ ਆਨ ਬਾਟ ਕਾਹੇ ਨਹੀ ਆਇਆ ॥2॥ ਤੁਮ ਕਤ ਬ੍ਰਾਹਮਣ ਹਮ ਕਤ ਸੂਦ ॥ ਹਮ ਕਤ ਲੋਹੂ ਤੁਮ ਕਤ ਦੂਧ ॥3॥ (ਗੁਰੂ ਗ੍ਰੰਥ ਸਾਹਿਬ ਪੰਨਾ 324) ਪਰ ਅਫਸੋਸ ਕਿ ਅੱਜ ਸਾਡੇ ਵਿੱਚ ਭਗਤ ਰਵਿਦਾਸ ਜੀ ਵਾਲੀ ਉਹ ਜੁਰਅਤ ਨਹੀਂ ਰਹੀ, ਕਿ ਅਸੀਂ ਬ੍ਰਾਹਮਣ ਨੂੰ ਟੋਕ ਕੇ ਕਹਿ ਸਕੀਏ ਕਿ ਤੂੰ ਬ੍ਰਾਹਮਣ (ਉਤਮ) ਕਿਵੇਂ ਹੈਂ ਅਤੇ ਅਸੀਂ ਸ਼ੂਦਰ (ਨੀਚ) ਕਿਵੇਂ ਹਾਂ। ਅਸੀਂ ਤਾਂ ਬ੍ਰਾਹਮਣ ਦੀ ਚਾਲ ਵਿੱਚ ਫਸ ਕੇ ਖੁਦ ਨੀਚ ਜਾਤ ਹੋਣ ਦੇ ਸਰਟੀਫਿਕੇਟ ਬਣਾਉਣ ਲੱਗ ਗਏ ਹਾਂ। ਇਹੀ ਕਾਰਨ ਹੈ ਕਿ ਬ੍ਰਾਹਮਣ ਵੱਲੋਂ ਨੀਚ ਜਾਤੀ ਬਣਾਏ ਗਏ ਦਲਿਤ ਲੋਕ ਆਪਣੇ ਨਾਲੋਂ ਨੀਚ ਜਾਤ ਲਾਹੁਣ ਦੀ ਥਾਂ ਨੀਚ ਜਾਤ ਵਿੱਚ ਰਹਿ ਕੇ ਹੀ ਨੀਚ ਜਾਤ ਦੇ ਹੱਕਾਂ ਦੀ ਰਾਖੀ ਲਈ ਬਣਾਏ ਗਏ ਐੱਸ ਸੀ/ਐੱਸ ਟੀ ਕਾਨੂੰਨ ਵਿੱਚ ਫੇਰ ਬਦਲ ਕਰਨ ਦੇ ਵਿਰੁੱਧ ਹਿੰਸਕ ਕਾਰਵਾਈਆਂ ਤੇ ਉੱਤਰ ਆਏ ਸਨ, ਹਰਿਆਣੇ ਦੇ ਜਾਟ ਵੀ ਅਜਿਹਾ ਰਾਖਵਾਂਕਰਣ ਪ੍ਰਾਪਤ ਕਰਨ ਲਈ, ਅੱਤ ਨਿੰਦਣ ਯੋਗ ਹਿੰਸਕ ਕਾਰਵਾਈਆਂ ਕਰ ਚੁੱਕੇ ਹਨ, ਜੋ ਮਨੁੱਖੀ ਸਮਾਜ ਦੇ ਮੱਥੇ ਤੇ ਕਾਲੰਕ ਹਨ। ਬ੍ਰਾਹਮਣਵਾਦੀ ਭਾਰਤੀ ਜਾਤੀ ਪ੍ਰਬੰਧ ਵਿੱਚ ਸਿਰਫ ਬ੍ਰਾਹਮਣ ਦੀ ਜਾਤ ਹੀ ਊਚੀ ਹੈ, ਬਾਕੀ ਹੋਰ ਸੱਭ ਜਾਤਾਂ ਨੀਚ ਹਨ। ਇਸ ਲਈ ਹੌਲੀ- ਹੌਲੀ ਸੱਭ ਜਾਤਾਂ ਹੀ ਨੀਵੀਆਂ ਹੋਣ ਕਾਰਨ ਰਾਖਵੇਂ ਕਰਣ ਦੀ ਮੰਗ ਕਰਣ ਲੱਗ ਜਾਣਗੀਆਂ। ਸੱਭ ਤੋਂ ਦੁੱਖ ਦੀ ਗੱਲ ਇਹ ਹੋਵੇਗੀ ਕਿ ਜੇ ਸਾਰੀਆਂ ਜਾਤਾਂ ਨੂੰ ਨੀਚ ਹੋਣ ਕਾਰਨ ਰਾਖਵਾਂ ਕਰਨ ਮਿਲ ਵੀ ਗਿਆ, ਉਹ ਫਿਰ ਵੀ ਸਾਰੀਆਂ ਨੀਚ ਹੋਣ ਦੇ ਬਾਵਜੂਦ ਵੀ ਜਾਤੀ ਵੰਡ ਵਿੱਚ ਵੰਡੀਆਂ ਹੋਣ ਕਾਰਨ ਇੱਕ ਦੁਜੇ ਦੀਆਂ ਵਿਰੋਧੀ ਹੀ ਰਹਿਣਗੀਆਂ। ਭਾਰਤੀਆਂ ਨੂੰ ਜਾਤਾਂ ਵਿੱਚ ਵੰਡ ਕੇ ਨੀਚ ਥਾਪ ਕੇ ਉਹਨਾ ਉੱਤੇ ਜੁਰਮ ਕਰਨ ਵਾਲੀ ਮੰਨੂ ਸਿਮ੍ਰਤੀ ਵਾਰੇ ਭਗਤ ਕਬੀਰ ਜੀ ਨੇ ਸੱਤ ਸਦੀਆਂ ਪਹਿਲਾਂ ਸੁਚੇਤ ਕਰਦਿਆ ਕਿਹਾ ਸੀ :- ਬੇਦ ਕੀ ਪੁਤ੍ਰੀ ਸਿੰਮ੍ਰਿਤਿ ਭਾਈ ॥ ਸਾਂਕਲ ਜੇਵਰੀ ਲੈ ਹੈ ਆਈ ॥1॥ ਆਪਨ ਨਗਰੁ ਆਪ ਤੇ ਬਾਧਿਆ ॥ ਮੋਹ ਕੈ ਫਾਧਿ ਕਾਲ ਸਰੁ ਸਾਂਧਿਆ ॥1॥ ਰਹਾਉ ॥ ਕਟੀ ਨ ਕਟੈ ਤੂਟਿ ਨਹ ਜਾਈ ॥ ਸਾ ਸਾਪਨਿ ਹੋਇ ਜਗ ਕਉ ਖਾਈ ॥2॥ ਹਮ ਦੇਖਤ ਜਿਨਿ ਸਭੁ ਜਗੁ ਲੂਟਿਆ ॥ ਕਹੁ ਕਬੀਰ ਮੈ ਰਾਮ ਕਹਿ ਛੂਟਿਆ ॥3॥(ਗੁਰੂ ਗ੍ਰੰਥ ਸਾਹਿਬ ਪੰਨਾ 329) ਅਰਥ:- ਹੇ ਵੀਰ! ਇਹ ਸਿੰਮ੍ਰਿਤੀ ਜੋ ਵੇਦਾਂ ਦੇ ਆਧਾਰ ਤੇ ਬਣੀ ਹੈ (ਇਹ ਤਾਂ ਆਪਣੇ ਸ਼ਰਧਾਲੂਆਂ ਵਾਸਤੇ ਵਰਨ ਆਸ਼ਰਮ ਦੇ, ਮਾਨੋ) ਸੰਗਲ ਤੇ (ਕਰਮ-ਕਾਂਡ ਦੀਆਂ) ਰੱਸੀਆਂ ਲੈ ਕੇ ਆਈ ਹੋਈ ਹੈ ।1।ਇਸ ਸਿੰਮ੍ਰਿਤੀ ਨੇ ਆਪਣੇ ਸਾਰੇ ਸ਼ਰਧਾਲੂ ਆਪ ਹੀ ਜਕੜੇ ਹੋਏ ਹਨ, (ਇਨ੍ਹਾਂ ਨੂੰ ਸੁਰਗ ਆਦਿਕ ਦੇ) ਮੋਹ ਦੀ ਫਾਹੀ ਵਿਚ ਫਸਾ ਕੇ (ਇਹਨਾਂ ਦੇ ਸਿਰ ਤੇ) ਮੌਤ (ਦੇ ਸਹਿਮ) ਦਾ ਤੀਰ (ਇਸ ਨੇ) ਖਿੱਚਿਆ ਹੋਇਆ ਹੈ।1।ਰਹਾਉ।(ਇਹ ਸਿੰਮ੍ਰਿਤੀ-ਰੂਪ ਫਾਹੀ ਸ਼ਰਧਾਲੂਆਂ ਪਾਸੋਂ) ਵੱਢਿਆਂ ਵੱਢੀ ਨਹੀਂ ਜਾ ਸਕਦੀ ਅਤੇ ਨਾਹ ਹੀ (ਆਪਣੇ ਆਪ) ਇਹ ਟੁੱਟਦੀ ਹੈ । (ਹੁਣ ਤਾਂ) ਇਹ ਸੱਪਣੀ ਬਣ ਕੇ ਜਗਤ ਨੂੰ ਖਾ ਰਹੀ ਹੈ (ਭਾਵ, ਜਿਵੇਂ ਸੱਪਣੀ ਆਪਣੇ ਹੀ ਬੱਚਿਆਂ ਨੂੰ ਖਾ ਜਾਂਦੀ ਹੈ, ਤਿਵੇਂ ਇਹ ਸਿੰਮ੍ਰਿਤੀ ਆਪਣੇ ਹੀ ਸ਼ਰਧਾਲੂਆਂ ਦਾ ਨਾਸ ਕਰ ਰਹੀ ਹੈ)।2।ਹੇ ਕਬੀਰ! ਆਖਅਸਾਡੇ ਵੇਖਦਿਆਂ ਵੇਖਦਿਆਂ ਜਿਸ (ਸਿੰਮ੍ਰਿਤੀ) ਨੇ ਸਾਰੇ ਸੰਸਾਰ ਨੂੰ ਠੱਗ ਲਿਆ ਹੈ, ਮੈਂ ਪ੍ਰਭੂ ਦਾ ਸਿਮਰਨ ਕਰ ਕੇ ਉਸ ਤੋਂ ਬਚ ਗਿਆ ਹਾਂ ।3।30।( ਗੁਰਬਾਣੀ ਪਾਠ ਦਰਪਣ ਪ੍ਰੋ: ਸਾਹਿਬ ਸਿੰਘ) ਬ੍ਰਾਹਮਣ ਦੇ ਜਾਤੀ ਪ੍ਰਬੰਧ ਤੋਂ ਅਸੀਂ ਉਨਾ ਚਿਰ ਮੁਕਤ ਨਹੀਂ ਹੋ ਸਕਦੇ ਜਿੰਨਾ ਚਿਰ ਇਸ ਦੀ ਅਸਲੀਅਤ ਨੂੰ ਸਮਝ ਕੇ ਜਾਤ ਸ਼ਬਦ ਨੂੰ ਜੜ ਤੋਂ ਖਤਮ ਨਹੀਂ ਕਰਦੇ। ਕਾਨੂੰਨੀ ਤੌਰ ਤੇ ਕਹੀਆਂ ਜਾਂਦੀਆਂ ਨੀਚ ਜਾਤੀਆਂ ਨੂੰ ਵੱਧ ਅਧਿਕਾਰ (ਰਾਖਵਾਂਕਰਨ) ਦੇਣ ਦੀ ਨੀਤੀ ਵੀ ਮੈਨੂੰ ਤਾਂ ਜਾਤੀ ਪ੍ਰਬੰਧ ਦੀ ਹੀ ਇੱਕ ਫੁੱਟ ਪਾਊ ਸਾਜਿਸ ਹੀ ਨਜਰ ਆਉਂਦੀ ਹੈ ਜੋ ਜਾਤੀ ਵੰਡ ਨੂੰ ਕਾਇਮ ਰੱਖਣ ਲਈ ਬਣਾਈ ਗਈ ਲਗਦੀ ਹੈ। ਕਿਉਂਕਿ ਜੇਕਰ ਪਛੜੇ ਮਨੁੱਖਾਂ ਨੂੰ ਊੱਚਾ ਚੁੱਕਣ ਲਈ ਸਹਾਇਤਾ ਦੇਣੀ ਹੈ ਤਾਂ ਉਹਨਾ ਦੀ ਆਰਥਿਕ ਤੌਰ ਤੇ ਪਹਿਚਾਣ ਕਰਕੇ ਵੀ ਦਿੱਤੀ ਜਾ ਸਕਦੀ ਹੈ, ਨਾਲੇ ਆਰਥਿਕ ਹਾਲਤ ਸਮੇ ਨਾਲ ਬਦਲਦੇ ਵੀ ਰਹਿੰਦੇ ਹਨ। ਜਾਤੀ ਫੁੱਟ ਪਾਊ ਬ੍ਰਾਹਮਣਵਾਦੀ ਸੋਚ ਨੇ ਜਿੱਥੇ ਹੁਣ ਤੱਕ ਭਾਰਤੀਆਂ ਨੂੰ ਜਲੀਲ ਕਰਕੇ ਰਾਜ ਕੀਤਾ ਸੀ ਉੱਥੇ ਆਮ ਬ੍ਰਾਹਮਣ ਵੀ ਹੁਣ ਇਸ ਤੋਂ ਪੀੜਤ ਨਜਰ ਆ ਰਹੇ ਹਨ। ਕਿਉਂਕਿ ਬੇਸ਼ੱਕ ਭਾਰਤ ਉੱਤੇ ਅੱਜ ਵੀ ਮੁੱਠੀ ਭਰ ਬ੍ਰਾਹਮਣ ਹੀ ਰਾਜ ਕਰ ਰਹੇ ਹਨ, ਪਰ ਵੱਡੀ ਗਿਣਤੀ ਵਿੱਚ ਬ੍ਰਾਹਮਣ ਜੋ ਆਰਥਿਕ ਤੌਰ ਤੇ ਦਲਿਤਾਂ ਨਾਲੋਂ ਵੀ ਮਾੜੀ ਜਿੰਦਗੀ ਜੀਅ ਰਹੇ ਹਨ, ਉਹਨਾ ਲਈ ਅੱਜ ਊਚੀ ਜਾਤ ਵੀ ਸਰਾਫ ਬਣ ਕੇ ਰਹਿ ਗਈ ਹੈ। ਭਾਰਤੀ ਬ੍ਰਾਹਮਣਵਾਦੀ ਸੰਵਿਧਾਨ ਅਨੁਸਾਰ ਜਾਤੀ ਕੰਮ ਤਾਂ ਬਦਲਿਆ ਜਾ ਸਕਦਾ ਹੈ ਪਰ ਜਾਤ ਨੂੰ ਬਦਲਿਆ ਨਹੀਂ ਜਾ ਸਕਦਾ। ਆਮ ਕਹਾਵਤ ਹੈ ਕਿ ਮਕੜੀ ਆਪਣੇ ਬਣਾਏ ਜਾਲ ਵਿੱਚ ਆਪ ਹੀ ਫਸ ਕੇ ਮਰ ਜਾਂਦੀ ਹੈ। ਇਹ ਕਹਾਵਤ ਬ੍ਰਾਹਮਣਵਾਦ ਦੀ ਸੋਚ ਉੱਤੇ ਪੂਰੀ ਤਰਾਂ ਢੁੱਕਦੀ ਹੈ। ਬ੍ਰਾਹਮਣਵਾਦ ਦੇ ਵੱਡਿਆਂ ਦੀ ਭਾਰਤੀ ਸ਼ੂਦਰਾਂ ਉੱਤੇ ਜੁਰਮ ਕਰਨ ਅਤੇ ਊਚ ਨੀਚ ਦੀਆਂ ਵੰਡੀਆਂ ਪਾਉਣ ਦੀਆਂ ਕੀਤੀਆਂ ਗਲਤੀਆਂ ਦੀ ਸਜਾਵਾਂ ਜਿੱਥੇ ਸ਼ੂਦਰ ਹਜਾਰਾਂ ਸਾਲਾਂ ਤੋਂ ਭੁਗਤ ਦੇ ਆਏ ਹਨ, ਹੁਣ ਉਹ ਉੱਚ ਜਾਤੀ ਬ੍ਰਾਹਮਣਾਂ ਨੂੰ ਵੀ ਭੁਗਤਣੀਆਂ ਪੈਣਗੀਆਂ। ਜਾਤੀ ਵੰਡੀਆਂ ਦੇ ਅਜਿਹੇ ਮਾੜੇ ਨਤੀਜਿਆਂ ਵਾਰੇ ਸੁਚੇਤ ਕਰਦਿਆਂ ਅਤੇ ਜਾਤ ਦਾ ਹੰਕਰ ਕਰਨ ਵਾਲੇ ਬ੍ਰਾਹਮਣ ਨੂੰ ਮੂਰਖ ਕਹਿੰਦਿਆਂ ਗੁਰੂ ਸਾਹਿਬ ਜੀ ਨੇ ਸਦੀਆਂ ਪਹਿਲਾਂ ਕਿਹਾ ਸੀ ਕਿ :- ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥1॥ (ਗੁਰੂ ਗ੍ਰੰਥ ਸਾਹਿਬ ਪੰਨਾ 1127-28) ਭਗਤ ਕਬੀਰ, ਭਗਤ ਨਾਮਦੇਵ, ਭਗਤ ਰਵਿਦਾਸ, ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਨੇ ਬ੍ਰਾਹਮਣ ਦੇ ਇਸ ਜਾਤੀ ਪ੍ਰਬੰਧ ਦੇ ਵਿਰੁੱਧ ਬਰਾਬਰਤਾ ਵਾਲਾ ਸਮਾਜ ਸਿਰਜਣ ਲਈ ਸੰਘਰਸ ਕੀਤਾ। ਪਰ ਉੱਚ ਜਾਤੀ ਬ੍ਰਾਹਮਣ ਨੇ ਆਪਣੀ ਜਾਤੀ ਵੰਡ ਪਾਊ ਨੀਤੀ ਅਨੁਸਾਰ ਉਪਰੋਕਤ ਬਾਣੀਕਾਰਾਂ ਦੇ ਪੈਰੋਕਾਰਾਂ ਨੂੰ ਵੀ ਇਸ ਜਾਤੀ ਵੰਡ ਵਿੱਚੋਂ ਨਿਕਲਣ ਹੀ ਨਹੀਂ ਦਿੱਤਾ। ਉੱਝ ਤਾਂ ਬੇਸ਼ੱਕ ਸਾਡੇ ਭਾਰਤੀ ਹੁਣ ਤੱਕ ਅੰਗਰੇਜਾਂ ਉੱਤੇ ਹੀ ਇਹ ਦੋਸ਼ ਲਾਉਂਦੇ ਆਏ ਹਨ ਕਿ ਫੁੱਟ ਪਾਓ ਤੇ ਰਾਜ ਕਰੋ ਦੀ ਨੀਤੀ ਅੰਗਰੇਜਾਂ ਦੀ ਸੀ ਪਰ ਅਸਲ ਵਿੱਚ ਇਹ ਨੀਤਾਂ ਬ੍ਰਾਹਮਣਵਾਦ ਦੀ ਸੀ। ਮਾੜੀਆਂ ਨੀਤੀਆਂ ਦੇ ਨਤੀਜੇ ਵੀ ਮਾੜੇ ਹੀ ਹੁੰਦੇ ਹਨ। ਮਨੁੱਖਤਾ ਵਿੱਚ ਜਾਤੀਆਂ ਰਾਹੀਂ ਊਚ ਨੀਚ ਦੀ ਪਾਈ ਵੰਡ ਕਾਰਨ ਭਾਰਤੀ ਸਮਾਜ ਅੱਜ ਜਾਤੀ ਨਫਰਤ ਦੀ ਸਿਖਰ ਨੂੰ ਛੂਹ ਰਿਹਾ ਹੈ, ਹਰ ਇੱਕ ਜਾਤ ਇੱਕ ਦੂਜੀ ਜਾਤ ਨੂੰ ਨਫਰਤ ਕਰ ਰਹੀ ਹੈ। ਮੂੰਹ ਛੋਟਾ ਗੱਲ ਵੱਡੀ ਕਹਾਵਤ ਵਾਲੀ ਗੱਲ ਕਹਿਣ ਦੀ ਕੋਸ਼ਿਸ ਕਰ ਰਿਹਾ ਹਾਂ, ਜਿਸ ਦਾ ਹੱਲ ਕਰਨਾ ਸੌਖਾ ਤਾਂ ਨਹੀਂ ਹੈ, ਪਰ ਅਸੰਭਵ ਵੀ ਨਹੀਂ ਹੈ। ਦੇਸ਼ ਦੇ ਮਾਲਕ ਬਣੇ ਨਰਿੰਦਰ ਮੋਦੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਹਾਡੇ ਵਡੇਰਿਆਂ ਨੇ ਭਾਰਤੀਆਂ ਉੱਤੇ ਆਪਣਾ ਰਾਜ ਕਾਇਮ ਰੱਖਣ ਲਈ ਇਹਨਾਂ ਨੂੰ ਜਾਤਾਂ ਵਰਣਾ ਵਿੱਚ ਵੰਡ ਕੇ ਬਹੁਤ ਅੱਤਿਆਚਾਰ ਕੀਤੇ ਸਨ ਜੋ ਹੁਣ ਤੱਕ ਜਾਰੀ ਹਨ, ਤੁਸੀਂ ਵੀ ਆਪਣੇ ਵਡੇਰਿਆਂ ਦੀਆਂ ਗਲਤੀਆਂ ਨੂੰ ਸੁਧਾਰਨ ਦੀ ਥਾਂ ਉਹਨਾ ਦੇ ਹੀ ਪਦ ਚਿੰਨ੍ਹਾ ਤੇ ਚਲਦੇ ਹੋਏ ਭਾਰਤ ਨੂੰ ਭਗਵੇਂ ਬ੍ਰਾਹਮਣਵਾਦੀ ਰੰਗ ਵਿੱਚ ਰੰਗਣ ਦੀ ਕੋਸ਼ਿਸ ਕਰ ਰਹੇ ਹੋਂ, ਇਸ ਦੇ ਨਤੀਜੇ ਬਹੁਤ ਮਾੜੇ ਨਿਕਲ ਰਹੇ ਹਨ, ਜੋ ਆਉਣ ਵਾਲੇ ਸਮੇ ਵਿੱਚ ਹੋਰ ਵੀ ਖਤਰਨਾਕ ਰੂਪ ਧਾਰਨ ਕਰਨਗੇ। ਕਿਉਂਕਿ ਤੁਹਾਡੇ ਵਡੇਰਿਆਂ ਨੇ ਅਤੇ ਤੁਸੀਂ ਜਾਤਾਂ ਵਰਣਾ ਦੀ ਨਫਰਤ ਦੀਆਂ ਕੰਧਾਂ ਹੀ ਇੰਨੀਆਂ ਊਚੀਆਂ ਉਸਾਰ ਦਿੱਤੀਆਂ ਹਨ ਜਿੰਨਾ ਨੂੰ ਢਾਹੁਣ ਲਈ ਵੀ ਬਹੁਤ ਵੱਡੇ ਨੁਕਸਾਨ ਹੋਣਗੇ। ਤੁਹਾਡੀ ਇਸ ਭਗਵੇਂ ਬ੍ਰਾਹਮਣਵਾਦੀ ਰੰਗ ਵਿੱਚ ਰੰਗਣ ਦੀ ਕੋਸ਼ਿਸ ਤੁਹਾਡੀਆਂ ਜੜ੍ਹਾਂ ਤਾਂ ਪੁੱਟੇਗੀ ਹੀ, ਪਰ ਤੁਹਾਡੇ ਖਤਮ ਹੋਣ ਤੋਂ ਬਾਅਦ ਵੀ ਤੁਹਾਡੇ ਵੱਲੋਂ ਊਚ ਨੀਚ ਦੀਆਂ ਜਾਤਾਂ ਵਿੱਚ ਵੰਡੇ ਭਾਰਤੀਆਂ ਨੂੰ ਵੀ ਤਬਾਹ ਕਰੇਗੀ। ਕਿਉਂਕਿ ਤੁਹਾਡੇ ਖਾਤਮੇ ਤੋਂ ਬਾਅਦ ਸਦੀਆਂ ਤੋਂ ਥੋਪੀ ਜਾਤੀ ਊਚ ਨੀਚ ਦੀ ਵੰਡ ਨੂੰ ਕਬੂਲ ਕਰ ਕੇ ਜਾਤੀ ਨਫਰਤਾਂ ਨਾਲ ਭਰੇ ਭਾਰਤੀ ਆਪਸ ਵਿੱਚ ਇੱਕ ਦੂਜੀ ਜਾਤੀਆਂ ਦਾ ਵੀ ਨੁਕਸਾਨ ਕਰਨਗੇ। ਇਸ ਲਈ ਮੋਦੀ ਜੀ, ਤੁਹਾਨੂੰ ਬੇਨਤੀ ਹੈ ਕਿ ਜੇ ਤੁਹਾਡੇ ਵਿੱਚ ਭੋਰਾ ਭਰ ਵੀ ਇੰਨਸਾਨੀਅਤ ਬਾਕੀ ਹੈ ਤਾਂ ਆਪਣੇ ਵਡੇਰਿਆਂ ਦੀਆਂ ਊਚ ਨੀਚ ਜਾਤੀ ਵੰਡ ਦੀਆਂ ਕੀਤੀਆਂ ਗਲਤੀਆਂ ਦੀ ਭਾਰਤ ਵਾਸੀਆਂ ਤੋਂ ਮੁਆਫੀ ਮੰਗ ਕੇ ਭਾਰਤ ਦੇ ਸੰਵਿਧਾਨ ਵਿੱਚੋਂ ਜਾਤੀ ਊਚ ਨੀਚ ਦੀ ਵੰਡ ਨੂੰ ਖਤਮ ਕਰਕੇ ਸਮੁੱਚੇ ਭਾਰਤੀਆਂ ਨੂੰ ਬਰਾਬਰ ਦੇ ਇੰਨਸਾਨਾਂ ਦਾ ਦਰਜਾ ਦੇ ਦਿਓ, ਇਸ ਵਿੱਚ ਹੀ ਭਾਰਤ ਦੀ ਭਲਾਈ ਹੈ ।
ਤਾਰੀਖ 4-4-2018
ਹਰਲਾਜ ਸਿੰਘ ਬਹਾਦਰਪੁਰ,
ਪਿੰਡ ਤੇ ਡਾਕਖਾਨਾ ਬਹਾਦਰਪੁਰ,
ਤਹਿਸੀਲ ਬੁੱਢਲਾਡਾ, ਜਿਲਾ ਮਾਨਸਾ ਪੰਜਾਬ ।
ਪਿੰਨ ਕੋਡ :-151501, ਫੋਨ ਨੰਬਰ :- 9417023911
harlajsingh7@gmail.com