ਮਜਦੂਰ ਦਿਵਸ਼ ਤੇ ਵਿਸ਼ੇਸ - ਹਰਲਾਜ ਸਿੰਘ ਬਹਾਦਰਪੁਰ,
ਇਕੱਲੇ ਸਰਕਾਰੀ ਮੁਲਾਜਮ ਜਾਂ ਮੰਤਰੀ ਹੀ ਦੇਸ਼ ਦੀ ਸੇਵਾ ਨਹੀਂ
ਕਰਦੇ, ਮਜਦੂਰ ਵੀ ਦੇਸ਼ ਦੀ ਸੇਵਾ ਕਰਦੇ ਹਨ।
ਸਾਡੇ ਦੇਸ਼ ਦੀਆਂ ਸਰਕਾਰਾਂ ਦੇ ਮੰਤਰੀ, ਐੱਮ ਪੀ, ਐੱਮ ਐੱਲ ਏ ਤੋਂ ਲੈ ਕੇ ਹਰ ਤਰਾਂ ਦੇ ਸਰਕਾਰੀ ਮੁਲਾਜਮ ਇਹੀ ਸਮਝਦੇ ਹਨ ਕਿ ਉਹਨਾ ਕਰਕੇ ਹੀ ਦੇਸ਼ ਚੱਲ ਰਿਹਾ ਹੈ ਅਤੇ ਸਿਰਫ ਦੇਸ਼ ਭਗਤ ਵੀ ਓਹੀ ਹਨ। ਦੇਸ਼ ਲਈ ਹਰ ਤਰਾਂ ਦੇ ਹੋਰ ਕੰਮ ਕਰਨ ਵਾਲਿਆਂ ਨੂੰ ਤਾਂ ਸਾਡੇ ਦੇਸ਼ ਵਿੱਚ ਇੰਨਸਾਨ ਹੀ ਨਹੀਂ ਸਮਝਿਆ ਜਾਂਦਾ। ਇਸੇ ਕਾਰਨ ਸਾਡੇ ਦੇਸ਼ ਵਿੱਚ ਆਮ ਆਦਮੀ ਤੇ ਸਰਕਾਰੀ ਆਦਮੀ ਦੀ ਕਿਰਤ ਵਿੱਚ ਬਹੁਤ ਵੱਡਾ ਪਾੜਾ ਹੈ। ਸਰਕਾਰਾਂ ਵੀ ਇਸ ਕਿਰਤੀ ਪਾੜੇ ਨੂੰ ਖਤਮ ਕਰਨ ਦੀ ਥਾਂ ਹੋਰ ਡੂੰਘਾ ਕਰਨ ਲਈ ਹੀ ਕੰਮ ਕਰਦੀਆਂ ਹਨ। ਉਦਾਹਰਣ ਦੇ ਤੌਰ ਤੇ ਜਿਵੇਂ ਆਮ ਹੀ ਕਿਹਾ ਜਾਂਦਾ ਹੈ ਕਿ ਫੌਜੀ ਦੇਸ਼ ਦੀ ਸੇਵਾ ਕਰਦੇ ਹਨ, ਦੇਸ਼ ਲਈ ਸ਼ਹੀਦ ਹੁੰਦੇ ਹਨ। ਕੀ ਦੇਸ਼ ਲਈ ਹੋਰ ਕਿੱਤੇ ਕਰਨ ਵਾਲੇ ਜਾਂ ਹੋਰ ਕਿੱਤਾ ਕਰਦੇ ਸਮੇ ਮਰਨ ਵਾਲੇ ਸਾਡੇ ਸ਼ਹੀਦ ਨਹੀਂ ਹੁੰਦੇ ? ਅਸਲ ਵਿੱਚ ਫੌਜੀ ਵੀ ਆਪਣੇ ਪ੍ਰੀਵਾਰ ਨੂੰ ਪਾਲਣ ਲਈ ਫੌਜ ਵਿੱਚ ਉਵੇਂ ਹੀ ਮਜਦੂਰੀ ਕਰਦਾ ਹੈ, ਜਿਵੇਂ ਇੱਕ ਮਜਦੂਰ ਆਪਣੇ ਪ੍ਰੀਵਾਰ ਨੂੰ ਪਾਲਣ ਲਈ ਸਹਿਰ ਦੇ ਗੰਦੇ (ਨਾਲੇ) ਸੀਵਰੇਜ ਨੂੰ ਸਾਫ ਕਰਨ ਲਈ ਮਜਦੂਰੀ ਕਰਦਾ ਹੈ। ਸਾਨੂੰ ਫੌਜੀ ਮਜਦੂਰ ਅਤੇ ਸਫਾਈ ਮਜਦੂਰ ਦੀ ਬਰਾਬਰ ਕਦਰ ਕਰਨੀ ਚਾਹੀਂਦੀ ਹੈ, ਕਿਉਂਕਿ ਦੋਹੇਂ ਹੀ ਕਿਰਤ ਕਰਦੇ ਹਨ। ਪਰ ਅਜਿਹਾ ਨਹੀਂ ਹੁੰਦਾ, ਜਦੋਂ ਕੋਈ ਫੌਜੀ ਜਵਾਨ ਮਰਦਾ ਹੈ ਤਾਂ ਸਾਰੇ ਦੇਸ਼ ਵਿੱਚ ਰੌਲਾ ਪੈਂਦਾ ਹੈ, ਵੱਡੇ ਲੋਕ ਉਸ ਦੇ ਦਾਹ ਸੰਸਕਾਰ ਅਤੇ ਭੋਗ ਤੇ ਵੀ ਪਹੁੰਚਦੇ ਹਨ, ਮੀਡੀਆ ਵੀ ਉਸ ਦੀ ਖਬਰ ਨੂੰ ਬਾਰ ਬਾਰ ਵਿਖਾਉਂਦਾ ਹੈ, ਉਸ ਨੂੰ ਦੇਸ਼ ਦਾ ਸ਼ਹੀਦ ਕਿਹਾ ਜਾਂਦਾ ਹੈ, ਉਹਨਾ ਦੇ ਬੁੱਤ ਵੀ ਲਾਏ ਜਾਂਦੇ ਹਨ, ਉਸ ਦੇ ਪ੍ਰੀਵਾਰ ਨੂੰ ਵੀ ਮਾਣ ਸਨਮਾਨ ਮਿਲਦਾ ਹੈ ਕਿ ਉਹ ਸ਼ਹੀਦ ਦਾ ਪ੍ਰੀਵਾਰ ਹੈ ਪਰ ਜਦੋਂ ਕੋਈ ਮਜਦੂਰ ਕੰਮ ਕਰਨ ਸਮੇ ਮਿੱਟੀ ਦੀ ਢਿਗ ਹੇਠ ਜਾਂ ਸੀਵਰੇਜ ਦੀ ਗੰਦੀ ਗੈਂਸ ਚੜਨ ਨਾਲ ਮਰਦਾ ਹੈ ਤਾਂ ਚੁੱਪ ਹੀ ਪਸਰਦੀ ਹੈ। ਅਜਿਹੇ ਮਜਦੂਰ ਦੀ ਮੌਤ ਦੀ ਕੋਈ ਗੱਲ ਨਹੀਂ ਹੁੰਦੀ, ਨਾ ਹੀ ਵੱਡੇ ਲੋਕ ਉਸ ਦੇ ਦਾਹ ਸੰਸਕਾਰ ਜਾਂ ਭੋਗ ਤੇ ਜਾਂਦੇ ਹਨ, ਮੀਡੀਆ ਵੀ ਅਜਿਹੀ ਖਬਰ ਨੂੰ ਨਾ ਮਾਤਰ ਹੀ ਵਿਖਾਉਂਦਾ ਹੈ, ਪ੍ਰੀਵਾਰ ਨੂੰ ਵੀ ਮਾਣ ਦੀ ਥਾਂ ਨਿਰਾਸਾ ਹੀ ਮਿਲਦੀ ਹੈ, ਅਜਿਹੇ ਮਜਦੂਰ ਦਾ ਬੁੱਤ ਲੱਗਣਾ ਤਾਂ ਕੀ, ਮਜਦੂਰ ਦੀ ਮੌਤ ਤੋਂ ਬਾਅਦ ਮਜਦੂਰੀ ਬੰਦ ਹੋਣ ਕਾਰਨ ਬੁੱਤ ਬਣ ਕੇ ਬੈਠੇ ਉਸ ਦੇ ਪ੍ਰੀਵਾਰ ਦੀ ਕੋਈ ਇੰਨੀ ਸਾਰ ਵੀ ਨਹੀਂ ਲੈਂਦਾ ਕਿ ਉਸ ਦੇ ਘਰ ਪ੍ਰੀਵਾਰ ਕੋਲ ਖਾਣ ਲਈ ਆਟਾ ਵੀ ਹੈ ਕਿ ਨਹੀਂ। ਇੱਥੇ ਮੇਰੀ ਗੱਲ ਨੂੰ ਫੌਜੀ ਵੀਰਾਂ ਦੇ ਵਿਰੋਧੀ ਸਮਝਣ ਦੀ ਕੋਸ਼ਿਸ ਨਾ ਕਰਨਾ, ਨਾ ਮੈਂ ਫੌਜੀ ਵੀਰਾਂ ਦਾ ਵਿਰੋਧੀ ਹਾਂ, ਨਾ ਹੀ ਉਹਨਾ ਨੂੰ ਮਿਲਦੇ ਮਾਣ ਸਨਮਾਨ ਦਾ ਵਿਰੋਧੀ ਹਾਂ, ਮੈਂ ਤਾਂ ਸਿਰਫ ਇਹ ਕਹਿ ਰਿਹਾ ਹਾਂ ਕਿ ਸਾਡੇ ਦੇਸ਼ ਦੇ ਸਾਰੇ ਨਾਗਰਿਕ ਬਰਾਬਰ ਹਨ, ਸੱਭ ਨੂੰ ਇੱਕੋ ਜਿਹਾ ਅਤੇ ਪੂਰਾ ਮਾਣ ਸਨਮਾਨ ਮਿਲਣਾ ਚਾਹੀਂਦਾ ਹੈ। ਕਿਉਂਕਿ ਜੇ ਇੱਕ ਫੌਜੀ ਜਵਾਨ ਦੇਸ਼ ਦੀ ਰਾਖੀ ਕਰ ਰਿਹਾ ਹੈ ਤਾਂ ਇੱਕ ਸਫਾਈ ਮਜਦੂਰ ਵੀ ਦੇਸ਼ ਨੂੰ ਸਾਫ ਕਰ ਰਿਹਾ ਹੈ, ਦੇਸ਼ ਲਈ ਉਸ ਦਾ ਯੋਗਦਾਨ ਵੀ ਬਰਾਬਰ ਦਾ ਹੈ। ਪਰ ਅਫਸੋਸ ਕਿ ਸਾਡੇ ਕਹੇ ਜਾਂਦੇ ਮਹਾਨ ਭਾਰਤ ਵਿੱਚ ਬਰਾਬਰਤਾ ਦੀ ਥਾਂ ਨਾਬਰਾਬਰੀ ਦੀ ਹੀ ਮਹਾਨਤਾ ਹੈ, ਇੱਥੇ ਇੰਨਸਾਨ ਦੀ ਥਾਂ ਪੈਸੇ ਦਾ ਹੀ ਸਤਿਕਾਰ ਹੈ, ਦੇਸ਼ ਦੇ ਖਜਾਨੇ ਵਿੱਚੋਂ ਮੋਟੀਆਂ ਤਨਖਾਹਾਂ ਅਤੇ ਵੱਡੇ ਭੱਤੇ ਲੈਣ ਵੱਡੇ ਮੰਤਰੀਆਂ, ਵੱਡੇ ਸਰਕਾਰੀ ਅਫਸਰਾਂ ਨੂੰ ਹੀ ਵੱਡੇ ਮਹਾਨ ਮੰਨਿਆਂ ਜਾਂਦਾ ਹੈ, ਦੇਸ਼ ਦੇ ਖਜਾਨੇ ਵਿੱਚੋਂ ਇੱਕ ਵੀ ਪੈਸਾ ਨਾ ਲੈਣ ਵਾਲੇ, ਹੱਡ ਭੰਨਵੀਂ ਮੇਹਨਤ ਕਰਕੇ ਖੁਦ ਕਮਾ ਕੇ ਖਾਣ ਵਾਲੇ ਮਜਦੂਰ ਨੂੰ ਨੀਚ ਸਮਝਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਵੱਡੇ ਮੰਤਰੀਆਂ ਅਤੇ ਸਰਕਾਰੀ ਅਫਸਰਾਂ ਦੀਆਂ ਮੌਤਾਂ ਉੱਤੇ ਹੀ ਵੱਡੇ ਸਰਕਾਰੀ ਸੋਗ ਮਨਾਏ ਜਾਂਦੇ ਹਨ, ਮਜਦੂਰਾਂ ਦੀਆਂ ਮੌਤਾਂ ਤੇ ਨਹੀਂ। ਅਸਲ ਵਿੱਚ ਤਾਂ ਹਰ ਤਰਾਂ ਦੀ ਕਿਰਤ ਕਰਨ ਵਾਲਾ ਹਰ ਮਨੁੱਖ ਮਜਦੂਰ ਹੀ ਹੁੰਦਾ ਹੈ, ਕਿਰਤ ਕੋਈ ਵੀ ਊਚੀ ਜਾਂ ਨੀਵੀਂ ਨਹੀਂ ਹੁੰਦੀ, ਪਰ ਅਸੀਂ ਕਿਰਤ ਨੂੰ ਤਾਂ ਇੱਕ ਕੀ ਸਮਝਣਾ ਸੀ ਅਸੀਂ ਤਾਂ ਮਜਦੂਰ ਸ਼ਬਦ ਨੂੰ ਵੀ ਵੰਡ ਕੇ ਊਚਾ ਨੀਵਾਂ ਬਣਾ ਦਿੱਤਾ ਹੈ। ਜਿਵੇਂ ਕਿ ਮੁਲਾਜਮ ਸ਼ਬਦ ਊੱਚਾ ਅਤੇ ਮਜਦੂਰ ਸ਼ਬਦ ਨੀਵਾਂ। ਉਝ ਤਾਂ ਸਾਰੇ ਸਰਕਾਰੀ ਮੁਲਾਜਮ ਵੀ ਤਾਂ ਮਜਦੂਰ ਹੀ ਹੁੰਦੇ ਹਨ। ਇਸ ਲਈ ਸਾਨੂੰ ਸਾਰੇ ਮਜਦੂਰਾਂ/ਮੁਲਾਜਮਾਂ ਦਾ ਬਰਾਬਰ ਦਾ ਸਤਕਿਾਰ ਕਰਨਾ ਚਾਹੀਂਦਾ ਹੈ, ਜਿਸ ਤਰਾਂ ਮੰਤਰੀਆਂ ਅਤੇ ਸਰਕਾਰੀ ਮੁਲਾਜਮਾਂ ਨੂੰ ਸੇਵਾ ਮੁਕਤੀ ਤੋਂ ਬਾਅਦ ਪੈਨਸ਼ਨ ਮਿਲਦੀ ਹੈ, ਉਸੇ ਤਰਾਂ ਕਿਸਾਨਾ ਅਤੇ ਮਜਦੂਰਾਂ ਨੂੰ ਵੀ ਉਹਨਾ ਦੇ ਬਰਾਬਰ ਦੀ ਪੈਨਸ਼ਨ ਮਿਲਣੀ ਚਾਹੀਂਦੀ ਹੈ। ਦੇਸ਼ ਨੂੰ ਜਿੱਥੇ ਮੰਤਰੀ, ਫੌਜੀ, ਅਧਿਆਪਕ, ਡਾਕਟਰ, ਪੁਲਿਸ, ਡੀ ਸੀ, ਐੱਸ ਡੀ ਐੱਮ, ਤਹਿਸੀਲਦਾਰ, ਪਟਵਾਰੀ ਆਦਿ ਵੱਡੇ ਅਫਸਰਾਂ ਦੀ ਲੋੜ ਹੈ ਉੱਥੇ ਵੱਡੇ ਉਦਯੋਗਪਤੀਆਂ, ਵਪਾਰੀਆਂ, ਦੁਕਾਨਦਾਰਾਂ, ਕਿਸਾਨਾਂ, ਜੁੱਤੇ ਗੰਢਣ ਵਾਲੇ, ਮੁਰਦਾ ਪਸੂ ਚੁੱਕਣ ਵਾਲੇ, ਗੰਦੇ ਨਾਲਿਆਂ ਨੂੰ ਸਾਫ ਕਰਨ ਵਾਲੇ, ਘਰਾਂ ਵਿੱਚ ਪੋਚੇ ਲਾਉਣ ਵਾਲੇ ਆਦਿ ਹਰ ਤਰਾਂ ਦੇ ਕੰਮ ਕਰਨ ਵਾਲੇ ਮਜਦੂਰਾਂ ਦੀ ਵੀ ਓਨੀ ਹੀ ਲੋੜ ਹੈ, ਸਾਨੂੰ ਇਹਨਾ ਸਾਰਿਆਂ ਦਾ ਹੀ ਬਰਾਬਰ ਦਾ ਸਤਿਕਰ ਕਰਨਾ ਚਾਹੀਂਦਾ ਹੈ। ਇਹ ਨਹੀਂ ਹੋਣਾ ਚਾਹੀਂਦਾ ਕਿ ਦੇਸ਼ ਲਈ ਮੰਤਰੀ, ਫੌਜੀ, ਅਧਿਆਪਕ, ਡਾਕਟਰ, ਪੁਲਿਸ, ਡੀ ਸੀ, ਐੱਸ ਡੀ ਐੱਮ, ਤਹਿਸੀਲਦਾਰ, ਪਟਵਾਰੀ ਆਦਿ ਵੱਡੇ ਅਫਸਰ ਹੀ ਸਰਬੋਤਮ ਹਨ ਜਾਂ ਦੇਸ਼ ਨੂੰ ਸਿਰਫ ਇਹਨਾ ਦੀ ਹੀ ਲੋੜ ਹੈ। ਠੀਕ ਹੈ ਇਹਨਾ ਦੀ ਯੋਗਤਾ ਊਚੀ ਹੈ, ਇਹਨਾ ਨੇ ਮੇਹਨਤ ਕਰਕੇ ਬਹੁਤ ਕੁੱਝ ਸਿੱਖਿਆ ਹੈ, ਉਸ ਦੀ ਵੀ ਕਦਰ ਕਰਨੀ ਚਾਹੀਂਦੀ ਹੈ ਅਤੇ ਕਦਰ ਹੁੰਦੀ ਵੀ ਹੈ। ਜਿਹੜੇ ਊੱਚੇ ਆਹੁਦਿਆਂ ਦਾ ਇਹ ਲੋਕ ਆਨੰਦ ਮਾਣਦੇ ਹਨ ਉਹ ਇਹਨਾ ਦੀ ਯੋਗਤਾ ਦੀ ਕਦਰ ਹੀ ਤਾਂ ਹੈ। ਜਿੱਥੇ ਉਚ ਯੋਗਤਾ ਪ੍ਰਾਪਤ ਦਫਤਰਾਂ ਦੀਆਂ ਆਨੰਦ ਮਈ ਕੁਰਸੀਆਂ ਦਾ ਆਨੰਦ ਮਾਣਦੇ ਹਨ ਉੱਥੇ ਜਿਹੜੇ ਮਨੁੱਖ ਇਹ ਯੋਗਤਾ ਪ੍ਰਾਪਤ ਨਹੀਂ ਕਰ ਸਕੇ ਉਹ ਬੇਚਾਰੇ ਆਪਣੀ ਰੋਟੀ ਨਾਲ ਬੰਨੀ ਚੌਂਕ ਵਿੱਚ ਕੱਲ੍ਹ ਦੀ ਰੋਟੀ ਲਈ ਗੰਦੇ ਨਾਲਿਆਂ ਨੂੰ ਸਾਫ ਕਰਨ ਦੀ ਮਜਦੂਰੀ ਨੂੰ ਉਡੀਕ ਰਹੇ ਹੁੰਦੇ ਹਨ। ਇਸ ਲਈ ਜਿੱਥੇ ਇੱਕ ਡੀ ਸੀ ਨੂੰ ਫਖਰ ਨਾਲ ਰਹਿੰਦਿਆਂ ਮਜਦੂਰ ਹੋਣ ਦਾ ਅਹਿਸਾਸ ਹੋਣਾ ਜਰੂਰੀ ਹੋਵੇ ਉੱਥੇ ਇੱਕ ਮਜਦੂਰ ਨੂੰ ਵੀ ਡੀ ਸੀ ਵਾਂਗ ਮੁਲਾਜਮ ਹੋਣ ਦਾ ਮਾਣ ਹੋਵੇ ਅਤੇ ਉਸ ਦਾ ਵੀ ਡੀ ਸੀ ਜਿੰਨਾ ਹੀ ਸਤਿਕਾਰ ਹੋਵੇ, ਕਿਉਂਕਿ ਦੋਹੇਂ ਮੁਲਾਜਮ ਹੋਣ ਦੇ ਨਾਮ ਤੇ ਬਰਾਬਰ ਦੇ ਸਤਿਕਾਰ ਦੇ ਹੱਕਦਾਰ ਹਨ । ਇੱਥੇ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਦੇਸ ਦੀ ਤਰੱਕੀ ਵਿੱਚ ਯੋਗਦਾਨ ਮਜਦੂਰਾਂ ਦਾ ਵੱਧ ਹੁੰਦਾ ਹੈ ਪਰ ਦੇਸ਼ ਨੂੰ ਖਾਂਦੇ ਵੱਧ ਮੰਤਰੀ ਤੇ ਅਫਸਰ (ਸਰਕਾਰੀ ਮੁਲਾਜਮ) ਹੀ ਹਨ। ਇਹ ਵੀ ਸੱਚਾਈ ਹੈ ਸਾਰੇ ਮਨੁੱਖ ਆਰਥਿਕ ਤੌਰ ਤੇ ਕਦੇ ਵੀ ਬਰਾਬਰ ਨਹੀਂ ਹੋ ਸਕਦੇ, ਕਿਉਂਕਿ ਕਾਫੀ ਹੱਦ ਤੱਕ ਆਰਥਿਕ ਗਰੀਬੀ ਅਮੀਰੀ ਹਰੇਕ ਮਨੁੱਖ ਦੀ ਆਪਣੀ ਸਹੀ ਗਲਤ ਕਮਾਈ ਅਤੇ ਜਾਇਜ ਨਾਜਾਇਜ ਖਰਚਿਆਂ ਤੇ ਵੀ ਨਿਰਭਰ ਹੁੰਦੀ ਹੈ। ਇਸ ਦੀਆਂ ਪ੍ਰਤੱਖ ਉਦਾਹਰਣਾ ਸਾਡੇ ਸਾਹਮਣੇ ਹਨ, ਜਿਵੇਂ ਕਿ ਬਹੁਤ ਸਾਰੇ ਜਮੀਨਾਂ ਦੇ ਮਾਲਕ ਆਪਣੇ ਗਲਤ ਖਰਚਿਆਂ ਜਾਂ ਨਸ਼ਿਆਂ ਕਾਰਨ ਜਮੀਨਾਂ ਬੇਚ ਕੇ ਅੱਜ ਮਜਦੂਰੀ ਕਰ ਰਹੇ ਹਨ, ਕੁੱਝ ਮਜਦੂਰ ਆਪਣੀ ਮਜਦੂਰੀ ਦੀ ਸਹੀ ਵਰਤੋਂ ਕਰਕੇ ਜਮੀਨਾਂ ਖਰੀਦਣ ਦੇ ਯੋਗ ਵੀ ਹੋ ਗਏ ਹਨ। ਬੇਸ਼ੱਕ ਆਥਿਕ ਤੌਰ ਤੇ ਸੱਭ ਨੂੰ ਬਰਾਬਰ ਕਰਨਾ ਕਿਸੇ ਦੇ ਬੱਸ ਦੀ ਗੱਲ ਨਹੀਂ ਹੈ, ਪਰ ਸਰਕਾਰਾਂ ਵੱਲੋਂ ਸੱਭ ਨੂੰ ਬਰਾਬਰਤਾ ਦੇ ਮੌਕੇ ਅਤੇ ਬੁਢਾਪਾ ਪੈਨਸ਼ਨ ਤਾਂ ਬਰਾਬਰ ਦਿੱਤੀ ਜਾਣੀ ਹੀ ਚਾਹੀਂਦੀ ਹੈ। ਬੁਢਾਪਾ ਪੈਨਸਨ ਦੇਸ਼ ਦੇ ਹਰ ਨਾਗਰਿਕ ਦੀ ਬਰਾਬਰ ਹੋਣੀ ਚਾਹੀਂਦੀ ਹੈ, ਉਹ ਚਾਹੇ ਮੰਤਰੀ, ਅਫਸਰ, ਕਿਸਾਨ ਜਾਂ ਮਜਦੂਰ ਆਦਿ ਹੋਵੇ। ਕਿਉਂਕਿ ਸਾਰੇ ਹੀ ਦੇਸ਼ ਲਈ ਕੰਮ ਕਰਦੇ ਹਨ ਅਤੇ ਘਰ ਦੀਆਂ ਲੋੜਾਂ ਵੀ ਤਾਂ ਹਰ ਮਨੁੱਖ ਦੀਆਂ ਬਰਾਬਰ ਹੀ ਹੁੰਦੀਆਂ ਹਨ, ਉਹ ਚਾਹੇ ਅਫਸਰ ਹੋਵੇ ਜਾਂ ਮਜਦੂਰ। ਜਿਵੇਂ ਕਿ ਸਿਹਤ ਅਤੇ ਸਿੱਖਿਆ ਮਨੁੱਖ ਦੀਆਂ ਦੋ ਮੁੱਢਲੀਆਂ ਲੋੜਾਂ ਹਨ ਜੇ ਇਹਨਾ ਵਿੱਚ ਬਰਾਬਰਤਾ ਮਿਲ ਜਾਵੇ ਤਾਂ ਕਾਫੀ ਹੱਦ ਤੱਕ ਬਰਾਬਰਤਾ ਹੋ ਸਕਦੀ ਹੈ। ਸਿੱਖਿਆ ਦਾ ਪੱਧਰ ਇੱਕ ਹੋਣਾ ਚਾਹੀਂਦਾ, ਸੱਭ ਦੇ ਬੱਚੇ ਇੱਕੋ ਸਕੂਲ ਵਿੱਚ ਪੜ੍ਹਨੇ ਚਾਹੀਂਦੇ ਹਨ, ਜਿੱਥੇ ਆਰਥਿਕ ਤੌਰ ਤੇ ਸੌਖੇ ਲੋਕ ਖੁਦ ਫੀਸ (ਖਰਚਾ) ਭਰਨ ਉੱਥੇ ਆਰਥਿਕ ਤੌਰ ਤੇ ਕਮਜੋਰਾਂ ਦੀ ਫੀਸ ਸਰਕਾਰ ਭਰੇ। ਇਸੇ ਤਰਾਂ ਇਲਾਜ ਦਾ ਪੱਧਰ ਵੀ ਇੱਕਸਾਰ ਹੋਣਾ ਚਾਹੀਂਦਾ ਹੈ, ਜਿੱਥੇ ਆਰਥਿਕ ਤੌਰ ਤੇ ਸੌਖੇ ਲੋਕ ਖੁਦ ਖਰਚਾ ਕਰਨ ਅਤੇ ਆਰਥਿਕ ਤੌਰ ਤੇ ਕਮਜੋਰਾਂ ਦੇ ਇਲਾਜ ਦਾ ਖਰਚ ਸਰਕਾਰ ਕਰੇ, ਅਜਿਹਾ ਕਰਨ ਨਾਲ ਮਜਦੂਰਾਂ ਨੂੰ ਵੀ ਬਰਾਬਰਤਾ ਦੇ ਮੌਕੇ ਅਤੇ ਸਤਿਕਾਰ ਮਿਲੇਗਾ।ਕੰਮ ਦਾ ਸਮਾ ਘੱਟ (ਅੱਠ ਘੰਟੇ) ਕਰਨ ਲਈ ਇੱਕ ਮਈ 1886 ਨੂੰ ਮਜਦੂਰਾਂ ਦੇ ਸੰਘਰਸ ਤੋਂ ਸ਼ੁਰੂ ਹੋਏ ਮਜਦੂਰ ਦਿਵਸ਼ ਨੂੰ ਉੱਝ ਭਾਵੇਂ ਅਸੀਂ ਹਰ ਸਾਲ ਇੱਕ ਰੀਤ ਵਜੋਂ ਮਜਦੂਰ ਦਿਵਸ਼ ਮਨਾਉਣ ਦਾ ਵਿਖਾਵਾ ਤਾਂ ਜਰੂਰ ਕਰਦੇ ਹਾਂ ਪਰ ਮਜਦੂਰ ਨੂੰ ਬਰਾਬਰਤਾ ਅਤੇ ਸਤਿਕਾਰ ਦੇਣ ਲਈ ਕੁੱਝ ਵੀ ਨਹੀਂ ਕਰਦੇ। ਬੇਸ਼ੱਕ ਅੱਜ ਮਜਦੂਰਾਂ ਨੂੰ 8 ਘੰਟੇ ਕੰਮ ਕਰਨ ਦਾ ਹੱਕ ਪ੍ਰਾਪਤ ਹੋ ਚੁੱਕਿਆ ਹੈ, ਪਰ ਹਾਲੇ ਮਜਦੂਰਾਂ ਨੂੰ ਮਨੁੱਖੀ ਸਤਿਕਾਰ ਅਤੇ ਬਰਾਬਰਤਾ ਮਿਲਣੀ ਬਾਕੀ ਹੈ। ਸਿਰਫ ਸਾਲ ਬਾਅਦ ਇੱਕ ਦਿਨ ਮਜਦੂਰ ਦਿਵਸ ਵਜੋਂ ਮਨਾਉਣ ਨਾਲ ਕੁੱਝ ਨਹੀਂ ਹੋਣਾ, ਸਾਰਾ ਸਾਲ ਹੀ ਮਜਦੂਰਾਂ ਨੂੰ ਸਤਿਕਾਰ ਦਿਓ ਕਿਉਂਕਿ ਇਹ ਵੀ ਵੱਡਿਆਂ ਮੰਤਰੀਆਂ/ਅਫਸਰਾਂ ਵਰਗੇ ਹੀ ਇੰਨਸਾਨ ਹਨ ਅਤੇ ਬਰਾਬਰਤਾ ਦੇ ਹੱਕਦਾਰ ਹਨ। ਕਿਉਂਕਿ ਇਕੱਲੇ ਸਰਕਾਰੀ ਮੁਲਾਜਮ ਜਾਂ ਮੰਤਰੀ ਹੀ ਦੇਸ਼ ਦੀ ਸੇਵਾ ਨਹੀਂ ਕਰਦੇ, ਮਜਦੂਰ ਵੀ ਦੇਸ਼ ਦੀ ਸੇਵਾ ਕਰਦੇ ਹਨ।
ਹਰਲਾਜ ਸਿੰਘ ਬਹਾਦਰਪੁਰ,
ਪਿੰਡ ਤੇ ਡਾਕਖਾਨਾ ਬਹਾਦਰਪੁਰ,
ਤਹਿਸੀਲ ਬੁੱਢਲਾਡਾ, ਜਿਲਾ ਮਾਨਸਾ ਪੰਜਾਬ ।
ਪਿੰਨ ਕੋਡ :-151501, ਫੋਨ ਨੰਬਰ :- 9417023911
harlajsingh7@gmail.com