ਕੁਦਰਤ ਦੀ ਮੰਗ-ਕੁਦਰਤੀ ਖੇਤੀ - ਗੁਰਮੀਤ ਸਿੰਘ ਪਲਾਹੀ

ਖੇਤੀ ਨੂੰ ਜਿਸ ਤਰ੍ਹਾਂ ਵਪਾਰ-ਕਾਰੋਬਾਰ ਬਨਾਉਣ ਦੀ ਦੌੜ ਲੱਗੀ ਹੋਈ ਹੈ, ਉਸ ਵਿੱਚ ਖੇਤੀ ਸੰਦਾਂ ਅਤੇ ਰਸਾਇਣ ਖਾਦਾਂ ਦੀ ਜ਼ਿਆਦਾ ਵਰਤੋਂ ਵੇਖਣ ਨੂੰ ਮਿਲ ਰਹੀ ਹੈ।

    ਅਨੇਕਾਂ ਵਿਦੇਸ਼ੀ ਕੰਪਨੀਆਂ, ਉਭਰ ਰਹੀ ਭਾਰਤੀ ਮੰਡੀ ਉਤੇ ਕਾਬਜ਼ ਹੋ ਰਹੀਆਂ ਹਨ ਅਤੇ ਜ਼ਿਆਦਾ ਉਪਜ ਦੇਣ ਵਾਲੇ ਬੀਜਾਂ ਦਾ ਵਿਕਾਸ ਕਰਨ ਤੇ ਲੱਗੀਆਂ ਹੋਈਆਂ  ਹਨ। ਪਹਿਲਾਂ ਦੇਸ਼ ਦੇ ਖੇਤੀ ਖੋਜ ਕੇਂਦਰ ਦੇਸ਼ ਦੇ ਪੌਣ ਪਾਣੀ ਅਤੇ ਮਿੱਟੀ ਦੀ ਕੁਦਰਤੀ ਤਾਕਤ ਨੂੰ ਧਿਆਨ 'ਚ ਰੱਖਦਿਆਂ ਬੀਜਾਂ ਦਾ ਵਿਕਾਸ ਕਰਿਆ ਕਰਦੇ ਸਨ, ਪਰ ਹੁਣ ਉਹ ਹਾਸ਼ੀਏ ਉਤੇ ਚਲੇ ਗਏ ਹਨ।

    ਕੁਦਰਤੀ ਖੇਤੀ ਸਾਡੀ ਪਰੰਪਰਾ ਨਾਲ ਜੁੜੀ ਹੋਈ ਹੈ ਅਤੇ  ਹੁਣ ਇਹ ਸਮੇਂ ਦੀ ਮੰਗ ਬਣ ਚੁੱਕੀ ਹੈ। ਖੇਤੀ ਦੇ ਆਧੁਨਿਕ ਤੌਰ-ਤਰੀਕੇ ਅਪਨਾ ਕੇ ਅਸੀਂ ਆਪਣੀਆਂ ਖੁਰਾਕ ਲੋੜਾਂ ਨੂੰ ਪੂਰਿਆਂ ਕਰ ਲਿਆ, ਪਰ ਦੂਜੇ ਪਾਸੇ ਖਾਦਾਂ, ਰਸਾਇਣਕ ਦਵਾਈਆਂ ਦੀ ਅੰਧਾਂ-ਧੁੰਦ ਵਰਤੋਂ ਨਾਲ ਧਰਤੀ ਅਤੇ ਸਾਡੇ ਜੀਵਨ ਉਤੇ ਇਸਦਾ ਬੁਰਾ ਪ੍ਰਭਾਵ ਪਿਆ ਹੈ।

    ਅਸਲ ਵਿੱਚ ਖੇਤੀ ਵਿੱਚ ਰਸਾਇਣਾਂ ਦੀ ਵਰਤੋਂ ਨਾ ਕੇਵਲ ਮਿੱਟੀ ਨੂੰ ਕਮਜ਼ੋਰ ਕਰਦੀ ਹੈ ਸਗੋਂ ਫਸਲਾਂ ਨੂੰ ਵੀ ਜ਼ਹਿਰੀਲਾ ਬਣਾ ਦਿੰਦੀ ਹੈ। ਰਸਾਇਣਕ ਖਾਦਾਂ ਅਤੇ ਕੀੜੇ ਮਾਰ ਦਵਾਈਆਂ ਵਾਤਾਵਰਨ ਨੂੰ ਵੀ ਗੰਦਲਾ/ ਪ੍ਰਦੂਸ਼ਿਤ ਕਰਦੀਆਂ ਹਨ। ਕਈ ਵੇਰ ਲੋੜ ਤੋਂ ਵੱਧ ਕੀਟਨਾਸ਼ਕ, ਖੇਤੀ ਪੈਦਾਵਾਰ ਵਿੱਚ ਵਧੇਰੇ ਮਾਤਰਾ ਵਿੱਚ ਪਾਏ ਜਾਣ ਕਾਰਨ ਵਿਦੇਸ਼ੀ ਖਰੀਦਦਾਰ ਫਸਲਾਂ, ਖਾਣ ਵਾਲੇ ਪਦਾਰਥ ਲੈਣ ਤੋਂ ਨਾਂਹ ਕਰ ਦਿੰਦੇ ਹਨ। ਇਹ ਰਸਾਇਣ, ਜ਼ਮੀਨ ਦੀ ਅੰਦਰੂਨੀ ਸਤਹ ਤੱਕ ਪਹੁੰਚਕੇ ਵੀ ਇਸਨੂੰ ਪ੍ਰਦੂਸ਼ਤ ਕਰ ਦਿੰਦੇ ਹਨ।

    ਯਾਦ ਰੱਖਣ ਵਾਲੀ ਗੱਲ ਹੈ ਕਿ ਮਿੱਟੀ ਵਿੱਚ 16 ਤਰ੍ਹਾਂ ਦੇ ਪੈਦਾਵਾਰੀ ਤੱਤ ਪਾਏ ਜਾਂਦੇ ਹਨ, ਜੋ ਫਸਲਾਂ ਦੇ ਚੰਗੇ ਵਾਧੇ ਅਤੇ ਜ਼ਿਆਦਾ ਪੈਦਾਵਾਰ ਲਈ ਜ਼ਰੂਰੀ ਹਨ। ਇਸ ਵਿੱਚੋਂ ਜਦੋਂ ਕਿਸੇ ਇੱਕ ਤੱਤ ਦੀ ਵੀ ਕਮੀ ਹੋ ਜਾਂਦੀ ਹੈ ਤਾਂ ਬਾਕੀ  15 ਤੱਤਾਂ ਦਾ ਵੀ ਵਿਸ਼ੇਸ਼ ਲਾਭ ਫਸਲਾਂ ਨੂੰ ਨਹੀਂ ਮਿਲਦਾ। ਦੇਸੀ ਖਾਦਾਂ, ਜਿਸ ਵਿੱਚ ਪਸ਼ੂਆਂ ਦਾ ਗੋਹਾ, ਪਿਸ਼ਾਬ, ਧਰਤੀ ਵਿੱਚ ਗਡੋਇਆਂ ਦੀ ਮਾਤਰਾ ਵਧਾਉਣ ਲਈ ਸਹਾਇਕ ਹੁੰਦੀ ਹੈ। ਅਤੇ ਗੰਡੋਏ ਕਿਸਾਨ ਦੇ ਮਿੱਤਰ ਮੰਨੇ ਜਾਂਦੇ ਹਨ। ਇੰਜ ਕੁਦਰਤੀ ਸਾਧਨਾਂ ਨਾਲ ਕੀਤੀ ਖੇਤੀ ਲਈ ਪਾਣੀ ਦੀ ਵੀ ਘੱਟ ਜ਼ਰੂਰਤ ਪੈਂਦੀ ਹੈ ਅਤੇ ਕਈ ਹਾਲਤਾਂ ਵਿੱਚ ਤਾਂ ਸਿਰਫ 10 ਫ਼ੀਸਦੀ ਪਾਣੀ ਹੀ ਲੱਗਦਾ ਹੈ।

    ਕੁਦਰਤੀ ਖੇਤੀ ਦਾ ਮੂਲ ਮੰਤਵ ਜਿਥੇ ਕੁਦਰਤੀ ਪੈਦਾਵਾਰ ਲੈਣਾ ਹੈ, ਉਥੇ ਮਿੱਟੀ ਦੀ ਸਿਹਤ ਮਜ਼ਬੂਤ ਰੱਖਣਾ ਵੀ ਹੈ। ਕੁਦਰਤੀ ਖੇਤੀ 'ਚ ਇਹੋ ਜਿਹੇ ਢੰਗ-ਤਰੀਕੇ ਲੱਭੇ ਗਏ ਹਨ ਜਿਹਨਾ ਨਾਲ ਮਿੱਟੀ 'ਚ ਮੌਜੂਦਾ ਜੀਵਾਂ ਦੀ ਰੱਖਿਆ ਵੀ ਹੋ ਸਕੇ। ਉਂਜ ਵੀ ਕੁਦਰਤੀ ਖੇਤੀ ਘੱਟ ਲਾਗਤ ਨਾਲ ਕੀਤੇ ਜਾਣ  ਕਾਰਨ ਛੋਟੇ ਅਤੇ ਸੀਮਾਂਤ ਕਿਸਾਨਾਂ ਲਈ  ਉਤਸ਼ਾਹਜਨਕ ਧੰਦਾ ਹੈ, ਕਿਉਂਕਿ ਇਸ ਨਾਲ ਖਾਦਾਂ ਅਤੇ ਕੀਟਨਾਸ਼ਕਾਂ ਉਤੇ ਕੋਈ ਖ਼ਰਚ ਨਹੀਂ ਹੁੰਦਾ ਅਤੇ ਉਪਜ ਵੀ ਭਰਪੂਰ ਮਿਲਦੀ ਹੈ।

    ਅੱਜ ਕੀਤੀ ਜਾਣ ਵਾਲੀ ਖੇਤੀ ਛੋਟੇ ਕਿਸਾਨਾਂ ਲਈ ਵੱਧ ਖ਼ਰਚ ਵਾਲੀ ਬਣ ਜਾਣ ਕਾਰਨ, ਉਹਨਾ ਦਾ ਖੇਤੀ ਤੋਂ ਮੋਹ ਭੰਗ ਕਰ ਰਿਹਾ ਹੈ, ਕਿਉਂਕਿ ਇਸ ਖੇਤੀ ਉਤੇ ਵੱਧ ਲਾਗਤ, ਉਹਨਾ ਦੀ ਕਮਰ ਤੋੜ ਰਹੀ ਹੈ। ਇਸੇ ਕਰਕੇ ਛੋਟੇ ਕਿਸਾਨ ਕੁਦਰਤੀ ਖੇਤੀ ਬਾਰੇ ਸੰਜੀਦਾ ਹੋ ਰਹੇ ਹਨ। ਕਈ ਲੋਕਾਂ  ਨੂੰ ਇਹ ਲਗਦਾ ਹੈ ਕਿ ਕੁਦਰਤੀ ਖੇਤੀ ਨਾਲ ਸ਼ੁਰੂਆਤ ਵਿੱਚ ਘੱਟ ਉਪਜ ਰਹਿੰਦੀ ਹੈ, ਲੇਕਿਨ ਇਹ ਠੀਕ ਨਹੀਂ ਹੈ। ਪਹਿਲੇ ਹੀ ਸਾਲ ਵਿੱਚ ਕਿਸਾਨ ਸਹੀ ਢੰਗ ਨਾਲ ਕੁਦਰਤੀ ਖੇਤੀ ਕੀਤਿਆਂ ਭਰਪੂਰ ਫ਼ਸਲ ਲੈ ਸਕਦੇ ਹਨ।

    ਬਿਨ੍ਹਾਂ ਸ਼ੱਕ  ਖਾਦ ਅਤੇ ਕੀਟਨਾਸ਼ਕ ਫਸਲਾਂ ਲਈ ਜ਼ਰੂਰੀ ਹਨ। ਪਰ ਇਹ ਕਿਸਾਨ ਪਾਸ ਜੋ ਸਮੱਗਰੀ ਮੌਜੂਦ ਹੈ, ਉਸ ਨਾਲ ਹੀ ਤਿਆਰ ਕੀਤੇ ਜਾ ਸਕਦੇ ਹਨ। ਇਹਨਾ ਚੀਜ਼ਾਂ ਨਾਲ ਤਿਆਰ ਕੀਤੀ ਖਾਦ ਮਿੱਟੀ ਦੀ ਭੌਤਿਕ ਹਾਲਤ ਸੁਧਾਰ ਦਿੰਦੀ ਹੈ। ਗੋਹਾ, ਪੌਦਿਆਂ ਦੇ ਪੱਤੇ, ਲੱਸਣ ਅਤੇ ਲਾਲ ਮਿਰਚਾਂ ਦੀ ਵਰਤੋਂ ਕਰਕੇ ਖਾਦਾਂ ਅਤੇ ਕੀਟਨਾਸ਼ਕ ਤਿਆਰ ਹੋ ਸਕਦੇ ਹਨ।

    ਕੁਦਰਤੀ ਖੇਤੀ ਦੀ ਪਹਿਲੀ ਜ਼ਰੂਰਤ ਪਸ਼ੂ ਪਾਲਣਾ ਹੈ। ਜਿਸ ਤੋਂ ਗੋਹਾ, ਮੂਤਰ ਆਦਿ ਪ੍ਰਾਪਤ ਹੋ ਸਕਦਾ ਹੈ, ਜੋ ਖਾਦ ਲਈ ਵਰਤਿਆ ਜਾਂਦਾ ਹੈ, ਇਸ ਨਾਲ ਲਾਗਤ ਤਾਂ ਘੱਟ ਆਉਂਦੀ ਹੀ ਹੈ, ਪਸ਼ੂਆਂ ਦਾ ਪ੍ਰਾਪਤ ਦੁੱਧ ਕਿਸਾਨਾਂ ਦੀ ਆਮਦਨ 'ਚ ਵਾਧਾ ਵੀ ਕਰਦਾ ਹੈ।

    ਦੇਸ਼ ਵਿੱਚ ਪਹਿਲਾਂ ਇਸੇ ਢੰਗ  ਨਾਲ ਖੇਤੀ ਕੀਤੀ ਜਾਂਦੀ ਸੀ। ਇਸ ਢੰਗ ਨਾਲ ਪੈਦਾ ਕੀਤੇ ਅਨਾਜ, ਸਬਜੀਆਂ, ਫਲਾਂ ਦੀ ਆਪਣੀ  ਕਿਸਮ ਦੀ ਵਿਸ਼ੇਸ਼ਤਾ ਹੁੰਦੀ ਸੀ। ਅੱਜ ਕੱਲ ਫਿਰ ਇਸੇ ਤਰੀਕੇ ਫਸਲਾਂ ਉਗਾਉਣ  ਦੀ ਲੋੜ ਹੈ, ਜਿਸ ਨਾਲ ਸਾਡੀ ਸਿਹਤ, ਸਾਡਾ ਆਲਾ-ਦੁਆਲਾ ਹਰਿਆਲਾ ਅਤੇ ਸੁਖਾਵਾਂ ਹੋਵੇ ਅਤੇ ਧਰਤੀ ਬੰਜਰ ਹੋਣ ਤੋਂ ਬਚ ਸਕੇ।

    -ਗੁਰਮੀਤ ਸਿੰਘ ਪਲਾਹੀ

    -9815802070

    ਈਮੇਲ: gurmitpalahi@yahoo.com