ਗ਼ਜ਼ਲ - ਅਮਰਜੀਤ ਸਿੰਘ ਸਿੱਧੂ ਬੱਧਨੀ ਕਲਾਂ
ਕਿੱਦਾਂ ਆਖਾਂ ਹੋਏ ਹਾਂ ਆਜ਼ਾਦ ਅਸੀਂ।
ਆਜ਼ਾਦੀ ਨੇ ਕਰ ਦਿੱਤੇ ਬਰਬਾਦ ਅਸੀਂ।
ਇਸ ਵੰਡ ਅਸਾਂ ਤੋਂ ਜੋ ਕੀਤੇ ਨੇ ਵੱਖਰੇ,
ਹਰ ਵੇਲੇ ਕਰਦੇ ਉਹਨਾਂ ਨੂੰ ਯਾਦ ਅਸੀਂ।
ਜਿਸ ਨੇ ਸੰਤਾਲੀ 'ਚ ਗਦਾਰੀ ਕੀਤੀ ਸੀ,
ਰਾਜ ਕਰੇਂਦੀ ਉਸ ਦੀ ਵੇਖੀ ਉਲਾਦ ਅਸੀਂ।
ਕਿਰਤੀ ਕਾਮੇ ਭੁੱਖੇ ਮਰਦੇ ਵੇਖ ਲਵੋ,
ਖਾਂਦਾ ਵਿਹਲੜ ਤੱਕਿਆ ਨਾਲ ਸਵਾਦ ਅਸੀਂ।
ਜੇ ਮਾਲੀ ਖੁਦ ਕਰਦਾ ਹੋਵੇ ਅਲਗਰਜੀ,
ਕਿੱਥੋਂ ਵੇਖਾਂਗੇ ਉਹ ਬਾਗ ਅਬਾਦ ਅਸੀਂ।
ਮਾਂ ਬੋਲੀ ਨੂੰ ਬੋਲਣ ਤੋਂ ਹੈ ਇਹ ਡਰਦਾ,
ਵੇਖ ਲਿਆ ਹੁਣ ਅੱਖੀਂ ਇਹ ਪੰਜਾਬ ਅਸੀਂ।
ਬਣਦਾ ਵੇਖ ਰਹੇ ਹਾਂ ਸਿੱਧੂ ਮਾਰੂਥਲ,
ਵੇਖੇ ਜਿੱਥੇ ਵਗਦੇ ਸੀ ਪੰਜ ਆਬ ਅਸੀਂ।
ਅਮਰਜੀਤ ਸਿੰਘ ਸਿੱਧੂ ਬੱਧਨੀ ਕਲਾਂ