ਗ਼ਜ਼ਲ - ਅਮਰਜੀਤ ਸਿੰਘ ਸਿੱਧੂ
ਇਹ ਵੇਖੋ ਕੈਸਾ ਰਾਜ ਹੈ ਮੀਆਂ।
ਬਦਮਾਸ਼ਾਂ ਦੇ ਸਿਰ ਤਾਜ ਹੈ ਮੀਆਂ।
ਗਾਉਣ ਦੀ ਜਿਹੜਾ ਸਾਰ ਨਾ ਜਾਣੇ,
ਹੁਣ ਉਸ ਦੇ ਹੱਥ ਚ ਸਾਜ ਹੈ ਮੀਆਂ।
ਹੈ ਰੰਗ ਲਗਾ ਅੱਜ ਸ਼ਕਲ ਬਦਲ ਕੇ,
ਇਕ ਚਿੱੜੀ ਬਣਗੀ ਬਾਜ ਹੈ ਮੀਆਂ।
ਸੱਚੇ ਨੂੰ ਫੜ ਜੇਲ ਵਿਚ ਪਾ ਦਿੱਤਾ,
ਝੂਠੇ ਦੀ ਉੱਚੀ ਅਵਾਜ਼ ਹੈ ਮੀਆਂ।
ਤਾਕਤ ਲੁੱਚੇ ਦੇ ਹੱਥ ਜਦ ਆਈ,
ਰਾਹਾਂ ਵਿਚ ਰੁਲਦੀ ਲਾਜ ਹੈ ਮੀਆਂ।
ਨਾਂ ਤੇਰਾ ਲੈ ਕੇ ਲੁੱਟਦੇ ਸਾਰੇ,
ਪੜਦੇ ਬਾਣੀ ਜਾਂ ਨਮਾਜ ਹੈ ਮੀਆਂ।
ਖੁਦ ਹੀ ਕਰਕੇ ਦੂਸ਼ਤ ਹਵਾ ਪਾਣੀ,
ਕਰਦੇ ਹੋ ਕਿਸ ਦਾ ਨਾਜ ਹੈ ਮੀਆਂ।
ਹੱਕਾਂ ਦੀ ਖਾਤਰ ਵਾਰਨਾ ਆਪਾ,
ਇਹ ਹੀ ਅਸਲੀ ਪਰਵਾਜ ਹੈ ਮੀਆਂ।
ਇਹ ਕੁਦਰਤ ਦਾ ਕਰਦੇ ਵਿਨਾਸ਼ ਬੜਾ,
ਰੋਂਦਾ ਧਾਹਾਂ ਮਾਰ ਸਮਾਜ ਹੈ ਮੀਆਂ।
ਇਹ ਫੁੱਲ ਕਲੀਆਂ ਤੇ ਹਵਾ ਪਾਣੀ,
ਅੱਲ੍ਹਾ ਨੇ ਦਿੱਤਾ ਦਾਜ ਹੈ ਮੀਆਂ।
ਹੈ ਮਨ ਵਿਚ ਸਿੱਧੂ ਧਾਰ ਕੇ ਤੁਰਿਆ,
ਭੈੜੇ ਦਾ ਖੋਲਣਾ ਪਾਜ ਹੈ ਮੀਆਂ।
ਅਮਰਜੀਤ ਸਿੰਘ ਸਿੱਧੂ