ਗ਼ਜ਼ਲ - ਅਮਰਜੀਤ ਸਿੰਘ ਸਿੱਧੂ
ਹੈ ਚਾਰੇ ਪਾਸੇ ਮੱਚੀ ਹਾਹਾਕਾਰ ਵੇਖੋ।
ਤਰ ਤੇ ਲੂਣ ਘਸਾਉਂਦੀ ਇਹ ਸਰਕਾਰ ਵੇਖੋ।
ਲਗਦਾ ਹੈ ਭਾਸ਼ਾ ਭੁੱਲ ਪਿਆਰਾਂ ਦੀ ਗਏ ਉਹ।
ਤਾਂ ਹੀ ਬੋਲਾਂ ਚੋ ਨੇ ਕਿਰਦੇ ਅੰਗਾਰ ਵੇਖੋ।
ਬੰਦੇ ਸਿਰ ਥੋਪਾਂ ਜਾਂ ਆਖਾਂ ਕਹਿਰ ਕੁਦਰਤ ਦਾ,
ਇਹ ਨਾਲ ਨਸ਼ੇ ਦੇ ਵਿਲਕਣ ਜੋ ਪਰਵਾਰ ਵੇਖੋ।
ਜੋ ਲਾਸ਼ਾਂ ਦੇ ਢੇਰਾਂ ਨੂੰ ਵੇਖ ਪਸੀਜ ਦੇ ਨਾਂ,
ਹੁਣ ਦੇ ਇੰਨਾਂ ਨੇਤਾਵਾਂ ਦਾ ਕਿਰਦਾਰ ਵੇਖੋ।
ਮਿਲਦੀ ਮੌਤ ਸਜਾ ਹੈ ਜਿੱਥੇ ਬੇਕਸੂਰਾ ਨੂੰ,
ਉਸ ਥਾਂ ਹੀ ਕਾਤਲ ਦਾ ਹੁੰਦਾ ਸਤਕਾਰ ਵੇਖੋ।
ਚਾਰੇ ਪਾਸੇ ਝਾਕੋ ਅੱਖਾਂ ਖੋਲ੍ਹ ਨਗਰੀ ਵਿਚ,
ਅੱਧੋਂ ਬਹੁਤੇ ਭੁੱਖੇ ਤੇ ਕੁਝ ਕੁ ਬਿਮਾਰ ਵੇਖੋ।
ਹੁਣ ਦੇ ਨੇਤਾ ਤੇ ਪਹਿਲੇ ਵਿਚ ਕੀ ਫਰਕ ਸਿੱਧੂ,
ਦੋਹਾਂ 'ਚੋਂ ਉੱਚਾ ਕਿਸ ਦਾ ਹੈ ਕਿਰਦਾਰ ਵੇਖੋ।