ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰ, ਕੰਜ਼ਰਟਿਵ ਪਾਰਟੀ ਦੇ ਆਗੂ ਵਲੋਂ ਸਿੱਖ ਨਸਲਕੁਸ਼ੀ 1984 ਦੇ ਮੁੱਦੇ ਬਾਰੇ ਜਾਣਕਾਰੀ ਤੋਂ ਕੋਰਾ ਇਨਕਾਰ - ਡਾ. ਗੁਰਵਿੰਦਰ ਸਿੰਘ
'ਮੈਂ ਅਜਿਹਾ ਕੋਈ ਮਤਾ ਨਹੀਂ ਲਿਆਵਾਂਗਾ'' -ਪੀਅਰ ਪੋਲੀਵਰ
ਕੈਨੇਡਾ ਦੀ ਮੁੱਖ ਵਿਰੋਧੀ ਪਾਰਟੀ ਕੰਜ਼ਰਟਿਵ ਪਾਰਟੀ ਦੇ ਆਗੂ ਅਤੇ ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰ ਪੀਅਰ ਪੋਲੀਵਰ ਨੂੰ ਪੰਜਾਬੀ ਪ੍ਰੈੱਸ ਕਲੱਬ ਬੀਸੀ ਵੱਲੋਂ ਕੀਤੀ ਪ੍ਰੈਸ ਕਾਨਫਰੰਸ ਵਿੱਚ ਸਵਾਲ ਪੁੱਛਿਆ ਗਿਆ ਕਿ ਜਿਵੇਂ ਕੈਨੇਡਾ ਦੀ ਪਾਰਲੀਮੈਂਟ ਵਿੱਚ ਚੀਨ ਅੰਦਰ ਮੁਸਲਿਮ ਘੱਟ ਗਿਣਤੀ ਦੀ ਨਸਲਕੁਸ਼ੀ ਬਾਰੇ ਮਤਾ ਪਾਸ ਕੀਤਾ ਜਾ ਚੁੱਕਾ ਹੈ ਅਤੇ ਅਜਿਹੀਆਂ ਕਈ ਹੋਰ ਨਸਲਕੁਸ਼ੀਆਂ ਦੀ ਗੱਲ ਚੱਲੀ ਹੈ ਕੀ ਤੁਸੀਂ ਭਾਰਤ ਵਿੱਚ ਹੋਈ ਸਿੱਖਾਂ ਦੀ ਨਸਲਕੁਸ਼ੀ 1984 ਬਾਰੇ ਕਦੇ ਮਤਾ ਲਿਆਉਗੇ?'' ਇਸ ਤੇ ਪੀਅਰ ਪੋਲੀਵਰ ਨੇ ਪੂਰੀ ਤਰ੍ਹਾਂ ਅਣਜਾਣਤਾ ਪ੍ਰਗਟਾਈ ਅਤੇ ਸਿੱਖ ਨਸਲਕੁਸ਼ੀ ਬਾਰੇ ਕੈਨੇਡਾ ਦੀ ਵਿਰੋਧੀ ਪਾਰਟੀ ਦੇ ਆਗੂ ਦੇ ਵਿਚਾਰ ਇਹ ਸਨ :'ਮੈਂ ਅਜਿਹਾ ਕੋਈ ਮਤਾ ਨਹੀਂ ਲਿਆਵਾਂਗਾ'' ''ਮੈਨੂੰ ਪਤਾ ਨਹੀਂ ਇਸ ਬਾਰੇ, ਜਾਣਕਾਰੀ ਲਵਾਂਗੇ''''ਅੱਜ ਤੱਕ ਕਿਸੇ ਪਾਰਟੀ ਵਲੋਂ ਅਜਿਹਾ ਪਾਰਲੀਮੈਂਟ ਵਿੱਚ ਪੇਸ਼ ਨਹੀਂ ਹੋਇਆ''ਜੇ ਪਾਰਟੀ ਲੀਡਰ ਨੂੰ ਸੱਚਮੁੱਚ ਸਿੱਖ ਨਸਲਕੁਸ਼ੀ ਬਾਰੇ ਗਿਆਨ ਨਹੀਂ, ਤਾਂ ਇਹ ਬੌਧਿਕ ਦੀਵਾਲੀਏਪਨ ਦੀ ਤਸਵੀਰ ਹੈ। ਪਰ ਜੇਕਰ ਉਹ ਇਸ ਬਾਰੇ ਕੁਝ ਕਹਿਣਾ ਨਹੀਂ ਚਾਹੁੰਦੇ, ਤਾਂ ਇਹ ਬੌਧਿਕ ਬੇਈਮਾਨੀ ਦਾ ਪ੍ਰਤੀਕ ਹੈ।
ਪਾਰਟੀ ਲੀਡਰ ਹੋਣ ਦੇ ਨਾਤੇ ਪੀਅਰ ਪੋਲੀਵਰ ਨੂੰ ਇਹ ਜਾਣਕਾਰੀ ਉਸਦੇ ਪਾਰਟੀ ਦੇ ਸਿੱਖ ਐਮਪੀਜ਼ ਵੱਲੋਂ ਦਿੱਤੀ ਜਾਣੀ ਚਾਹੀਦੀ ਸੀ ਕਿ ਅਜਿਹਾ ਸਿੱਖ ਨਸਲਕੁਸ਼ੀ ਦਾ ਮਤਾ ਪਾਰਲੀਮੈਂਟ ਵਿੱਚ ਲਿਆਂਦਾ ਜਾ ਚੁੱਕਾ ਹੈ, ਪਰ ਉਸ ਨੂੰ ਪ੍ਰਵਾਨ ਨਹੀਂ ਸੀ ਕੀਤਾ ਗਿਆ। ਇਹ ਕਹਿਣਾ ਗਲਤ ਹੈ ਕਿ ਅਜਿਹਾ ਪਾਰਲੀਮੈਂਟ ਕਦੇ ਨਹੀਂ ਆਇਆ। ਇਥੋਂ ਤੱਕ ਕਿ ਕੈਨੇਡਾ ਦੀ ਕੰਜ਼ਰਵਟਿਵ ਪਾਰਟੀ ਨਾਲ ਡੂੰਘੇ ਸਬੰਧ ਰੱਖਣ ਵਾਲੀ ਭਾਰਤ ਦੀ ਬੀਜੇਪੀ ਸਰਕਾਰ ਦੇ ਗ੍ਰਹਿ ਮੰਤਰੀ, ਰਾਜਨਾਥ ਸਿੰਘ ਵੀ ਇਹ ਮੰਨ ਚੁੱਕੇ ਹਨ ਕਿ 1984 'ਚ ਵਾਪਰਿਆ ਦੁੱਖਾਂਤ ਸਿੱਖ ਨਸਲਕੁਸ਼ੀ ਸੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਰਲੀਮੈਂਟ ਵਿੱਚ ਕਹਿ ਚੁੱਕੇ ਹਨ ਕਿ ਦਰਬਾਰ ਸਾਹਿਬ ਤੇ ਕੀਤਾ ਗਿਆ ਹਮਲਾ ਗਲਤ ਸੀ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਇਹ ਸਿੱਖ ਐਮਪੀਜ਼ ਆਪਣੇ ਲੀਡਰ ਨੂੰ ਲੈ ਕੇ ਟੋਰਾਂਟੋ ਦੇ ਇੱਕ ਅਜਿਹੇ ਸਮਾਗਮ ਵਿੱਚ ਤਾਂ ਜਾਂਦੇ ਹਨ, ਜਿੱਥੇ ਭਾਰਤ ਵਿੱਚ ਬੇਦੋਸ਼ਿਆਂ ਤੇ ਮੁਸਲਿਮ ਨਸਲਕੁਸ਼ੀ ਦੀਆਂ ਗੱਲਾਂ ਕਰਨ ਵਾਲੇ ਅਤੇ ਪੱਤਰਕਾਰਾ ਦੇ ਉੱਪਰ ਤਸ਼ੱਦਦ ਕਰਵਾਉਣ ਵਾਲੇ ਦੇਵਕੀਨੰਦਨ ਵਰਗੇ ਬਦਨਾਮ ਵਿਅਕਤੀ ਨੂੰ ਸਨਮਾਨ ਕੀਤਾ ਜਾਂਦਾ ਹੈ, ਪਰ ਇਹ ਨਹੀਂ ਦੱਸਦੇ ਕਿ ਸਿੱਖ ਨਸਲਕੁਸ਼ੀ ਵੀ ਕੋਈ ਹੈ। ਇਸ ਤੋਂ ਇਲਾਵਾ ਕੈਲਗਰੀ ਤੋਂ ਕੰਜ਼ਰਟਿਵ ਐਮਪੀ ਅਤੇ ਸਿੱਖ ਵਿਰੋਧੀ ਕੱਟੜਪੰਥੀ ਮਜੂਮਦਾਰ ਸਿੱਖਾਂ ਖ਼ਿਲਾਫ਼ ਜ਼ਹਿਰ ਉਗਲਦਾ ਹੈ, ਕੀ ਪਾਰਟੀ ਲੀਡਰ ਨੂੰ ਇਸ ਬਾਰੇ ਨਹੀਂ ਪਤਾ? ਇਹ ਰਾਜਨੀਤਕ ਮੌਕਾਪ੍ਰਸਤਾਂ ਦਾ ਕਿਰਦਾਰ ਹੈ ਕਿ ਉਹ ਗਿਰਗਟ ਵਾਂਗੂ ਰੰਗ ਬਦਲਦੇ ਹਨ। ਪਾਰਲੀਮੈਂਟ ਦੇ ਅੰਦਰ ਤਾਂ ਇਹ ਭਾਰਤੀ ਦਖਲ ਅੰਦਾਜ਼ੀ ਦੀ ਜਾਂਚ ਦੀ ਮੰਗ ਕਰਦੇ ਹਨ ਪਰ ਜਦੋਂ ਕੈਨੇਡਾ ਦਾ ਪ੍ਰਧਾਨ ਮੰਤਰੀ ਭਾਰਤ ਜਾ ਕੇ ਵਿਦੇਸ਼ੀ ਦਖਲ ਅੰਦਾਜ਼ੀ ਬਾਰੇ ਗੱਲ ਕਰਦਾ ਹੈ, ਤਾਂ ਉਸ ਦੀ ਤਿੱਖੀ ਨੁਕਤਾਚੀਨੀ ਕਰਦੇ ਹਨ। ਵੋਟਾਂ ਦੀ ਰਾਜਨੀਤੀ ਲਈ ਇਹ ''ਪੰਜਾਬੀ ਸੂਟ'' ਵੀ ਪਾ ਲੈਂਦੇ ਹਨ, ਸਿਰਾਂ 'ਤੇ ''ਪੱਗਾਂ'' ਵੀ ਬੰਨ੍ਹ ਲੈਂਦੇ ਹਨ, ''ਫਤਿਹ'' ਵੀ ਬੁਲਾ ਲੈਂਦੇ ਹਨ, ਪਰ ਜਦੋਂ ਗੱਲ ਮੁੱਦਿਆਂ ਦੀ ਆਉਂਦੀ ਹੈ, ਤਾਂ ਪੱਲਾ ਝਾੜ ਦਿੰਦੇ ਹਨ ਕਿ ਸਾਨੂੰ ਤਾਂ ਕੁਝ ਵੀ ਪਤਾ ਨਹੀਂ। ਇਹ ਮੌਕਾਪ੍ਰਸਤ ਰਾਜਨੀਤੀ ਹੈ।