ਜੋੜ ਤੰਦਰੁਸਤ ਰੱਖਣ ਲਈ ਕੀ ਕਰੀਏ? - ਡਾ. ਹਰਸ਼ਿੰਦਰ ਕੌਰ, ਐੱਮ.ਡੀ.,
ਅੱਜ ਕਲ ਗੋਡੇ ਬਦਲਣ ਦਾ ਰਿਵਾਜ਼ ਓਨਾ ਹੀ ਆਮ ਹੈ ਜਿੰਨਾ ਕਾਰ ਜਾਂ ਸਕੂਟਰ ਬਦਲਣ ਦਾ। ਬਹੁਤਿਆਂ ਦੇ ਗੋਡੇ ਇਕ ਵਾਰ ਬਦਲਣ ਤੋਂ ਬਾਅਦ ਕਦੇ ਵੀ ਦੁਬਾਰਾ ਨਾਰਮਲ ਵਾਂਗ ਹੋ ਨਹੀਂ ਸਕਦੇ। ਕਈਆਂ ਦੇ ਦੂਜੀ ਜਾਂ ਤੀਜੀ ਵਾਰ ਵੀ ਬਦਲਣੇ ਪੈ ਜਾਂਦੇ ਹਨ। ਇਸੇ ਲਈ ਜੇ ਸ਼ੁਰੂ ਤੋਂ ਹੀ ਗੋਡਿਆਂ ਦਾ ਧਿਆਨ ਰੱਖ ਲਈਏ ਤਾਂ ਦੇਰ ਤੱਕ ਤੰਦਰੁਸਤ ਰਿਹਾ ਜਾ ਸਕਦਾ ਹੈ।
ਸਭ ਤੋਂ ਅਹਿਮ ਹੈ ਗੋਡਿਆਂ ਉੱਤੇ ਪੈਂਦਾ ਭਾਰ! ਜੇ ਸਰੀਰ ਦਾ ਭਾਰ ਇੱਕ ਪੌਂਡ ਵੀ ਵਧ ਜਾਵੇ ਤਾਂ ਗੋਡਿਆਂ ਉੱਤੇ ਚਾਰ ਗੁਣਾ ਜ਼ੋਰ ਪੈ ਜਾਂਦਾ ਹੈ ਜੋ ਨਾ ਸਿਰਫ਼ ਗੋਡੇ, ਬਲਕਿ ਪਿੱਠ, ਕਮਰ, ਲੱਤਾਂ ਅਤੇ ਪੈਰਾਂ ਉੱਤੇ ਵੀ ਤਗੜਾ ਅਸਰ ਪਾ ਕੇ ਉਨ੍ਹਾਂ ਦਾ ਘਸਣਾ ਵਧਾ ਦਿੰਦਾ ਹੈ। ਇਸੇ ਨਾਲ ਹੌਲੀ-ਹੌਲੀ ਲਗਾਤਾਰ ਪੀੜ ਰਹਿਣੀ ਸ਼ੁਰੂ ਹੋ ਜਾਂਦੀ ਹੈ। ਜੇ ਭਾਰ ਵਧਣਾ ਲਗਾਤਾਰ ਜਾਰੀ ਰਹੇ ਤਾਂ ਬਾਕੀ ਦੇ ਜੋੜ, ਜਿਵੇਂ ਹੱਥ ਜਾਂ ਮੋਢੇ ਵਿਚ ਵੀ ਖਿੱਚ ਅਤੇ ਪੀੜ ਮਹਿਸੂਸ ਹੋਣ ਲੱਗ ਪੈਂਦੀ ਹੈ ਕਿਉਂਕਿ ਦਿਮਾਗ਼ ਇੱਕੋ ਸੁਣੇਹਾ ਸਾਰੇ ਪਾਸੇ ਭੇਜ ਦਿੰਦਾ ਹੈ। ਇਸੇ ਲਈ ਲੰਮੇ ਸਮੇਂ ਤੱਕ ਗੋਡੇ ਸਹੀ ਰੱਖਣ ਲਈ ਹਰ ਹਾਲ ਭਾਰ ਉੱਤੇ ਕਾਬੂ ਰੱਖਣਾ ਪੈਂਦਾ ਹੈ।
ਉਂਗਲਾਂ ਅਤੇ ਅੰਗੂਠਾ :-
ਮੋਬਾਈਲ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕਿਆ ਹੋਇਆ ਹੈ। ਇੰਜ ਹੀ ਦੇਰ ਤੱਕ ਲੈਪਟਾਪ ਉੱਤੇ ਅੰਗੂਠੇ ਤੇ ਉਂਗਲਾਂ ਵੱਲੋਂ ਹਰਕਤ ਕਰਨ ਨਾਲ ਜੋੜਾਂ ਉੱਤੇ ਲਗਾਤਾਰ ਜ਼ੋਰ ਪੈਂਦਾ ਹੈ, ਜਿਸ ਨਾਲ ਹੱਥਾਂ ਦੇ ਜੋੜ ਪੀੜ ਕਰਨ ਲੱਗ ਪੈਂਦੇ ਹਨ। ਗਰਦਨ ਨੂੰ ਹੇਠਾਂ ਝੁਕਾ ਕੇ ਮੋਬਾਈਲ ਵੇਖਦੇ ਰਹਿਣ ਨਾਲ ਗਰਦਨ ਦੇ ਜੋੜਾਂ ਉੱਤੇ ਬਹੁਤ ਮਾੜਾ ਅਸਰ ਪੈ ਜਾਂਦਾ ਹੈ। ਖੋਜਾਂ ਦਸਦੀਆਂ ਹਨ ਕਿ ਨਾ ਸਿਰਫ਼ ਗਰਦਨ, ਬਲਕਿ ਮੋਢਿਆਂ ਉੱਤੇ ਵੀ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ। ਹਰ ਇਕ ਇੰਚ ਅੱਗੇ ਝੁਕੇ ਸਿਰ ਨਾਲ ਮੋਢਿਆਂ ਉੱਤੇ ਦੁਗਣਾ ਭਾਰ ਪੈ ਜਾਂਦਾ ਹੈ। ਜੇ ਕਿਤੇ ਠੋਡੀ ਛਾਤੀ ਦੇ ਨੇੜੇ ਹੋ ਜਾਵੇ ਤਾਂ ਗਰਦਨ ਦੀਆਂ ਮਲੂਕ ਹੱਡੀਆਂ ਨੂੰ ਪੰਜ ਸਿਰਾਂ ਜਿੰਨਾ ਭਾਰ ਚੁੱਕਣ ਵਰਗਾ ਅਸਰ ਪੈਂਦਾ ਹੈ। ਇਸੇ ਲਈ ਗਰਦਨ ਤੇ ਮੋਢਿਆਂ ਨੂੰ ਤੰਦਰੁਸਤ ਰੱਖਣ ਲਈ ਮੇਜ਼ ਕੁਰਸੀ ਉੱਤੇ ਸਿੱਧਾ ਬਹਿ ਕੇ ਹੀ ਕੰਮ ਕਰਨਾ ਚਾਹੀਦਾ ਹੈ।
ਉੱਚੀ ਅੱਡੀ ਵਾਲੀ ਜੁੱਤੀ :-
ਜਿੰਨੀ ਜ਼ਿਆਦਾ ਉੱਚੀ ਅੱਡੀ ਹੋਵੇ, ਓਨਾ ਹੀ ਪੈਰਾਂ ਦੀਆਂ ਉਂਗਲਾਂ ਅਤੇ ਪੰਜੇ ਉੱਤੇ ਵੱਧ ਜ਼ੋਰ ਪੈਂਦਾ ਹੈ। ਪੱਟਾਂ ਦੇ ਪੱਠਿਆਂ ਨੂੰ ਹੱਦੋਂ ਵੱਧ ਜ਼ੋਰ ਲਾ ਕੇ ਗੋਡੇ ਸਿੱਧੇ ਰੱਖਣੇ ਪੈਂਦੇ ਹਨ। ਇਹੀ ਕਾਰਨ ਹੈ ਕਿ ਰੋਜ਼ ਉੱਚੀ ਅੱਡੀ ਪਾਉਣ ਵਾਲਿਆਂ ਦੇ ਜੋੜਾਂ ਵਿਚਲਾ ਨਰਮ ਗੁੱਦਾ ਛੇਤੀ ਘਸ ਜਾਂਦਾ ਹੈ ਤੇ ਉਨ੍ਹਾਂ ਨੂੰ ਓਸਟੀਓ ਆਰਥਰਾਈਟਸ ਦਾ ਰੋਗ ਛੇਤੀ ਹੋ ਜਾਂਦਾ ਹੈ।
ਘਸੇ ਹੋਏ ਜੁੱਤੇ ਪਾਉਣੇ :-
ਅੱਡੀਆਂ ਅਤੇ ਪੰਜਿਆਂ ਤੋਂ ਘਸੇ ਜੁੱਤੇ ਨਾ ਸਿਰਫ਼ ਪੈਰਾਂ, ਗੋਡੇ, ਕੂਹਲੇ ਬਲਕਿ ਪਿੱਠ ਦੇ ਜੋੜਾਂ ਉੱਤੇ ਵੀ ਮਾੜਾ ਅਸਰ ਪਾ ਦਿੰਦੇ ਹਨ। ਇਸੇ ਲਈ ਜੁੱਤਿਆਂ ਦਾ ਸਹੀ ਹੋਣਾ ਬਹੁਤ ਜ਼ਰੂਰੀ ਹੈ। ਵੱਖੋ-ਵੱਖ ਖੇਡਾਂ ਲਈ ਵੀ ਵੱਖ ਤਰ੍ਹਾਂ ਦੇ ਜੁੱਤੇ ਬਣਾਏ ਗਏ ਹਨ। ਜਿਵੇਂ, ਬਾਸਕਟਬੌਲ ਲਈ ਰਤਾ ਮੋਟਾ ਥੱਲਾ ਤਾਂ ਜੋ ਗੋਡਿਆਂ ਉੱਤੇ ਜ਼ੋਰ ਨਾ ਪਵੇ। ਬਹੁਤ ਜ਼ਿਆਦਾ ਕੁਸ਼ਨ ਥੱਲਾ, ਜਿਸ ਵਿਚ ਪੈਰ ਦੇ ਅੰਦਰਲੇ ਪਾਸੇ ਵਾਲਾ ਹਿੱਸਾ ਸਖ਼ਤ ਕਰ ਕੇ ਉੱਚਾ ਕੀਤਾ ਹੋਵੇ, ਵੀ ਲੱਤ ਦੇ ਪੱਠਿਆਂ ਉੱਤੇ ਖਿੱਚ ਪਾ ਦਿੰਦਾ ਹੈ।
ਜੋੜਾਂ ਦੇ ਪਟਾਕੇ ਮਾਰਨੇ :-
ਕੋਈ ਵਿਰਲਾ ਹੀ ਹੋਵੇਗਾ ਜਿਸ ਨੇ ਕਦੇ ਉਂਗਲਾਂ 'ਚ ਪਟਾਕੇ ਨਾ ਮਾਰੇ ਹੋਣ! ਉਂਗਲਾਂ ਦੇ ਜੋੜਾਂ ਨੂੰ ਖਿੱਚ ਕੇ ਜਾਂ ਪੁੱਠਾ ਮੋੜ ਕੇ ਪਟਾਕੇ ਕੱਢਣੇ ਬਹੁਤ ਆਮ ਜਿਹੀ ਆਦਤ ਹੋ ਚੁੱਕੀ ਹੈ। ਇੰਜ ਕਰਨ ਨਾਲ ਆਰਥਰਾਈਟਿਸ ਭਾਵੇਂ ਨਾ ਹੋਵੇ ਪਰ ਹੌਲੀ-ਹੌਲੀ ਵਧਦੀ ਉਮਰ ਨਾਲ ਹੱਥਾਂ ਵਿਚ ਸੋਜ਼ਿਸ਼ ਜਾਂ ਪਕੜ ਵਿਚ ਕਮਜ਼ੋਰੀ ਹੋਣੀ ਸ਼ੁਰੂ ਹੋ ਜਾਂਦੀ ਹੈ।
ਭਾਰਾ ਪਰਸ ਜਾਂ ਪਿੱਠੂ ਚੁੱਕਣਾ :-
ਰੋਜ਼ ਦੀ ਡਿਊਟੀ ਜਾਂ ਪੜ੍ਹਾਈ ਵੇਲੇ ਚੁੱਕੇ ਭਾਰੇ ਬਸਤੇ, ਪਿੱਠੂ ਜਾਂ ਭਾਰਾ ਪਰਸ ਟੰਗ ਕੇ ਤੁਰਨ ਨਾਲ ਗਲੇ ਜਾਂ ਮੋਢੇ ਦੀ ਪੀੜ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸੇ ਲਈ ਭਾਰੀ ਪਿੱਠੂ ਜਾਂ ਪਰਸ ਦਾ ਪਾਸਾ ਛੇਤੀ-ਛੇਤੀ ਬਦਲਦੇ ਰਹਿਣਾ ਚਾਹੀਦਾ ਹੈ ਤਾਂ ਜੋ ਪੱਠਿਆਂ ਅਤੇ ਜੋੜਾਂ ਵਿਚ ਖਿੱਚ ਨਾ ਪਵੇ।
ਭਾਰ ਚੁੱਕਣਾ ਜਾਂ ਧੱਕਣਾ :-
ਜੇ ਭਾਰੀ ਚੀਜ਼ ਧੱਕਣੀ ਹੋਵੇ ਤਾਂ ਹਥ ਨਾਲ ਧੱਕਣ ਦੀ ਥਾਂ ਮੋਢੇ ਨਾਲ ਧੱਕਣੀ ਠੀਕ ਰਹਿੰਦੀ ਹੈ। ਇਸੇ ਹੀ ਤਰ੍ਹਾਂ ਭਾਰਾ ਮੰਜਾ ਪਰਾਂ ਧੱਕਣਾ ਜਾਂ ਉੱਤੇ ਚੁੱਕਣਾ ਹੋਵੇ ਤਾਂ ਗੋਡਿਆਂ ਨੂੰ ਮੋੜ ਕੇ ਲੱਤਾਂ ਦੇ ਪੱਠਿਆਂ ਉੱਤੇ ਭਾਰ ਪਾਉਣਾ ਚਾਹੀਦਾ ਹੈ ਨਾ ਕਿ ਸਿੱਧੇ ਕੀਤੇ ਗੋਡੇ ਉੱਤੇ। ਜੇ ਹੱਥ ਨਾਲ ਭਾਰਾ ਥੈਲਾ ਚੁੱਕਣਾ ਪਵੇ ਤਾਂ ਉਂਗਲਾਂ ਨਾਲੋਂ ਪੂਰੀ ਮੁੱਠੀ ਵਿਚ ਘੁੱਟ ਕੇ ਚੁੱਕਣਾ ਚਾਹੀਦਾ ਹੈ ਤਾਂ ਜੋ ਇਕੱਲੀਆਂ ਉਂਗਲਾਂ ਦੇ ਜੋੜ ਖਿੱਚੇ ਨਾ ਜਾਣ।
ਸੌਣ ਦਾ ਢੰਗ :-
ਸਿੱਧੇ ਲੇਟਣ ਨਾਲ ਜ਼ਿਆਦਾ ਭਾਰ ਚੁਫ਼ੇਰੇ ਵੰਡਿਆ ਜਾਂਦਾ ਹੈ ਪਰ ਪੁੱਠੇ ਢਿੱਡ ਭਾਰ ਲੇਟਣ ਨਾਲ ਸਿਰ ਇੱਕ ਪਾਸੇ ਰੱਖ ਕੇ ਰੀੜ੍ਹ ਦੀ ਹੱਡੀ ਟੇਢੀ ਕਰ ਕੇ ਹਮੇਸ਼ਾ ਲੇਟਣ ਨਾਲ ਹੌਲੀ-ਹੌਲੀ ਰੀੜ੍ਹ ਦੀ ਹੱਡੀ ਤਕਲੀਫ਼ ਦੇਣ ਲੱਗ ਪੈਂਦੀ ਹੈ। ਇੰਜ ਹੀ ਬਹੁਤ ਉੱਚਾ ਸਿਰਹਾਣਾ ਲੈ ਕੇ ਨਹੀਂ ਲੇਟਣਾ ਚਾਹੀਦਾ।
ਸਰੀਰ ਨੂੰ ਖਿੱਚ ਪਾਉਣੀ :-
ਬਾਹਵਾਂ ਅਤੇ ਲੱਤਾਂ ਨੂੰ ਖਿੱਚ ਕੇ ਆਕੜ ਲੈਣੀ ਜਾਂ ਰੈਗੂਲਰ ਪੱਠਿਆਂ ਨੂੰ ਪੂਰੀ ਤਰ੍ਹਾਂ ਖਿੱਚ ਕੇ ਸਿੱਧੇ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਪੱਠਿਆਂ ਅਤੇ ਜੋੜਾਂ ਦੀ ਲਚਕ ਬਰਕਰਾਰ ਰਹੇ।
ਹੱਡੀਆਂ ਤਗੜੀਆਂ ਕਰਨੀਆਂ :-
40 ਸਾਲਾਂ ਦੀ ਉਮਰ ਪੂਰੀ ਹੋ ਜਾਣ ਉੱਤੇ ਹੱਡੀਆਂ ਕਮਜ਼ੋਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸੇ ਲਈ ਹਲਕਾ ਭਾਰ ਚੁੱਕ ਕੇ ਕਸਰਤ ਕਰਨੀ ਅਤੇ ਰੈਗੂਲਰ ਭੱਜਣਾ ਜਾਂ ਤੇਜ਼ ਤੁਰਨਾ ਜਿੱਥੇ ਪੱਠੇ ਮਜ਼ਬੂਤ ਕਰਦਾ ਹੈ, ਉੱਥੇ ਹੱਡੀਆਂ ਵੀ ਛੇਤੀ ਖੁਰਨ ਨਹੀਂ ਦਿੰਦਾ। ਇੰਜ ਜੋੜ ਵੀ ਲਚਕੀਲੇ ਹੋ ਜਾਂਦੇ ਹਨ।
ਸਿਗਰਟਨੋਸ਼ੀ :-
ਸਿਗਰਟ ਵਿਚਲੀ ਨਿਕੋਟੀਨ ਹੱਡੀਆਂ ਵੱਲ ਜਾਂਦੇ ਲਹੂ ਨੂੰ ਘਟਾ ਦਿੰਦੀ ਹੈ ਤੇ ਜੋੜਾਂ ਨੂੰ ਸਖ਼ਤ ਕਰ ਦਿੰਦੀ ਹੈ। ਹੱਡੀਆਂ ਵਿਚ ਕੈਲਸ਼ੀਅਮ ਦਾ ਜੰਮਣਾ ਵੀ ਘਟਾ ਦਿੰਦੀ ਹੈ ਅਤੇ ਈਸਟਰੋਜਨ ਹਾਰਮੋਨ ਦੀ ਟੁੱਟ ਫੁੱਟ ਵਧਾ ਦਿੰਦੀ ਹੈ ਜਿਸ ਨਾਲ ਹੱਡੀਆਂ ਬਹੁਤ ਕਮਜ਼ੋਰ ਹੋ ਜਾਂਦੀਆਂ ਹਨ ਤੇ ਛੇਤੀ ਤਿੜਕ ਜਾਂਦੀਆਂ ਹਨ। ਜੋੜ ਵੀ ਚੀਕਣ ਲੱਗ ਪੈਂਦੇ ਹਨ।
ਉਨੀਂਦਰਾ :-
ਜਿਨ੍ਹਾਂ ਨੂੰ ਆਰਥਰਾਈਟਿਸ ਹੋਵੇ, ਉਨ੍ਹਾਂ ਨੂੰ ਉਨੀਂਦਰੇ ਨਾਲ ਵੱਧ ਪੀੜ ਮਹਿਸੂਸ ਹੁੰਦੀ ਹੈ। ਇਸੇ ਲਈ ਪੂਰੇ 8 ਘੰਟੇ ਦੀ ਨੀਂਦਰ ਜ਼ਰੂਰ ਲੈਣੀ ਚਾਹੀਦੀ ਹੈ।
ਕਾਊਚ ਪੋਟੈਟੋ :-
ਆਰਾਮ ਕੁਰਸੀ ਉੱਤੇ ਪਸਰ ਕੇ ਲੇਟਣ ਵਾਲੇ ਜ਼ਿਆਦਾਤਰ ਜੋੜਾਂ ਦੀ ਦਰਦ ਸਹੇੜ ਲੈਂਦੇ ਹਨ ਕਿਉਂਕਿ ਵੱਖੋ-ਵੱਖ ਜੋੜ ਹੌਲੀ-ਹੌਲੀ ਟੇਡੇ ਹੋ ਕੇ ਜਾਮ ਹੋਣ ਲੱਗ ਪੈਂਦੇ ਹਨ। ਪਿੱਠ ਦਾ ਵੀ ਨਾਸ ਵੱਜ ਜਾਂਦਾ ਹੈ। ਇਸੇ ਲਈ ਸਿੱਧੇ ਕੁਰਸੀ ਉੱਤੇ ਬੈਠਣ ਵਿਚ ਹੀ ਭਲਾਈ ਹੈ।
ਪੀੜ ਨੂੰ ਜਰਨਾ :-
ਕਸਰਤ ਦੌਰਾਨ ਹਲਕੀ ਪੀੜ ਨੂੰ ਜ਼ਰੂਰ ਜਰਨਾ ਚਾਹੀਦਾ ਹੈ ਤੇ ਕਸਰਤ ਜਾਰੀ ਰੱਖਣੀ ਚਾਹੀਦੀ ਹੈ। ਤਿੱਖੀ ਪੀੜ ਹੋਣ ਲੱਗ ਪਵੇ ਤਾਂ ਡਾਕਟਰੀ ਚੈੱਕਅਪ ਜ਼ਰੂਰੀ ਹੈ।
ਟੈਨਿਸ ਐਲਬੋ :-
ਜੇ ਇੱਕੋ ਹੀ ਗੇਮ ਖੇਡੀ ਜਾ ਰਹੀ ਹੋਵੇ ਤਾਂ ਇਕ ਜੋੜ ਉੱਤੇ ਪੂਰਾ ਜ਼ੋਰ ਪੈ ਜਾਂਦਾ ਹੈ ਤੇ ਜੋੜ ਖ਼ਰਾਬ ਹੋ ਸਕਦਾ ਹੈ। ਜਿਵੇਂ ਟੈਨਿਸ ਗੇਮ ਖੇਡਦਿਆਂ ਅਰਕ ਦਾ ਆਕੜ ਜਾਣਾ ਜਾਂ ਪੀੜ ਹੋਣ ਲੱਗ ਪੈਣਾ। ਇਸੇ ਲਈ ਬਾਕੀ ਜੋੜਾਂ ਦੀ ਕਸਰਤ ਜ਼ਰੂਰ ਕਰਦੇ ਰਹਿਣਾ ਚਾਹੀਦਾ ਹੈ। ਵਿਚ-ਵਿਚ ਕਿਸੇ ਦਿਨ ਉਹ ਗੇਮ ਛੱਡ ਕੇ ਹੋਰ ਕਸਰਤਾਂ ਕਰਨ ਦੀ ਲੋੜ ਹੁੰਦੀ ਹੈ।
ਸਿਹਤਮੰਦ ਜੋੜਾਂ ਲਈ ਖ਼ੁਰਾਕ ਕੀ ਹੋਵੇ?
1. ਓਮੇਗਾ ਤਿੰਨ ਫੈਟੀ ਏਸਿਡ ਜੋੜਾਂ ਨੂੰ ਤੰਦਰੁਸਤ ਰੱਖਣ ਵਿਚ ਮਦਦ ਕਰਦੇ ਹਨ। ਇਸੇ ਲਈ ਸੁੱਕੇ ਮੇਵੇ ਜਿਵੇਂ ਬਦਾਮ, ਅਖਰੋਟ ਅਤੇ ਚੀਆ ਬੀਜ, ਅਲਸੀ ਜ਼ਰੂਰ ਲੈਂਦੇ ਰਹਿਣਾ ਚਾਹੀਦਾ ਹੈ।
2. ਮੱਛੀ
3. ਫਲ ਜਿਵੇਂ ਬਲੂਬੈਰੀਆਂ, ਅਨਾਨਾਸ
4. ਸਬਜ਼ੀਆਂ ਜਿਵੇਂ ਟਮਾਟਰ, ਫੁੱਲ ਗੋਭੀ, ਬਰੌਕਲੀ, ਹਰੀਆਂ ਫਲੀਆਂ ਆਦਿ।
5. ਦਾਲਾਂ, ਸੋਇਆਬੀਨ
6. ਓਲਿਵ ਤੇਲ
7. ਛਾਣਬੂਰੇ ਵਾਲਾ ਆਟਾ, ਖ਼ਾਸ ਕਰ ਰਾਗੀ ਦਾ ਆਟਾ ਅਤੇ ਕੋਧਰਾ
8. ਗੰਢੇ, ਅਦਰਕ, ਥੋਮ, ਹਲਦੀ
9. ਡਾਰਕ ਚਾਕਲੇਟ
ਕਿਹੜੇ ਖਾਣੇ ਨਹੀਂ ਖਾਣੇ ਚਾਹੀਦੇ :-
* ਪ੍ਰੋਸੈੱਸਡ ਖਾਣੇ
* ਤਲੇ ਖਾਣੇ
* ਓਮੇਗਾ 6 ਫੈੱਟੀ ਏਸਿਡ, ਸੈਚੂਰੇਟਿਡ ਥਿੰਦਾ
* ਖੰਡ
ਸਾਰ :-
ਗੱਡੀ ਵੀ ਜੇ ਬਹੁਤੀ ਦੇਰ ਖੜ੍ਹੀ ਰਹੇ ਤਾਂ ਜਾਮ ਹੋ ਜਾਂਦੀ ਹੈ। ਇੰਜ ਹੀ ਸਰੀਰ ਨੂੰ ਜੇ ਨਾ ਤੋਰਿਆ ਜਾਵੇ ਤਾਂ ਸਰੀਰ ਅੰਦਰਲਾ ਸਾਰਾ ਕਾਰਖ਼ਾਨਾ ਹੀ ਜਾਮ ਹੋ ਜਾਂਦਾ ਹੈ। ਇਸੇ ਲਈ ਰੋਜ਼ਾਨਾ ਦੀ ਕਸਰਤ, ਸੰਤੁਲਿਤ ਖ਼ੁਰਾਕ, ਬੈਠਣ ਦਾ ਸਹੀ ਢੰਗ ਅਪਣਾਉਣ ਤੇ ਬੇਲੋੜੀ ਮੋਬਾਈਲ ਦੀ ਵਰਤੋਂ ਨਾ ਕਰਨਾ ਸਾਨੂੰ ਤੰਦਰੁਸਤ ਰੱਖਣ ਲਈ ਬੇਹਦ ਜ਼ਰੂਰੀ ਹਨ।
ਡਾ. ਹਰਸ਼ਿੰਦਰ ਕੌਰ, ਐੱਮ.ਡੀ.,
28, ਪ੍ਰੀਤ ਨਗਰ,
ਲੋਅਰ ਮਾਲ, ਪਟਿਆਲਾ
0175-2216783