ਮੈਂ ਧਰਤ ਪੰਜਾਬ ਦੀ ਲੋਕੋ ਵੱਸਦੀ ਉਜੜ ਗਈ - ਸੁਖਪਾਲ ਸਿੰਘ ਗਿੱਲ


    ਸਪਤ ਸਿੰਧੂ ਤੋਂ ਅੱਜ ਤੱਕ ਦੇ ਪੰਜਾਬ ਦੀ ਸਭਿਅਤਾ ਦਾ ਨਕਸ਼ਾ ਸਾਜਿਸ਼ੀ ਅਤੇ ਬਦਕਿਸਮਤੀ ਨਾਲ ਵਿਗੜਦਾ ਰਿਹਾ। ਪਹਿਰਾਵਾ, ਸਿਹਤ, ਸਿੱਖਿਆ, ਬੋਲੀ, ਲੋਕ ਗੀਤਾਂ ਅਤੇ ਮਿਸ਼ਰੀ ਵਰਗੀ ਬੋਲੀ ਕਰਕੇ ਪੰਜਾਬ ਦੀ ਨਕੋਰ ਨੁਹਾਰ ਰਹੀ। ਚੁੰਨੀ, ਸਿਰ ਦਾ ਛਾਇਆ ਅਤੇ ਪੱਗ ਸਿਰ ਦਾ ਤਾਜ ਰਹੀ। ਹੋਲੀ- ਹੋਲੀ ਇਹ ਸਭ ਕੁੱਝ ਇਸ ਸੁਨਹਿਰੀ ਪੰਜਾਬ ਲਈ ਧੁੰਦਲਾ ਹੁੰਦਾ ਗਿਆ। ਇਸ ਦੇ ਹਰ ਪੱਖ ਨੂੰ ਗ੍ਰਹਿਣ ਲੱਗਦੇ ਗਏ। ਨਸ਼ਾ ਦੁਨੀਆਂ ਦਾ ਮੁੱਦਾ ਹੈ ਪਰ ਪੰਜਾਬ ਦੀ ਸੱਭਿਅਤਾ ਨਾਲ ਇਸ ਦਾ ਕੋਈ ਮੇਲ-ਜੋਲ ਨਹੀਂ ਹੈ। ਸਰਕਾਰ ਦੇ ਹੰਭਲਿਆਂ ਦੇ ਬਾਵਜੂਦ ਵੀ ਅੱਜ ਪੰਜਾਬ ਵਿੱਚ ਨਸ਼ੇ ਦਾ ਮੁੱਦਾ ਖੁੱਦ ਨਸ਼ਈ ਹੋਕੇ ਮਜ਼ਾਕ ਦਾ ਪਾਤਰ ਬਣਿਆ ਹੋਇਆ ਹੈ। ਇੱਕ ਬਾਰ ਫੇਰ ਬਾਂਕੇ ਦਿਆਲ ਦਾ ਨਾਅਰਾ “ਪੱਗੜੀ ਸੰਭਾਲ ਓ ਜੱਟਾ ਪੱਗੜੀ” ਨਸ਼ੇ ਵਿਰੁੱਧ ਵਰਤਣਾ ਚਾਹੀਦਾ ਹੈ।  ਨਸ਼ਾ ਖਾਤਮੇ ਲਈ ਸਰਕਾਰੀ ਇੱਛਾ ਜ਼ੋਰਾਂ ਤੇ ਹੈ ਪਰ ਨਸ਼ੇ ਦਾ ਜੰਜਾਲ ਪੇਸ਼ ਨਹੀਂ ਜਾਣ ਦੇ ਰਿਹਾ। ਪੰਜਾਬ ਹਮੇਸ਼ਾ ਭਾਰਤ ਦੇ ਸਿਰ ਦਾ ਤਾਜ ਰਿਹਾ। ਆਜ਼ਾਦੀ ਲਈ ਵੈਰਿਆਂ ਦੇ ਮੂੰਹ ਮੋੜਦਾ ਰਿਹਾ। ਪਰ ਪੰਜਾਬ ਬਾਰੇ ਚਾਲਾ ਵੀ ਚੱਲਦੀਆਂ ਰਹੀਆਂ। ਮਹਿਕਦਾ ਅਤੇ ਰੰਗਲਾ ਪੰਜਾਬ ਨਸ਼ੇ ਨੇ ਇੱਕ ਵਾਰ ਬਦਸੂਰਤ ਕਰ ਦਿੱਤਾ ਹੈ। ਪ੍ਰਵਾਸ ਦੀ ਆਸ ਵਿੱਚ ਗਵਾਚਿਆ ਪੰਜਾਬ ਹਰ ਸਾਲ ਪੈਸਾ ਅਤੇ ਜਵਾਨੀ ਵਿਦੇਸ਼ਾਂ ਵਿੱਚ ਭੇਜ ਰਿਹਾ ਹੈ। ਕਨੇਡਾ ਦੀ ਵਸੋਂ ਦਾ 1.3 ਫੀਸਦੀ ਪੰਜਾਬੀ ਹਨ। ਪੰਜਾਬ ਦੀ 25 ਲੱਖ ਤੋਂ ਉਪਰ ਆਬਾਦੀ ਵਿਦੇਸ਼ਾਂ ਵਿੱਚ ਵਸੀ ਹੋਈ ਹੈ। ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਾਇਸ ਚਾਸਲਰ ਸ. ਜੋਗਿੰਦਰ ਸਿੰਘ ਪੁਆਰ ਨੇ ਵਿਦੇਸ਼ੀ ਰੁਝਾਣ ਰੋਕਣ ਲਈ ਰੁਜਗਾਰ ਗਰੰਟੀ ਯੋਜਨਾਂ ਘੜਣ ਦੀ ਨਸੀਅਤ ਦਿੱਤੀ ਸੀ। ਪੰਜਾਬ ਦੀ ਬੇਰੁਜਗਾਰੀ ਦੀ ਦਰ 2019 ਵਿੱਚ 8.2 ਸੀ ਜਿਸ ਵਿੱਚ ਸੁਧਾਰ ਨੂੰ ਬੂਰ ਨਹੀਂ ਪਿਆ। ਇਸ ਸਾਰੇ ਆਲਮ ਤੋਂ ਬਾਅਦ ਪੰਜਾਬੀਆਂ ਵਿੱਚ ਖੁਦਕੁਸੀਆਂ ਦਾ ਰੁਝਾਨ ਵੀ ਚਿੰਤਾ ਜਨਕ ਵਿਸ਼ਾ ਬਣਿਆ ਹੋਇਆ ਹੈ। ਨਸ਼ਾ ਸਭ ਉਜਾੜੇ ਅਤੇ ਬੁਰਾਈਆਂ ਮਾਂ ਹੈ। ਸਭ ਤੋਂ ਪਹਿਲਾ ਪੰਜਾਬ ਨੂੰ ਨਸ਼ੇ ਵਿਰੁੱਧ ਜੰਗ ਜਿੱਤਣੀ ਪਵੇਗੀ।  ਜੰਗਲ ਬੇਲਿਆ, ਹਰੇ ਭਰੇ ਮੈਦਾਨ ਪਹਾੜ, ਪਹਿਰਾਵਾ, ਲੋਕ ਗੀਤ, ਭੰਗੜੇ-ਗਿੱਧੇ ਮੇਲਿਆਂ ਖੇਡਾਂ ਅਤੇ ਵਗਦੇ ਪਾਣੀਆਂ ਦੇ ਪੰਜਾਬ ਦੀ ਧਰਤੀ ਅੱਜ ਕੁਰਲਾਉਂਦੀ ਹੋਈ ਆਪ ਮੁਹਾਰੇ ਬੋਲਣ ਲਈ ਮਜਬੂਰ ਹੈ “ਮੈਂ ਧਰਤ ਪੰਜਾਬ ਦੀ, ਲੋਕੋ ਵੱਸਦੀ ਉਜੜ ਗਈ ।” ਪਰ ਗੁਰੂਆਂ ਪੀਰਾਂ ਦਾ ਪੰਜਾਬ ਗੁਰਾਂ ਦੇ ਨਾਮ ਤੇ ਵੱਸਦਾ ਹੀ ਰਹੇਗਾ। ਇਹੀ ਆਸ ਹੈ। ਸੁਰਜੀਤ ਪਾਤਰ ਦੀਆਂ ਇਹ ਸਤਰਾਂ ਮਨ ਨੂੰ ਸ਼ਾਂਤੀ ਵੀ ਦਿੰਦੀਆਂ ਹਨ:-
    “ਪੰਜਾਬ ਕੋਈ ਨਿਰਾ ਜੁਗਰਾਫੀਆ ਨਹੀਂ,
ਇਹ ਇੱਕ ਗੀਤ, ਇਕ ਰੀਤ ਅਤੇ ਇਤਿਹਾਸ ਵੀ ਹੈ,
ਗੁਰੂਆਂ, ਰਿਸ਼ੀਆਂ ਅਤੇ ਸੂਫੀਆਂ ਸਿਰਜਿਆਂ ਹੈ,
ਇਹ ਇਕ ਫਲਸਫਾਂ ਸੋਚ ਅਤੇ ਇਤਿਹਾਸ ਵੀ ਹੈ,
ਕਿੰਨੇ ਝੱਖੜ ਤੂਫਾਨਾਂ ਵਿਚੋਂ ਲੰਘਿਆ ਏ,
ਇਹਦਾ ਮੁਖੜਾ ਕੁੱਝ-ਕੁੱਝ ਉਦਾਸ ਵੀ ਹੈ ”

    ਅੱਜ ਪੰਜਾਬ ਦੀ ਨਵੀਂ ਨੁਹਾਰ ਲਈ ਨਸ਼ਾ ਮੁਕਤੀ ਤਰਜੀਹੀ ਮੁੱਦਾ ਹੈ। ਇਤਿਹਾਸ ਗਵਾਹੀ ਭਰਦਾ ਹੈ ਕਿ ਪੰਜਾਬ ਨੇ ਵੱਡੀਆਂ ਵੱਡੀਆਂ ਆਫਤਾਂ ਦਾ ਮੂੰਹ ਮੋੜ ਦਿੱਤਾ ਨਸ਼ਾ ਤਾਂ ਛੋਟੀ ਗੱਲ ਹੈ। ਸਿਰਫ ਮਾਨਸਿਕਤਾ, ਇੱਛਾ ਸ਼ਕਤੀ ਅਤੇ ਲੋਕ ਲਹਿਰ ਉਭਾਰਨ ਦੀ ਲੋੜ ਹੈ। ਪੰਜਾਬ ਨਾ-ਬਰਾਬਰੀ ਝੱਲਣ ਅਤੇ ਮੁੜ ਸੁਰਜੀਤ ਹੋਣ ਦਾ ਬਲ ਰੱਖਦਾ ਹੈ। ਸਾਰਾ ਵਰਤਾਰਾ ਇਹਨਾਂ ਸਤਰਾਂ ਦੀ ਛਾਇਆ ਹੇਠ ਹੀ ਹੈ। ਨਸ਼ਾ ਕਈ ਕਿਸਮਾਂ ਦਾ ਹੁੰਦਾ ਹੈ ਜਿਵੇਂ ਕਿ ਕੁਦਰਤੀ ਨਸ਼ਾ, ਅਰਧ ਰਸਾਇਣਿਕ ਨਸ਼ਾ ਅਤੇ ਰਸਾਇਣਿਕ ਨਸ਼ਾ ਇਹ ਸਾਰੇ ਨਸ਼ੇ ਪੰਜਾਬ ਵਿੱਚ ਭਾਰੂ ਹਨ।  ਪੰਜਾਬ ਦੀ ਨਸ਼ਾ ਪੀੜਾ ਨੂੰ ਗੱਲੀਬਾਤੀ ਦਫਨ ਵੀ ਨਹੀਂ ਕੀਤਾ ਜਾ ਸਕਦਾ। ਇਸ ਪ੍ਰਤੀ ਲੋਕਾਂ ਅਤੇ ਸਰਕਾਰ ਦੀ ਦ੍ਰਿੜਤਾ ਦੀ ਲੋੜ ਹੈ। ਸਾਡੇ ਕੁੱਝ ਗਾਇਕਾ ਨੇ ਵੀ ਨਸ਼ੇ ਨੂੰ ਹੁਲਾਰਾ ਦਿੱਤਾ ਹੈ। ਨਸ਼ੇ ਦਾ ਸੇਵਨ ਮਾਨਵੀ ਸਦਾਚਾਰਕ ਜੀਵਨ ਨੂੰ ਨਕਾਰਾ ਕਰ ਦਿੰਦਾ ਹੈ। ਇਸ ਨਾਲ ਸਮਾਜ ਦਾ ਤਾਣਾ-ਬਾਣਾ ਨਸ਼ਟ ਹੋ ਕੇ ਹਿੰਸਾ ਫੈਲਦੀ ਹੈ। ਗੁਰਬਾਣੀ ਦੇ ਮਾਨਵਤਾ ਬਾਰੇ ਨਸ਼ੇ ਵਿਰੁੱਧ ਸੰਦੇਸ਼ ਨੂੰ ਜਾਗਰੂਕਤਾ ਫੈਲਾਉਣ ਲਈ ਵੱਡਾ ਸਮਝਿਆ ਗਿਆ ਹੈ, ਜੋ ਸੱਚ ਦੀ ਛਾਨਣੀ ਵਿਚੋਂ ਝੂਠ ਛਾਨਣ ਵਾਲਾ ਹੈ। ਪਰ ਫਿਰ ਵੀ ਧਰਮ ਪ੍ਰਚਾਰਕ ਆਪਣਾ ਬਹੁਤ ਯੋਗਦਾਨ ਨਹੀਂ ਪਾ ਸਕੇ। ਗੁਰਬਾਣੀ ਵਿੱਚ ਅੰਕਿਤ ਹੈ:-
    “ਜਿਤੁ ਪੀਤੈ ਮਤਿ ਦੂਰ ਹੋਇ, ਬਰਲੁ ਪਾਵੈ ਵਿਚਿ ਆਇ,
ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ ”

ਮਿੱਤਰਚਾਰਾ, ਨਿਰਾਸ਼ਾ, ਜਿੰਦਗੀ ਦੇ ਮਕਸਦ ਦੀ ਕਮੀ, ਆਰਥਿਕ ਅਤੇ ਬੇਰੁਜਗਾਰੀ ਸਮੱਸਿਆ ਪੰਜਾਬ ਵਿੱਚ ਨਸ਼ੇ ਦੇ ਕਾਰਨ ਦਾ ਸਰੂਪ ਹਨ। ਸਭ ਤੋਂ ਭੈੜੀ ਗੱਲ ਇਹ ਹੈ ਕਿ ਨਸ਼ਾ ਮਿਲਾਵਟੀ ਮਿਲ ਰਿਹਾ ਹੈ। ਜਿਸ ਨਾਲ ਨਸ਼ੇ ਦੇ ਦੁਰ ਪ੍ਰਭਾਵ ਵੱਧ ਜਾਂਦੇ ਹਨ। ਪੰਜਾਬੀ ਹੋਰ ਬਿਮਾਰੀਆਂ ਤੋਂ ਵੀ ਪੀੜਤ ਹੋ ਰਹੇ ਹਨ। ਨਸ਼ਿਆਂ ਦਾ ਪਸਾਰਾ ਇੰਨਾ ਵੱਧ ਗਿਆ ਹੈ ਕਿ ਪਛਾਣ ਕਰਨੀ ਵੀ ਔਖੀ ਹੋਈ ਪਈ ਹੈ। ਪੰਜਾਬ ਨਸ਼ੇ ਬਾਰੇ ਜਵਾਨੀ, ਕਾਨੂੰਨੀ ਅਤੇ ਵਰਦੀ ਘੇਰੇ ਵਿੱਚ ਰਹਿੰਦੇ ਹਨ। ਸਭ ਤੋਂ ਪਹਿਲਾ ਖਾਂਸੀ ਦੀ ਦਵਾਈ ਨੇ ਜਵਾਨੀ ਨੂੰ ਨਸ਼ੇ ਵਿੱਚ ਜਕੜਿਆਂ, ਇਸ ਤੋਂ ਬਾਅਦ “ਮਰਜ ਬੜਤੀ ਗਈ ਜੂੰ-ਜੂੰ ਦਵਾ ਕੀ”। ਪੰਜਾਬ ਵਿੱਚ ਪਾਕਿਸਤਾਨ ਤੋਂ ਡਰੋਨ ਰਾਹੀਂ ਨਸ਼ੇ ਦਾ ਰੋਲਾ-ਰੱਪਾ ਰਹਿੰਦਾ ਹੈ। ਪਿਛੇ ਜਿਹੇ ਗੁਜਰਾਤ ਦੀ ਮੁਦਰਾ ਬੰਦਰਗਾਹ ਤੇ 4269 ਕਰੋੜ ਦੇ ਨਸ਼ੀਲੇ ਪਦਾਰਥ ਫੜੇ ਸਨ। ਇਸ ਦੇ ਤਾਰ ਵੀ ਪੰਜਾਬ ਨਾਲ ਜੁੜੇ ਸਨ। ਇਹ ਪੰਜਾਬ ਲਈ ਅਲਾਰਮ ਸੀ। ਪਰ ਦੇਸ਼ ਵਾਸੀਆਂ ਨੂੰ ਇਸ ਦਾ ਨਤੀਜਾ ਨਹੀਂ ਮਿਲਿਆ। ਭੋਲੀ-ਭਾਲੀ ਜਨਤਾ ਸ਼ੱਕੀ ਹੋ ਜਾਂਦੀ ਹੈ ਕਿ ਪਰਦੇ ਪਿਛਲਾ ਸੱਚ ਕੀ ਹੈ? ਇਹਨਾਂ ਖਬਰਾਂ ਨੂੰ ਉਘਾੜਿਆਂ ਗਿਆ ਅਤੇ ਸਰਕਾਰ ਹਰਕਤ ਵਿੱਚ ਵੀ ਆਈ ਸੀ। ਨਸ਼ੇ ਬਾਰੇ ਪੰਜਾਬ ਵਿੱਚ ਕਈ ਤਰ੍ਹਾਂ ਦੀਆਂ ਅਫਵਾਹਾਂ ਅਤੇ ਸੋਸ਼ਲ ਮੀਡੀਆ ਤੇ ਗਲਤ ਖਬਰਾਂ ਵੀ ਚੱਲਦੀਆਂ ਹਨ। ਪਰ ਕਈ ਵਾਰੀ ਇਹੋ ਜਿਹੇ ਮਹੋਲ ਨੂੰ ਜਿਮੀ ਗੇਮਜ ਦੇ ਇਹਨਾਂ ਸਬਦਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਕਿ ਜਦੋਂ ਫਰਜੀ ਖਬਰਾਂ ਨੂੰ ਦੁਹਰਾਇਆ ਜਾਵੇ ਤਾਂ ਇਹ ਸਮਝਣਾ ਮੁਸ਼ਕਲ ਹੋ ਜਾਂਦਾ ਹੈ ਕਿ ਅਸਲੀਅਤ ਕੀ ਹੈ? ਪੰਜਾਬ ਵਿੱਚ ਨਸ਼ੇ ਤੇ ਪਰਦਾ ਨਹੀਂ ਪਾਇਆ ਜਾ ਸਕਦਾ ਪਰ ਝੂਠੀਆਂ ਅਤੇ ਮਨਘੜਤ ਤੱਥਾਂ ਤੋਂ ਸੁਚੇਤ ਹੋਣ ਦੀ ਵੀ ਲੋੜ ਹੈ। ਨਸ਼ਿਆਂ ਨਾਲ ਨਜਿੱਠਣ ਲਈ ਧਾਰਮਿਕ, ਸਮਾਜਿਕ ਅਤੇ ਵਿਗਿਆਨਿਕ ਸੋਝੀ ਜਰੂਰੀ ਹੈ। ਪੰਜਾਬ ਵਿੱਚ ਮੰਨੋਰਜਨ ਦੇ ਸਾਧਨ ਲਈ ਨਸ਼ਾ ਖਤਰਨਾਕ ਰੁਝਾਨ ਪੈਦਾ ਕਰਦਾ ਹੈ। ਇਸ ਕਾਰਨ ਸਰਕਾਰੀ ਵੀ ਨਸ਼ਾ ਮੁਕਤੀ ਲਈ ਉਪਰਾਲਿਆਂ ਵਿੱਚ ਰੁੱਝੀ ਹੋਈ ਹੈ।
ਪੰਜਾਬ ਨਸ਼ੇ ਲਈ ਆਲਮੀ ਪੱਧਰ ਤੇ ਨਕਸ਼ੇ ਉੱਤੇ ਹੈ। ਮੌਜੂਦਾ ਪੰਜਾਬ ਸਰਕਾਰ ਇਸ ਵਿਸ਼ੇ ਤੇ ਸੁਹਿਰਦ ਅਤੇ ਚਿੰਤਕ ਵੀ ਹੈ। ਦੁੱਖ ਹੋਰ ਵੀ ਜਿਆਦਾ ਹੁੰਦਾ ਹੈ, ਜਦੋਂ ਰੰਗੀਲਾ ਪੰਜਾਬ ਨਸ਼ੀਲਾ ਪੰਜਾਬ ਕਹਿਲਾਉਣ ਲੱਗ ਜਾਂਦਾ ਹੈ। ਸਿਆਸੀ ਸੰਗੂਫੇ ਭਾਰੂ ਹੋ ਜਾਂਦੇ ਹਨ। ਨਸ਼ੇ ਬਾਰੇ ਕਾਨੂੰਨੀ ਕਾਇਦਿਆਂ ਅਤੇ ਦਾਇਰਿਆਂ ਦੀ ਵਿਆਖਿਆ ਤਾਂ ਹੁੰਦੀ ਹੈ ਪਰ ਜਦੋਂ ਨਸ਼ੇ ਦੀ ਫੜੋ-ਫੜਾਈ ਦੀਆਂ ਰੋਜ਼ਾਨਾ ਖਬਰਾਂ ਆਉਂਦੀਆਂ ਹਨ ਤਾਂ ਲੋਕ ਸੋਚਣ ਲਈ ਮਜਬੂਰ ਹੋ ਜਾਂਦੇ ਹਨ। ਨਸ਼ਾ ਗੱਠ-ਜੋੜ ਦੀਆਂ ਸੁਰਖੀਆਂ ਵੀ ਭਾਰੂ ਰਹੀਆਂ। ਜਿਸ ਤਰ੍ਹਾਂ ਰਫਤਾਰ ਚੱਲ ਰਹੀ ਹੈ, ਉਸ ਤੋਂ ਲੱਗਦਾ ਹੈ ਨਸ਼ੇ ਨੂੰ ਮੋੜਾ ਕੱਟਣ ਲਈ ਅਜੇ ਸਮਾਂ ਲੱਗੇਗਾ। ਪੰਜਾਬ ਪੰਚਾਇਤੀ ਰਾਜ ਐਕਟ 1994 ਜੋ ਪਿੰਡਾਂ ਦੀ ਰੂਹ ਦੀ ਤਰਜਮਾਨੀ ਕਰਦਾ ਹੈ ਉਸ ਵਿੱਚ ਸਪੱਸ਼ਟ ਲਿਖਿਆ ਗਿਆ ਹੈ ਕਿ ਪੰਚਾਇਤਾਂ ਪ੍ਰਕਿਰਿਆ ਅਧੀਨ ਮਤੇ ਰਾਹੀ ਆਪਣੇ ਪਿੰਡ ਵਿਚੋਂ ਨਸ਼ਾ ਮੁਕਤੀ ਲਈ ਠੇਕਾ ਸ਼ਰਾਬ ਚੁਕਵਾ ਸਕਦੀਆਂ ਹਨ। ਪਰ ਇਹ ਸਭ ਕੁੱਝ ਨਜਾਇਜ਼ ਸ਼ਰਾਬ ਦੀ ਤਸਕਰੀ ਅਤੇ ਸਰਕਾਰੀ ਮਾਲੀਏ ਦੀ ਆੜ ਕਰਕੇ ਆਪਣੀ ਮੌਤੇ ਮਰ ਜਾਂਦਾ ਹੈ। ਸ਼ਰਾਬ ਦੇ ਠੇਕੇ ਚੁਕਾਉਣ ਲਈ ਤੀਵੀਂਆਂ ਸ਼ਰਾਬ ਦੇ ਖੋਖੇ ਭੰਨਦੀਆਂ ਰਹਿੰਦੀਆਂ ਹਨ। ਇਸੇ ਕਰਕੇ ਪੰਜਾਬ ਵਿੱਚ ਇਹ ਵੀ ਚਰਚਾ ਰਹਿੰਦੀ ਹੈ ਕਿ ਸਿੰਥੈਟਿਕ ਨਸ਼ੇ ਦੀ ਬਜਾਏ ਅਫੀਮ ਵਰਗੇ ਨਸ਼ੇ ਵਰਤਣ ਲਈ ਮਾਪਦੰਡ ਬਣਾਏ ਜਾਣ। ਅਫੀਮ ਖੇਤੀ ਨਾਲ ਵੀ ਜੁੜੀ ਹੋਈ ਹੈ। ਚਲੋ ਖੈਰ ਇਹ ਮਸਲਾ ਤਾਂ ਸਿਹਤ ਮਾਹਿਰਾਂ ਅਤੇ ਸਰਕਾਰੀ ਦੀ ਕਚਹਿਰੀ ਵਿੱਚ ਪਿਆ ਹੈ। ਨਸ਼ਾ, ਨਸ਼ਾ ਹੀ ਹੁੰਦਾ ਹੈ।
ਨਸ਼ੇ ਬਾਰੇ ਰਿਪੋਰਟਾਂ ਮੁਤਾਬਿਕ 10 ਲੱਖ ਤੋਂ ਵੱਧ ਪੰਜਾਬੀ ਨਸ਼ਾ ਕਰਦੇ ਹਨ। ਇਸੇ ਕਰਕੇ ਅੱਜ ਪੰਜਾਬ ਵਿੱਚ ਚੌਥਾ ਦਰਿਆ ਨਸ਼ਿਆਂ ਦਾ ਵੱਗਦਾ ਹੈ। 2.65 ਲੱਖ ਨਸ਼ਈ ਨਸ਼ਾ ਛੁਡਾਓ ਕੇਂਦਰ ਤੋਂ ਇਲਾਜ ਕਰਾ ਰਹੇ ਹਨ। ਸੂਬੇ ਵਿੱਚ 36 ਨਸ਼ਾ ਛੁਡਾਓ ਸਰਕਾਰੀ ਅਤੇ 185 ਪ੍ਰਾਈਵੇਟ ਕੇਂਦਰ ਹਨ। ਪੰਜਾਬ ਦੀ ਆਬਾਦੀ 3.17 ਕਰੋੜ ਹੈ। ਇਸ ਆਬਾਦੀ ਦਾ 3 ਪ੍ਰਤੀਸ਼ਤ ਨਸ਼ੇ ਵਿੱਚ ਨਾਮ ਹੈ। ਨਸ਼ੇ ਦੀ ਓਵਰਡੋਜ ਨਾਲ ਪੰਜਾਬੀ ਮਰ ਰਹੇ ਹਨ। ਹਰ ਦੂਜੇ ਦਿਨ ਨਸ਼ੇ ਕਾਰਨ ਮੌਤ ਹੁੰਦੀ ਹੈ। ਆਮ ਤੌਰ ਤੇ ਸਮਾਜਿਕ ਖੇਮੇ ਵਿੱਚ ਨਸ਼ੇ ਦੀ ਗੱਲ ਕਰੀਏ ਕਿ ਜੋ ਨਸ਼ਾ ਨਹੀਂ ਕਰਦੇ ਉਹਨਾਂ ਦੇ ਹਾਵ-ਭਾਵ ਇਸ ਤਰ੍ਹਾਂ ਹੁੰਦੇ ਹਨ ਕਿ ਕਿਸੇ ਹੋਰ ਦੁਨੀਆਂ ਵਿੱਚ ਰਹਿੰਦੇ ਹਨ। ਉਹਨਾਂ ਨੂੰ ਨਸ਼ੇ ਦੇ ਨੁਕਸਾਨਾਂ, ਨਸ਼ੇ ਦੀ ਵਿਕਰੀ ਅਤੇ ਨਸ਼ੇ ਦੇ ਪ੍ਰਭਾਵਾਂ ਬਾਰੇ ਕੋਈ ਵਾ-ਵਾਸਤਾ ਨਹੀਂ ਹੁੰਦਾ। ਜੋ ਲੋਕ ਨਸ਼ਾ ਕਰਦੇ ਹਨ ਉਹਨਾਂ ਦੇ ਨਸ਼ੇ ਦੇ ਪ੍ਰਚਾਰ ਅਤੇ ਪ੍ਰਸਾਰ ਤੇ ਵੱਧ ਪ੍ਰਭਾਵ ਹੁੰਦਾ ਹੈ। ਮੋਨੋਵਿਗਿਆਨ ਦੱਸਦਾ ਕਿ ਨਸ਼ੇ ਦੇ ਨਾਲ ਨਫਰਤ ਕਰਨ ਵਾਲਾ ਵੀ ਨਸ਼ਾ ਕਰਦੇ ਹਨ। ਇਸ ਪਿੱਛੇ ਮਾੜੀ ਮਾਨਸਿਕਤਾ ਹੈ। ਨਸ਼ੇ ਤੋਂ ਲੜ ਛੁਡਾਉਣਾ ਚਾਹੁਣ ਵਾਲੇ ਵੀ ਮਾਨਸਿਕ ਕਮਜੋਰੀ ਕਰਕੇ ਇਸ ਵਿੱਚੋਂ ਨਿਕਲ ਨਹੀਂ ਸਕਦੇ, ਆਖਿਰ ਦਿਖਦੀ ਮੌਤ ਮੁਹਰੇ ਗੋਡੇ ਟੇਕ ਦਿੰਦੇ ਹਨ। ਅੱਜ ਹੈਰਾਨੀ ਹੁੰਦੀ ਹੈ ਜਦੋਂ ਘਰਾਂ ਵਿੱਚ ਪੂਜਾ ਰੂਮ ਵਾਂਗ ਬੀਅਰ ਬਾਰ ਵੀ ਮਿਲ ਜਾਂਦਾ ਹੈ। ਇਸ ਤੋਂ ਭਵਿੱਖੀ ਬਦਨਸੀਬੀ ਦੇ ਸੰਕੇਤ ਮਿਲਦੇ ਹਨ। ਕੇਰਲਾ ਵਾਂਗ ਸਾਡੇ ਘਰਾਂ ਦਾ ਸ਼ਿੰਗਾਰ ਕਿਤਾਬਾਂ ਹੁੰਦੀਆਂ ਤਾਂ ਨਕਸ਼ਾ ਹੋਰ ਹੋਣਾ ਸੀ।
ਅੱਜ ਪੰਜਾਬ ਨੂੰ ਨਵੀਂ ਨਕੋਰ ਨੁਹਾਰ ਦੇਣ ਲਈ ਨਸ਼ੇ ਵਿਰੁੱਧ ਲੋਕ ਲਹਿਰ ਪੈਦਾ ਹੋਣੀ ਚਾਹੀਦੀ ਹੈ। ਪੰਜਾਬ ਦੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸੰਕਟ ਦੇ ਸਮੇਂ ਅੱਖਾਂ ਮੀਚਣੀਆਂ ਤਬਾਹੀ ਦਾ ਕਾਰਨ ਬਣਦਾ ਹੈ। ਜਿਵੇਂ ਦ੍ਰਿੜ ਇਰਾਦੇ ਨਾਲ ਅੰਗਰੇਜ਼ ਭਜਾਏ, ਦੇਸ਼ ਦੀ ਰਾਖੀ ਕੀਤੀ ਅਤੇ ਕਿਸਾਨ ਅੰਦੋਲਨ ਜਿੱਤਿਆ ਇਸੇ ਤਰਜ ਤੇ ਨਸ਼ੇ ਦੀ ਜੰਗ ਜਿੱਤਣਾ ਔਖੀ ਨਹੀਂ। ਜੇ ਪੰਜਾਬ ਦੇ ਲੋਕ ਜਾਗਰੂਕ ਹੋ ਕੇ ਨਸ਼ੇ ਵਿਰੁੱਧ ਲਾਮਬੰਦ ਹੁੰਦੇ ਹਨ ਤਾਂ ਸਰਕਾਰੀ ਉਪਰਾਲਿਆਂ ਦਾ ਰੰਗ ਵੀ ਗੂੜਾ ਹੋ ਜਾਵੇਗਾ। ਕਈ ਵਾਰ ਅਜਿਹਾ ਵੀ ਲੱਗਦਾ ਹੈ ਕਿ ਨਸ਼ਾ ਹੁਣ ਧੁੰਦਲਾ ਮੁਦਾ ਹੈ ਕਿਉਂਕਿ ਇਸ ਦੀ ਰਟ-ਰਟਾਈ ਬਹੁਤ ਹੋ ਚੁੱਕੀ ਹੈ। ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣ ਲਈ ਹਰ ਨਾਗਰਿਕ ਦਾ ਫਰਜ ਹੈ। ਅੱਜ ਪੰਜਾਬ ਜਿਸ ਆਲਮ ਵਿਚੋਂ ਗੁਜਰ ਰਿਹਾ ਹੈ ਇਉਂ ਪ੍ਰਤੀਤ ਹੁੰਦਾ ਹੈ:-
“ਫੁੱਲ ਉਗੇਂਦੀ ਧਰਤੀ ਤੇ, ਕਿਤੇ ਉੱਗ ਪੈਣ ਨਾ ਥੋਰਾਂ,
ਵਤਨ ਪੰਜਾਬ ਦੀਆਂ, ਡਾਹਢੇ ਦੇ ਹੱਥ ਡੋਰਾਂ ”  


                                ਸੁਖਪਾਲ ਸਿੰਘ ਗਿੱਲ
                                ਅਬਿਆਣਾ ਕਲਾਂ
                                ਮੋ: 98781-11445