"ਭਾਰਤ ਕੈਨੇਡਾ ਦੇ ਨਾਗਰਿਕ ਹਰਦੀਪ ਸਿੰਘ ਨਿੱਝਰ ਦੇ ਕਤਲ ਵਿਚ ਸ਼ਾਮਿਲ"-ਜਸਟਿਨ ਟਰੂਡੋ - ਡਾ. ਗੁਰਵਿੰਦਰ ਸਿੰਘ

''ਅਸੀਂ ਟਰੂਡੋ ਦੁਆਰਾ ਲਗਾਏ ਦੋਸ਼ਾਂ ਨੂੰ ਲੈ ਕੇ ਡੂੰਘੇ ਚਿੰਤਤ ਹਾਂ”-ਵ੍ਹਾਈਟ ਹਾਊਸ
''ਮੈਂ ਮੰਨ ਸਕਦਾ ਹਾਂ ਕਿ ਭਾਰਤ ਇਉਂ ਕਰ ਸਕਦਾ ਹੈ''- ਸਾਬਕਾ ਪ੍ਰੀਮੀਅਰ ਉੱਜਲ ਦੁਸਾਂਝ
ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਕੈਨੇਡਾ ਦੀ ਪਾਰਲੀਮੈਂਟ ਵਿੱਚ ਪੰਜਾਬੀ 'ਚ ਦਿੱਤਾ ਬਿਆਨ ਸ਼ਲਾਘਾਯੋਗ

-------------------
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਜੀ 20 ਦੇਸ਼ਾਂ ਦੀ ਮੀਟਿੰਗ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ, ਕੈਨੇਡਾ ਵਿੱਚ ਭਾਰਤ ਦੀ ਦਖਲਅੰਦਾਜ਼ੀ ਦੇ ਵਿਸ਼ੇ 'ਤੇ ਹੋਈ ਗੱਲਬਾਤ ਦੀ ਲਗਾਤਾਰ ਨੁਕਤਾਚੀਨੀ ਨੂੰ ਅੱਜ ਉਸ ਵੇਲੇ ਵਿਰਾਮ ਚਿੰਨ ਲੱਗ ਗਿਆ, ਜਦੋਂ ਪ੍ਰਧਾਨ ਮੰਤਰੀ ਨੇ ਆਪਣੇ ਭਾਰਤ ਵਿੱਚ ਦਿੱਤੇ ਹੋਏ ਬਿਆਨ ਉਪਰ ਮੋਹਰ ਲਾਉਂਦਿਆਂ, ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਧੜੱਲੇ ਨਾਲ ਕਿਹਾ ਕਿ ਭਾਰਤ ਕੈਨੇਡਾ ਦੇ ਨਾਗਰਿਕ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮਾਮਲੇ ਵਿੱਚ ਸ਼ਾਮਿਲ ਹੈ। ਦੂਜੇ ਪਾਸੇ ਇਸ ਦਾਅਵੇ ਨੂੰ ਭਾਰਤੀ ਪੱਖ ਨੇ “ਬੇਤੁਕਾ ਅਤੇ ਪ੍ਰੇਰਿਤ” ਕਹਿ ਕੇ ਰੱਦ ਕਰ ਦਿੱਤਾ ਹੈ।18 ਜੂਨ 2013 ਨੂੰ ਗੁਰੂ ਨਾਨਕ ਗੁਰੂਦਵਾਰਾ ਸਾਹਿਬ ਸਰੀ ਵਿਖੇ, ਉਥੋਂ ਦੇ ਪ੍ਰਧਾਨ ਭਾਈ ਹਰਦੀਪ ਸਿੰਘ ਨਿੱਝਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ, ਉਸ ਦਿਨ ਤੋਂ ਲੈ ਕੇ ਹੀ ਲਗਾਤਾਰ ਇਹ ਆਵਾਜ਼ ਉੱਠ ਰਹੀ ਸੀ ਕਿ ਭਾਈ ਨਿੱਝਰ ਦੇ ਕਤਲ ਪਿੱਛੇ ਭਾਰਤੀ ਏਜੰਸੀਆਂ ਦਾ ਹੱਥ ਹੈ। ਪ੍ਰਧਾਨ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਕੈਨੇਡਾ ਨੇ ਸਖ਼ਤੀ ਨਾਲ ਕਦਮ ਚੁੱਕਦਿਆਂ ਭਾਰਤ ਦੇ ਕੈਨੇਡਾ ਵਿਚਲੇ ਅਹਿਮ ਇੰਡੀਅਨ ਡਿਪਲੋਮੇਟ, ਪਵਨ ਕੁਮਾਰ ਰਾਏ, ਜੋ ਕਿ 'ਰਾਅ' ਲਈ ਲੰਮਾ ਸਮਾਂ ਕੰਮ ਕਰਦਾ ਰਿਹਾ ਹੈ, ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਦੂਜੇ ਪਾਸੇ ਭਾਰਤ ਨੇ ਵੀ ਇਸ ਦੇ ਬਦਲੇ ਵਿੱਚ ਆਪਣੀ ਧਰਤੀ ਤੋਂ ਕੈਨੇਡੀਅਨ ਡਿਪਲੋਮੇਟ ਨੂੰ ਦੇਸ਼ ਛੱਡਣ ਲਈ ਹੁਕਮ ਦਿੱਤਾ ਕਿਹਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਜਸਟਿਨ ਟਰੂਡੋ ਦੇ ਇਸ ਬਿਆਨ ਦੇ ਆਉਣ ਤੋਂ ਬਾਅਦ ਕੈਨੇਡਾ ਦੀ ਖੁਦਮੁਖਤਿਆਰੀ ਬਾਰੇ ਸਾਰੀਆਂ ਰਾਜਨੀਤਕ ਪਾਰਟੀਆਂ ; ਨਿਊ ਡੈਮੋਕ੍ਰੇਟਿਕ ਪਾਰਟੀ ਕੈਨੇਡਾ ਦੇ ਆਗੂ ਜਗਮੀਤ ਸਿੰਘ ਅਤੇ ਕੰਜ਼ਰਵਟਿਵ ਪਾਰਟੀ ਦੇ ਆਗੂ ਪੀਅਰ ਪੋਲੀਵਰ ਵਲੋਂ ਇਸ ਘਟਨਾ ਨੂੰ ਕੈਨੇਡਾ ਦੀ ਪ੍ਰਭੂਸੱਤਾ 'ਤੇ ਹਮਲਾ ਕਰਾਰ ਦਿੱਤਾ ਹੈ।
ਨਿਊ ਡੈਮੋਕ੍ਰੇਟਕ ਪਾਰਟੀ ਦੇ ਲੀਡਰ ਜਗਮੀਤ ਸਿੰਘ ਵੱਲੋਂ ਪੰਜਾਬੀ ਵਿੱਚ ਦਿੱਤਾ ਬਿਆਨ ਸ਼ਲਾਘਾਯੋਗ
ਕੈਨੇਡਾ ਦੀ ਪਾਰਲੀਮੈਂਟ ਵਿਚ ਨਿਊ ਡੈਮੋਕ੍ਰੇਟਕ ਪਾਰਟੀ ਦੇ ਲੀਡਰ ਜਗਮੀਤ ਸਿੰਘ ਵੱਲੋਂ ਪੰਜਾਬੀ ਵਿੱਚ ਦਿੱਤਾ ਬਿਆਨ ਸ਼ਲਾਘਾਯੋਗ ਹੈ।ਬੇਸ਼ੱਕ ਇਹ ਬਿਆਨ ਸਿਆਸੀ ਰੂਪ ਵਿਚ ਭਾਰਤ ਵਲੋਂ ਕੈਨੇਡਾ ਦੀ ਧਰਤੀ 'ਤੇ ਉਸਦੇ ਨਾਗਰਿਕ ਦੇ ਕਤਲ ਮਾਮਲੇ ਵਿੱਚ ਦਿੱਤਾ ਗਿਆ ਹੈ, ਜਿਸ ਲਈ ਜਗਮੀਤ ਸਿੰਘ ਨੇ ਆਖੀਰ ਤੱਕ ਇਨਸਾਫ਼ ਲਈ ਲੜਨ ਦਾ ਪ੍ਰਾਣ ਕੀਤਾ ਹੈ। ਕੈਨੇਡਾ ਦੀਆਂ ਪੰਜਾਬੀ ਸਾਹਿਤਕ ਸੰਸਥਾਵਾਂ, ਜਥੇਬੰਦੀਆਂ, ਐਸੋਸੀਏਸ਼ਨਾਂ, ਫਾਉਂਡੇਸ਼ਨਾਂ, ਪੰਜਾਬੀ ਮੀਡੀਆ, ਭਵਨਾਂ ਤੇ ਪਲੀ ਆਦਿ ਵੱਲੋਂ ਇਸ ਬਿਆਨ ਦਾ ਸਵਾਗਤ ਕੀਤਾ ਜਾਣਾ ਬਣਦਾ ਹੈ। ਪੰਜਾਬੀ ਸਾਹਿਤ ਸਭਾ ਮੁਢਲੀ ਰਜਿਸਟਰਡ ਐਬਟਸਫੋਰਡ ਅਤੇ ਪੰਜ ਦਰਿਆ ਸਭਿਆਚਾਰ ਕਲੱਬ ਮਿਸ਼ਨ ਵੱਲੋਂ ਪੰਜਾਬੀ 'ਚ ਦਿੱਤੇ ਬਿਆਨ ਦੇ ਇਤਿਹਾਸਕ ਕਦਮ ਦੀ ਜ਼ੋਰਦਾਰ ਸ਼ਲਾਘਾ ਕੀਤੀ ਗਈ ਹੈ।
''ਮੈਂ ਮੰਨ ਸਕਦਾ ਹਾਂ ਕਿ ਭਾਰਤ ਇਉਂ ਕਰ ਸਕਦਾ ਹੈ''- ਸਾਬਕਾ ਪ੍ਰੀਮੀਅਰ ਉਜਲ ਦੁਸਾਂਝ
ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਪ੍ਰੀਮੀਅਰ ਅਤੇ ਸਾਬਕਾ ਸਿਹਤ ਮੰਤਰੀ, ਉੱਜਲ ਦੁਸਾਂਝ ਨੇ ਗਲੋਬਲ ਨਿਊਜ਼ ਨਾਲ ਗੱਲਬਾਤ ਕੀਤੀ ਹੈ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਇਸ ਚਿੰਤਾ ਨੂੰ ਜਾਇਜ਼ ਦੱਸਿਆ ਹੈ, ਜੋ ਕਿ ਕੈਨੇਡਾ ਅੰਦਰ ਕੈਨੇਡੀਅਨ ਨਾਗਰਿਕ ਦੀ ਹੱਤਿਆ ਲਈ ਕੈਨੇਡਾ ਦੀ ਪ੍ਰਧਾਨ ਮੰਤਰੀ ਨੇ ਭਾਰਤੀ ਏਜੰਸੀਆਂ ਦੇ ਸਿਰ ਦੋਸ਼ ਲਾਇਆ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਬਿਆਨ ਕਿ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਪਿੱਛੇ ਭਾਰਤ ਦਾ ਹੱਥ ਹੈ, ਬਾਰੇ ਗੱਲਬਾਤ ਕਰਦਿਆਂ ਉੱਜਲ ਦੁਸਾਂਝ ਨੇ ਕਿਹਾ ਕਿ ਮੈਂ ਮੰਨ ਸਕਦਾ ਹਾਂ ਕਿ ਭਾਰਤੀ ਇਉਂ ਕਰ ਸਕਦਾ ਹੈ। ਉਜਲ ਦੁਸਾਂਝ ਖਾਲਿਸਤਾਨ ਦੇ ਆਲੋਚਕ ਰਹੇ ਹਨ ਅਤੇ ਹੁਣ ਵੀ ਹਨ, ਪਰ ਉਨ੍ਹਾਂ ਦਾ ਇਹ ਕਹਿਣਾ ਡੂੰਘੇ ਅਰਥ ਰੱਖਦਾ ਹੈ ਕਿ ਮੌਜੂਦਾ ਸਮੇਂ ਭਾਰਤੀ ਪ੍ਰਧਾਨ ਮੰਤਰੀ, ਜਿਸ ਨੂੰ ਸੰਬੋਧਨ ਕਰਦੇ ਉਹ 'ਮਾਚੋ ਮੋਦੀ' ਆਖਦੇ ਹਨ, (ਭਾਵ ਵੱਧ ਤੋਂ ਵੱਧ ਤਕੜੀ ਸਲਤਨਤ ਕਾਇਮ ਕਰਨ ਅਤੇ ਮਜਬੂਤ ਹੋਣ ਦਾ ਇੱਛਕ), ਸਮੇਂ ਇਹ ਆਸ ਕੀਤੀ ਜਾ ਸਕਦੀ ਹੈ ਕਿ ਅਜਿਹੀ ਦੁਖਾਂਤਕ ਘਟਨਾ ਵਾਪਰੇ। ਇਸ ਤੋਂ ਪਹਿਲਾਂ ਵੀ ਦੁਸਾਂਝ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਮੌਕੇ ਇਹ ਕਹਿ ਚੁੱਕੇ ਹਨ ਕਿ ਇਹ ਕੈਨੇਡਾ ਦੀ ਪ੍ਰਭੂਸੱਤਾ ਨੂੰ ਚੁਣੌਤੀ ਹੈ ਕਿ ਕੈਨੇਡਾ ਦੀ ਧਰਤੀ 'ਤੇ ਕੈਨੇਡਾ ਦੇ ਨਾਗਰਿਕ ਨੂੰ, ਉਸ ਦੀ ਪੋਲੀਟੀਕਲ ਹੱਦ ਵਿੱਚ ਦਾਖਲ ਹੋ ਕੇ ਕਤਲ ਕਰਨ ਲਈ ਕੋਈ ਕਾਰਵਾਈ ਨੂੰ ਅੰਜਾਮ ਦੇਵੇ।
ਦਿਲਚਸਪ ਗੱਲ ਇਹ ਹੈ ਕਿ ਖਾਲਿਸਤਾਨ ਦੇ ਆਲੋਚਕ ਦੁਸਾਂਝ ਨੇ ਜਿੱਥੇ ਜੁਰਅਤ ਦੇ ਨਾਲ ਇਹ ਬਿਆਨ ਕੈਨੇਡਾ ਦੇ ਨੈਸ਼ਨਲ ਮੀਡੀਆ ਨੂੰ ਦਿੱਤਾ ਹੈ, ਉਥੇ ਕੈਨੇਡਾ ਦੇ ਅੰਦਰ ਬੈਠੇ 'ਭਾਰਤੀ ਅਗਾਂਹ ਵਧੂ ਸੰਸਥਾਵਾਂ' ਜਾਂ ਹੋਰਨਾਂ ਜਥੇਬੰਦੀਆਂ ਦੇ ਆਗੂ, ਜਿਹੜੇ ਅਕਸਰ ਕਹਿੰਦੇ ਹਨ ਕਿ ਭਾਰਤ ਵਿੱਚ ਮਨੁੱਖੀ ਹੱਕਾਂ ਦਾ ਘਾਣ ਹੋ ਰਿਹਾ ਹੈ, ਉੱਥੇ ਮਨੀਪੁਰ ਤੇ ਵੱਖ-ਵੱਖ ਸੂਬਿਆਂ 'ਚ ਅੱਤਿਆਚਾਰ ਹੋ ਰਹੇ ਹਨ, ਖੱਬੇ ਪੱਖੀ ਅਗਾਂਹਵਧੂ ਧਿਰਾਂ, ਪ੍ਰੋਫੈਸਰਾਂ, ਚਿੰਤਕਾਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ, ਮੌਜੂਦਾ ਫਾਸ਼ੀਵਾਦੀ ਇੰਡੀਅਨ ਸਟੇਟ ਹੱਦੋਂ ਵੱਧ ਜਬਰ ਕਰ ਰਹੀ ਹੈ, ਉਹ ਅੱਜ ਕੈਨੇਡਾ ਦੇ ਪ੍ਰਧਾਨ ਮੰਤਰੀ ਵਲੋਂ ਭਾਰਤ ਦੇ ਰਾਹੀਂ ਕੈਨੇਡਾ ਵਿੱਚ ਕੀਤੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਮਾਮਲੇ 'ਤੇ ਮੂਕ ਦਰਸ਼ਕ ਬਣੇ ਹੋਏ ਹਨ।
ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਏਬੀ ਦਾ ਬਿਆਨ
ਕੈਨੇਡੀਅਨ ਨਾਗਰਿਕ ਭਾਈ ਹਰਦੀਪ ਸਿੰਘ ਨਿੱਝਰ ਦੀ ਕੈਨੇਡਾ ਦੀ ਧਰਤੀ 'ਤੇ ਹੋਈ ਹੱਤਿਆ ਵਿੱਚ ਭਾਰਤ ਸਰਕਾਰ ਦੀ ਸ਼ਮੂਲੀਅਤ ਦੇ ਦੋਸ਼ ਲਾਏ ਜਾਣ ਤੋਂ ਬਾਅਦ, ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਏਬੀ ਨੇ ਬਿਆਨ ਜਾਰੀ ਕੀਤਾ। ਉਹਨਾਂ ਸੋਮਵਾਰ ਨੂੰ ਕਿਹਾ ਕਿ ਉਸਨੂੰ ਕੈਨੇਡਾ ਦੀ ਜਾਸੂਸੀ ਏਜੰਸੀ ਤੋਂ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਬਾਰੇ ਸੰਖੇਪ ਜਾਣਕਾਰੀ ਮਿਲੀ ਸੀ ਅਤੇ ਜੋ ਉਸਨੂੰ ਦੱਸਿਆ ਗਿਆ ਸੀ ਉਸ ਤੋਂ ਉਹ ਬਹੁਤ ਪਰੇਸ਼ਾਨ ਹੋਏ ਹਨ। ਉਹਨਾਂ ਫੈਡਰਲ ਸਰਕਾਰ ਨੂੰ ਚੱਲ ਰਹੀ ਵਿਦੇਸ਼ੀ ਦਖਲਅੰਦਾਜ਼ੀ ਅਤੇ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਖਤਰਿਆਂ ਨਾਲ ਸਬੰਧਤ ਸਾਰੀ ਜਾਣਕਾਰੀ ਸਾਂਝੀ ਕਰਨ ਲਈ ਕਿਹਾ ਹੈ। ਪ੍ਰੀਮੀਅਰ ਡੇਵਿਡ ਏਬੀ ਨੇ ਕਿਹਾ “ਦੇਸ਼ ਭਰ ਦੇ ਕੈਨੇਡੀਅਨਾਂ ਨੂੰ ਵਿਦੇਸ਼ੀ ਸਰਕਾਰਾਂ ਦੇ ਦਖਲ ਤੋਂ ਸੁਰੱਖਿਅਤ ਹੋਣਾ ਚਾਹੀਦਾ ਹੈ, ਜਿਸ ਵਿੱਚ ਕਤਲ ਸਮੇਤ ਧਮਕੀਆਂ ਜਾਂ ਸਰੀਰਕ ਨੁਕਸਾਨ ਲਈ ਨਿਸ਼ਾਨਾ ਬਣਾਇਆ ਜਾਣਾ ਸ਼ਾਮਲ ਹੈ। ਸਾਡਾ ਲੋਕਤੰਤਰ ਇਸ 'ਤੇ ਨਿਰਭਰ ਕਰਦਾ ਹੈ।" ਉਹਨਾਂ ਕਿਹਾ ਕਿ ਉਸਨੂੰ ਫੈਡਰਲ ਸਰਕਾਰ ਤੋਂ ਹੋਰ ਜਾਣਕਾਰੀ ਦੀ ਲੋੜ ਹੈ, ਤਾਂ ਜੋ ਸੂਬਾ ਖਤਰੇ ਵਿੱਚ ਲੋਕਾਂ ਦੀ ਰੱਖਿਆ ਕਰ ਸਕੇ।
ਬ੍ਰਿਟਿਸ਼ ਕੋਲੰਬੀਆ ਦੇ ਵਿਰੋਧੀ ਧਿਰ ਦੇ ਨੇਤਾ ਕੇਵਿਨ ਫਾਲਕਨ ਦਾ ਬਿਆਨ
ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ 'ਤੇ ਵਿਰੋਧੀ ਧਿਰ ਦੇ ਨੇਤਾ ਕੇਵਿਨ ਫਾਲਕਨ ਨੇ ਬਿਆਨ ਜਾਰੀ ਕੀਤਾ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਵਿਦੇਸ਼ੀ ਸਰਕਾਰ ਦੁਆਰਾ ਇੱਕ ਕੈਨੇਡੀਅਨ ਨਾਗਰਿਕ ਨੂੰ ਕਥਿਤ ਤੌਰ 'ਤੇ ਨਿਸ਼ਾਨਾ ਬਣਾਉਣਾ ਅਤੇ ਕਤਲ ਕਰਨਾ ਇੱਕ ਘਿਨਾਉਣੀ ਕਾਰਵਾਈ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਕਿਸੇ ਵੀ ਕੈਨੇਡੀਅਨ ਦੀ ਹੱਤਿਆ, ਭਾਵੇਂ ਉਹ ਕੋਈ ਵੀ ਹੋਵੇ ਜਾਂ ਜ਼ਿੰਮੇਵਾਰ ਹੋਵੇ, ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਕੈਨੇਡੀਅਨ ਦੀ ਕਥਿਤ ਤੌਰ 'ਤੇ ਗੈਰ-ਨਿਆਇਕ ਹੱਤਿਆ ਦੇ ਫੈਡਰਲ ਸਰਕਾਰ ਤੋਂ ਪਰੇਸ਼ਾਨ ਕਰਨ ਵਾਲੇ ਖੁਲਾਸੇ ਮਗਰੋਂ ਜ਼ਾਹਰ ਤੌਰ 'ਤੇ 'ਭਾਰਤ ਸਰਕਾਰ' ਦੇ ਇਸ਼ਾਰੇ 'ਤੇ, ਬਿਨਾਂ ਸ਼ੱਕ ਸੂਬੇ ਦੇ ਬਹੁਤ ਸਾਰੇ ਲੋਕ ਆਪਣੀ ਸੁਰੱਖਿਆ ਲਈ ਚਿੰਤਤ ਹਨ। ਸਰਕਾਰ ਨੂੰ ਇਸ ਕਾਤਲ, ਜਾਂ ਕਾਤਲਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਅਤੇ ਉਨ੍ਹਾਂ ਲੋਕਾਂ ਨੂੰ ਤੁਰੰਤ ਪੁਲਿਸ ਸੁਰੱਖਿਆ ਪ੍ਰਦਾਨ ਕਰਨ ਦੀ ਮੰਗ ਹੈ, ਜੋ ਖੁਫੀਆ ਸਰੋਤਾਂ ਦੇ ਸੰਭਾਵਿਤ ਖ਼ਤਰੇ ਵਿੱਚ ਹਨ।
ਸੁੱਖ ਧਾਲੀਵਾਲ ਵਲੋਂ ਭਾਈ ਨਿੱਝਰ ਦੀ ਹੱਤਿਆ ਦੇ ਮਾਮਲੇ ਵਿੱਚ ਪਟੀਸ਼ਨ ਕੈਨੇਡਾ ਦੀ ਪਾਰਲੀਮੈਂਟ ਵਿੱਚ ਪੇਸ਼
ਕੈਨੇਡਾ ਦੀ ਪਾਰਲੀਮੈਂਟ ਵਿੱਚ ਭਾਈ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮਾਮਲੇ ਵਿੱਚ ਭਾਰਤੀ ਏਜੰਸੀਆਂ ਅਤੇ ਸਰਕਾਰ ਦੀ ਭੂਮਿਕਾ ਬਾਰੇ ਐਮਪੀ ਸੁਖ ਧਾਲੀਵਾਲ ਵੱਲੋਂ ਪਟੀਸ਼ਨ ਪੇਸ਼ ਕੀਤੀ ਗਈ। ਪਟੀਸ਼ਨ ਪੇਸ਼ ਕਰਨ ਮੌਕੇ ਐਮ ਪੀ ਸੁੱਖ ਧਾਲੀਵਾਲ, ਪੀਟਰ ਜੂਲੀਅਨ, ਹੈਦਰ ਮੈਕਫਰਸਨ ਸਮੇਤ ਅਗਾਂਹ ਵਧੂ ਲਿਬਰਲ ਅਤੇ ਐਨਡੀਪੀ ਬੁਲਾਰੇ, ਮੈਂਬਰ ਪਾਰਲੀਮੈਂਟ ਆਵਾਜ਼ ਬੁਲੰਦ ਕਰ ਰਹੇ ਹਨ, ਜਦ ਕਿ ਕੰਜ਼ਰਵਟਿਵ ਪਾਰਟੀ ਦੇ ਲੀਡਰ ਸਮੇਤ ਹੋਰ ਐਮਪੀਜ਼, ਸਦਨ ਵਿੱਚੋਂ ਗੈਰ ਹਾਜ਼ਿਰ ਸਨ । ਇਥੋਂ ਤੱਕ ਕਿ ਤਾਜ਼ਾ ਘਟਨਾ ਕ੍ਰਮ ਵਿੱਚ ਕਨ੍ਜ਼ਰਵਟਿਵ ਪਾਰਟੀ ਦੇ ਲੀਡਰ ਨੇ ਆਪਣਾ ਬਿਆਨ ਬਦਲਦਿਆ ਹੋਰ ਸਬੂਤਾਂ ਦੀ ਮੰਗ ਕੀਤੀ ਹੈ। ਦੂਜੇ ਪਾਸੇ ਲਿਬਰਲ ਐਮਪੀ ਹੈਦਰ ਮੈਂਕਫਰਸਨ ਨੇ ਇੱਥੋਂ ਤੱਕ ਕਿਹਾ ਕਿ ਮੋਦੀ ਦਾ ਮਿੱਤਰ ਸਟੀਵਨ ਹਾਰਪਰ ਹੈ ਅਤੇ ਹੁਣ ਇਹ ਸੱਚ ਸਾਹਮਣੇ ਲਿਆਉਣਾ ਚਾਹੀਦਾ ਹੈ ਕਿ ਕੈਨੇਡਾ ਦੇ ਨਾਗਰਿਕ ਦੀ ਹੱਤਿਆ ਵਿੱਚ ਭਾਰਤ ਦੀ ਭੂਮਿਕਾ ਬਾਰੇ ਸਪੱਸ਼ਟ ਹੋਵੇ। ਸੁੱਖ ਧਾਲੀਵਾਲ ਨੇ ਬਹੁਤ ਜ਼ੋਰਦਾਰ ਆਵਾਜ਼ ਵਿੱਚ ਸ਼ਹੀਦ ਹਰਦੀਪ ਸਿੰਘ ਨਿੱਜਰ ਦੇ ਮਾਮਲੇ ਨੂੰ ਹੀ ਨਹੀਂ, ਬਲਕਿ ਭਾਰਤ ਵਿੱਚ ਮਨੀਪੁਰ ਅੰਦਰ ਵੈਹਸ਼ੀਆਨਾ ਘਟਨਾਵਾਂ ਦਾ ਜ਼ਿਕਰ ਕੀਤਾ ਅਤੇ ਸਚਾਈ ਬਿਆਨ ਕੀਤੀ, ਜਿਸ ਤਰ੍ਹਾਂ ਔਰਤਾਂ 'ਤੇ ਜਬਰ ਹੋਇ ਅਤੇ ਚਰਚ ਅਤੇ ਬਾਈਬਲਾਂ ਸਾੜੀਆਂ ਗਈਆਂ। ਮੈਂਬਰ ਆਫ ਪਾਰਲੀਮੈਂਟ ਸੁੱਖ ਧਾਲੀਵਾਲ ਨੇ ਭਾਸ਼ਨ ਦੌਰਾਨ ਅਜਿਹਾ ਖੁਲਾਸਾ ਕੀਤਾ ਕਿ ਜਦੋਂ ਉਨ੍ਹਾਂ ਕੈਨੇਡਾ ਦੀ ਪਾਰਲੀਮੈਂਟ ਵਿੱਚ ਸਿੱਖ ਨਸਲਕੁਸ਼ੀ 1984 ਬਾਰੇ ਪਟੀਸ਼ਨ ਪੇਸ਼ ਕੀਤੀ ਸੀ, ਤਾਂ ਉਸਦੇ ਨਤੀਜੇ ਭੁਗਤਣੇ ਪਏ ਸਨ। ਉਹਨਾਂ ਦੱਸਿਆ ਕਿ ਉਨ੍ਹਾਂ ਨੂੰ ਭਾਰਤ ਦਾ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਇਸੇ ਤਰ੍ਹਾਂ ਹੀ ਐਨਡੀਪੀ ਦੇ ਆਗੂ ਜਗਮੀਤ ਸਿੰਘ ਨੂੰ ਵੀ ਉਹਨਾਂ ਦੇ ਖਾਲਿਸਤਾਨ ਪੱਖੀ ਖਿਆਲ ਹੋਣ ਕਾਰਨ ਭਾਰਤ ਦਾ ਵੀਜ਼ਾ ਦੇਣੋਂ ਨਾਂਹ ਕਰ ਦਿੱਤੀ ਗਈ। ਧਾਲੀਵਾਲ ਨੇ ਕਿਹਾ ਕਿ ਇਹੋ ਜਿਹੇ ਅਖੌਤੀ ਲੋਕ ਰਾਜ ਦੀ ਜੋ ਮੌਜੂਦਾ ਹਾਲਤ ਹੈ, ਉਸ ਬਾਰੇ ਸਾਰੀਆਂ ਰਾਜਸੀ ਪਾਰਟੀਆਂ ਨੂੰ ਮਨੁੱਖੀ ਅਧਿਕਾਰਾਂ ਲਈ ਇਕ ਮੁੱਠ ਹੋਣਾ ਚਾਹੀਦਾ ਹੈ।
ਅਸੀਂ ਪ੍ਰਧਾਨ ਮੰਤਰੀ ਟਰੂਡੋ ਦੁਆਰਾ ਲਗਾਏ ਦੋਸ਼ਾਂ ਨੂੰ ਲੈ ਕੇ ਡੂੰਘੇ ਚਿੰਤਤ ਹਾਂ”-ਵ੍ਹਾਈਟ ਹਾਊਸ
ਵ੍ਹਾਈਟ ਹਾਊਸ ਨੇ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਬ੍ਰਿਟਿਸ਼ ਕੋਲੰਬੀਆ ਵਿੱਚ ਖਾਲਿਸਤਾਨੀ ਆਗੂ ਦੀ ਹੱਤਿਆ ਨਾਲ ਭਾਰਤੀ ਸਰਕਾਰ ਦੇ ਏਜੰਟਾਂ ਨੂੰ ਜੋੜਨ ਦੇ ਦੋਸ਼ਾਂ ਨੂੰ ਲੈ ਕੇ ਅਮਰੀਕਾ ਡੂੰਘਾ ਚਿੰਤਤ ਹੈ। ਵ੍ਹਾਈਟ ਹਾਊਸ ਦੀ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੇ ਬੁਲਾਰੇ ਐਡਰੀਨ ਵਾਟਸਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਟਰੂਡੋ ਦੁਆਰਾ ਲਗਾਏ ਗਏ ਦੋਸ਼ਾਂ ਨੂੰ ਲੈ ਕੇ ਬਹੁਤ ਫਿਕਰਮੰਦ ਹਾਂ ਤੇ ਅਸੀਂ ਆਪਣੇ ਕੈਨੇਡੀਅਨ ਭਾਈਵਾਲਾਂ ਨਾਲ ਨਿਯਮਤ ਸੰਪਰਕ ਵਿੱਚ ਰਹਿੰਦੇ ਹਾਂ। ਇਹ ਬਹੁਤ ਜ਼ਰੂਰੀ ਹੈ ਕਿ ਕੈਨੇਡਾ ਦੀ ਜਾਂਚ ਅੱਗੇ ਵਧੇ ਅਤੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਵੇ।
ਕੈਨੇਡਾ ਦੇ ਦੋਸ਼ ਬਰਤਾਨਵੀ ਸਿੱਖ ਸੰਸਦ ਮੈਂਬਰਾਂ ਵੱਲੋਂ ਚਿੰਤਾਜਨਕ ਕਰਾਰ
ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਭਾਈ ਨਿੱਝਰ ਦੀ ਹੱਤਿਆ ਦੇ ਮਾਮਲੇ ’ਚ ਭਾਰਤ ’ਤੇ ਲਾਏ ਗਏ ਦੋਸ਼ਾਂ ਨੂੰ ਬਰਤਾਨਵੀ ਸਿੱਖ ਸੰਸਦ ਮੈਂਬਰਾਂ ਪ੍ਰੀਤ ਕੌਰ ਗਿੱਲ ਅਤੇ ਤਨਮਨਜੀਤ ਸਿੰਘ ਢੇਸੀ ਨੇ ਚਿੰਤਾਜਨਕ ਕਰਾਰ ਦਿੱਤਾ ਹੈ। ਸਿੱਖ ਸੰਸਦ ਮੈਂਬਰਾਂ ਨੇ ਕਿਹਾ ਕਿ ਉਹ ਆਪਣੀਆਂ ਚਿੰਤਾਵਾਂ ਨੂੰ ਸਿੱਧੇ ਸਰਕਾਰ ਦੇ ਮੰਤਰੀਆਂ ਕੋਲ ਚੁੱਕ ਰਹੇ ਹਨ। ਦੱਸਿਆ ਕਿ ਇੰਗਲੈਂਡ ਵਾਸੀ ਸਿੱਖਾਂ ਦੇ ਅੰਦਰ ਇਸ ਗੱਲ ਨੂੰ ਲੈ ਕੇ ਤਿੱਖਾ ਰੋਸ ਅਤੇ ਨਾਰਾਜ਼ਗੀ ਹੈ।
ਇੰਡੀਆ ਬੰਬ ਧਮਾਕੇ ਵਿੱਚ ਭਾਰਤੀ ਦਖਲ ਅੰਦਾਜ਼ੀ ਦੀ ਜਾਂਚ ਦੀ ਮੰਗ ਉੱਠੀ
ਕੈਨੇਡਾ ਦੀਆਂ ਸਿੱਖ ਸੰਸਥਾਵਾਂ ਦਾ ਕਹਿਣਾ ਹੈ ਕਿ ਜੇਕਰ ਕੈਨੇਡਾ ਵਿੱਚ 23 ਜੂਨ 1985 ਨੂੰ ਹੋਏ ਏਅਰ ਇੰਡੀਆ ਦੇ ਬੰਬ ਧਮਾਕੇ ਵੇਲੇ ਵੀ ਜਸਟਿਨ ਟਰੂਡੋ ਵਰਗਾ ਪ੍ਰਧਾਨ ਮੰਤਰੀ ਹੁੰਦਾ, ਤਾਂ ਅੱਜ ਤੋਂ 38 ਸਾਲ ਪਹਿਲਾਂ ਸੱਚ ਸਾਹਮਣੇ ਆ ਜਾਂਦਾ ਕਿ ਉਸ ਵਿੱਚ ਵੀ ਭਾਰਤੀ ਏਜੰਸੀਆਂ ਦਾ ਹੱਥ ਸੀ। ਉਨ੍ਹਾਂ ਕਿਹਾ ਕਿ ਇੱਕ ਵਾਰ ਮੁੜ ਤੋਂ ਭਾਰਤ ਦੀ ਦਖ਼ਲਅੰਦਾਜ਼ੀ ਨੂੰ ਦੇਖ ਕੇ ਏਅਰ ਇੰਡੀਆ ਧਮਾਕੇ ਦੀ ਜਾਂਚ ਕਨੇਡਾ ਵੱਲੋਂ ਕੀਤੀ ਜਾਣੀ ਚਾਹੀਦੀ ਹੈ। ਹਕੀਕਤ ਵਿਚ ਭਾਈ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ਭਾਰਤੀ ਏਜੇਂਸੀਆਂ ਦੇ ਹੱਥ ਦਾ ਸੱਚ ਸਾਹਮਣੇ ਲਿਆਉਣ ਦਾ ਸਿਹਰਾ ਸਮੂਹ ਸਿੱਖ ਜਥੇਬੰਦੀਆਂ, ਮਨੁੱਖੀ ਅਧਿਕਾਰ ਸੰਸਥਾਵਾਂ, ਕੈਨੇਡਾ ਵਿੱਚ ਮਨੁੱਖੀ ਅਧਿਕਾਰਾਂ ਲਈ ਆਵਾਜ਼ ਬੁਲੰਦ ਕਰਨ ਦੀ ਅਜ਼ਾਦੀ ਅਤੇ ਇੱਥੋਂ ਦੀ ਨਿਆਇਕ ਪ੍ਰਬੰਧ ਦੇ ਸਹਿਯੋਗ ਅਤੇ ਸ਼ਕਤੀ ਨੂੰ ਜਾਂਦਾ ਹੈ। ਕੈਨੇਡਾ ਸਰਕਾਰ ਵੱਲੋਂ ਭਾਈ ਹਰਦੀਪ ਸਿੰਘ ਨਿੱਝਰ ਦੇ ਕਾਤਲਾਂ ਦੀ ਨਿਸ਼ਾਨਦੇਹੀ ਕੀਤੀ ਜਾਣ ਮਗਰੋਂ ਉਹਨਾਂ ਦੇ ਸਤਿਕਾਰਯੋਗ ਮਾਂ-ਬਾਪ, ਸੁਪਤਨੀ ਅਤੇ ਸਪੁੱਤਰਾਂ ਨਾਲ ਸਿੱਖਾਂ ਤੋਂ ਇਲਾਵਾ ਯਹੂਦੀ ਭਾਈਚਾਰੇ, ਈਸਾਈ ਭਾਈਚਾਰੇ, ਹਿੰਦੂ ਭਾਈਚਾਰੇ, ਮੁਸਲਿਮ ਭਾਈਚਾਰੇ ਅਤੇ ਹੋਰ ਸਭਨਾਂ ਦਾ ਦਰਦ ਵੰਡਾਉਣ ਲਈ ਅੱਗੇ ਆਉਣਾ ਇਨਸਾਫ ਲਈ 'ਹਾਅ ਦਾ ਨਾਅਰਾ' ਮਾਰਨਾ ਹੈ।