29 ਸਤੰਬਰ ਇਤਿਹਾਸਕ ਦਿਨ 'ਤੇ ਵਿਸ਼ੇਸ਼: - ਡਾ ਗੁਰਵਿੰਦਰ ਸਿੰਘ
ਸ੍ਰੀ ਗੁਰੂ ਨਾਨਕ ਜਹਾਜ਼ ਦਾ ਅਸਲੀ ਨਾਂ ਵਿਸਾਰਨਾ, ਇਤਿਹਾਸ ਨੂੰ ਵਿਗਾੜਨਾ ਤੇ ਪੰਜਾਬੀ ਨੂੰ ਲਿਤਾੜਨਾ ਦੁਖਦਾਈ
28 ਸਤੰਬਰ 1914 ਈ. ਨੂੰ ਸ੍ਰੀ ਗੁਰੂ ਨਾਨਕ ਜਹਾਜ਼ (ਕੋਮਾਗਾਟਾ ਮਾਰੂ) ਦੇ ਮੁਸਾਫ਼ਰਾਂ ਨੂੰ ਕੋਲਕਤਾ ਦੇ ਬਜਬਜ ਘਾਟ 'ਤੇ ਗੋਲੀਆਂ ਦਾ ਸਾਹਮਣਾ ਕਰਨਾ ਪਿਆ ਸੀ। ਉਹ ਮੁਸਾਫਰ ਅੰਗਰੇਜ਼ ਬਸਤੀਵਾਦ ਦੇ ਖ਼ਿਲਾਫ਼ ਲੜੇ। ਸੰਯੋਗਵੱਸ 28 ਸਤੰਬਰ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਵੀ ਹੁੰਦਾ ਹੈ, ਜਿਸ ਨੂੰ ਲੈ ਕੇ ਪੰਜਾਬ ਦੇ ਕੋਨੇ- ਕੋਨੇ ਚ ਸਮਾਗਮ ਹੁੰਦੇ ਹਨ। ਅਹਿਮ ਪਹਿਲੂ ਇਹ ਹੈ ਕਿ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਸਮੇਤ ਜ਼ਿਆਦਾਤਰ ਦੇਸ਼ ਭਗਤ, ਗੁਰੂ ਨਾਨਕ ਜਹਾਜ਼ ਦੇ ਮੁਸਾਫ਼ਰਾਂ ਨੂੰ ਆਪਣੇ ਪ੍ਰੇਰਨਾ-ਸਰੋਤ ਮੰਨਦੇ ਸਨ, ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਤਾਂ ਸਰਕਾਰੀ ਤੌਰ 'ਤੇ ਵੱਡੀ ਪੱਧਰ 'ਤੇ ਮਨਾਇਆ ਜਾਂਦਾ ਹੈ, ਪਰ ਗੁਰੂ ਨਾਨਕ ਜਹਾਜ਼ ਦੇ ਯੋਧਿਆਂ ਨੂੰ ਯਾਦ ਤੱਕ ਨਹੀਂ ਕੀਤਾ ਗਿਆ। ਇਹ ਫੈਸ਼ਨ ਪ੍ਰਸਤੀ ਹੈ ਜਾਂ ਕੋਈ ਸਾਜ਼ਿਸ਼ ਦਾ ਹਿੱਸਾ ਹੈ? ਇਹ ਵੱਡਾ ਸਵਾਲ ਹੈ। ਕਈ ਵਾਰ ਤਾਂ ਇਉਂ ਜਾਪਦਾ ਹੈ ਕਿ ਸ਼ਹੀਦ ਭਗਤ ਸਿੰਘ ਦਾ ਨਾਂ ਵਰਤ ਕੇ, ਹਕੂਮਤ ਆਪਣੀ ਨਾ-ਅਹਿਲੀਅਤ ਅਤੇ ਘਾਟਾਂ ਨੂੰ ਛੁਪਾਉਣਾ ਤੇ ਲੋਕਾਂ ਦੇ ਅੱਖੀਂ ਘੱਟਾ ਪਾਉਣਾ ਚਾਹੁੰਦੀ ਹੈ।
ਇਉ ਜਾਪਦਾ ਹੈ ਕਿ ਗੁਰੂ ਨਾਨਕ ਜਹਾਜ਼ ਦੇ ਮੁਸਾਫ਼ਰਾਂ ਦੀ ਗੱਲ ਕਰਕੇ ਸਰਕਾਰ ਦਾ ਸਿਆਸੀ ਮੁਫਾਦ ਪੂਰਾ ਨਹੀਂ ਹੁੰਦਾ, ਜਿਸ ਕਰਕੇ ਉਨ੍ਹਾਂ ਨੂੰ ਵਿਸਾਰਿਆ ਗਿਆ ਹੈ, ਜੋ ਕਿ ਇਤਿਹਾਸਕ ਭੁੱਲ ਹੈ। ਇਸ ਦੇ ਨਾਲ ਹੀ ਦੂਜੀ ਵੱਡੀ ਗੱਲ ਇਹ ਹੈ ਕਿ 'ਗੁਰੂ ਨਾਨਕ ਜਹਾਜ਼' ਦਾ ਨਾਂ ਵੀ ਵਿਸਾਰ ਦਿੱਤਾ ਗਿਆ ਹੈ, ਜੋ ਕਿ ਇਤਿਹਾਸ ਨੂੰ ਵਿਗਾੜਨ ਦੇ ਤੁਲ ਹੈ। ਇਸ ਗ਼ਲਤ ਦਾ ਦੁੱਖ ਜ਼ਰੂਰ ਮਹਿਸੂਸ ਹੋ ਰਿਹਾ ਹੈ ਕਿ ਸਰਕਾਰ ਦੇ ਨਾਲ-ਨਾਲ ਬਹੁਤਾਤ ਮੀਡੀਏ ਨੇ, ਭਾਰਤੀਆਂ ਨੇ ਅਤੇ ਵਿਸ਼ੇਸ਼ ਕਰਕੇ ਪੰਜਾਬੀਆਂ ਨੇ ਵੀ ਗੁਰੂ ਨਾਨਕ ਜਹਾਜ ਦੇ ਮੁਸਾਫਰਾਂ ਦੀ ਸ਼ਹਾਦਤ ਨੂੰ ਇਉਂ ਹੀ ਵਿਸਾਰ ਦਿੱਤਾ ਹੈ।
ਸ੍ਰੀ ਗੁਰੂ ਨਾਨਕ ਜਹਾਜ਼ ਦੇ ਮੁਸਾਫ਼ਰਾਂ ਨੇ ਨਸਲਵਾਦ ਹੰਢਾਇਆ, ਉਹ ਬਸਤੀਵਾਦ ਦੇ ਖਿਲਾਫ ਲੜੇ। ਉਹ ਦੇਸ਼ ਦੇ ਆਜ਼ਾਦੀ ਘੁਲਾਟੀਏ ਸਨ, ਜਿਹਨਾਂ ਨੂੰ ਵਿਸਾਰਨਾ ਅਕ੍ਰਿਤਘਣਤਾ ਦੀ ਸਿਖਰ ਹੈ। ਦਰਅਸਲ ਸੰਸਾਰ ਦੇ ਇਤਿਹਾਸ ਵਿੱਚ ਇਸ ਸਮੁੰਦਰੀ ਬੇੜੇ ਕੋਮਾਗਾਟਾਮਾਰੂ ਦੇ ਦੁਖਾਂਤ ਦੀ ਘਟਨਾ ਖ਼ਾਸ ਮਹੱਤਵ ਰੱਖਦੀ ਹੈ, ਜਦੋਂ ਨਸਲਵਾਦੀ ਸਰਕਾਰ ਨੇ ਮਨੁੱਖੀ ਹੱਕਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਗੁਰੂ ਨਾਨਕ ਜਹਾਜ਼ ਨੂੰ, ਕੈਨੇਡਾ ਦੀ ਵੈਨਕੂਵਰ ਬੰਦਰਗਾਹ 'ਤੇ ਜਬਰੀ ਰੋਕੀ ਰੱਖਿਆ ਅਤੇ ਮੁਸਾਫਰਾਂ ਨੂੰ ਬਾਹਰ ਨਾ ਨਿਕਲਣ ਦਿੱਤਾ। ਦਰਅਸਲ 109 ਵਰ੍ਹੇ ਪਹਿਲਾਂ ਦੇ ਕੈਨੇਡਾ ਦੀ ਨਸਲੀ ਸਰਕਾਰ ਨੇ 376 ਮੁਸਾਫ਼ਿਰਾਂ ਵਾਲੇ ਸਮੁੰਦਰੀ ਬੇੜੇ 'ਗੁਰੂ ਨਾਨਕ ਜਹਾਜ਼' ਉਸ ਨੂੰ ਜਬਰੀ ਵਾਪਸ ਮੋੜ ਦਿੱਤਾ ਸੀ।
ਇਹ ਸਮੁੰਦਰੀ ਬੇੜਾ ਜਾਪਾਨ ਤੋਂ ਖ਼ਰੀਦਣ ਵਾਲੇ ਬਾਬਾ ਗੁਰਦਿੱਤ ਸਿੰਘ ਸਰਹਾਲੀ ਨੇ ਇਸ ਦਾ ਨਾਂ ਸ੍ਰੀ ਗੁਰੂ ਨਾਨਕ ਜਹਾਜ਼ ਰੱਖਿਆ ਸੀ, ਜਿਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਉਨ੍ਹਾਂ ਆਤਮ-ਕਥਾ (ਜ਼ੁਲਮੀ ਕਥਾ) "ਸ੍ਰੀ ਗੁਰੂ ਨਾਨਕ ਜਹਾਜ਼ (ਕੋਮਾਗਾਟਾ ਮਾਰੂ) ਦੇ ਮੁਸਾਫਿਰਾਂ ਦੀ ਦਰਦ ਭਰੀ ਕਹਾਣੀ" ਵਿੱਚ ਬਿਆਨ ਕੀਤੀ ਹੈ। ਬਹੁਤ ਸਾਰੇ ਇਤਿਹਾਸਕਾਰਾਂ ਵੱਲੋਂ ਅੱਜ ਵੀ ਜਾਣ-ਬੁੱਝ ਕੇ ਜਾਂ ਅਣਜਾਣੇ ਵਿੱਚ ਇਸ ਨੂੰ ਜਾਪਾਨੀ ਨਾਂਅ ਕੋਮਾਗਾਟਾਮਾਰੂ ਨਾਲ ਹੀ ਜਾਣਿਆ ਜਾਂਦਾ ਹੈ, ਪਰ ਜਹਾਜ਼ ਲੀਜ਼ ਤੇ ਲੈਣ ਮਗਰੋਂ, ਇਸ ਦਾ ਨਾਮ ਗੁਰੂ ਨਾਨਕ ਜਹਾਜ਼ ਰੱਖਿਆ ਗਿਆ ਸੀ। ਬਾਬਾ ਜੀ ਨੇ 'ਗੁਰੂ ਨਾਨਕ ਸਟੀਮਸ਼ਿਪ ਕੰਪਨੀ' ਰਜਿਸਟਰ ਕਰਾਈ ਸੀ ਅਤੇ ਉਸ ਅਧੀਨ ਹੀ 'ਗੁਰੂ ਨਾਨਕ ਸਟੀਮਰ ਭਾਵ ਜਹਾਜ਼' ਉਤਾਰਿਆ ਸੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਕੋਮਾਗਾਟਾ ਮਾਰੂ ਨਾਂ ਤੋਂ ਪਹਿਲਾਂ, ਇਸ ਜਹਾਜ਼ ਦਾ ਨਾਂ ਹੋਰ ਸੀ ਅਤੇ ਬਾਅਦ ਵਿੱਚ ਵੀ ਕਿਸੇ ਹੋਰ ਕੰਪਨੀ ਹੀਆ ਮਾਰੂ ਨੇ ਖਰੀਦ ਲਿਆ ਸੀ।
ਸਾਡਾ ਸਬੰਧ ਕਿਸੇ ਸਮੁੰਦਰੀ ਜਹਾਜ਼ ਨਾਲ ਨਹੀਂ, ਬਲਕਿ ਉਸ ਬਿਰਤਾਂਤ ਨਾਲ ਹੈ, ਜਿਸ ਰਾਹੀਂ ਬਾਬਾ ਗੁਰਦਿੱਤ ਸਿੰਘ ਜੀ ਨੇ ਨਸਲਵਾਦ ਖਿਲਾਫ ਚੁਣੌਤੀ ਦਿੱਤੀ। ਬਹੁਤ ਸੋਚ ਵਿਚਾਰ ਕੇ ਬਾਬਾ ਗੁਰਦਿੱਤ ਸਿੰਘ ਜੀ ਨੇ ਇਸ ਦਾ ਨਾਂ 'ਗੁਰੂ ਨਾਨਕ ਜਹਾਜ਼' ਰੱਖਿਆ, ਕਿਉਂਕਿ ਗੁਰੂ ਨਾਨਕ ਨਾਂ ਦੇ ਅਧੀਨ ਹੀ ਸਭ ਨੂੰ ਆਪਣੀ ਬੁੱਕਲ ਵਿੱਚ ਲਿਆ ਜਾ ਸਕਦਾ ਸੀ ਅਤੇ 'ਸ਼ਿਪ' ਦੀ ਥਾਂ ਤੇ 'ਜਹਾਜ਼' ਸ਼ਬਦ ਵਰਤਣਾ ਵੀ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਅਤੇ ਗਿਆਨ ਵਧਾਉਣਾ ਸੀ। ਅਫਸੋਸ ਇਹ ਹੈ ਕਿ ਸਾਡੇ ਲੇਖਕਾਂ ਅਤੇ ਸਿਆਸਤਦਾਨਾਂ ਨੇ ਕੋਮਾਗਾਟਾ ਮਾਰੂ ਨਾਂ ਨੂੰ ਪ੍ਰਚੱਲਤ ਕਰਕੇ, ਨਾ ਸਿਰਫ ਇਤਿਹਾਸ ਨਾਲ ਬੇਇਨਸਾਫੀ ਕੀਤੀ ਹੈ, ਬਲਕਿ ਪੰਜਾਬੀ ਮਾਂ ਬੋਲੀ ਨਾਲ ਵੀ ਧਰੋਹ ਕਮਾਇਆ ਹੈ। ਇਹਨਾਂ ਵਿੱਚ ਸਿੱਖੀ ਪ੍ਰਤੀ ਸੰਕੀਰਣਤਾ ਵੀ ਝਲਕਦੀ ਹੈ। ਚਾਹੇ ਇੱਕ ਪਾਸੇ ਕੋਮਾਗਾਟਾ ਮਾਰੂ ਦੁਖਾਂਤ ਨਸਲਵਾਦ ਵਿਰੋਧੀ ਸੰਘਰਸ਼ ਹੈ, ਦੂਸਰੇ ਪਾਸੇ 'ਗੁਰੂ ਨਾਨਕ ਜਹਾਜ਼' ਨਾਂ ਮਿਟਾ ਕੇ, ਆਪਣੇ ਆਪ ਵਿੱਚ ਇੱਕ ਹੋਰ ਨਸਲਵਾਦ ਪੈਦਾ ਕੀਤਾ ਜਾ ਰਿਹਾ ਹੈ। ਇਹ ਇਤਿਹਾਸਿਕ ਵਿਗਾੜ ਦੁਖਦਾਈ ਵੀ ਹੈ ਅਤੇ ਚਿੰਤਾਜਨਕ ਵੀ।
ਬਾਬਾ ਗੁਰਦਿੱਤ ਸਿੰਘ ਸਰਹਾਲੀ ਵੱਲੋਂ ਅਣਥੱਕ ਯਤਨਾਂ ਨਾਲ ਲਿਆਂਦੇ ਸਮੁੰਦਰੀ ਜਹਾਜ਼ ਦੇ ਮੁਸਾਫ਼ਿਰਾਂ ਨੂੰ 23 ਮਈ 1914 ਤੋਂ ਲੈ ਕੇ 23 ਜੁਲਾਈ 1914 ਤੱਕ ਦੋ ਮਹੀਨੇ ਵੈਨਕੂਵਰ ਦੀ ਬੰਦਰਗਾਹ 'ਤੇ ਬੰਦੀ ਬਣਾਈ ਰੱਖਿਆ। ਜ਼ੁਲਮ-ਸਿਤਮ ਦੀ ਇਹ ਹੱਦ ਸੀ ਕਿ ਮੁਸਾਫ਼ਿਰਾਂ ਨਾਲ ਅਣਮਨੁੱਖੀ ਵਰਤਾਉ ਕੀਤਾ ਗਿਆ ਤੇ ਇਕ ਹੋਰ ਜਹਾਜ਼ ਰਾਹੀਂ ਹਮਲਾ ਕਰਕੇ, ਕੋਮਾਗਾਟਾਮਾਰੂ ਬੇੜੇ ਨੂੰ ਡੋਬਣ ਦੀ ਵੀ ਸਾਜ਼ਿਸ਼ ਰਚੀ ਗਈ।
ਨਸਲੀ ਵਰਤਾਓ ਤੇ ਧੱਕੇਸ਼ਾਹੀ ਕਰਦਿਆਂ ਜਹਾਜ਼ ਨੂੰ ਭਾਰਤ ਵਾਪਸ ਮੋੜ ਦਿੱਤਾ ਗਿਆ, ਜਿਥੇ 29 ਸਤੰਬਰ 1914 ਨੂੰ ਕਲਕੱਤੇ ਦੇ ਬਜਬਜ ਘਾਟ 'ਤੇ ਬ੍ਰਿਟਿਸ਼ ਸਰਕਾਰ ਵੱਲੋਂ ਮੁਸਾਫ਼ਿਰਾਂ 'ਤੇ ਗੋਲੀਆਂ ਵਰ੍ਹਾਈਆਂ ਗਈਆਂ। ਨਤੀਜੇ ਵਜੋਂ 19 ਵਿਅਕਤੀ ਸ਼ਹੀਦ ਹੋ ਗਏ ਤੇ ਅਨੇਕਾਂ ਨੂੰ ਸਖ਼ਤ ਸਜ਼ਾਵਾਂ ਹੋਈਆਂ। ਕੈਨੇਡਾ ਦੀ ਧਰਤੀ 'ਤੇ ਗੁਰੂ ਨਾਨਕ ਜਹਾਜ ਦੇ ਦੁਖਾਂਤ (ਕੋਮਾਗਾਟਾਮਾਰੂ ਦੁਖਾਂਤ) ਲਈ ਮੁਆਫ਼ੀ ਦੀ ਮੰਗ ਨਿਰੰਤਰ ਉੱਠਦੀ ਰਹੀ। ਗ਼ਦਰੀ ਬਾਬਿਆਂ ਦੀ ਸੋਚ ਵਿਰੋਧੀ ਨਕਲੀ ਵਾਰਿਸਾਂ ਨੇ ਚਾਹੇ ਮੁਆਵਜ਼ੇ ਤੱਕ ਸਵੀਕਾਰ ਕਰ ਲਏ, ਪਰ ਅਸਲੀ ਵਾਰਸਾਂ ਵੱਲੋਂ ਮੁਆਵਜ਼ੇ ਦੀ ਪੇਸ਼ਕਸ਼ ਠੁਕਰਾ ਕੇ, ਮੁਆਫ਼ੀ ਲਈ ਹੀ ਆਵਾਜ਼ ਉਠਾਈ ਗਈ। ਗ਼ਦਰੀ ਬਾਬਿਆਂ ਦੇ ਮੇਲੇ 'ਚ ਆ ਕੇ ਚਾਹੇ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਮੁਆਫ਼ੀ ਮੰਗੀ, ਪਰ ਕੈਨੇਡਾ ਦੀ ਪਾਰਲੀਮੈਂਟ 'ਚ ਅਜਿਹਾ ਸੰਭਵ ਨਾ ਹੋਇਆ,ਹਾਲਾਂ ਕਿ ਬ੍ਰਿਟਿਸ਼ ਕੋਲੰਬੀਆ ਦੀ ਸੂਬਾਈ ਵਿਧਾਨ ਸਭਾ 'ਚ ਪਹਿਲਾਂ ਹੀ ਅਜਿਹਾ ਕੀਤਾ ਗਿਆ।
ਆਖ਼ਰਕਾਰ ਕੈਨੇਡਾ ਦੀ ਮੌਜੂਦਾ ਲਿਬਰਲ ਸਰਕਾਰ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਿਸਾਖੀ ਦੇ ਜਸ਼ਨਾਂ ਮੌਕੇ ਮੁਆਫ਼ੀ ਮੰਗਣ ਲਈ 18 ਮਈ, 2016 ਦੇ ਦਿਨ ਦਾ ਐਲਾਨ ਕਰਕੇ ਨਵਾਂ ਅਧਿਆਇ ਸਿਰਜ ਦਿੱਤਾ, ਜਿਸ ਦਾ ਸਭ ਪਾਸਿਓਂ ਸਵਾਗਤ ਹੋਇਆ। ਕੈਨੇਡਾ ਦੀ ਪਾਰਲੀਮੈਂਟ 'ਚ ਇਤਿਹਾਸਕ ਗ਼ਲਤੀਆਂ 'ਤੇ ਮੁਆਫ਼ੀ ਮੰਗਣ ਅਤੇ ਉਨ੍ਹਾਂ ਤੋਂ ਸਬਕ ਸਿੱਖਣ ਦਾ ਇਹ ਕਦਮ ਇਥੇ ਵਸੇ ਪ੍ਰਵਾਸੀਆਂ ਨੂੰ ਮਾਨਤਾ ਦੇਣ ਦੇ ਸੰਦਰਭ 'ਚ ਖ਼ਾਸ ਮਹੱਤਵ ਰੱਖਦਾ ਹੈ। ਚਾਹੇ ਗੁਰੂ ਨਾਨਕ ਜਹਾਜ਼ (ਕੋਮਾਗਾਟਾਮਾਰੂ) ਲਈ ਮੁਆਫ਼ੀ ਤੋਂ ਪਹਿਲਾਂ ਹੀ ਪ੍ਰਧਾਨ ਮੰਤਰੀ ਟਰੂਡੋ ਨੇ ਬਾਹਰੋਂ ਆ ਕੇ ਇਥੇ ਵਸੇ ਭਾਈਚਾਰੇ ਨੂੰ ਵੱਡਾ ਸਨਮਾਨ ਦਿੱਤਾ ਤੇ ਆਪਣੀ ਵਜ਼ਾਰਤ 'ਚ ਚਾਰ ਮੰਤਰੀ ਸਿੱਖ ਭਾਈਚਾਰੇ 'ਚੋਂ ਸ਼ਾਮਿਲ ਕੀਤੇ। ਫੇਰ ਸੰਸਦ 'ਚ ਮੁਆਫ਼ੀ ਮੰਗ ਕੇ ਉਨ੍ਹਾਂ ਕੈਨੇਡਾ ਦਾ ਅਕਸ ਕੌਮਾਂਤਰੀ ਪੱਧਰ 'ਤੇ ਹੋਰ ਵੀ ਮਜ਼ਬੂਤ ਕੀਤਾ। ਉਨ੍ਹਾਂ ਦੇ ਪਿਤਾ ਸਾਬਕਾ ਪ੍ਰਧਾਨ ਮੰਤਰੀ ਏਲੀਅਟ ਪੀਅਰੇ ਟਰੂਡੋ ਵੱਲੋਂ 'ਚਾਰਟਰ ਆਫ ਰਾਈਟਸ' ਦੇ ਉਪਰਾਲੇ ਰਾਹੀਂ ਕੈਨੇਡਾ ਨੂੰ 'ਮਨੁੱਖੀ ਅਧਿਕਾਰਾਂ ਦਾ ਚੈਂਪੀਅਨ' ਬਣਾਇਆ ਗਿਆ ਸੀ, ਜਦਕਿ ਜਸਟਿਨ ਟਰੂਡੋ ਨੇ ਇਕ ਕਦਮ ਹੋਰ ਅੱਗੇ ਵਧਦਿਆਂ 109 ਸਾਲ ਪਹਿਲਾਂ ਮਿਲੇ ਜ਼ਖ਼ਮਾਂ 'ਤੇ ਵੀ ਮਲ੍ਹਮ ਲਾ ਕੇ ਮਾਨਵਵਾਦੀ ਦ੍ਰਿਸ਼ਟੀਕੋਣ ਦੀ ਮਿਸਾਲ ਕਾਇਮ ਕੀਤੀ। ਸੰਸਾਰ ਭਰ 'ਚ ਆਮ ਕਰਕੇ ਅਤੇ ਭਾਰਤ 'ਚ ਖ਼ਾਸ ਕਰਕੇ ਕੈਨੇਡਾ ਦੀ ਪਾਰਲੀਮੈਂਟ 'ਚ ਮੁਆਫ਼ੀ ਮੰਗੇ ਜਾਣ ਦੀ ਚਰਚਾ ਕੀਤੀ ਗਈ ਅਤੇ ਇਸ ਸਬੰਧੀ ਵੱਖ -ਵੱਖ ਸਰਕਾਰਾਂ ਨੇ ਬਿਆਨ ਵੀ ਦਰਜ ਕੀਤੇ । ਜਿਥੇ ਇਹ ਚੰਗੀ ਗੱਲ ਸੀ, ਉਥੇ ਇਸ ਤੋਂ ਸਬਕ ਸਿੱਖਣ ਦੀ ਵੀ ਲੋੜ ਹੈ। ਜੇਕਰ ਕੈਨੇਡਾ 'ਚੋਂ ਕੋਮਾਗਾਟਾਮਾਰੂ ਜਹਾਜ਼ ਵਾਪਸ ਮੋੜਿਆ ਗਿਆ, ਤਾਂ ਕੈਨੇਡਾ ਨੇ ਉਸ ਗ਼ਲਤੀ ਦਾ ਸੰਸਦ 'ਚ ਪਛਤਾਵਾ ਕੀਤਾ ਹੈ।
29 ਸਤੰਬਰ 1914 ਨੂੰ ਕੈਨੇਡਾ ਤੋਂ ਭਾਰਤ ਪੁੱਜਣ 'ਤੇ ਇਸ ਜਹਾਜ਼ ਦੇ 19 ਮੁਸਾਫ਼ਿਰਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ, ਇਹ ਉਸ ਤੋਂ ਵੀ ਵੱਡਾ ਦੁਖਾਂਤ ਸੀ। ਕੈਨੇਡਾ ਤੋਂ ਸੇਧ ਲੈ ਕੇ ਭਾਰਤ ਦੀ ਸੰਸਦ 'ਚ ਵੀ ਗੁਰੂ ਨਾਨਕ ਜਹਾਜ ਦੇ ਮੁਸਾਫਰਾਂ ਦੇ ਦੁਖਾਂਤ ਸਬੰਧੀ ਮਤਾ ਪੇਸ਼ ਕੀਤਾ ਜਾਣਾ ਬਣਦਾ ਸੀ ਤੇ ਇਸ ਦੇ ਮੁਸਾਫ਼ਿਰਾਂ ਦੀ ਕੁਰਬਾਨੀ ਨੂੰ ਵੀ ਚੇਤੇ ਕੀਤਾ ਜਾਣਾ ਚਾਹੀਦਾ ਸੀ। ਪਰ ਦੁੱਖ ਅਤੇ ਸ਼ਰਮ ਦੀ ਗੱਲ ਇਹ ਹੈ ਕਿ ਜਿਸ ਦਿਨ ਇਹ ਸ਼ਹੀਦੀਆਂ ਹੋਈਆਂ ਸਨ, ਭਾਰਤ ਦੀ ਨਾ ਕੇਂਦਰੀ ਸਰਕਾਰ ਤੇ ਨਾ ਹੀ ਪੰਜਾਬ ਦੀ ਸਰਕਾਰ ਨੇ ਗੁਰੂ ਨਾਨਕ ਜਹਾਜ਼ ਦੇ ਮੁਸਾਫ਼ਰਾਂ ਨੂੰ ਯਾਦ ਤੱਕ ਕੀਤਾ। 'ਸ਼ੇਰਾਂ ਦੀਆਂ ਮਾਰਾਂ ਅਤੇ ਗਿੱਦੜਾਂ ਦੀਆਂ ਕਲੋਲਾਂ' ਦੇ ਕਥਨ ਵਾਂਗ ਜਿਨ੍ਹਾਂ ਯੋਧਿਆਂ ਦੀਆਂ ਸ਼ਹੀਦੀਆਂ ਕਰਕੇ ਇਹ ਕੁਰਸੀਆਂ ਮਿਲੀਆਂ, ਉਨ੍ਹਾਂ ਦੇ ਦਿਨ ਵਿਸਾਰ ਕੇ 'ਆਪਣੇ ਸਿਆਸੀ ਆਕਾਵਾਂ' ਦੇ ਸੋਹਲੇ ਗਾਏ ਜਾ ਰਹੇ ਹਨ। ਇਸ ਤੋਂ ਵੱਧ ਮੰਦਭਾਗੀ ਗੱਲ ਕੀ ਹੋ ਸਕਦੀ ਹੈ। ਕੇਂਦਰ ਵਿਚ ਭਾਜਪਾ ਸਰਕਾਰ ਅਤੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ, ਵਿਰੋਧੀ ਧਿਰਾਂ ਵਿੱਚ ਕਾਂਗਰਸ ਤੇ ਇੱਥੋਂ ਤੱਕ ਕਿ ਅਕਾਲੀ ਦਲ ਦੇ ਵੱਲੋਂ ਵੀ, ਅੱਜ ਦੇ ਦਿਨ ਇਨ੍ਹਾਂ ਯੋਧਿਆਂ ਨੂੰ ਸ਼ਰਧਾਂਜਲੀ ਭੇਟ ਕੀਤੇ ਜਾਣ ਦੀ ਲੋਡ਼ ਨਹੀਂ ਸਮਝੀ ਗਈ। ਇਉਂ ਇਹ ਸਾਰੇ ਸਿਆਸਤਦਾਨ ਇਤਿਹਾਸ ਦੇ ਦੋਸ਼ੀ ਹਨ। ਗੁਰੂ ਨਾਨਕ ਜਹਾਜ਼ ਦੇ ਮੁਸਾਫਰਾਂ ਦੇ ਗੁਨਾਹਗਾਰ ਹਨ। ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਵਾਂਗ ਪੰਜਾਬ ਦੀ ਵਿਧਾਨ ਸਭਾ 'ਚ ਵੀ ਅਜਿਹਾ ਕਦਮ ਚੁੱਕਿਆ ਜਾਣਾ ਚਾਹੀਦਾ ਸੀ, ਕਿਉਂਕਿ ਗੁਰੂ ਨਾਨਕ ਜਹਾਜ ਦੇ ਲਗਪਗ ਸਾਰੇ ਮੁਸਾਫ਼ਿਰ ਅਣਵੰਡੇ ਪੰਜਾਬ ਨਾਲ ਸਬੰਧਤ ਸਨ। ਕੈਨੇਡਾ ਦੀ ਪਹਿਲਕਦਮੀ ਇਹ ਵੀ ਸੁਨੇਹਾ ਦਿੰਦੀ ਹੈ ਕਿ ਜੇਕਰ ਸਰਕਾਰਾਂ ਇਤਿਹਾਸ ਦੀਆਂ ਗ਼ਲਤੀਆਂ ਤੋਂ ਸਬਕ ਲੈ ਕੇ, ਮੁੜ ਗ਼ਲਤੀਆਂ ਨਾ ਦੁਹਰਾਉਣ ਦਾ ਤਹੱਈਆ ਕਰਨ, ਤਾਂ ਇਹ ਸਹੀ ਅਰਥਾਂ 'ਚ ਨਵੀਆਂ ਲੀਹਾਂ ਪਾਉਣ ਦੇ ਬਰਾਬਰ ਹੁੰਦਾ ਹੈ। ਜੇਕਰ ਘੱਲੂਘਾਰਿਆਂ, ਨਸਲਕੁਸ਼ੀਆਂ ਅਤੇ ਦੇਸ਼ ਪੱਧਰੀ ਦੁਖਾਂਤਾਂ ਲਈ ਇਤਿਹਾਸਕ ਗ਼ਲਤੀਆਂ ਦਾ ਪਛਤਾਵਾ ਹੋਵੇ, ਦੋਸ਼ੀਆਂ ਨੂੰ ਸਜ਼ਾਵਾਂ ਮਿਲਣ ਅਤੇ ਘੱਟ-ਗਿਣਤੀਆਂ ਸੁਰੱਖਿਅਤ ਹੋਣ, ਤਦ ਹੀ ਮੰਗੀ ਮੁਆਫ਼ੀ ਅਰਥ ਰੱਖਦੀ ਹੈ, ਨਹੀਂ ਤਾਂ ਇਹ ਮਹਿਜ਼ ਸਿਆਸੀ ਬਿਆਨਬਾਜ਼ੀ ਤੋਂ ਵੱਧ ਕੁਝ ਨਹੀਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੁਨੀਆ ਦੇ ਆਗੂਆਂ ਨੂੰ ਇਹ ਸੁਨੇਹਾ ਦਿੱਤਾ ਕਿ ਕੋਈ ਮੁਲਕ ਬੀਤੇ 'ਚ ਹੋਏ ਗੁਨਾਹਾਂ ਦੀ ਮੁਆਫ਼ੀ ਮੰਗਣ ਨਾਲ ਛੋਟਾ ਨਹੀਂ ਹੁੰਦਾ, ਬਲਕਿ ਉਸ ਦਾ ਸਨਮਾਨ ਹੋਰ ਵੀ ਉੱਚਾ ਹੁੰਦਾ ਹੈ।
ਸ਼ਹੀਦਾਂ ਨੂੰ ਯਾਦ ਕਰਨ ਅਤੇ ਇਤਿਹਾਸਕ ਗੁਨਾਹਾਂ ਦੀਆਂ ਮੁਆਫ਼ੀਆਂ ਮੰਗਣ ਦੇ ਵਿਚਾਰ ਅਤੇ ਉਪਰਾਲੇ ਸ਼ਲਾਘਾਯੋਗ ਹਨ, ਪਰ ਜ਼ਰੂਰਤ ਇਸ ਗੱਲ ਦੀ ਹੈ ਕਿ ਕਿਤੇ ਵੀ ਮੂਲ ਵਾਸੀ ਲੋਕਾਂ ਜਾਂ ਪ੍ਰਵਾਸੀਆਂ ਨਾਲ ਰੰਗ ਨਸਲ ਜਾਤ ਧਰਮ ਅਤੇ ਬੋਲੀ ਦੇ ਆਧਾਰ ਤੇ ਵਿਤਕਰਾ ਨਹੀਂ ਕੀਤਾ ਜਾਣਾ ਚਾਹੀਦਾ। ਗੁਰੂ ਨਾਨਕ ਜਹਾਜ਼ ਦੇ 376 ਮੁਸਾਫਰਾਂ ਵਿੱਚ 337 ਸਿੱਖਾਂ ਤੋਂ ਇਲਾਵਾ ਸਿੱਖਾਂ 12 ਹਿੰਦੂ ਅਤੇ 27 ਮੁਸਲਮਾਨ ਵੀ ਸਵਾਰ ਸਨ, ਪਰ ਸਭ ਨੇ ਆਪੋ -ਆਪਣੇ ਅਕੀਦੇ ਅਤੇ ਧਰਮਾਂ ਨੂੰ ਨਿੱਜੀ ਪੱਧਰ 'ਤੇ ਰੱਖਿਆ ਅਤੇ ਕੈਨੇਡਾ ਦੇ ਨਸਲਵਾਦ ਅਤੇ ਭਾਰਤ ਦੇ ਬਸਤੀਵਾਦ ਖ਼ਿਲਾਫ਼ ਲੜੇ।
ਗੁਰੂ ਨਾਨਕ ਜਹਾਜ਼ ਦੇ ਮੁਸਾਫ਼ਰਾਂ ਦਾ ਸਾਂਝਾ ਸੰਘਰਸ਼ ਇਸ ਗੱਲ ਦਾ ਵੀ ਸੂਚਕ ਹੈ ਕਿ ਭਾਰਤ ਨੂੰ ਬ੍ਰਿਟਿਸ਼ ਬਸਤੀਵਾਦ ਤੋਂ ਆਜ਼ਾਦ ਕਰਵਾਉਣ ਲਈ ਤਾਂ ਸਾਰਿਆਂ ਨੇ ਮਿਲ ਕੇ ਕੁਰਬਾਨੀਆਂ ਕੀਤੀਆਂ, ਪਰ ਹੁਣ ਜਿਸ ਤਰੀਕੇ ਨਾਲ ਘੱਟ ਗਿਣਤੀਆਂ ਨਾਲ ਧੱਕਾ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ, ਇਸ ਤੋਂ ਵੱਡੀ ਦੁਖਦਾਈ ਗੱਲ ਹੋਰ ਕੁੱਝ ਨਹੀਂ ਹੋ ਸਕਦੀ। ਇਹ ਆਜ਼ਾਦੀ ਲਈ ਲੜਨ ਵਾਲੇ ਯੋਧਿਆਂ, ਗੁਰੂ ਨਾਨਕ ਜਹਾਜ਼ ਦੇ ਮੁਸਾਫ਼ਰਾਂ ਅਤੇ ਸਮੂਹ ਗਦਰੀ ਬਾਬਿਆਂ ਨਾਲ ਧਰੋਹ ਵੀ ਹੈ ਅਤੇ ਉਨ੍ਹਾਂ ਦੀ ਸੋਚ ਦਾ ਅਪਮਾਨ ਵੀ। ਨਵ-ਬਸਤੀਵਾਦ ਦੀ ਸਥਾਪਨਾ ਦੀ ਫਾਸ਼ੀਵਾਦੀ ਸੋਚ ਖਿਲਾਫ਼ ਸਭ ਨੂੰ ਇਕੱਠੇ ਹੋਣਾ ਚਾਹੀਦਾ ਹੈ, ਤਦ ਹੀ ਗੁਰੂ ਨਾਨਕ ਜਹਾਜ਼ ਦੇ ਮੁਸਾਫਰਾਂ ਨਾਲ ਹੋਏ ਅਨਿਆਂ ਸਬੰਧੀ ਆਵਾਜ਼ ਉਠਾਉਣਾ ਕੋਈ ਅਰਥ ਰੱਖਦਾ ਹੈ, ਨਹੀਂ ਤਾਂ ਆਪਣੇ- ਆਪ ਵਿੱਚ ਇਹ ਦੋਗਲੀ ਨੀਤੀ ਤੋਂ ਵੱਧ ਕੁਝ ਨਹੀਂ ਹੈ। ਬੀਤੇ ਸਮੇਂ ਦੀ, ਚਿੱਟੇ ਲੋਕਾਂ ਦੀ ਧਰਤੀ ਕੈਨੇਡਾ ਅੱਜ 'ਮਨੁੱਖੀ ਹੱਕਾਂ ਦਾ ਚੈਂਪੀਅਨ' ਅਖਵਾਉਂਦਾ ਹੈ, ਪਰ ਬੀਤੇ ਸਮੇਂ ਦੀ ਬਸਤੀ ਭਾਰਤ ਅੱਜ ਜਿਸ ਦਿਸ਼ਾ ਵਲ ਵੱਧ ਰਿਹਾ ਹੈ, ਉਸ ਦੇ ਨਤੀਜੇ ਅਨੇਕਾਂ ਹੋਰ ਦੁਖਾਂਤਾਂ ਨੂੰ ਜਨਮ ਦੇ ਰਹੇ ਹਨ। ਨਵ ਬਸਤੀਵਾਦ ਦੀ ਧਾਰਨੀ ਫਾਸ਼ੀਵਾਦੀ ਸਰਕਾਰ ਵੱਲੋਂ ਆਪਣੇ ਵਿਰੋਧੀਆਂ ਪ੍ਰੋਫ਼ੈਸਰਾਂ, ਐਕਟੀਵਿਸਟਾਂ, ਵਕੀਲਾਂ, ਪੱਤਰਕਾਰਾਂ ਨੂੰ ਜੇਲ੍ਹਾਂ ਚ ਸੁੱਟਿਆ ਜਾ ਰਿਹਾ ਹੈ, ਜੋ ਕਿਸੇ ਹੋਰ ਕੋਮਾਗਾਟਾਮਾਰੂ ਦੇ ਦੁਖਾਂਤ ਤੋਂ ਘੱਟ ਨਹੀਂ। ਸੱਤਾ 'ਤੇ ਕਾਬਜ਼ ਇਹ ਜ਼ਾਲਮ ਲੋਕ ਸਵਰਕਰ ਦੇ ਪੈਰੋਕਾਰ ਤਾਂ ਹਨ, ਪਰ ਗ਼ਦਰੀ ਬਾਬਿਆਂ ਅਤੇ ਗੁਰੂ ਨਾਨਕ ਜਹਾਜ਼ ਦੇ ਮੁਸਾਫਰਾਂ ਦੇ ਪੈਰੋਕਾਰ ਨਹੀਂ ਹੋ ਸਕਦੇ। ਸਮੁੱਚੇ ਰੂਪ ਵਿਚ ਗੁਰੂ ਨਾਨਕ ਜਹਾਜ਼ ਦੇ ਜਿਨ੍ਹਾਂ ਮੁਸਾਫ਼ਰਾਂ ਨੇ ਜੋ ਕੁਰਬਾਨੀਆਂ ਦਿੱਤੀਆਂ ਅਤੇ ਸ਼ਹੀਦੀਆਂ ਪਾਈਆਂ, ਉਨ੍ਹਾਂ ਦਾ ਸੁਨਹਿਰੀ ਇਤਿਹਾਸ ਸਦਾ ਮਾਰਗ ਦਰਸ਼ਨ ਕਰਦਾ ਰਹੇਗਾ।
ਅੰਤ ਵਿੱਚ ਕਹਿਣਾ ਚਾਹਾਂਗੇ ਕਿ 'ਗੁਰੂ ਨਾਨਕ ਜਹਾਜ਼' ਸ਼ਬਦ ਵਰਤਣ ਦੀ ਬੇਨਤੀ ਕਰਨ ਤੋਂ ਬਾਅਦ, ਜਿੱਥੇ ਅਨੇਕਾਂ ਸੱਜਣਾਂ ਨੇ ਇਸ ਗੱਲ ਦੀ ਸ਼ਲਾਘਾ ਕੀਤੀ ਹੈ ਅਤੇ ਵਾਅਦਾ ਕੀਤਾ ਹੈ ਕਿ ਅੱਗੇ ਤੋਂ 'ਗੁਰੂ ਨਾਨਕ ਜਹਾਜ਼' ਸ਼ਬਦ ਵਰਤਿਆ ਕਰਨਗੇ, ਉਥੇ ਕੁਝ ਅਜਿਹੇ ਸੱਜਣ ਵੀ ਹਨ ਜਿਨ੍ਹਾਂ ਦਾ ਇਹ ਇਤਰਾਜ਼ ਹੈ ਕਿ ਇਹ ਮੁੱਦਾ ਕਿਉਂ ਉਠਾਇਆ ਗਿਆ?ਇਹ ਸੱਚ ਹੈ ਕਿ ਜਹਾਜ਼ ਦਾ ਨਾਮਕਰਨ 'ਗੁਰੂ ਨਾਨਕ ਜਹਾਜ਼' ਕੀਤਾ ਗਿਆ ਸੀ, 'ਗੁਰੂ ਨਾਨਕ ਜਹਾਜ਼' ਸ਼ਬਦ ਇੱਕ ਫਲਸਫਾ ਹੈ, ਜਿੱਥੇ ਗੁਰਮੁਖੀ, ਪੰਜਾਬੀ, ਗੁਰੂ ਨਾਨਕ ਵਿਚਾਰ, ਸਰਬੱਤ ਨੂੰ ਕਲਾਵੇ ਵਿੱਚ ਲੈਣ ਵਾਲੀ ਸੋਚ ਹੈ। ਇਹ ਇਤਰਾਜ਼ ਤੱਥਾਂ ਤੇ ਅਧਾਰਤ ਨਹੀਂ।
ਬਾਬਾ ਗੁਰਦਿੱਤ ਸਿੰਘ ਨੇ ਜਹਾਜ਼ ਕਿਰਾਏ 'ਤੇ ਲਿਆ ਅਤੇ ਫਿਰ ਹਾਂਗਕਾਂਗ ਗੁਰਦੁਆਰਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਪਾਠ ਕਰਵਾ ਕੇ, ਅਰਦਾਸ ਉਪਰੰਤ, ਹੁਕਮਨਾਮਾ ਲੈ ਕੇ, ਇਸ ਦਾ ਨਾਂ 'ਗੁਰੂ ਨਾਨਕ ਜਹਾਜ਼' ਰੱਖਿਆ ਤੇ ਇਸ 'ਤੇ ਕਿਤਾਬ ਲਿਖੀ।
ਭਾਈ ਗੁਰਦਿੱਤ ਸਿੰਘ ਜੀ ਦੀ ਲਿਖੀ 'ਸ਼੍ਰੀ ਗੁਰੂ ਨਾਨਕ ਜਹਾਜ਼ ਦੇ ਮੁਸਾਫ਼ਿਰਾਂ ਦੀ ਦਰਦ ਭਰੀ ਦਾਸਤਾਨ', ਭਾਈ ਰਾਜਵਿੰਦਰ ਸਿੰਘ ਰਾਹੀ ਦੀ ਲਿਖੀ ਕਿਤਾਬ ਕਾਮਾਗਾਟਾ ਮਾਰੂ ਜਹਾਜ਼ ਦਾ ਅਸਲੀ ਸੱਚ, ਸ. ਅਜਮੇਰ ਸਿੰਘ, ਡਾਕਟਰ ਪੂਰਨ ਸਿੰਘ ਗਿੱਲ ਅਤੇ ਡਾਕਟਰ ਗੰਡਾ ਸਿੰਘ ਹੁਰਾਂ ਨੇ ਵੀ ਆਪਣੀਆਂ ਕਿਤਾਬਾਂ ਵਿੱਚ ਗੁਰੂ ਨਾਨਕ ਜਹਾਜ਼ ਸ਼ਬਦ ਵਰਤਿਆ ਹੈ। ਪਰ ਖੁਦ ਨੂੰ ਅਗਾਂਹ ਵਧੂ ਅਖਵਾਉਣ ਵਾਲੇ ਲੇਖਕ ਤੇ ਸਿਆਸਤਦਾਨ ਚਾਨਣਾ ਪਾਉਣ ਕਿ ਕਿਹੜੀ ਵਿਚਾਰਧਾਰਾ ਉਹਨਾਂ ਨੂੰ ਇਹ ਸੱਚ ਬੋਲਣ ਤੋਂ ਰੋਕ ਰਹੀ ਹੈ ਕਿ 'ਕਾਮਾਗਾਟਾ ਮਾਰੂ' ਜਹਾਜ਼ ਦਾ ਅਸਲੀ ਨਾਂ ਨਹੀਂ ਸੀ, ਅਸਲੀ ਨਾਂ 'ਗੁਰੂ ਨਾਨਕ ਜਹਾਜ਼' ਸੀ, ਫਿਰ ਵੀ ਗੁਰੂ ਨਾਨਕ ਜਹਾਜ ਨਾਂ ਕਿਉਂ ਨਹੀਂ ਲਿਆ ਜਾ ਰਿਹਾ? ਦੱਸਣ ਦੀ ਕਿਰਪਾ ਕਰੋ।
ਆਓ! ਸ਼ਬਦ 'ਗੁਰੂ ਨਾਨਕ ਜਹਾਜ਼' ਵਰਤਿਆ ਕਰੀਏ। ਦਰਅਸਲ ਗੁਰੂ ਨਾਨਕ ਜਹਾਜ਼ ਸ਼ਬਦ ਤੇ ਇਤਰਾਜ਼ ਕਰਨ ਦੀ ਇੱਕ ਖ਼ਾਸ ਸਾਜਸ਼ੀ ਬਿਰਤਾਂਤ ਦੀ ਹੈ, ਜਿਹੜੇ ਹਰ ਗੱਲ ਪ੍ਰਤੀ ਸਿੱਖੀ ਕਰਕੇ, ਨਫਰਤ ਪੈਦਾ ਕਰਦੇ ਹਨ ਤੇ ਜਦੋਂ ਮੌਕਾ ਮਿਲੇ, ਸਿੱਖੀ ਦੀ ਗੱਲਬਾਤ ਕਰਨ ਵਾਲਿਆਂ 'ਤੇ ਬੌਧਿਕ ਕੰਗਾਲੀ ਦਾ ਹਮਲਾ ਕਰਦੇ ਹਨ।
ਆਖ਼ਰੀ ਵਿਚਾਰ ਪਾਠਕਾਂ 'ਤੇ ਛੱਡਦੇ ਹਾਂ ਕਿ ਕੀ 'ਗੁਰੂ ਨਾਨਕ ਜਹਾਜ਼' ਨਾਂ ਹੋਣ ਦੇ ਬਾਵਜੂਦ, ਗੁਰੂ ਨਾਨਕ ਜਹਾਜ਼ ਸ਼ਬਦ ਅਤੇ ਬਿਰਤਾਂਤ ਵਰਤਣਾ ਸਹੀ ਹੈ ਜਾਂ ਨਹੀਂ? ਆਖਰੀ ਫੈਸਲਾ ਆਪ ਨੇ ਹੀ ਕਰਨਾ ਹੈ।