ਇੰਡੀਆ ਗੱਠਜੋੜ ਐਨ.ਡੀ.ਏ. ਅਤੇ ਭਾਰਤੀ ਜਨਤਾ ਪਾਰਟੀ ਲਈ ਚਿੰਤਾ ਦਾ ਵਿਸ਼ਾ  -  ਉਜਾਗਰ ਸਿੰਘ

ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਤੇ ਤਿੰਨ ਵਾਰ ਬਣੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ 2015 ਦੇ ਪੁਰਾਣੇ ਕੇਸ ਵਿੱਚ ਪੰਜਾਬ ਸਰਕਾਰ ਦੇ ਪੁਲਿਸ ਵਿਭਾਗ ਵੱਲੋਂ ਗਿ੍ਰਫ਼ਤਾਰ ਕਰਨ ਤੋਂ ਬਾਅਦ ਪੰਜਾਬ ਵਿੱਚ ਆਮ ਆਦਮੀ ਪਾਰਟੀ ਨਾਲ ਕਾਂਗਰਸ ਪਾਰਟੀ ਦੇ ਗੱਠਜੋੜ ਬਣਨ ਦੀ ਸੰਭਾਵਨਾ ‘ਤੇ ਸਵਾਲੀਆ ਚਿੰਨ੍ਹ ਲੱਗ ਗਿਆ ਹੈ। ਕਿਸੇ ਸਮੇਂ ਹਰ ਭਾਰਤੀ ਨਾਗਰਿਕ ਇੰਡੀਅਨ ਕਹਾਉਣ ਵਿੱਚ ਮਾਣ ਮਹਿਸੂਸ ਕਰਦਾ ਸੀ ਪ੍ਰੰਤੂ ਕੁਝ ਸਿਆਸੀ ਪਾਰਟੀਆਂ ਵੱਲੋਂ ‘ਇੰਡੀਆ’ (ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕੁਲੀਸਿਵ ਅਲਾਇੰਸ)  ਗਠਜੋੜ ਬਣਾਉਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੂੰ ਇੰਡੀਆ ਕਹਿਣਾ ਤੇ ਲਿਖਣਾ ਚੰਗਾ ਨਹੀਂ ਲੱਗਦਾ। ਹੁਣ ਉਹ ਹਰ ਥਾਂ ਤੋਂ ਇੰਡੀਆ ਸ਼ਬਦ ਹਟਾਉਣ ਦੇ ਚੱਕਰਾਂ ਵਿੱਚ ਪਏ ਹੋਏ ਹਨ। ਪੰਜਾਬ ਕਾਂਗਰਸ ਦੇ ਨੇਤਾਵਾਂ ਵਿੱਚ ਇੰਡੀਆ ਗੱਠਜੋੜ ਦੇ ਬਣਨ ਨਾਲ ਸਿਆਸੀ ਸਮੀਕਰਨਾਂ ਦੇ ਬਦਲਣ ਦੀ ਚਿੰਤਾ ਬਣੀ ਹੋਈ ਹੈ। ਜਿਹੜੀ ਪਾਰਟੀ ਨਾਲ ਇੱਟ ਖੜੱਕਾ ਚਲ ਰਿਹਾ ਹੋਵੇ ਤੇ ਇੱਟ ਵੱਟੇ ਦਾ ਵੈਰ ਹੈ, ਉਸ ਨਾਲ ਗੱਠਜੋੜ ਕਰਕੇ ਚੋਣ ਲੜਕਾ ਬਹੁਤ ਮੁਸ਼ਕਲ ਹੁੰਦਾ ਹੈ। ਇਸ ਕਰਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਨੇਤਾਵਾਂ ਨੂੰ ਇਹ ਗੱਠਜੋੜ ਹਜ਼ਮ ਨਹੀਂ ਆ ਰਿਹਾ। ਆਮ ਆਦਮੀ ਪਾਰਟੀ ਇੱਕ ਮੰਤਰੀ ਨੇ ਵੀ ਵਿਰੋਧ ਕੀਤਾ ਹੈ ਪ੍ਰੰਤੂ ਆਮ ਆਦਮੀ ਪਾਰਟੀ ਵਿਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਵਾਗਤ ਕੀਤਾ ਹੈ। ਪੰਜਾਬ ਕਾਂਗਰਸ ਵਿੱਚ ਇਸ ਗੱਠਜੋੜ ਸੰਬੰਧੀ ਦੋ ਧੜੇ ਬਣੇ ਗਏ ਹਨ। ਇਕ ਧੜਾ ਇਸ ਗੱਠਜੋੜ ਨੂੰ ਕਾਂਗਰਸ ਹਾਈ ਕਮਾਂਡ ਦਾ ਆਤਮਘਾਤੀ ਫ਼ੈਸਲਾ ਗਰਦਾਨ ਰਿਹਾ ਹੈ। ਦੂਜਾ ਧੜਾ ਜਿਸ ਵਿੱਚ ਬਹੁਤੇ ਵਰਤਮਾਨ ਲੋਕ ਸਭਾ ਦੇ ਮੈਂਬਰ ਹਨ, ਉਹ ਇਸ ਗੱਠਜੋੜ ਨੂੰ ਕਾਂਗਰਸ ਪਾਰਟੀ ਲਈ ਵਰਦਾਨ ਸਮਝ ਰਿਹਾ ਹੈ। ਉਨ੍ਹਾਂ ਦੀ ਦਲੀਲ ਹੈ ਕਿ ਕਾਂਗਰਸ ਪੰਜਾਬ ਵਿੱਚੋਂ ਆਪਣਾ ਆਧਾਰ ਗੁਆ ਚੁੱਕੀ ਹੈ। ਇਸ ਲਈ ਆਮ ਆਦਮੀ ਪਾਰਟੀ ਜਿਸ ਦਾ ਅਕਸ ਅਜੇ ਤੱਕ ਸਾਫ਼ ਸੁਥਰਾ ਹੋਣ ਕਰਕੇ ਲੋਕਾਂ ਵਿੱਚ ਹਰਮਨ ਪਿਆਰੀ ਹੈ, ਕਾਂਗਰਸ ਪਾਰਟੀ ਨੂੰ ਸਾਰੀਆਂ ਸੀਟਾਂ ਜਿਤਾਉਣ ਦੇ ਸਮਰੱਥ ਹੈ। ਉਹ ਇਹ ਵੀ ਮਹਿਸੂਸ ਕਰ ਰਹੇ ਹਨ ਕਿ ਬਿਆਨਬਾਜ਼ੀ ਕਰਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਹਾਈ ਕਮਾਂਡ ਦਾ ਹੁਕਮ ਮੰਨਣਾ ਪੈਣਾ ਹੈ। ਇਸ ਗੱਠਜੋੜ ਨੇ ਕਾਂਗਰਸ ਨੇਤਾਵਾਂ ਦਾ ਕਾਟੋ ਕਲੇਸ਼ ਹੋਰ ਵਧਾ ਦਿੱਤਾ ਹੈ, ਜਿਸ ਕਰਕੇ ਕਾਂਗਰਸ ਪਾਰਟੀ ਦੇ ਅਕਸ ਨੂੰ ਧੱਬਾ ਲਗ ਰਿਹਾ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਵੀ ਕਾਂਗਰਸ ਦੀ ਆਪੋਧਾਪੀ ਦੀ ਲੜਾਈ ਨੇ ਹੀ ਹਰਾਇਆ ਸੀ। ਕਾਂਗਰਸੀ ਅਜੇ ਵੀ ਸਬਕ ਸਿੱਖਣ ਲਈ ਤਿਆਰ ਨਹੀਂ। ਪੰਜਾਬ ਕਾਂਗਰਸ ਵਿੱਚ ਅੰਦਰਖਾਤੇ ਘਸਮਾਣ ਪਿਆ ਹੋਇਆ ਹੈ। ਲੋਕ ਸਭਾ ਦੇ ਵਰਤਮਾਨ ਮੈਂਬਰਾਂ ਤੋਂ ਇਲਾਵਾ ਸਾਰੀ ਕਾਂਗਰਸ ਲੀਡਰਸ਼ਿਪ ਆਮ ਆਦਮੀ ਪਾਰਟੀ ਨਾਲ ਕਿਸੇ ਕਿਸਮ ਦਾ ਸਮਝੌਤਾ ਕਰਨ ਦੇ ਹੱਕ ਵਿੱਚ ਨਹੀਂ ਹੈ। ਉਨ੍ਹਾਂ ਨੂੰ ਡਰ ਹੈ ਕਿ ਦਿੱਲੀ ਦੀ ਤਰ੍ਹਾਂ ਜੇਕਰ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰ ਲਿਆ ਤਾਂ ਕਾਂਗਰਸ ਪਾਰਟੀ ਹਮੇਸ਼ਾ ਲਈ ਪੰਜਾਬ ਵਿੱਚੋਂ ਖ਼ਤਮ ਹੋ ਜਾਵੇਗੀ, ਜਿਵੇਂ ਦਿੱਲੀ ਵਿੱਚ ਹੋਇਆ ਹੈ। ਇਸ ਤੋਂ ਇਲਾਵਾ ਜਦੋਂ ਦੀ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਬਣੀ ਹੈ, ਉਦੋਂ ਤੋਂ ਹੀ ਪੰਜਾਬ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਉਸ ਦੇ ਨਿਸ਼ਾਨੇ ਤੇ ਹੈ। ਇਸ ਲਈ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਨਾਲ ਸਟੇਜਾਂ ਸਾਂਝੀਆਂ ਕਰਨੀਆਂ ਅਸੰਭਵ ਲਗਦੀਆਂ ਹਨ। ਸਟੇਜਾਂ ਤੋਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਇੱਕ ਦੂਜੀ ਪਾਰਟੀ ਦੇ ਉਮੀਦਵਾਰਾਂ ਲਈ ਵੋਟਾਂ ਕਿਵੇਂ ਮੰਗਣਗੇ? ਪ੍ਰੰਤੂ ਕਾਂਗਰਸ ਹਾਈ ਕਮਾਂਡ ਦੇਸ਼ ਦੇ ਵੱਡੇ ਹਿੱਤਾਂ ਨੂੰ ਮੁੱਖ ਰੱਖਕੇ ਪੰਜਾਬ ਵਿੱਚ ਕੀ ਸਾਰੇ ਦੇਸ਼ ਵਿੱਚ ਕੁਰਬਾਨੀ ਦੇਣ ਨੂੰ ਤਿਆਰ ਹੈ। ਸਰਬ ਭਾਰਤੀ ਕਾਂਗਰਸ ਆਪਣਾ ਵਕਾਰ ਮੁੜ ਬਹਾਲ ਕਰਨਾ ਚਾਹੁੰਦੀ ਹੈ। ਇਕੱਲਿਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਉਸ ਦੇ ਪੱਲੇ ਬਹੁਤਾ ਕੁਝ ਪੈਂਦਾ ਨਜ਼ਰ ਨਹੀਂ ਆ ਰਿਹਾ। ਉਹ ਵੀ ਔਖੇ ਹੋ ਕੇ ਅੱਕ ਚੱਬ ਰਹੀ ਹੈ। ਇੰਡੀਆ ਗੱਠਜੋੜ ਬਣਨ ਦਾ ਮੁੱਖ ਕਾਰਨ ਵਿਰੋਧੀ ਪਾਰਟੀਆਂ ਨੂੰ ਲੱਗਦਾ ਹੈ ਕਿ ਇਕੱਲੇ-ਇਕੱਲੇ ਚੋਣਾ ਲੜਨ ਨਾਲ ਉਹ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਐਨ.ਡੀ.ਏ.ਨੂੰ ਹਰਾ ਨਹੀਂ ਸਕਦੀਆਂ। ਪੰਜਾਬ ਦੇ ਕਾਂਗਰਸੀ ਨੇਤਾ ਭਾਵੇਂ ਜਿੰਨਾ ਮਰਜ਼ੀ ਰੌਲਾ ਪਾਈ ਜਾਣ ਆਖ਼ਰ ਉਨ੍ਹਾਂ ਨੂੰ ਹਾਈ ਕਮਾਂਡ ਅੱਗੇ ਹਥਿਆਰ ਸੁੱਟਣੇ ਪੈਣੇ ਹਨ। Ñਉਨ੍ਹਾਂ ਨੂੰ ਦੰਦਾਂ ਹੇਠ ਜੀਭ ਦੇਣੀ ਹੀ ਪੈਣੀ ਹੈ। ਸਿਆਸੀ ਵਿਸ਼ਲੇਸ਼ਕ ਗੰਭੀਰਤਾ ਨਾਲ ਵੇਖ ਰਹੇ ਹਨ ਕਿ ਲੋਕ ਸਭਾ ਦੀਆਂ 2024 ਦੀਆਂ ਚੋਣਾਂ ਨੂੰ ਮੁੱਖ ਰੱਖਕੇ 28 ਵਿਰੋਧੀ ਪਾਰਟੀਆਂ ਦਾ (ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕੁਲੀਸਿਵ ਅਲਾਇੰਸ)  ਅਰਥਾਤ ‘ਇੰਡੀਆ’ ਦੇ ਨਾਮ ਨਾਲ ਬਣਾਇਆ ਗੱਠਜੋੜ ਕੀ ਰੰਗ ਲਿਆਵੇਗਾ? ਇੰਡੀਆ ਗੱਠਜੋੜ ਦੀ ਲਗਾਤਾਰ ਤੇਜੀ ਨਾਲ ਚਲ ਰਹੀ ਸਰਗਰਮੀ ਨੂੰ ਭਾਰਤੀ ਜਨਤਾ ਪਾਰਟੀ ਬਹੁਤ ਹੀ ਸੰਜੀਦਗੀ ਨਾਲ ਲੈ ਰਹੀ ਹੈ। ਜੇ ਇਹ ਕਹਿ ਲਿਆ ਜਾਵੇ ਕਿ ਭਾਰਤੀ ਜਨਤਾ ਪਾਰਟੀ ਇਸ ਗੱਠ ਜੋੜ ਦੀ ਸਰਗਰਮੀ ਅਤੇ ਨਾਮ ਤੋਂ ਘਬਰਾਈ ਹੋਈ ਹੈ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ, ਕਿਉਂਕਿ ਹੁਣੇ ਜਿਹੇ ਦੋ ਰੋਜ਼ਾ ਜੀ 20 ਸਮੇਲਨ ਦਿੱਲੀ ਵਿਖੇ ਹੋਇਆ ਸੀ, ਜਿਸ ਦੀ ਪ੍ਰਧਾਨਗੀ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਕੀਤੀ ਸੀ। ਪ੍ਰਧਾਨ ਮੰਤਰੀ ਦੇ ਅੱਗੇ ਜਿਹੜੀ ਪਲੇਟ ਰੱਖੀ ਹੋਈ ਸੀ, ਉਸ ਉਪਰ ਇੰਡੀਆ ਦੀ ਥਾਂ ‘ਤੇ ‘ਭਾਰਤ’ ਲਿਖਿਆ ਹੋਇਆ ਸੀ। ਵਿਰੋਧੀ ਪਾਰਟੀਆਂ ਦੀ ਸਰਗਰਮੀ ਵਿੱਚ ਇਤਨੀ ਤੇਜ਼ੀ ਤੋਂ ਪਤਾ ਲੱਗਦਾ ਹੈ ਕਿ ਉਹ ਹਰ ਹਾਲਤ ਵਿੱਚ ਇਕੱਠੇ ਹੋ ਕੇ ਚੋਣ ਲੜਨਗੇ। ਇਸ ਗੱਠਜੋੜ ਦੀ ਸਥਾਪਨਾ ਮਹਿਜ ਦੋ ਮਹੀਨੇ ਪਹਿਲਾਂ 23 ਜੂਨ 2023 ਨੂੰ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਪ੍ਰਧਾਨਗੀ ਵਿੱਚ ਪਟਨਾ ਵਿਖੇ ਮੀਟਿੰਗ ਵਿੱਚ ਹੋਈ ਸੀ, ਜਿਸ ਵਿੱਚ 16 ਪਾਰਟੀਆਂ ਸ਼ਾਮਲ ਸਨ। ਦੂਜੀ ਮੀਟਿੰਗ ਕਰਨਾਟਕ ਦੇ ਬੰਗਲੌਰ ਵਿਖੇ ਸ਼੍ਰੀਮਤੀ ਸੋਨੀਆਂ ਗਾਂਧੀ ਦੀ ਪ੍ਰਧਾਨਗੀ ਵਿੱਚ ਹੋਈ, ਜਿਸ ਵਿੱਚ 26 ਪਾਰਟੀਆਂ ਦੇ ਨੇਤਾ ਸ਼ਾਮਲ ਹੋਏ, ਜਿਸ ਕਰਕੇ ਇੰਡੀਆ ਗੱਠਜੋੜ ਨੂੰ ਹੌਸਲਾ ਮਿਲ ਗਿਆ। ਤੀਜੀ ਦੋ ਰੋਜ਼ਾ 31 ਅਗਸਤ 2023 ਅਤੇ 1 ਸਤੰਬਰ ਨੂੰ ਮਹਾਰਾਸ਼ਟਰ ਦੇ ਮੁੰਬਈ ਵਿੱਚ ਹੋਈ ਮੀਟਿੰਗ ਵਿੱਚ 28 ਪਾਰਟੀਆਂ ਸ਼ਾਮਲ ਹੋਈਆਂ, ਇਕ ਕੋਆਰਡੀਨੇਸ਼ਨ ਕਮੇਟੀ ਬਣਾਈ ਗਈ ਤੇ ਤਿੰਨ ਨੁਕਾਤੀ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ। ਜਿਹੜਾ ਤਿੰਨ ਨੁਕਾਤੀ ਪ੍ਰੋਗਰਾਮ ਹੈ, ਉਹ ਸਰਕਾਰ ਚਲਾ ਰਹੀ ਪਾਰਟੀ ਲਈ ਖ਼ਤਰੇ ਦੀ ਘੰਟੀ ਸਾਬਤ ਹੋ ਰਿਹਾ ਹੈ। ਪਹਿਲਾ ਨੁਕਤਾ: ਸਾਰੀਆਂ ਵਿਰੋਧੀ ਪਾਰਟੀਆਂ ਸੀਟਾਂ ਦੀ ਲੈਣ ਦੇਣ ਦੇ ਆਧਾਰ ਤੇ ਏਕਤਾ ਦੀ ਭਾਵਨਾ ਨਾਲ ਤੁਰੰਤ ਮੀਟਿੰਗਾਂ ਕਰਕੇ ਫ਼ੈਸਲੇ ਕਰਨਗੀਆਂ, ਜੇਕਰ ਕਿਸੇ ਪਾਰਟੀ ਨੂੰ ਕੋਈ ਨਿੱਜੀ ਸੀਟ ਛੱਡਣੀ ਵੀ ਪਵੇਗੀ ਤਾਂ ਵੱਡੇ ਆਦਰਸ਼ਾਂ ਲਈ ਕੁਰਬਾਨੀ ਦਿੱਤੀ ਜਾਵੇਗੀ। ਕੋਈ ਆਨਾ ਕਾਨੀ ਨਹੀਂ ਹੋਵੇਗੀ। ਦੂਜਾ ਨੁਕਤਾ: ਰਾਜਾਂ ਵਿੱਚ ਸਾਂਝੀਆਂ ਰੈਲੀਆਂ ਕੀਤੀਆਂ ਜਾਣਗੀਆਂ। ਤੀਜਾ ਨੁਕਤਾ ਬਹੁਤ ਮਹੱਤਵਪੂਰਨ ਹੈ, ਜਿਸ ਵਿੱਚ ‘ਜੁੜੇਗਾ ਭਾਰਤ, ਜਿੱਤੇਗਾ ਭਾਰਤ’ ਕਿਹਾ ਗਿਆ ਹੈ। ਇਸ ਨੁਕਤੇ ਦਾ ਭਾਵ ਇੰਡੀਆ ਗੱਠਜੋੜ ਹਰ ਹਾਲਤ ਵਿੱਚ ਜਿੱਤੇਗਾ ਤੇ ਭਾਰਤ ਇਕੱਠਾ ਰਹੇਗਾ। ਭਾਰਤੀ ਜਨਤਾ ਪਾਰਟੀ ਦੇ ਰਣਨੀਤੀਕਾਰ ਵੀ ਘੱਟ ਨਹੀਂ, ਉਨ੍ਹਾਂ ਨੇ ਇੰਡੀਆ ਗੱਠਜੋੜ ਵਿੱਚ ਫੁੱਟ ਪਾਉਣ ਦੀ ਹਰ ਕੋਸ਼ਿਸ਼ ਕਰਨੀ ਹੈ ਪ੍ਰੰਤੂ ਐਨ.ਡੀ.ਏ.ਗੱਠਜੋੜ ਦਾ ਇਕ ਸਾਥੀ ਆਲ ਇੰਡੀਆ ਅੰਨਾ ਡੀ.ਐਮ.ਕੇ. ਵੀ ਉਨ੍ਹਾਂ ਦਾ ਸਾਥ ਛੱਡ ਗਿਆ ਹੈ।

ਇਸ ਗੱਠਜੋੜ ਦਾ ਪੰਜਾਬ ਦੀ ਰਾਜਨੀਤੀ ‘ਤੇ ਕੀ ਪ੍ਰਭਾਵ ਪਵੇਗਾ? ਇਹ ਬਹੁਤ ਮਹੱਤਵਪੂਰਨ ਗੱਲ ਹੈ ਕਿਉਂਕਿ ਪਿਛਲੇ ਡੇਢ ਸਾਲ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਹੈ। ਸਰਕਾਰ ਨੇ ਭਰਿਸ਼ਟਾਚਾਰ ਦੇ ਮੁੱਦੇ ਨੂੰ ਢਾਲ ਬਣਾ ਕੇ ਕਾਂਗਰਸ ਦੇ ਵੱਡੇ ਨੇਤਾ ਗਿ੍ਰਫਤਾਰ ਕੀਤੇ ਅਤੇ ਕਈ ਨੇਤਾ ਤਾਂ ਤਿੰਨ-ਚਾਰ ਮਹੀਨੇ ਜੇਲ੍ਹਾਂ ਦੀ ਹਵਾ ਖਾ ਚੁੱਕੇ ਹਨ। ਇਸ ਕਰਕੇ ਪੰਜਾਬ ਪ੍ਰਦੇਸ਼ ਕਾਂਗਰਸ ਦੀ ਲੀਡਰਸ਼ਿਪ ਅੱਡੋ ਫਾਟੀ ਹੋਈ ਪਈ ਹੈ। ਹੁਣ ਸੁਖਪਾਲ ਸਿੰਘ ਖਹਿਰਾ ਵਿਧਾਇਕ ਨੂੰ ਗਿ੍ਰਫ਼ਤਾਰ ਕਰਨ ਤੋਂ ਬਾਅਦ ਹਾਲਾਤ ਬਦਲ ਗਏ ਹਨ। ਇਸ ਸਮੇਂ ਕਾਂਗਰਸ ਪਾਰਟੀ ਦੇ 7 ਲੋਕ ਸਭਾ ਮੈਂਬਰ ਹਨ, ਇਨ੍ਹਾਂ ਵਿੱਚੋਂ ਪਟਿਆਲਾ ਲੋਕ ਸਭਾ ਦੀ ਮੈਂਬਰ ਮਹਾਰਾਣੀ ਪ੍ਰਨੀਤ ਕੌਰ ਬਾਰੇ ਹੰਦੇਸ਼ਾ ਹੈ ਕਿ ਉਹ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਸਕਦੇ ਹਨ ਕਿਉਂਕਿ ਉਨ੍ਹਾਂ ਦੇ ਪਤੀ ਕੈਪਟਨ ਅਮਰਿੰਦਰ ਸਿੰਘ ਅਤੇ ਬਾਕੀ ਸਾਰਾ ਪਰਿਵਾਰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਿਆ ਹੈ। 2019 ਦੀਆਂ ਲੋਕ ਸਭਾ ਚੋਣਾ ਵਿੱਚ ਕਾਂਗਰਸ ਨੇ 8 ਸੀਟਾਂ ਇਕੱਲਿਆਂ ਜਿੱਤੀਆਂ ਸਨ ਤੇ ਆਮ ਆਦਮੀ ਪਾਰਟੀ ਇੱਕੋ ਇੱਕ ਸੰਗਰੂਰ ਦੀ ਸੀਟ ਭਗਵੰਤ ਸਿੰਘ ਮਾਨ ਨੇ ਜਿੱਤੀ ਸੀ। ਉਹ ਸੀਟ ਭਗਵੰਤ ਸਿੰਘ ਮਾਨ ਨੇ ਪੰਜਾਬ ਦਾ ਮੁੱਖ ਮੰਤਰੀ ਬਣਨ ‘ਤੇ ਖਾਲੀ ਕਰ ਦਿੱਤੀ ਸੀ, ਜਿਥੋਂ ਉਪ ਚੋਣ ਵਿੱਚ ਸਿਮਰਨਜੀਤ ਸਿੰਘ ਮਾਨ ਜਿੱਤ ਗਿਆ ਸੀ। ਆਮ ਆਦਮੀ ਪਾਰਟੀ ਨੇ ਜਲੰਧਰ ਦੀ ਰਾਖਵੀਂ ਸੀਟ ਚੌਧਰੀ ਸੰਤਖ ਸਿੰਘ ਦੇ ਸਵਰਗਵਾਸ ਹੋਣ ‘ਤੇ ਖਾਲੀ ਹੋਣ ਤੋਂ ਬਾਅਦ ਜਿੱਤ ਲਈ। ਆਮ ਆਦਮੀ ਪਾਰਟੀ ਕੋਲ ਪਹਿਲਾਂ ਦੀ ਤਰ੍ਹਾਂ ਇਕੋ ਸੀਟ ਹੈ। ਜੇਕਰ ਲੋਕ ਸਭਾ ਦੀਆਂ ਸੀਟਾਂ ਨੂੰ ਮੁੱਖ ਰੱਖਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਵਿੱਚ ਸੀਟਾਂ ਦੀ ਵੰਡ ਹੁੰਦੀ ਹੈ ਤਾਂ ਕਾਂਗਰਸ ਪਾਰਟੀ ਨੂੰ 7 ਸੀਟਾਂ ਮਿਲ ਸਕਦੀਆਂ ਹਨ ਪ੍ਰੰਤੂ ਜੇਕਰ ਵਿਧਾਨ ਸਭਾ ਦੀ ਚੋਣ ਨੂੰ ਮੁੱਖ ਰੱਖਕੇ ਸੀਟਾਂ ਵੰਡੀਆਂ ਜਾਂਦੀਆਂ ਹਨ ਤਾਂ ਕਾਂਗਰਸ ਨੂੰ ਸਿਰਫ ਮਾਝੇ ਵਿੱਚੋਂ ਦੋ-ਤਿੰਨ ਸੀਟਾਂ ਮਿਲ ਸਕਦੀਆਂ ਹਨ। ਇਸ ਕਰਕੇ ਹੀ ਕਾਂਗਰਸੀ ਲੋਕ ਸਭਾ ਦੇ ਮੈਂਬਰ ਲੋਕ ਸਭਾ ਜਿੱਤਣ ਵਾਲਾ ਫਾਰਮੂਲਾ ਲਾਗੂ ਕਰਨ ਦੀ ਵਕਾਲਤ ਕਰ ਰਹੇ ਹਨ। ਸਰਬ ਭਾਰਤੀ ਕਾਂਗਰਸ ਦੇ ਪ੍ਰਧਾਨ ਮਲਿਕ ਅਰਜਨ ਖੜਗੇ ਨੇ ਕਿਹਾ ਹੈ ਕਿ ਜੇਕਰ 90 ਫ਼ੀ ਸਦੀ ਸੀਟਾਂ ‘ਤੇ ਇੰਡੀਆ ਗੱਠਜੋੜ ਨੇ ਸਹਿਮਤੀ ਕਰ ਲਈ ਤਾਂ ਉਹ ਭਾਜਪਾ ਨੂੰ ਹਰਾ ਦੇਣਗੇ। ਮਲਿਕ ਅਰਜਨ ਖੜਗੇ ਦੇ ਬਿਆਨ ਤੋਂ ਪੰਜਾਬ ਦੇ ਕਾਂਗਰਸੀਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕੇਂਦਰੀ ਕਾਂਗਰਸ ਹਰ ਹਾਲਤ ਵਿੱਚ ਗੱਠਜੋੜ ਦੀ ਸਫਲਤਾ ਲਈ ਯਤਨਸ਼ੀਲ ਰਹੇਗੀ। ਤੇਲ ਵੇਖੋ ਤੇ ਤੇਲ ਦੀ ਧਾਰ ਵੇਖੋ ਸਮਾਂ ਕੀ ਕਰਵਟ ਲੈਂਦਾ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

 ਮੋਬਾਈਲ-94178 13072

   ujagarsingh48@yahoo.com