ਛਾਪੇਮਾਰੀ - ਅਵਤਾਰ ਸਿੰਘ ਸੌਜਾ
ਮਾਸਟਰ ਕੁਲਦੀਪ ਸਿੰਘ ਮਿਹਨਤੀ ਹੋਣ ਦੇ ਨਾਲ਼-ਨਾਲ਼ ਪਿੰਡ ਵਾਸੀਆਂ ਵੱਲੋਂ ਵੀ ਪੂਰਾ ਸਤਿਕਾਰਿਆ ਜਾਂਦਾ ਸੀ। ਸਤਿਕਾਰ ਵੀ ਕਿਉਂ ਨਾ ਹੋਵੇ, ਹਰ ਸਾਲ ਸਕੂਲ ਦਾ 100 ਪ੍ਰਤੀਸ਼ਤ ਨਤੀਜਾ, ਸਕੂਲ ਦੀ ਵਧੀਆ ਦਿੱਖ ਬਨਾਉਣ ਅਤੇ ਹਰ ਕੰਮ ਲੋਕਾਂ ਨੂੰ ਨਾਲ ਲੈ ਕੇ ਕਰਨਾ। ਛੁੱਟੀ ਵਾਲੇ ਦਿਨ ਵੀ ਮਾਸਟਰ ਜੀ ਕਈ ਵਾਰ ਸਕੂਲ ਆ ਜਾਂਦੇ ਸੀ ਕਿ ਸਕੂਲ ਦੀ ਆਲੇ-ਦੁਆਲੇ ਦੀ ਸਾਫ਼- ਸਫ਼ਾਈ ਵਗੈਰਾ ਕਰਾ ਦੇਵਾਂ ਕਿਉਂਕਿ ਸਕੂਲ ਸਮੇਂ ਦੌਰਾਨ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋਣ ਤੋਂ ਡਰਦੇ ਸੀ।ਅੱਜ ਐਤਵਾਰ ਦੀ ਛੁੱਟੀ ਸੀ ਅਤੇ ਮਾਸਟਰ ਕੁਲਦੀਪ ਘਰ ਬੈਠਾ ਅਖ਼ਬਾਰ ਪੜ੍ਹ ਰਿਹਾ ਸੀ।ਉਹਨਾਂ ਦਾ ਛੋਟਾ ਬੇਟਾ ਵੀ ਕੋਲ ਹੀ ਬੈਠਾ ਸੀ ।ਬੱਚੇ ਨੇ ਅਖ਼ਬਾਰ ਦਾ ਇੱਕ ਪੇਜ ਚੁੱਕਿਆ ਅਤੇ ਹੌਲੀ -ਹੌਲੀ ਪੜ੍ਹਨ ਲੱਗਾ ।ਅਚਾਨਕ ਉਸਨੇ ਆਪਣੇ ਪਿਤਾ ਨੂੰ ਪੁੱਛਿਆ,''ਪਾਪਾ! ਤੁਹਾਡੇ ਸਕੂਲ ਵੀ ਪੁਲਿਸ਼ ਆਈ ਸੀ?'' ਮਾਸਟਰ ਜੀ ਨੂੰ ਉਸਦੀ ਗੱਲ ਸਮਝ ਨਹੀਂ ਆਈ । ਉਹਨਾਂ ਹੈਰਾਨ ਹੋ ਕੇ ਕਿਹਾ,''ਨਹੀਂ ਬੇਟਾ!ਪਰ ਤੁਸੀਂ ਇਹ ਕਿਉਂ ਪੁੱਛ ਰਹੇ ਓ?'' ਬੇਟਾ ਅਖ਼ਬਾਰ ਦੀ ਉਹ ਸੁਰਖੀ ਆਪਣੇ ਪਿਤਾ ਨੂੰ ਦਿਖਾਉਣ ਲੱਗਾ ਜਿਸਤੇ ਵੱਡੇ-ਵੱਡੇ ਅੱਖਰਾਂ ਵਿੱਚ ਛਪਿਆ ਸੀ 'ਸਕੂਲਾਂ 'ਤੇ ਅਚਨਚੇਤ ਛਾਪੇ'। 'ਤੇ ਬੱਚਾ ਅੱਗੇ ਬੋਲਣ ਲੱਗਾ ,''ਪਾਪਾ! ਛਾਪਾ ਤਾਂ ਪੁਲਿਸ ਮਾਰਦੀ ਹੁੰਦੀ ਹੈ , ਮੈਂ ਟੀਵੀ 'ਤੇ ਦੇਖਿਆ ਏ ਜੋ ਕੋਈ ਗਲਤ ਕੰਮ ਕਰਦਾ ਏ ਜਾਂ ਜੇਲ 'ਚੋਂ ਭੱਜ ਜਾਂਦਾ ਹੈ ਉਸਨੂੰ ਫੜਨ ਲਈ।'' ਮਾਸਟਰ ਜੀ ਨੂੰ ਪਹਿਲਾਂ ਤਾਂ ਕੋਈ ਗੱਲ ਨਾ ਔੜੀ ਪਰ ਸੋਚਣ ਲੱਗੇ ਜੇ ਬੱਚੇ ਨੂੰ ਜਵਾਬ ਨਾ ਸਮਝਾਇਆ ਫਿਰ ਵੀ ਗਲਤ ਹੈ।ਉਹ ਕਹਿਣ ਲੱਗੇ,''ਬੇਟਾ ਜੀ ! ਜਿਸ ਤਰ੍ਹਾਂ ਤੁਸੀਂ ਵੀ ਸਕੂਲ ਪੜ੍ਹਦੇ ਓ। ਤੁਹਾਡੇ ਟੀਚਰ ਹਰ ਰੋਜ ਤੁਹਾਨੂੰ ਸਵੇਰ ਦੀ ਸਭਾ ਵੇਲੇ ਦੇਖਦੇ ਹਨ ਕਿ ਅੱਜ ਕੌਣ ਆਇਆ ਜਾ ਤੁਹਾਡੀ ਸਾਫ਼- ਸਫ਼ਾਈ , ਵਰਦੀ ,ਕੰਮਕਾਜ ਦਾ ਨਿਰੀਖਣ ਕਰਦੇ ਨੇ ਉਸੇ ਤਰ੍ਹਾਂ ਅਧਿਆਪਕਾਂ ਅਤੇ ਸਕੂਲਾਂ ਦਾ ਵੀ ਵਿਭਾਗ ਜਾਂ ਸਰਕਾਰ ਵੱਲੋਂ ਨਿਰੀਖਣ ਹੁੰਦਾ !'' ਬੱਚੇ ਨੇ ਝੱਟ ਅਗਲਾ ਸਵਾਲ ਕੱਢ ਮਾਰਿਆ ,''ਪਰ ਪਾਪਾ ਇਹ ਛਾਪੇਮਾਰੀ ਕਿਉਂ ਲਿਖਿਆ?'' ਉਸਦੇ ਇਸ ਸਵਾਲ ਨੇ ਹੁਣ ਸੱਚੀ ਮਾਸਟਰ ਜੀ ਨੂੰ ਨਿਰ ਉੱਤਰ ਕਰ ਦਿੱਤਾ। ਉਹ ਬਹਾਨਾ ਜਾ ਬਣਾ ਕੇ ਬਾਹਰ ਚਲੇ ਗਏ। ਸੋਚਦੇ ਜਾ ਰਹੇ ਸੀ ਅਖਬਾਰ ਦੀ ਪਹਿਲੇ ਪੰਨੇ ਉੱਤੇ ਛਪੀ ਸੁਰਖੀ ਬਾਰੇ ਜਿਸ ਵਿੱਚ ਜਿਸ ਛਾਪੇਮਾਰੀ ਬਾਰੇ ਲਿਖਿਆ ਗਿਆ ਸੀ, ਵਿੱਚ 99.97 ਪ੍ਰਤੀਸ਼ਤ ਅਧਿਆਪਕ ਆਪਣੀ ਡਿਊਟੀ 'ਤੇ ਹਾਜਰ ਪਾਏ ਗਏ ਸੀ ਅਤੇ ਕੇਵਲ 0.03 ਪ੍ਰਤੀਸ਼ਤ ਗੈਰਹਾਜਰ ਤੇ ਸੁਰਖੀਆਂ ਵਿੱਚ ਉਹਨਾਂ 99.97 ਪ੍ਰਤੀਸ਼ਤ ਹਾਜ਼ਰ ਅਧਿਆਪਕਾਂ ਨੂੰ ਸਾਬਾਸ਼ੇ ਦੇਣ ਦੀ ਥਾਂ ਉਹਨਾਂ 0.03 ਪ੍ਰਤੀਸ਼ਤ ਵਾਲਿਆਂ ਦੀ ਹੀ ਗੱਲ ਸੀ।ਮਾਸਟਰ ਜੀ ਲੰਬਾ ਜਾ ਹੌਂਕਾ ਲੈ ਕੇ 0.03 ਪ੍ਰਤੀਸ਼ਤ ਵਾਲਿਆਂ ਪ੍ਰਤੀ ਰੋਸਾ ਕਰਦੇ ਮਨ ਦੀਆਂ ਭਾਵਨਾਵਾਂ ਦਾ ਦਰਦ ਅੰਦਰ ਹੀ ਖਿੱਚ ਗਏ।ਮਾਸਟਰ ਜੀ ਨੁੰ ਆਪਣੇ ਨਾਲ਼ ਕੁੱਝ ਦਿਨ ਪਹਿਲਾਂ ਬੀਤੀ ਘਟਨਾ ਯਾਦ ਆ ਗਈ।ਕੁੱਝ ਦਿਨਾਂ ਪਹਿਲਾਂ ਦੀ ਗੱਲ ਹੈ ਮਾਸਟਰ ਕੁਲਦੀਪ ਜਦੋਂ ਸਕੂਲ ਦੇ ਗੇਟ ਅੰਦਰ ਦਾਖਲ ਹੋਏ ਤਾਂ ੳਹਨਾਂ ਦੀ ਲੱਤ ਚੋਂ ਵਗ ਰਹੇ ਖੂਨ ਨੂੰ ਦੇਖ, ਸਕੂਲ ਵਿੱਚ ਆਪਣੇ ਬੱਚੇ ਨੂੰ ਛੱਡਣ ਆਏ ਸੋਹਣੇ ਨੇ ਭੱਜ ਕੇ ਮਾਸਟਰ ਜੀ ਦਾ ਸਕੂਟਰ ਫੜਿਆ ਅਤੇ ਪੁੱਛਣ ਲੱਗਾ ਕਿ ਕੀ ਗੱਲ ਹੋ ਗਈ ਮਾਸਟਰ ਜੀ, ਇਹ ਸੱਟ ਕਿਵੇਂ ਲੱਗੀ? ਮਾਸਟਰ ਜੀ ਬੋਲੇ,'' ਬਸ ਭਾਈ ਰਸਤੇ 'ਚ ਸਕੂਟਰ ਦਾ ਟਾਇਰ ਫਿਸ਼ਲ ਗਿਆ ਅਤੇ ਗਿਰ ਜਾਣ ਕਾਰਨ ਇਹ ਸੱਟ ਲੱਗ ਗਈ। ਸਕੂਲੋਂ ਲੇਟ ਨਾ ਹੋ ਜਾਵਾਂ ਇਸ ਲਈ ਰਸਤੇ 'ਚ ਕਿਤੇ ਰੁਕਿਆ ਨਹੀਂ।'' ਸੋਹਣਾ ਕਹਿਣ ਲੱਗਾ,''ਫਿਰ ਕੀ ਹੋਇਆ ਸੀ ਮਾਸਟਰ ਜੀ ਜਾਨ ਤੋਂ ਉਪਰ ਕੀ ਏਰਸਤੇ 'ਚ ਮਲ੍ਹਮ ਪੱਟੀ ਕਰਾ ਕੇ ਪੰਜ ਦਸ ਮਿੰਟ ਲੇਟ ਹੋ ਜਾਂਦੇ ਤਾਂ ਕੀ ਸੀ।ਹਰ ਰੋਜ ਵੀ ਤਾਂ ਸਵੇਰੇ ਸਕੂਲ ਲੱਗਣ ਤੋਂ ਪਹਿਲਾਂ ਅਤੇ ਛੁੱਟੀ ਤੋਂ ਬਾਅਦ ਘੰਟੇ ਦੋ ਘੰਟੇ ਵੱਧ ਲਗਾ ਜਾਂਦੇ ਓ ।'' ਮਾਸਟਰ ਜੀ ਕਹਿਣ ਲੱਗੇ,'' ਨਾ ਭਰਾਵਾ ਡਰ ਲਗਦਾ! ਅੱਜ ਕੱਲ੍ਹ ਸਖਤਾਈ ਬਹੁਤ ਏ ਮਹਿਕਮੇ ਦੀ, ਇੱਕ-ਇੱਕ ਸਕਿੰਟ ਦਾ ਹਿਸਾਬ ਦੇਣਾ ਪੈਂਦਾ ਏ, ਵੇਸੇ ਵੀ ਹੁਣ ਇਸ ਉਮਰੇ ਹੋਰ ਕੋਈ ਰੁਜ਼ਗਾਰ ਕਰਨ ਜੋਗੇ ਵੀ ਨਹੀਂ , ਸੋ ਮੈਂ ਇਵੇਂ ਹੀ ਆ ਗਿਆ।'' ਸੋਹਣਾਂ ਅੰਦਰੋਂ ਦੂਜੇ ਸਟਾਫ ਮੈਬਰਾਂ ਨੂੰ ਬੁਲਾ ਕੇ ਲਿਆਇਆ ਅਤੇ ਮਾਸਟਰ ਜੀ ਦੀ ਮਲਮ ਪੱਟੀ ਕਰਨ ਲੱਗੇ।ਸੋਹਣਾ ਮਾਸਟਰ ਜੀ ਦੀ ਹਾਲਤ ਸਥਿਰ ਦੇਖ ਕੇ ਬੋਲਿਆ,''ਮਾਸਟਰ ਜੀ, ਤੁਸੀਂ ਵੀ ਜ਼ਿਆਦਾ ਈ ਟੈਂਸ਼ਨ ਲੈਂਦੇ ਓ! ਹੋਰ ਸਰਕਾਰੀ ਜਾਂ ਗੈਰਸਰਕਾਰੀ ਮਹਿਕਮਿਆਂ ਵਿੱਚ ਤਾਂ ਲਗਦੀ ਨੀ ਇਹ ਸਖਤਾਈ ? ਮਾਸਟਰ ਜੀ ਬੋਲੇ ਭਾਈ ਜਰੂਰ ਹੁੰਦੀ ਹੋਵੇਗੀ , ਹੋਵੇ ਵੀ ਕਿਉਂ ਨਾ ? ਸਰਕਾਰ ਤਾਂ ਸਭਨਾ ਲਈ ਇੱਕੋ ਜਿਹੀ ਏ। ਪਰ ਫਿਰ ਸੋਚਦੇ ਹੋਰ ਕਿਸੇ ਵੀ ਸਰਕਾਰੀ ਵਿਭਾਗ ਦੀ ਛਾਪੇਮਾਰੀ ਦੀ ਖ਼ਬਰ ਅਖਬਾਰ ਦੀ ਸੁਰਖੀ ਕਿਉਂ ਨਹੀਂ ਬਣਦੀ।ਸੋਹਣਾ ਵੀ ਮਾਸਟਰ ਜੀ ਦੇ ਭੋਲੇ ਸੁਭਾਅ ਅਤੇ ਛਾਪੇਮਾਰੀ ਬਾਰੇ ਖਿਆਲਾਂ ਵਿੱਚ ਖੋਇਆ ਮਨੋਂ ਮਨੀ ਆਪਣੀ ਫਾਈਲ ਜੋ ਪਿਛਲੇ ਤਿੰਨ ਸਾਲ ਤੋਂ ਸਰਕਾਰੀ ਦਫਤਰਾਂ ਦੇ ਚੱਕਰ ਲਗਾ ਰਹੀ ਸੀ, ਬਾਰੇ ਸੋਚਣ ਲੱਗਾ।
ਅਵਤਾਰ ਸਿੰਘ ਸੌਜਾ ,
ਪਿੰਡ-ਸੌਜਾ, ਡਾਕਖਾਨਾ-ਕਲੇਹਮਾਜਰਾ, ਤਹਿਸੀਲ ਨਾਭਾ, ਜਿਲ੍ਹਾ-ਪਟਿਆਲਾ
ਮੋਬਾਇਲ ਨੰ 98784 29005