ਸਿੱਖ ਬਾਦਸ਼ਾਹਤ ਦੇ ਆਖਰੀ ਮਹਾਂਰਾਜੇ ਦਲੀਪ ਸਿੰਘ ਦੀ 130 ਵੀ ਬਰਸੀ ਤੇ ਯਾਦ ਕਰਦਿਆਂ.....- ਸ. ਦਲਵਿੰਦਰ ਸਿੰਘ ਘੁੰਮਣ
“ਮੈਂ ਹਾਂ ਤੁਹਾਡਾ ਆਪਣਾ 'ਲਹੂ ਤੇ ਮਾਸ”।
.... ਮਹਾਰਾਜਾ ਦਲੀਪ ਸਿੰਘ।
(6 ਸਤੰਬਰ1838 - 22 ਅਕਤੂਬਰ 1893)
ਮਹਾਰਾਜਾ ਦਲੀਪ ਸਿੰਘ ਨੇ ਖੁੱਸੇ ਰਾਜ ਦੀ ਮੁੜ ਬਹਾਲੀ, ਕੌਸ਼ਿਸ਼ਾਂ ਦੇ ਮੱਦੇਨਜ਼ਰ ਬਹੁਤ ਕਰੁਣਾਮਈ ਦਰਦ ਨਾਲ ਆਪਣੇ ਪਿਆਰੇ ਵਤਨ ਵਾਸੀਆਂ ਨੂੰ ਮਦਦ ਕਰਨ ਦੀਆਂ ਲਿਖੀਆਂ ਚਿੱਠੀਆਂ ਦੇ ਆਖੀਰ ਵਿੱਚ ਇਹ ਸਤਰਾਂ ਲਿਖੀਆਂ " ਮੈ ਹਾਂ ਤੁਹਾਡਾ ਆਪਣਾ ਲਹੂ ਤੇ ਮਾਸ "। ਹਾਲਾਤਾਂ ਨੂੰ ਬਦਲਣ ਲਈ ਅੱਗੇ ਆਉਣ ਦੀਆਂ ਅਪੀਲਾਂ ਕੀਤੀਆਂ। ਫਰਾਂਸ ਦੀ ਰਾਜਧਾਨੀ ਪੈਰਿਸ ਵਿਖੇ ਇਕ ਹੋਟਲ ਵਿੱਚੋ ਆਪਣੀ ਪਿਤਾ ਪੁਰਖੀ ਰਾਜ ਦੀ ਬਾਦਸ਼ਾਹਤ ਨੂੰ ਦੁਬਾਰਾ ਕਾਇਮੀ ਦੀ ਆਸ ਨਾਲ ਦੁਨੀਆਂ ਨਾਲ ਰਾਬਤੇ ਕਰਨ ਨਿਕਲਿਆ ਸਿੱਖ ਰਾਜ ਦਾ ਆਖਰੀ ਬਾਦਸ਼ਾਹ ਕੋਈ ਵੀ ਆਸ ਦੀ ਕਿਰਨ ਨੂੰ ਮਰਨ ਨਹੀਂ ਦੇਣਾ ਚਾਹੁੰਦਾ ਸੀ।
ਮਹਾਰਾਜਾ ਦਲੀਪ ਸਿੰਘ ਦੀ ਸਿੱਖ ਰਾਜ ਦੀ ਪਾ੍ਪਤੀ ਲਈ ਕੀਤੇ ਗਏ ਯਤਨ ਬਹੁਤ ਵੱਡੀ ਰਣਨੀਤੀ ਦਾ ਹਿਸਾ ਬਣਦੇ ਹਨ। ਦਲੀਪ ਸਿੰਘ ਦਾ ਦੁਨਿਆਂ ਦੀ ਵੱਡੀ ਬਰਤਾਨਵੀ ਤਾਕਤ ਕੋਲੋ ਆਪਣੇ ਰਾਜ ਦੀ ਵਾਪਸ ਲੈਣ ਲਈ ਬਾਗੀ ਹੋਣਾ, ਵੱਡੀ ਸਲਤਨਤ ਲਈ ਵੱਡਾ ਖਲਲ ਪੈਦਾ ਕਰਦੀ ਹੈ। ਜੂਨ 1886 ਵਿੱਚ ਪੈਰਿਸ ਵਿਖੇ ਆ ਕੇ ਖਾਲਸਾ ਰਾਜ ਦੀ ਜਦੋਜ਼ਹਿਦ ਇਹ ਦਰਸਾਉਣ ਵਿੱਚ ਕਾਮਯਾਬ ਹੁੰਦੀ ਹੈ ਕਿ ਹੁਣ ਵਕਤ ਆ ਗਿਆ ਸੀ ਅਤੇ ਤਸਵੀਰ ਸਾਫ ਹੋ ਚੁੱਕੀ ਸੀ ਕਿ ਆਪਣੇ ਰਾਜ ਨੂੰ ਵਾਪਸ ਲੈਣ ਤੋ ਬਿਨਾਂ ਕੋਈ ਚਾਰਾ ਨਹੀ। ਉਸ ਵਕਤ ਦੁਨਿਆਂ ਉਪਰ ਰਾਜ ਕਰਨ ਲਈ ਫਰਾਂਸ ਅਤੇ ਇੰਗਲੈਂਡ ਦੀ ਆਪਸੀ ਖਿਹਬਾਜ਼ੀ ਦਾ ਫਾਇਦਾ ਲੈਣ ਦਾ ਵੱਡਾ ਯਤਨ ਸੀ। ਮਹਾਂਰਾਜਾ ਦਲੀਪ ਸਿੰਘ ਦਾ ਅੰਗਰੇਜ਼ਾਂ ਨੂੰ ਆਪਣੇ ਬਾਗੀ ਪਨ ਦਾ ਅਹਿਸਾਸ ਵਿਰੋਧੀ ਧਰਤੀ ਤੋ ਕਰਵਾ ਦਿੰਦਾ ਹੈ। ਜਿਸ ਬਰਤਾਨਵੀ ਹਕੂਮਤ ਨੂੰ ਹੱਥਾਂ ਪੈਰਾਂ ਦੀ ਪੈ ਜਾਦੀ ਹੈ।
ਪੰਜਾਬ ਦੇ ਆਖਰੀ ਬਾਦਸ਼ਾਹ ਵੱਲੋਂ ਆਖਰੀ ਹੀਲੇ ਵਸੀਲਿਆਂ ਨਾਲ ਫਰਾਂਸ ਨਾਲ ਵਧੀਆ ਸਬੰਧਾਂ ਬਣਾਉਣ ਦੀ ਲਾਲਸਾ ਅਤੇ ਸ. ਠਾਕਰ ਸਿੰਘ ਸੰਧਾਵਾਲੀਆ ਦੇ ਸਹਿਯੋਗ ਨਾਲ ਪੰਜਾਬ ਵਿੱਚ ਬਿਖਰੀ ਖਾਲਸਾ ਰਾਜ ਦੀ ਤਾਕਤ ਨੂੰ ਇਕੱਠੀ ਕਰਨਾ ਸ਼ੁਰੂ ਕੀਤਾ। ਆਪਣੀ ਵਤਨ ਵਾਪਸੀ ਅਤੇ ਮਾਂ ਨਾਲ ਹੋਈਆਂ ਦੁਸ਼ਵਾਰੀਆਂ ਲਈ ਇਹ ਬਗਾਵਤ ਅਸਿਹ ਪੀੜਾ ਨੂੰ ਬਿਆਨ ਕਰਦੀ ਹੈ। ਉਸ ਦੇ ਬਾਦਸ਼ਾਹੀ ਜੀਵਨ ਵਿੱਚ ਕਿਤੇ ਵੀ ਸੁਖਾਵਾਂ, ਅਰਾਮਦਾਇਕ ਪਲ ਆਇਆ ਮਹਿਸੂਸ ਨਹੀ ਹੁੰਦਾ। ਇਕ ਸਾਲ ਦੀ ਉਮਰ ਵਿੱਚ ਪਿਤਾ ਦੀ ਮੌਤ ਨਾਲ ਹੱਥੋ ਉਂਗਲ ਦਾ ਛੁੱਟ ਜਾਣਾ ਹੀ ਮਹਾਰਾਜਾ ਦਲੀਪ ਸਿੰਘ ਦੇ ਮਾੜੇ ਸਮੇ ਦੀ ਸ਼ੁਰੂਆਤ ਮੰਨੀ ਜਾ ਸਕਦੀ ਹੈ। ਪੰਜ ਸਾਲਾਂ ਉਮਰ ਵਿੱਚ 1843 ਵਿੱਚ ਰਾਜ ਗੱਦੀ ਤੇ ਬੈਠਣ ਵੇਲੇ ਬਗਾਵਤ ਲਗਾਤਾਰ ਆਪਣੇ ਕਹਿਰ ਤੇ ਚਲ ਰਹੀ ਹੈ
ਅੰਗਰੇਜ਼ ਸਾਮਰਾਜ ਦੇ ਅਹਿਲਕਾਰਾਂ ਦੀਆਂ ਡੂੰਘੀਆਂ ਚਤੁਰਾਈਆ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨਾਲ ਕੀਤੀਆਂ ਸੰਧੀਆਂ ਨੂੰ ਦਰ ਕਿਨਾਰ ਕਰਕੇ ਧੋਖੇ ਦੀਆਂ ਖੇਡਾਂ ਖੇਡੀਆਂ। ਮੰਤਰੀਆਂ, ਅਹਿਲਕਾਰਾਂ, ਸੈਨਾਪਤੀਆਂ, ਫੌਜਾਂ ਵਿੱਚ ਉਠੇ ਗਦਰ ਅਤੇ ਗਦਾਰਾਂ ਦਾ ਬੋਲ ਬਾਲਾ ਸਿਖਰ ਤੇ ਪਹੁੰਚ ਗਿਆ ਸੀ। ਜਿਸ ਬਾਦਸ਼ਾਹੀ ਨੂੰ ਬਨੰਣ ਲਈ ਮਹਾਰਾਜਾ ਰਣਜੀਤ ਸਿੰਘ ਦੀ ਲਿਆਕਤ ਨੇ ਦੁਨਿਆਂ ਨੂੰ ਦੰਦਾ ਹੇਠਾ ਉਗਲਾਂ ਲੈਣ ਲਈ ਮਜਬੂਰ ਕਰ ਦਿੱਤਾ। ਉਹ ਸਿੱਖ ਰਾਜ ਮੁੱਠੀ ਵਿੱਚੋ ਰੇਤ ਦੀ ਨਿਆਈਂ ਕੇਵਲ 10 ਸਾਲ ਦੇ ਸਮੇਂ ਵਿੱਚ ਕਿਰ ਗਿਆ। ਅੰਗਰੇਜ, ਸਿੱਖ ਬਾਦਸ਼ਾਹਤ ਨੂੰ ਹਥਿਆਉਣ ਵਿੱਚ ਬਿਨਾਂ ਨੁਕਸਾਨ ਕਰਦਿਆਂ ਜਗੀਰਾਂ, ਰੁਤਬੇ ਦੇ ਲਾਲਚ ਦੇ ਕੇ ਕਾਮਯਾਬ ਹੋਏ।
ਮਹਾਰਾਜਾ ਰਣਜੀਤ ਸਿੰਘ ਨੇ ਬਹੁਤ ਛੋਟੀ ਉਮਰ ਵਿੱਚ ਰਾਜਨੀਤੀ ਦੀ ਆਪਣੀ ਤੀਖੱਣ ਬੁੱਧੀ ਨਾਲ ਦੁਨੀਆਂ ਵਿੱਚ ਵੱਡੀ ਸਲਤੱਨਤ ਖੜ੍ਹੀ ਕਰਕੇ ਸੰਸਾਰ ਵਿਚਲੀਆਂ ਵਕਤੀ ਬਾਦਸ਼ਾਹਤਾਂ ਨੂੰ ਸੋਚੀਂ ਪਾ ਦਿੱਤਾ। ਬਹੁਤਾਤ ਮੁਸਲਮਾਨੀ ਵੱਸੋ ਦੇ ਖਿੱਤੇ ਵਿੱਚ ਇੱਕ ਸਿੱਖ ਦੀ ਬਾਦਸ਼ਾਹੀ ਨੇ ਦੁਨੀਆਂ ਦਾ ਪਹਿਲਾਂ ਲੋਕਤੰਤਰ ਰਾਜ ਸਥਾਪਤ ਕੀਤਾ। ਮਹਾਰਾਜਾ ਭਾਵੇਂ ਸਿੱਖ ਸੀ ਪਰ ਚੰਗੀ ਰਾਜਨੀਤੀ ਦੇ ਮੁਹਾਰੀ ਨੇ ਹਰ ਵਰਗ, ਧਰਮ, ਕੌਮ, ਕਬੀਲਿਆਂ, ਨਸਲਾਂ, ਖਿਤਿਆਂ ਨੂੰ ਲੋਕਤੰਤਰੀ ਢੰਗਾਂ ਦੀ ਵਿਧੀ ਰਾਹੀਂ ਸਰਬ ਕਲਾ ਸੰਪੂਰਨ ਰਾਜ ਦਿੱਤਾ। ਆਪ ਸਿੱਖ ਹੋ ਕੇ ਹਿੰਦੂ, ਮੁਸਲਮਾਨਾਂ ਨੂੰ ਵਜੀਰੀਆਂ ਅਤੇ ਇਸਾਈਆਂ ਨੂੰ ਸੈਨਾਪਤੀਆਂ ਦੀਆਂ ਪੱਦਵੀਆ ਦੇ ਕੇ ਨਿਵਾਜਿਆ। ਅਮਨ ਭਾਈਚਾਰਾਕ ਸਾਂਝ ਦੀ ਪਕੜ ਨੂੰ ਮਜਬੂਰ ਕੀਤਾ।
ਮਹਾਂਰਾਜਾ ਦਲੀਪ ਸਿੰਘ ਸੰਨ 1849 ਵਿੱਚ ਅੰਗਰੇਜ਼ਾਂ ਅਤੇ ਸਿੱਖਾਂ ਦੀ ਦੂਸਰੀ ਜੰਗ ਪਿੱਛੋਂ ਜਿਸ ਚਲਾਕੀ ਅਤੇ ਸ਼ਾਤਰਾਨਾ ਢੰਗ ਨਾਲ ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਸ਼ਾਮਲ ਕੀਤਾ ਹੈ ਉਹ ਕਿਸੇ ਵੀ ਵਿਆਖਿਆ ਦਾ ਮੁਹਤਾਜ ਨਹੀਂ।
ਲਾਰਡ ਡਲਹੌਜ਼ੀ ਨੇ ਕੁਟਲਨੀਤੀ ਵਰਤਦਿਆਂ ਹੋਇਆਂ ਈਸਟ ਇੰਡੀਆ ਕੰਪਨੀ ਦੀ ਸਰਕਾਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਨਾਲ ਕੀਤੇ ਮਿੱਤਰਤਾ ਦੇ ਕੌਲ-ਇਕਰਾਰਾਂ ਨੂੰ ਛਿੱਕੇ ਟੰਗ ਕੇ ਨਾਬਾਲਗ ਮਹਾਰਾਜਾ ਅਤੇ ਉਹਨਾਂ ਦੀ ਮਾਤਾ, ਪੰਜਾਬ ਦੀ ਮਹਾਰਾਣੀ ਜਿੰਦ ਕੌਰ ਨਾਲ ਜੋ ਵਿਸ਼ਵਾਸਘਾਤੀਆਂ ਵਾਲਾ ਸਲੂਕ ਕੀਤਾ, ਉਹ ਇਤਿਹਾਸ ਦੇ ਪੰਨਿਆਂ ’ਤੇ ਇੱਕ ਬਦਨੁਮਾ ਦਾਗ਼ ਬਣ ਕੇ ਰਹਿ ਗਿਆ ਹੈ।
ਦਲੀਪ ਸਿੰਘ ਦਾ ਜਨਮ ਮਹਾਰਾਣੀ ਜਿੰਦ ਕੌਰ ਦੀ ਕੁੱਖੋਂ
6 ਸਤੰਬਰ1838 ਨੂੰ ਹੋਇਆ ਜੋ ਬਾਅਦ ਦੀ ਜ਼ਿੰਦਗੀ ਵਿੱਚ
ਸਿੱਖ ਰਾਜ ਦੇ ਆਖਰੀ ਮਹਾਰਾਜਾ ਸੀ। ਉਹ ਮਹਾਰਾਜਾ ਰਣਜੀਤ ਸਿੰਘ ਦਾ ਸੱਭ ਤੋ ਛੋਟਾ ਪੁੱਤਰ ਮਹਾਰਾਣੀ ਜਿੰਦ ਕੌਰ ਦਾ ਇੱਕੋ ਇੱਕ ਬੱਚਾ ਸੀ।
1849 ਨੂੰ ਮਹਾਰਾਜਾ ਦਲੀਪ ਸਿੰਘ ਨੂੰ ਰਾਜ-ਗੱਦੀ ਤੋਂ ਬੇਦਖ਼ਲ ਕਰਕੇ ਪੰਜਾਬ ਤੋਂ ਬਾਹਰ ਡਾ. ਜਾਨ ਲੋਗਨ ਦੀ ਨਿਗਰਾਨੀ ਵਿਚ ਫਤਹਿਗੜ੍ਹ (ਉੱਤਰ ਪ੍ਰਦੇਸ਼) ਵਿਚ ਭੇਜਿਆ ਗਿਆ।
ਹੌਲੀ ਹੌਲੀ ਉਸ ਨੂੰ ਈਸਾਈ ਧਰਮ ਨੂੰ ਗ੍ਰਹਿਣ ਕਰਨ ਵੱਲ ਪ੍ਰੇਰਿਆ ਗਿਆ। 8 ਮਾਰਚ,1853 ਨੂੰ ਦਲੀਪ ਸਿੰਘ ਈਸਾਈ ਬਣ ਗਿਆ ਅਤੇ 19 ਅਪ੍ਰੈਲ ,1854 ਨੂੰ ਸਦਾ ਲਈ ਇੰਗਲੈਂਡ ਚਲਾ ਗਿਆ।
ਜਨਵਰੀ 1861 ਵਿਚ ਇਹ ਕਲਕੱਤੇ ਵਿਚ ਆ ਕੇ ਆਪਣੀ ਮਾਂ ਮਹਾਰਾਣੀ ਜਿੰਦਾਂ ਨੂੰ 13 ਸਾਲ ਬਾਦ ਮਿਲਿਆ। ਇਸ ਨੂੰ ਪੰਜਾਬ ਨਾ ਆਉਣ ਦਿੱਤਾ ਗਿਆ। ਇਹ ਕਲਕੱਤਿਓਂ ਹੀ ਆਪਣੀ ਮਾਂ ਨੂੰ ਲੈ ਕੇ ਇੰਗਲੈਂਡ ਚਲਾ ਗਿਆ।
ਉਥੇ ਜਾ ਕੇ ਦੋ ਸਾਲਾਂ ਬਾਦ ਮਹਾਰਾਣੀ ਜਿੰਦਾਂ ਦਾ ਦੇਹਾਂਤ ਹੋ ਗਿਆ।
ਸੰਨ 1864 ਵਿਚ ਦਲੀਪ ਸਿੰਘ ਮਾਂ ਦੇ ਫੁਲ ਤਾਰਨ ਲਈ ਭਾਰਤ ਆਇਆ ,ਪਰ ਇਸ ਨੂੰ ਪੰਜਾਬ ਆਉਣ ਦੀ ਇਜਾਜ਼ਤ ਨ ਮਿਲੀ ਅਤੇ ਗੋਦਾਵਰੀ ਨਦੀ ਵਿਚ ਹੀ ਫੁਲ ਤਾਰ ਕੇ ਇੰਗਲੈਂਡ ਪਰਤ ਗਿਆ।
ਸੰਨ 1884 ਵਿਚ ਇਸ ਨੇ ਆਪਣੇ ਇਕ ਸੰਬੰਧੀ ਸ. ਠਾਕੁਰ ਸਿੰਘ ਸੰਧਾਵਾਲੀਆ ਨੂੰ ਇੰਗਲੈਂਡ ਬੁਲਵਾਇਆ ਅਤੇ ਸਿੱਖ ਧਰਮ ਦੀ ਰਹਿਤ ਮਰਯਾਦਾ ਅਤੇ ਚਲਨ ਦੀ ਸਿਖਿਆ ਗ੍ਰਹਿਣ ਕੀਤੀ।
ਯਾਦ ਰਹੇ ਸ. ਠਾਕੁਰ ਸਿੰਘ ਸੰਧਾਵਾਲੀਆ ਨੇ ਕੌਮ ਵਿੱਚ ਸੁਧਾਰ ਕਰਨ ਤੇ ਨਵੀਂ ਜਾਗ੍ਰਿਤੀ ਲਿਆਉਣ ਲਈ ਪੰਥ ਦੀਆਂ ਉਂਚੀਆਂ ਹਸਤੀਆਂ, ਬੁੱਧੀਜੀਵੀਆਂ ਨੂੰ ਇਕੱਤਰ ਕਰ ਕੇ 1872 ਵਿੱਚ ਸ੍ਰੀ ਗੁਰੂ ਸਿੰਘ ਸਭਾ, ਅੰਮ੍ਰਿਤਸਰ ਦੀ ਬੁਨਿਆਦ ਰੱਖ ਕੇ ਸਿੱਖੀ ਦੇ ਸਰੂਪ ਅਤੇ ਵਜੂਦ ਦੀ ਕਾਇਮੀ ਲਈ ਜਬਰਦਸਤ ਲਹਿਰ ਚਲਾਈ ਸੀ।
ਅਗਸਤ 1885 ਵਿਚ ਸ. ਠਾਕੁਰ ਸਿੰਘ ਭਾਰਤ ਵਾਪਸ ਪਰਤ ਗਿਆ। ਜਿਸ ਨੇ ਮਹਾਰਾਜਾ ਨੂੰ ਜਿਥੇ ਧਾਰਮਿਕ ਸਿੱਖਿਆ ਦਿੱਤੀ ਉਥੇ ਖਤਮ ਹੋ ਚੁੱਕੇ ਖਾਲਸਾ ਰਾਜ ਦੀਆਂ ਬਾਤਾਂ ਸੁਣਾਈਆਂ। ਰਾਜ ਵਾਪਸ ਲੈਣ ਦੀ ਚਿਣਗ ਪੈਦਾ ਕੀਤੀ।
31 ਮਾਰਚ,1886 ਨੂੰ ਦਲੀਪ ਸਿੰਘ ਭਾਰਤ ਲਈ ਰਵਾਨਾ ਹੋਇਆ ਤੇ ਸ. ਠਾਕੁਰ ਸਿੰਘ ਸੰਧਾਵਾਲੀਆ ਨੂੰ ਸੂਚਿਤ ਕੀਤਾ ਕਿ ਉਸ ਨੂੰ ਅੰਮ੍ਰਿਤ ਛਕਾਉਣ ਦੀ ਵਿਵਸਥਾ ਕੀਤੀ ਜਾਵੇ।
ਹਿੰਦ ਸਰਕਾਰ ਨੇ ਇਸ ਨੂੰ ਅਦਨ ਹੀ ਰੋਕ ਲਿਆ। ਸ. ਠਾਕੁਰ ਸਿੰਘ ਨੇ ਇਸ ਨੂੰ ਅਦਨ ਵਿਚ ਹੀ 25 ਮਈ,1886 ਨੂੰ ਅੰਮ੍ਰਿਤ ਛਕਾਉਣ ਦੀ ਵਿਵਸਥਾ ਕਰ ਦਿੱਤੀ। 3 ਜੂਨ, 1886 ਨੂੰ ਇਹ ਪੈਰਿਸ ਆ ਗਿਆ।
21 ਮਾਰਚ, 1887 ਨੂੰ ਇਹ ਪੈਰਿਸ ਤੋਂ ਪੀਟਰਸਬਰਗ (ਰੂਸ) ਗਿਆ, ਤਾਂ ਜੋ ਉਥੋਂ ਦੇ ਬਾਦਸ਼ਾਹ ਜ਼ਾਰ ਤੋਂ ਮਦਦ ਹਾਸਲ ਕਰ ਸਕੇ। ਇਸ ਨੇ ਭਾਰਤ ਖ਼ਾਸ ਕਰ, ਪੰਜਾਬ ਦੇ ਮਹਾਰਾਜਿਆਂ ਦਾ ਸਹਿਯੋਗ ਹਾਸਲ ਕਰਨ ਦਾ ਯਤਨ ਕੀਤਾ ਤੇ ਸ. ਠਾਕੁਰ ਸਿੰਘ ਨੂੰ ਆਪਣਾ ਪ੍ਰਧਾਨ ਮੰਤਰੀ ਨਿਯੁਕਤ ਕੀਤਾ।
ਪਰ 18 ਅਗਸਤ,1887 ਨੂੰ ਠਾਕੁਰ ਸਿੰਘ ਦੀ ਮੌਤ ਹੋ ਜਾਣ ਨਾਲ ਸਭ ਕੁਝ ਰੁਕ ਗਿਆ। ਦਲੀਪ ਸਿੰਘ ਵੀ ਰੂਸ ਤੋਂ ਨਿਰਾਸ਼ ਹੋ ਕੇ ਪੈਰਿਸ ਪਰਤ ਆਇਆ।
22 ਅਕਤੂਬਰ 1893 ਦੀ ਸ਼ਾਮ 7 ਵਜ਼ੇ ਸਿੱਖ ਰਾਜ ਦੇ ਆਖਰੀ ਬਾਦਸ਼ਾਹ ਮਹਾਰਾਜਾ ਦਲੀਪ ਸਿੰਘ ਨੇ ਪੈਰਿਸ ਦੇ ਮਹਿੰਗੇ ਅਤੇ ਵਧੀਆ ਤਰੀਮੁਆਲ ਹੋਟਲ ਵਿੱਚ ਆਖਰੀ ਸਾਹ ਲਏ। ਜਿੰਨਾ ਦੀ ਮਿ੍ਤਕ ਦੇਹ ਨੂੰ ਇੰਗਲੈਂਡ ਲਿਜਾਇਆ ਗਿਆ ਅਤੇ ਨਿਵਾਸ ਅਸਥਾਨ " ਅਲਵਡਨ " ਵਿਖੇ ਦਫਨਾਇਆ ਗਿਆ।
ਅੱਜ ਵੀ ਸਿੱਖ ਬਾਦਸ਼ਾਹੀ ਦੀਆਂ ਨਿਸ਼ਾਨੀਆਂ ਵਿੱਚੋ ਦੁਨੀਆਂ ਦਾ ਬੇਸ਼ਕੀਮਤੀ ਹੀਰਾ " ਕੌਹੇਨੂੰਰ " ਇੰਗਲੈਂਡ ਦੀ ਸ਼ਾਹੀ ਖਾਨਦਾਨ ਦਾ ਸ਼ਿੰਗਾਰ ਬਣਿਆ ਹੋਇਆ ਹੈ। ਮਹਾਰਾਜਾ ਰਣਜੀਤ ਸਿੰਘ ਦੇ ਸਿੰਘਸਣ ਦੀ ਸੋਨੇ ਦੀ ਬਣੀ ਕੁਰਸੀ ਆਪਣੇ ਰਾਜ ਦੀਆਂ ਬਾਤਾਂ ਪਾ ਰਹੀ ਹੈ।
ਪੈਰਿਸ ਵਿੱਚ ਮਹਾਰਾਜੇ ਦੀ ਆਖਰੀ ਰਿਹਾਇਸ਼ ਬਣੇ ਹੋਟਲ ਦੀ ਇਮਾਰਤ ਪੈਰਿਸ ਦੀਆਂ ਵੱਡੀਆਂ ਸੈਰ ਗਾਹਾਂ ਵਾਲੀ ਥਾਂ ਤੇ ਸਥਿਤ ਹੈ।
ਮੈ ਇਸ ਸ਼ਹਿਰ ਦਾ ਬਾਸ਼ਿੰਦਾ ਹਾਂ ਅਕਸਰ ਹੋਟਲ ਸਾਹਮਣੇ ਜਾਂਦਾ ਹਾਂ। ਆਪਣਾ ਆਪਣਾ ਮਹਿਸੂਸ ਕਰਦਾ ਹਾਂ। ਪਿਆਰ ਭਰੀ ਅਣਪੱਤ ਜਾਗਦੀ ਹੈ। ਮਹਿਸੂਸ ਕਰਦਾ ਹਾਂ ਕਿ ਹੁਣੇ ਬਾਹਰ ਆਵੇਗਾ। ਪਰ ਇਹ ਬੀਤੇ ਦੀ ਕਹਾਣੀ ਹੈ। ਬੱਸ ਇਸ ਕਹਾਣੀ ਦੇ ਪਾਤਰ ਦੀ ਅਦਿੱਖ ਯਾਦਾਂ ਹਨ। ਇਸ ਹੋਟਲ ਵਾਲਿਆ ਕੋਲ ਅੱਜ ਦੱਸਣ ਨੂੰ ਕੁਝ ਨਹੀ। ਕਿਉਂਕਿ ਹੋਟਲ ਮਾਲਕਾਂ ਦੇ ਬਦਲਣ ਨਾਲ ਹੀ ਹਰ ਰਿਕਾਰਡ ਵੀ ਬਦਲ ਜਾਂਦਾ ਹੈ। ਇਕ ਬਾਗੀ ਹੋਏ, ਬੇਵਤਨੇ, ਜਲਾਲਾਵਤਨੀ ਹੰਡਾਉਣ ਵਾਲੇ ਮਹਾਰਾਜੇ ਦੀਆਂ ਜਾਂ ਢਹਿ ਗਈ ਸਲਤੱਨਤ ਦੀਆਂ ਨਿਸ਼ਾਨੀਆਂ ਨੂੰ ਕੌਮਾਂ ਤੋ ਬਿਨਾਂ ਹੋਰ ਕੋਈ ਨਹੀਂ ਸਾਂਭ ਸਕਦਾ। ਮੁੜ ਰਾਜ ਕਰਨ ਦੇ ਸੰਕਲਪ ਦੀ ਉਮੀਦ ਬਣੀ ਹੋਈ ਹੈ। ਹਾਲਾਤ, ਪ੍ਰਸਥਿਤੀਆਂ ਭਵਿੱਖ ਦੀ ਗੋਦ ਵਿੱਚ ਹਨ।
ਅਸੀ ਸਿੱਖ ਰਾਜ ਨੂੰ ਵਿਸਰ ਗਏ ਹਾਂ ਅਤੇ ਹਕੂਮਤਾ ਵੱਲੋ ਵਿਸਾਰੇ ਗਏ ਹਾਂ। 22 ਅਕਤੂਬਰ 2023 ਨੂੰ ਮਹਾਰਾਜਾ ਦਲੀਪ ਸਿੰਘ ਦੀ 130ਵੀਂ ਬਰਸੀ ਗੁਰੂਦੁਆਰਾ ਸਿੰਘ ਸਭਾ ਬੌਬੀਨੀ ਵਿਖੇ ਸ਼ਾਮ ਵੇਲੇ ਪਹਿਲੀ ਵਾਰ ਪੈਰਿਸ ਦੀ ਧਰਤੀ ਉਪਰ ਮਨਾਈ ਜਾ ਰਹੀ ਹੈ। ਅਰਦਾਸ ਕੀਤੀ ਜਾ ਰਹੀ ਹੈ। ਸ਼ਰਧਾ ਦੇ ਫੁੱਲ ਭੇਟ ਕੀਤੇ ਜਾ ਰਹੇ ਹਨ।
" ਐਤਕੀ ਦਲੀਪ ਸਿੰਆਂ ਤੂੰ ਰਾਜ ਕਰੇਂ,
ਜਦੋ ਸਿੱਖ ਰਾਜ ਆਵੇ...ਜਦੋ ਸਿੱਖ ਰਾਜ ਆਵੇ "
ਸ. ਦਲਵਿੰਦਰ ਸਿੰਘ ਘੁੰਮਣ