ਸ੍ਰੋਮਣੀ ਕਮੇਟੀ ਦੇ ਵੋਟ ਫਾਰਮ ਵਿੱਚ ਮਕਾਰੀ ਭਰੀਆਂ ਤਰੁੱਟੀਆਂ,ਸਿੱਖ ਸੰਸਥਾਵਾਂ ਦੀ ਲਾਪਰਵਾਹੀ ਅਤੇ ਆਪਸੀ ਪਾਟੋਧਾੜ ਦਾ ਨਤੀਜਾ - ਬਘੇਲ ਸਿੰਘ ਧਾਲੀਵਾਲ
ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਂਮ ਚੋਣਾਂ ਨੂੰ ਲੈ ਕੇ ਕਾਫੀ ਚਰਚਾਵਾਂ ਚੱਲ ਰਹੀਆਂ ਹਨ, 2011 ਤੋ ਬਾਅਦ ਸ੍ਰੋਮਣੀ ਕਮੇਟੀ ਚੋਣਾਂ ਨਹੀ ਕਰਵਾਈਆਂ ਗਈਆਂ,ਜਿਸ ਕਾਰਨ ਸਿੱਖਾਂ ਵਿੱਚ ਕਾਫੀ ਰੋਸ ਵੀ ਪਾਇਆ ਜਾ ਰਿਹਾ ਹੈ, ਪ੍ਰੰਤੂ ਸਿੱਖਾਂ ਦੇ ਰੋਸ਼ ਨੂੰ ਮਹਿਸੂਸ ਕੌਣ ਕਰੇ,ਇਹ ਵੀ ਸੋਚਣ ਦਾ ਵਿਸ਼ਾ ਹੈ। ਚੋਣਾਂ ਨਾ ਕਰਵਾਉਣ ਪਿੱਛੇ ਸਿੱਧੇ ਤੌਰ ਤੇ ਉਹ ਧਿਰਾਂ ਹੀ ਜ਼ੁੰਮੇਵਾਰ ਹਨ,ਜਿਹੜੀਆਂ ਪਿਛਲੇ ਲੰਮੇ ਸਮੇਂ ਤੋ ਕੇਂਦਰ ਦੀ ਮਿਹਰਬਾਨੀ ਸਦਕਾ ਗੁਰਦੁਆਰਾ ਪ੍ਰਬੰਧ ਤੇ ਕਾਬਜ਼ ਹਨ।ਪੰਥਕ ਧਿਰਾਂ ਭਾਵੇਂ ਕੇਂਦਰ ਤੋਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਕਰਵਾਉਣ ਦੀ ਮੰਗ ਕਰਦੀਆਂ ਆ ਰਹੀਆਂ ਹਨ,ਪਰ ਉਹਨਾਂ ਦੀ ਆਪਸੀ ਪਾਟੋਧਾੜ,ਹਾਉਮੈ,ਹੰਕਾਰ ਅਤੇ ਈਰਖਾ ਨੇ ਉਹਨਾਂ ਦੀ ਤਾਕਤ ਨੂੰ ਬੇਹੱਦ ਕਮਜੋਰ ਕਰ ਦਿੱਤਾ ਹੈ,ਜਿਸ ਕਰਕੇ ਕੇਂਦਰ ਉਹਨਾਂ ਦੀ ਕਿਸੇ ਵੀ ਗੱਲ ਨੂੰ ਅਹਿਮੀਅਤ ਨਹੀ ਦਿੰਦਾ।ਜੇਕਰ ਪਿੱਛੇ ਵੱਲ ਝਾਤ ਮਾਰੀਏ,ਸਿੱਖ ਆਪਣੀ ਪਾਟੋ ਧਾੜ ਦੇ ਕਾਰਨ ਮੁੱਢੋਂ ਹੀ ਕੌਂਮੀ ਨੁਕਸਾਨ ਝੱਲਦੇ ਆ ਰਹੇ ਹਨ।ਇਹ ਅਲਾਮਤ ਸਿੱਖਾਂ ਦੇ ਪਿੱਛੇ ਗੁਰੂ ਕਾਲ ਤੋ ਹੀ ਪਈ ਹੋਈ ਹੈ। ਉਹ ਤਾਕਤਾਂ ਜਿਹੜੀਆਂ ਮੁੱਢ ਤੋਂ ਹੀ ਸਿੱਖੀ ਨੂੰ ਵੱਧਦਾ ਫੁੱਲਦਾ ਦੇਖ ਕੇ ਨਹੀ ਸਨ ਸੁਖਾਂਦੀਆਂ ,ਉਹਨਾਂ ਨੇ ਸਿੱਖਾਂ ਨੂੰ ਗੁਰੂ ਤੋ ਬੇਮੁੱਖ ਕਰਨ ਦੇ ਕੋਝੇ ਯਤਨ ਅਤੇ ਹਕੂਮਤਾਂ ਨਾਲ ਮਿਲ ਕੇ ਸਿੱਖੀ ਨੂੰ ਖਤਮ ਕਰਨ ਦੇ ਮਨਸੂਬੇ ਬਣਾਏ,ਫਲ਼ਸਰੂਪ ਗੁਰੂ ਨਾਨਕ ਸਾਹਿਬ ਨੂੰ ਕਰਾਹੀਆ ਕਹਿ ਕੇ ਭੰਡਿਆ,ਉਹਨਾਂ ਨੂੰ ਸੱਚ ਬੋਲਣ ਦੀ ਸਜ਼ਾ ਦੇ ਰੂਪ ਵਿੱਚ ਜੇਲ੍ਹ ਦੀਆਂ ਚੱਕੀਆਂ ਪੀਹਣੀਆਂ ਪਈਆਂ,ਪੰਜਵੇਂ ਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਨੂੰ ਤੱਤੀ ਤਬੀ ਤੇ ਬੈਠ ਕੇ ਸ਼ਹਾਦਤ ਦੇਣੀ ਪਈ, ਛੇਵੇਂ ਪਾਤਸ਼ਾਹ ਸ੍ਰੀ ਹਰਿਗੋਬਿੰਦ ਸਾਹਿਬ ਜੀ ਨੇ ਉਪਰੋਕਤ ਸਾਜਿਸ਼ਾਂ ਅਤੇ ਹਕੂਮਤਾਂ ਦੇ ਜਬਰ ਨੂੰ ਚੈਲੰਜ ਦੇ ਰੂਪ ਵਿੱਚ ਸਵੀਕਾਰਿਆ ਅਤੇ ਸਿੱਖਾਂ ਦੀ ਅਜਾਦ ਪ੍ਰਭੂ ਸੱਤਾ ਦਾ ਐਲਾਨ ਕਰ ਦਿੱਤਾ। ਨੌਂਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਪਣੇ ਤਿੰਨ ਸਿੱਖਾਂੳਾਤ ਸਮੇਤ ਦਿੱਲੀ ਵਿੱਚ ਸ਼ਹਾਦਤ ਦੇਣੀ ਪਈ,ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਮੌਕੇ ਦੇ ਸਿੱਖਾਂ ਦੀ ਹਾਲਤ ਨੂੰ ਦੇਖਦਿਆਂ,ਖਾਲਸਾ ਸਾਜਨਾ ਦਾ ਨਵਾਂ ਸੰਕਲਪ ਲੈ ਕੇ ਆਂਦਾ। ਲਤਾੜੇ ਨਪੀੜੇ ਲੋਕਾਂ ਨੂੰ ਨਵਾ ਜਨਮ ਦਿੱਤਾ,ਨਵਾਂ ਰੂਪ, ਸਰੂਪ ਦੇ ਕੇ ਸਿਰਦਾਰੀਆਂ ਦੀ ਬਖਸ਼ਿਸ਼ ਕੀਤੀ। “ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ।।ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ” ਦਾ ਸੰਕਲਪ ਦ੍ਰਿੜ ਕਰਵਾ ਕੇ ਜਬਰ ਜੁਲਮ ਨਾਲ ਟੱਕਰ ਲੈਣ ਦੇ ਸਮਰੱਥ ਬਣਾਇਆ।ਖਾਲਸੇ ਨੂੰ ਅਜਿਹੇ ਨਿੱਗਰ ਸਿਧਾਂਤਾਂ ਦੀ ਬਖਸ਼ਿਸ਼ ਕਰਕੇ ਆਪਣੀ ਹੋਣੀ ਆਪ ਘੜਨ ਦੇ ਜਨਮ ਸਿੱਧ ਅਧਿਕਾਰਾਂ ਦੇ ਨਾਲ ਸਾਰੀ ਦੁਨੀਆਂ ਤੋ ਨਿਆਰਾ, ਨਿਰਾਲਾ ਸਰੂਪ ਦੇ ਕੇ ਸਥਾਪਤੀ ਨੂੰ ਕੰਬਣੀ ਛੇੜ ਦਿੱਤੀ। ਇੱਕ ਦਿਨ ਅਜਿਹਾ ਵੀ ਆਇਆ ਜਦੋਂ ਦੁਨੀਆਂ ਦੀ ਵੱਡੀ ਸਲਤਨਤ ਦਾ ਬਾਦਸ਼ਾਹ ਗੁਰੂ ਸਾਹਿਬ ਨਾਲ ਮੁਲਾਕਾਤ ਲਈ ਸਮਾ ਮੰਗਣ ਲਈ ਮਜਬੂਰ ਹੋ ਗਿਆ।ਇਸ ਦੇ ਬਾਵਜੂਦ ਵੀ ਉਹ ਤਾਕਤਾਂ ਜਿਹੜੀਆਂ ਸਿੱਖੀ ਤੋ ਖਾਰ ਖਾਂਦੀਆਂ ਸਨ,ਸਾਜਿਸ਼ਾਂ ਰਚਣ ਵਿੱਚ ਮਸ਼ਰੂਫ਼ ਰਹੀਆਂ,ਫਲਸਰੂਪ ਨੰਦੇੜ ਦੀ ਧਰਤੀ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਉੱਪਰ ਵੀ ਜਾਨਲੇਵਾ ਹਮਲਾ ਹੋ ਗਿਆ। ਗੁਰੂ ਸਾਹਿਬ ਦੇ ਜੋਤੀ ਜੋਤ ਸਮਾਉਣ ਦਾ ਕਾਰਨ ਉਹ ਹਮਲਾ ਹੀ ਸੀ।ਇਸ ਤੋ ਪਹਿਲਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਧੋ ਦਾਸ ਬੈਰਾਗੀ ਨੂੰ ਅਮ੍ਰਿਤ ਛਕਾ ਕੇ ਬਾਬਾ ਬੰਦਾ ਸਿੰਘ ਬਹਾਦਰ ਬਣਾਇਆ ਅਤੇ ਸਰਹਿੰਦ ਦੇ ਸੂਬੇਦਾਰ ਸਮੇਤ ਜਾਬਰਾਂ ਤੋ ਜੁਲਮਾਂ ਦਾ ਹਿਸਾਬ ਚੁਕਤਾ ਕਰਨ ਲਈ ਥਾਪੜਾ ਦੇ ਕੇ ਭੇਜਿਆ।ਬਾਬਾ ਜੀ ਨੇ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਬਦਲਾ ਹੀ ਨਹੀ ਲਿਆ,ਬਲਕਿ ਪਹਿਲਾ ਖਾਲਸਾ ਰਾਜ ਸਥਾਪਤ ਕਰਕੇ ਗੁਰੂ ਸਾਹਿਬ ਦੇ ਨਾਮ ਦਾ ਛਿੱਕਾ ਚਲਾ ਦਿੱਤਾ।ਪਰੰਤੂ ਉਹਨਾਂ ਨੂੰ ਵੀ ਉਪਰੋਕਤ ਸਾਜਿਸ਼ਾਂ ਦਾ ਸ਼ਿਕਾਰ ਹੋਣਾ ਪਿਆ, ਫਲਸਰੂਪ ਸਿੱਖਾਂ ਦਾ ਪਹਿਲਾ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ,ਜਿਹੜਾ ਹਮੇਸਾਂ ਆਪਣੇ ਗੁਰੂ ਨੂੰ ਸਮੱਰਪਿਤ ਰਿਹਾ,ਗੁਰੂ ਦੀ ਚੜ੍ਹਦੀ ਕਲਾ ਦਾ ਸੈਦਾਈ ਬਣ ਕੇ ਜੀਵਿਆ,ਉਹਨੂੰ ਵੀ ਅੰਦਰੂੰਨੀ ਤੇ ਬਾਹਰੀ ਸਾਜਿਸ਼ਾਂ ਦਾ ਸ਼ਿਕਾਰ ਹੋ ਕੇ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਕਾਇਮ ਕੀਤਾ ਖਾਲਸਾ ਰਾਜ ਗੁਆ ਕੇ ਆਪਣੇ ਚਾਰ ਸਾਲ ਦੇ ਪੁੱਤਰ ਸਮੇਤ ਸੱਤ ਸੌ ਚਾਲੀ ਸਿੱਖ ਮਰਜੀਵੜਿਆਂ ਦੇ ਨਾਲ ਸ਼ਹਾਦਤ ਦੇਣੀ ਪਈ, 9 ਜੂਨ 1716 ਈਸਵੀ ਵਿੱਚ ਉਸ ਮੌਕੇ ਦੇ ਦਿੱਲੀ ਦੇ ਬਾਦਸ਼ਾਹ ਫਰਖ਼ਸ਼ੀਅਰ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰ ਦਿੱਤਾ। ਉਹਨਾਂ ਤੋ ਬਾਅਦ ਭਾਂਵੇਂ ਸਿੱਖ ਆਪਣੇ ਗੁਰੂ ਸਾਹਿਬਾਨ ਦੀ ਕਿਰਪਾ ਦ੍ਰਿਸ਼ਟੀ ਸਦਕਾ ਜੰਗਲਾਂ ਬੇਲਿਆਂ ਚ ਰਹਿਣ ਦੇ ਬਾਵਜੂਦ ਵੀ ਵੱਡੀਆਂ ਤਾਕਤਾਂ ਦੇ ਨੱਕ ਵਿੱਚ ਦਮ ਕਰਨ ਦਾ ਹੌਸਲਾ ਅਤੇ ਹਿੰਮਤ ਰੱਖਦੇ ਸਨ।ਲਿਹਾਜਾ ਸਿੱਖਾਂ ਨੇ ਇੱਕ ਨਹੀ ਅਨੇਕਾਂ ਵਾਰੀ ਖਤਮ ਹੋਣ ਦੀ ਕਾਗਾਰ ਤੋ ਮੁੜ ਕੇ ਵੱਡੇ ਵੱਡੇ ਕੀਰਤੀਮਾਨ ਸਥਾਪਤ ਕੀਤੇ,ਪ੍ਰੰਤੂ ਸਿੱਖ ਵਿਰੋਧੀ ਤਾਕਤਾਂ ਨੇ ਖਹਿੜਾ ਨਹੀ ਛੱਡਿਆ। ਸਮੇ ਦੇ ਨਾਲ ਨਾਲ ਇਹ ਤਾਕਤਾਂ ਹੋਰ ਚਲਾਕ ਅਤੇ ਮਕਾਰ ਹੁੰਦੀਆਂ ਗਈਆਂ,ਜਿਸ ਕਰਕੇ ਸਿੱਖਾਂ ਅੰਦਰ ਸੰਨ ਲਾਉਣ ਵਿੱਚ ਕਾਮਯਾਬ ਹੋ ਗਈਆਂ। 1849 ਵਿੱਚ ਖੁੱਸਿਆ ਸਿੱਖ ਰਾਜ ਵੀ ਅਜਿਹੀਆਂ ਹੀ ਅਣਹੋਣੀਆਂ ਦਾ ਨਤੀਜਾ ਸੀ,ਜਿਸ ਤੋ ਬਾਅਦ ਸਿੱਖ ਬੇਘਰੇ ਹੋ ਕੇ ਜੀਅ ਰਹੇ ਹਨ।ਰਾਜ ਭਾਗ ਖੁੱਸ ਜਾਣ ਤੋ ਬਾਅਦ ਤਾਂ ਸਿੱਖਾਂ ਨੂੰ ਕਦੇ ਆਪਣੇ ਰਾਜ ਭਾਗ ਬਾਰੇ ਸੋਚਣ ਦੀ ਵਿਹਲ ਹੀ ਨਹੀ ਮਿਲ ਸਕੀ। ਇਹ ਕੌੜਾ ਸੱਚ ਹੈ ਕਿ ਖਾਲਸਾ ਰਾਜ ਸਮੇ ਸੌ ਫੀਸਦੀ ਸਾਖਰ ਕੌਂਮ ਰਾਜ ਭਾਗ ਖੁੱਸਦਿਆਂ ਹੀ ਅਨਪੜਾਂ ਦੀ ਕੌਂਮ ਬਣ ਕੇ ਰਹਿ ਗਈ। ਨਿੱਜੀ ਲਾਲਸਾਵਾਂ ਅਤੇ ਖੁਦਗਰਜ਼ੀਆਂ ਐਨੀਆਂ ਕੁ ਭਾਰੀ ਪੈ ਗਈਆਂ ਕਿ ਆਪਣੇ ਘਰ ਦੀ ਯਾਦ ਹੀ ਵਿੱਸਰ ਗਈ। ਦੂਰ ਅੰਦੇਸੀ ਵਰਗੇ ਸਰਲ ਪਰ ਨਿੱਗਰ ਸਬਦ ਸਿੱਖਾਂ ਦੇ ਸਬਦ-ਕੋਸ਼ ਵਿੱਚੋ ਹੀ ਗਾਇਬ ਹੋ ਗਏ। ਐਨਾ ਕੁੱਝ ਗਵਾਉਣ ਦੇ ਬਾਵਜੂਦ ਵੀ ਗੁਰੂ ਸਾਹਿਬ ਨੇ ਸਿੱਖਾਂ ਅੰਦਰੋ ਗੈਰਤ ਦਾ ਕਣ ਕਦੇ ਵੀ ਮਰਨ ਨਹੀ ਦਿੱਤਾ।ਆਪਣੇ ਗੁਰੂ ਪ੍ਰਤੀ ਸ਼ਰਧਾ ਸਤਿਕਾਰ ਹੀ ਸੀ,ਜਿਸ ਦੇ ਸਦਕਾ ਸਿੱਖਾਂ ਨੇ ਵੱਡੇ ਵੱਡੇ ਜਾਬਰਾਂ ਨੂੰ ਲੋਹੇ ਦੇ ਚਨੇ ਚਬਾ ਦਿੱਤੇ,ਸੋ ਸਿੱਖਾਂ ਦੀ ਸ਼ਕਤੀ ਦੇ ਸੋਮੇ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਭੰਗ ਕਰਕੇ ਸਿੱਖਾਂ ਦੀ ਗੁਰੂ ਸਾਹਿਬ ਪ੍ਰਤੀ ਸ਼ਰਧਾ, ਸਤਿਕਾਰ ਨੂੰ ਢਾਹ ਲਾਉਣ ਦੀ ਖਾਤਰ ਸਭ ਤੋ ਪਹਿਲਾਂ ਅੰਗਰੇਜੀ ਹਕੂਮਤ ਨੇ ਸਿੱਖਾਂ ਤੋ ਗੁਰਦੁਆਰਾ ਪ੍ਰਬੰਧ ਖੋਹ ਕੇ ਮਹੰਤ ਕਾਬਜ ਕਰਵਾ ਦਿੱਤੇ, ਜਿੰਨਾਂ ਤੋ ਖਹਿੜਾ ਛੁਡਵਾਉਣ ਲਈ ਸਿੱਖਾਂ ਨੂੰ ਭਾਰੀ ਕੀਮਤ ਚੁਕਾਉਣੀ ਪਈ। ਬਿਨਾਂ ਸ਼ੱਕ ਸਿੱਖਾਂ ਨੇ ਆਪਣੇ ਗੁਰੂ ਦੀ ਕਿਰਪਾ ਸਦਕਾ ਅਡੋਲ ਸ਼ਹਾਦਤਾਂ ਦੇ ਕੇ ਗੁਰਦੁਆਰਾ ਪਰਬੰਧ ਲੈਣ ਵਿੱਚ ਕਾਮਯਾਬੀ ਹਾਸਲ ਕਰ ਲਈ। ਉਸ ਤੋ ਬਾਅਦ ਵੀ ਸਿੱਖ ਲਗਾਤਾਰ ਮਕਾਰੀ ਸਾਜਿਸ਼ਾਂ ਦਾ ਸ਼ਿਕਾਰ ਹੁੰਦੇ ਰਹੇ।ਸਿੱਖ ਆਗੂਆਂ ਨੇ ਗੁਰਦੁਆਰਾ ਪਰਬੰਧ ਨੂੰ ਸੁਚਾਰੂ ਰੂਪ ਚ ਚਲਾਉਣ ਲਈ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਲਿਆਂਦੀ,ਪ੍ਰੰਤੂ ਏਥੇ ਉਹ ਫਿਰ ਇੱਕ ਵਾਰ ਜਿੱਤ ਕੇ ਵਾਜੀ ਹਾਰ ਗਏ,ਜਿਸ ਦਾ ਖਮਿਆਜਾ ਸਿੱਖ ਪਤਾ ਨਹੀ ਕਦੋਂ ਤੱਕ ਭੁਗਤਦੇ ਰਹਿਣਗੇ।ਉਹਨਾਂ ਨੇ ਕਿਸੇ ਮਕਾਰ ਗੈਰ ਸਿੱਖ ਲੀਡਰ ਦੀਆਂ ਗੱਲਾਂ ਵਿੱਚ ਆ ਕੇ ਸਰੋਮਣੀ ਕਮੇਟੀ ਨੂੰ ਸੰਵਿਧਾਨ ਦੇ ਦਾਇਰੇ ਵਿੱਚ ਲੈ ਕੇ ਆਉਣਾ ਸਵੀਕਾਰ ਕਰ ਲਿਆ।ਏਥੇ ਆ ਕੇ ਫਿਰ ਸਿੱਖ ਪਾਟੋਧਾੜ ਦਾ ਸ਼ਿਕਾਰ ਹੋ ਗਏ,ਕੁੱਝ ਇੱਸ ਕਨੂੰਨ ਨਾਲ ਸਹਿਮਤ ਹੋ ਕੇ ਜੇਲ ਤੋ ਰਿਹਾਅ ਹੋ ਗਏ ਅਤੇ ਕੁੱਝ ਅਸਹਿਮਤ ਹੋ ਕੇ ਜੇਲ ਅੰਦਰ ਹੀ ਬੈਠੇ ਰਹੇ।ਭਾਂਵੇ ਜੇਲ੍ਹ ਅੰਦਰ ਬੈਠੇ ਸਿੱਖ ਆਗੂਆਂ ਦੀ ਭਾਵਨਾ ਪਾਕ ਪਵਿੱਤਰ ਸੀ,ਪਰ ਦੂਰਦ੍ਰਿਸ਼ਟੀ ਦੀ ਘਾਟ ਕਾਰਨ ਉਹ ਕੁੱਝ ਵੀ ਹਾਸਲ ਨਾ ਕਰ ਸਕੇ,ਲਿਹਾਜ਼ਾ ਹਮੇਸਾਂ ਲਈ ਸਮੁੱਚਾ ਗੁਰਦੁਆਰਾ ਪਰਬੰਧ 1925 ਦੇ ਗੁਰਦੁਆਰਾ ਐਕਟ ਪਾਸ ਹੋਣ ਤੋ ਬਾਅਦ ਕੇਂਦਰ ਦੇ ਅਧੀਨ ਚਲਾ ਗਿਆ। 1947 ਵਿੱਚ ਭਾਰਤ ਦੇਸ਼ ਤਾਂ ਅਜਾਦ ਹੋ ਗਿਆ,ਪਰ ਮੁਲਕ ਨੂੰ ਅਜਾਦ ਕਰਵਾਉਣ ਲਈ ਸਭ ਤੋ ਵੱਧ ਸ਼ਹਾਦਤਾਂ ਦੇਣ ਅਤੇ ਸਜ਼ਾਵਾਂ ਕੱਟਣ ਵਾਲੇ ਹਮੇਸਾਂ ਲਈ ਆਪਣੇ ਗੁਰੂ ਘਰ ਵੀ ਗੁਲਾਮ ਕਰਵਾ ਕੇ ਬੈਠ ਗਏ।ਅੱਜ ਜੋ ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੇ ਮਾੜੇ ਪਰਬੰਧ ਨੂੰ ਲੈ ਕੇ ਜਾਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਂਮ ਚੋਣਾਂ ਨੂੰ ਲੈ ਕੇ ਚਰਚਾ ਹੋ ਰਹੀ ਹੈ,ਉਸ ਦਾ ਕਾਰਨ ਇਹ ਹੀ ਹੈ ਕਿ ਸਿੱਖਾਂ ਵਿੱਚ ਏਕਾ ਨਾਮ ਦੀ ਕੋਈ ਗੱਲ ਹੀ ਨਹੀ ਰਹੀ,ਚੌਧਰ ਦੀ ਭੁੱਖ ਸਿੱਖ ਆਗੂਆਂ ਦੇ ਸਿਰ ਚੜ ਕੇ ਬੋਲਦੀ ਹੈ,ਜਿਸ ਲਈ ਉਹ ਆਪਣੀ ਕੌਂਮ ਨਾਲ ਵੱਡੇ ਤੋ ਵੱਡਾ ਧਰੋਹ ਕਮਾਉਣ ਵਿੱਚ ਰੱਤੀ ਮਾਤਰ ਵੀ ਹਿਚਕਚਾਹਟ ਮਹਿਸੂਸ ਨਹੀ ਕਰਦੇ,ਜਿਸ ਦੇ ਫਲਸਰੂਪ ਗੁਰਦੁਆਰਾ ਪਰਬੰਧ ਹਮੇਸਾਂ ਉਹਨਾਂ ਧਿਰਾਂ ਦੇ ਕੋਲ ਰਹਿੰਦਾ ਹੈ,ਜਿਹੜੀਆਂ ਕੇਂਦਰ ਨਾਲ ਵਫਾਦਾਰੀ ਪਾਲਦੀਆਂ ਹਨ।ਪਿਛਲੇ ਦਿਨਾਂ ਵਿੱਚ ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਵੋਟ ਬਨਾਉਣ ਲਈ ਜਾਰੀ ਕੀਤੇ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫਾਰਮ ਵਿੱਚ ਊਣਤਾਈਆਂ ਸਾਹਮਣੇ ਆਈਆਂ ਹਨ। ਉਪਰੋਕਤ ਫਾਰਮ ਵਿੱਚ ਕੇਸਧਾਰੀ ਸਿੱਖ ਦੀ ਗੱਲ ਕੀਤੀ ਗਈ ਹੈ,ਪਰ ਉਪਰੋਕਤ ਫਾਰਮ ਵਿੱਚ ਸਿੱਖ ਧਰਮ ਨੂੰ ਮੰਨਣ,ਸ੍ਰੀ ਗੁਰੂ ਗਰੰਥ ਸਾਹਿਬ ਅਤੇ ਗੁਰੂ ਸਹਿਬਾਨਾਂ ਨੂੰ ਮੰਨਣ ਜਾਂ ਸਤਿਕਾਰ ਕਰਨ ਦੇ ਸਬੰਧ ਵਿੱਚ ਕੁੱਝ ਵੀ ਨਹੀ ਸੀ ਲਿਖਿਆ ਗਿਆ,ਪਰ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸਰੋਮਣੀ ਗੁਰਦੁਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ,ਸਕੱਤਰ,ਮੈਂਬਰ ਜਾਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਉਹਦਾ ਕੋਈ ਨੋਟਿਸ ਨਹੀ ਲਿਆ।ਉਹ ਤਾਂ ਭਲਾ ਹੋਵੇ ਦਮਦਮਾ ਸਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਜਿਸ ਨੇ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਜਥੇਦਾਰ ਅਤੇ ਕੌਂਮ ਨੂੰ ਜਗਾਉਣ ਦਾ ਕੁੱਝ ਹੌਸਲਾ ਕੀਤਾ। ਉਹਨਾਂ ਦੇ ਬੋਲਣ ਅਤੇ ਸ਼ੋਸ਼ਲ ਮੀਡੀਏ ਤੇ ਹੋਏ ਹੋ ਹੱਲੇ ਤੋ ਬਾਅਦ ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਉਹ ਪੁਰਾਣਾ ਫਾਰਮ ਵਾਪਸ ਲੈ ਕੇ ਨਵਾਂ ਫਾਰਮ ਜਾਰੀ ਕੀਤਾ ਗਿਆ ਹੈ,ਜਿਸ ਵਿੱਚ ਹੇਠਾਂ ਵਿਸ਼ੇਸ਼ ਤੌਰ ਤੇ ਸਵੈ ਘੋਸ਼ਣਾ ਦੇ ਰੂਪ ਵਿੱਚ ਇਹ ਦਰਜ ਕਰ ਦਿੱਤਾ ਗਿਆ ਹੈ ਕਿ “ਮੈ ਧਰਮ ਨਾਲ ਬਿਆਨ ਕਰਦਾ/ਕਰਦੀ ਹਾਂ ਕਿ ਮੈ ਸਿੱਖ ਹਾਂ,ਮੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਦਸਾਂ ਗੁਰੂ ਸਹਿਬਾਨਾਂ ਨੂੰ ਮੰਨਦਾ/ਮੰਨਦੀ ਹਾਂ ਅਤੇ ਮੇਰਾ ਹੋਰ ਕੋਈ ਧਰਮ ਨਹੀ ਹੈ” , ਪ੍ਰੰਤੂ ਪੁਰਾਣੇ ਫਾਰਮ ਵਿੱਚ ਅਜਿਹਾ ਕੁੱਝ ਵੀ ਨਹੀ ਸੀ ਲਿਖਿਆ ਗਿਆ।ਇਸ ਗੱਲ ਲਈ ਗੁਰਦੁਆਰਾ ਚੋਣ ਕਮਿਸ਼ਨ ਦੀ ਸ਼ਲਾਘਾ ਕਰਨੀ ਬਣਦੀ ਹੈ ਕਿ ਉਹਨਾਂ ਨੇ ਸਿੱਖ ਧਿਰਾਂ ਦੇ ਪੂਰੀ ਤਰਾਂ ਕੇਂਦਰ ਅੱਗੇ ਗੋਡੇ ਟੇਕਣ ਦੇ ਬਾਵਜੂਦ ਵੀ ਸਿੱਖ ਭਾਵਨਾਵਾਂ ਨੂੰ ਸਮਝਦਿਆਂ ਇਹ ਦੋ ਸਤਰਾਂ ਸਵੈ ਘੋਸ਼ਣਾ ਦੇ ਰੂਪ ਵਿੱਚ ਸ਼ਾਮਲ ਕਰ ਦਿੱਤੀਆਂ ਹਨ,ਨਹੀ ਤਾਂ ਜਿਸਤਰਾਂ ਨਾਮਧਾਰੀ ਮੁਖੀ ਠਾਕਰ ਦਲੀਪ ਸਿੰਘ ਦਾ ਸਿੱਖ ਕੌਂਮ ਨੂੰ ਸ਼ਰਮਸਾਰ ਕਰਨ ਵਾਲਾ ਬਿਆਨ ਆਇਆ ਸੀ,ਜਿਸ ਵਿੱਚ ਉਹਨਾਂ ਕਿਹਾ ਹੈ ਕਿ “ਸਿੱਖ ਬਨਣ ਵਾਸਤੇ ਅਮ੍ਰਿਤ ਛਕਣਾ ਅਤੇ ਕੇਸ ਰੱਖਣੇ ਜਰੂਰੀ ਨਹੀ,ਸ਼ਰਧਾ ਹੀ ਜਰੂਰੀ ਹੈ” ਉਹਨਾਂ ਨੇ ਸਿੱਖ ਇਤਿਹਾਸ ਤੋ ਉਦਾਹਰਣਾਂ ਦੇ ਕੇ ਆਪਣੀ ਬੇਹੱਦ ਹਲਕੀ ਗੱਲ ਨੂੰ ਵਜ਼ਨਦਾਰ ਬਣਾਉਣ ਦੀ ਉਸ ਮੌਕੇ ਕੋਸ਼ਿਸ਼ ਕੀਤੀ ਹੈ,ਜਦੋਂ ਸਿੱਖ ਆਪਣੀ ਹੋਂਦ ਹਸਤੀ ਬਚਾਉਣ ਲਈ ਜੱਦੋ ਜਹਿਦ ਕਰ ਰਹੇ ਹਨ। ਭਾਂਵੇਂ ਇਸ ਬਿਆਨ ਦੀ ਕੋਈ ਅਹਿਮੀਅਤ ਨਹੀ ਸਮਝੀ ਜਾ ਰਹੀ,ਪ੍ਰੰਤੂ ਫਿਰ ਵੀ ਇਹ ਬਿਆਨ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀ ਸਿੱਖੀ ਸਿਧਾਂਤਾਂ ਦਾ ਮਲ਼ੀਆਮੇਟ ਕਰਵਾਉਣ ਲਈ ਚੱਲ ਰਹੀਆਂ ਸਾਜਿਸ਼ਾਂ ਦੀ ਕੜੀ ਨੂੰ ਅੱਗੇ ਵਧਾਉਣ ਵਿੱਚ ਵੱਡੀ ਭੂਮਿਕਾ ਅਦਾ ਕਰਨ ਵੱਲ ਇਸ਼ਾਰਾ ਜਰੂਰ ਕਰਦਾ ਹੈ।ਅਜਿਹਾ ਨਾ ਹੋਣ ਦੀ ਸੂਰਤ ਵਿੱਚ ਸਿੱਖ ਵਿਰੋਧੀ ਸੋਚ ਸੌਖਿਆਂ ਹੀ ਗੁਰਦੁਆਰਾ ਪਰਬੰਧ ਤੇ ਕਾਬਜ ਹੋਣ ਵਿੱਚ ਸਫਲ ਹੋ ਸਕਦੀ ਸੀ।ਭਾਂਵੇ ਸਿੱਖ ਵਿਰੋਧੀ ਸੋਚ ਨੂੰ ਦਾਖਲ ਹੋਣ ਤੋ ਰੋਕਣ ਲਈ ਅਜੇ ਵੀ ਕੋਈ ਤਸੱਲੀਬਖਸ਼ ਹੱਲ ਨਹੀ ਕਰਵਾਇਆ ਜਾ ਸਕਿਆ,ਅਜੇ ਵੀ ਖਤਰੇ ਦਰਪੇਸ਼ ਹਨ, ਪਰ ਕੁੱਝ ਨਾ ਕੁੱਝ ਰਾਹਤ ਜਰੂਰ ਮਹਿਸੂਸ ਕੀਤੀ ਜਾ ਰਹੀ ਹੈ,ਇਸ ਦਾ ਕਾਰਨ ਇਹ ਹੈ ਕਿ ਸਿੱਖ ਆਪਣੇ ਬਲਬੂਤੇ ਤੇ ਕੇਂਦਰ ਤੋ ਕੋਈ ਵੀ ਮੰਗ ਮਨਵਾਉਣ ਦੇ ਸਮਰੱਥ ਨਹੀ ਰਹੇ,ਜਿਸ ਕਰਕੇ ਕੇਂਦਰ ਵੱਲੋਂ ਆਪਣੇ ਰਹਿਮੋ ਕਰਮ ਤੇ ਦਿੱਤੀ ਤੁੱਛ ਜਿਹੀ ਰਾਹਤ ਹੀ ਸਿੱਖਾਂ ਨੂੰ ਵੱਡੀ ਪਰਾਪਤੀ ਜਾਪਦੀ ਹੈ। ਸੋ ਕੁੱਝ ਵੀ ਹੋਵੇ,ਪਰ ਆਮ ਸਿੱਖ ਵੋਟਰ ਨੂੰ ਸੁਚੇਤ ਹੋ ਕੇ ਜ਼ੁੰਮੇਵਾਰੀ ਸੰਭਾਲਣੀ ਪਵੇਗੀ,ਉਪਰੋਕਤ ਸਮੱਸਿਆਵਾਂ ਪ੍ਰਤੀ ਗੰਭੀਰਤਾ ਅਤੇ ਦੂਰਅੰਦੇਸੀ ਨਾਲ ਸੋਚਣਾ ਹੋਵੇਗਾ,ਫਿਰ ਹੀ ਗੁਰਦੁਆਰਾ ਪ੍ਰਬੰਧ ਦੇ ਸਹੀ ਹੱਥਾਂ ਵਿੱਚ ਜਾਣ ਦੀ ਆਸ ਕੀਤੀ ਜਾ ਸਕਦੀ ਹੈ।ਜਦੋ ਪਰਬੰਧ ਸਹੀ ਹੱਥਾਂ ਵਿੱਚ ਹੋਵੇਗਾ,ਫਿਰ ਸਿੱਖੀ ਸਿਧਾਂਤ ਵੀ ਰਲਗੱਡ ਨਹੀ ਹੋਣਗੇ,ਫਲ਼ਸ਼ਰੂਪ ਸਿੱਖੀ ਦੇ ਬੋਲਬਾਲੇ ਦੀ ਅਰਦਾਸ ਵੀ ਸੁਣੀ ਜਾਵੇਗੀ।
ਬਘੇਲ ਸਿੰਘ ਧਾਲੀਵਾਲ
99142-58142