ਹੰਸਾ ਟਾਂਗੇ ਵਾਲਾ ਬਨਾਮ ਪੰਥਕ ਜੱਥੇਬੰਦੀਆਂ - ਬਿੱਟੂ ਅਰਪਿੰਦਰ ਸਿੰਘ ਸੇਖ਼ੋ ਫਰੈੰਕਫੋਰਟ ਜਰਮਨੀ
ਹੰਸਾ ਟਾਂਗੇ ਵਾਲਾ ਮੂੰਹ ਦਾ ਬੜਬੋਲਾ ਤੇ ਸੁਭਾਅ ਦਾ ਕੱਬਾ ਸੀ। ਉਹਦੇ ਟਾਂਗੇ ਦਾ ਭਾੜਾ ਅੰਮੋਨੰਗਲ ਨਹਿਰ ਦੇ ਪੁਲ ਤੋਂ ਚੌੰਕ ਮਹਿਤੇ ਦੇ ਅੱਠ ਆਨੇ ਤੇ ਵਟਾਲੇ ਦੇ ਬਾਰਾਂ ਆਨੇ ਪੱਕਾ ਸੀ। ਉਹਦੀ ਘੋੜੀ ਮਾੜੂਈ ਜਿਹੀ ਸੀ ਪਰ ਮੱਸਿਆ ਤੇ ਬਾਬੇ ਬਕਾਲੇ ਜਿਨਾਂ ਪੈਂਡਾ ਕੱਡ ਜਾਂਦੀ ! ਹੰਸਾ ਭੋਰਾ ਕੁ ਲਾਲਚੀ ਵੀ ਸੀ।
ਮੇਰੇ ਦਾਦੇ ਹੋਰੀਂ ਛੇ ਭਰਾ ਸਨ ਤੇ ਸਾਂਝਾ ਚੁਲ਼੍ਹਾ ! ਉਹਨਾਂ ਦੀ ਹੰਸੇ ਨਾਲ ਵਾਹਵਾ ਬਣਦੀ ਸੀ ਹੰਸਾ ਉਹਨਾਂ ਦੇ ਹਰ ਕੰਮ ਆਉਂਦਾ ਤੇ ਉਹ ਵੀ ਉਹਦੀ ਹਰ ਗ਼ਰਜ਼ ਪੂਰੀ ਕਰਦੇ ! ਮੈ ਨਿੱਕਾ ਸਾਂ ਤੇ ਮੈ ਆਪਣੇ ਬਾਪੂਆਂ ਵਾਂਗ ਹੰਸੇ ਨੂੰ ਵੀ ਸਦਾ ਬਾਪੂ ਹੀ ਆਂਹਦਾ ! …ਤੇ ਸ਼ਾਇਦ ਉਹਨੂੰ ਇਹ ਚੰਗਾ ਵੀ ਲਗਦਾ ਸੀ ! ਬਾਕੀ ਸੱਭ ਨਿਆਣੇ ਸਿਆਣੇ ਉਹਦਾ ਨਾਂ ਹੀ ਲੈਂਦੇ ਤੇ ਏਸੇ ਕਰਕੇ ਉਨ ਮੈਨੂੰ ਕਦੇ ਝਿੜਕ ਨਾਂ ਮਾਰੀ ! ਬਾਕੀ ਨਿਆਣਿਆਂ ਤੇ ਸਦਾ ਬੁੜ ਬੁੜ ਕਰਦਾ ਰਹਿੰਦਾ।
ਬਾਪੂ ਹੰਸੇ ਦੀ ਪੱਕੀ ਡਿਊਟੀ ਹਾਨੂੰ ਛੁੱਟੀਆਂ ਚ, (ਜਾਂ ਓਦਾਂ ਵੀ) ਨਾਨਕੇ ਛੱਡਣ ਤੇ ਲਿਆਉਣ ਦੀ ਹੁੰਦੀ। ਉਹ ਇਹ ਕਿਸਬ ਬੜੇ ਚਾਅ ਨਾਲ ਕਰਦਾ ! ਕਾਰਨ ਇਹ ਸੀ ਬਈ ਮੇਰੀ ਰੱਬ ਦੇ ਨਾਂ ਵਾਲੀ ਨਾਨੀ ਉਹਨੂੰ ਪੰਜ ਰੁਪਏ, ਚੂਹੇ ਦੰਦੀ ਖੇਸ ਜਾਂ ਰੇਜਾ ਤੇ ਕੁਹ ਹੋਰ ਨਿੱਕ ਸੁੱਕ ਬੰਨ ਦਿੰਦੀ ! ਲੌਢਾ ਵੇਲਾ ਵੀ ਸ਼ੱਕਰ ਘਿਓ ਨਾਲ ਕਰਾਇਆ ਜਾਂਦਾ ਤੇ ਬੇਜ਼ੁਬਾਨ ਘੋੜੀ ਨੂੰ ਵੀ ਥਾਲ ਛੋਲਿਆਂ ਦਾ ਮਿਲ ਜਾਂਦਾ !
ਹੰਸਾ ਚਿੱਟੀ ਮਾਇਆ ਵਾਲੀ ਪੱਗ ਲੜ ਛੱਡ ਕੇ ਬੰਨਦਾ ਤੇ ਕਰੜ ਬਰੜੀ ਦਾੜੀ ਖੁਰਚ ਕੇ ਮੁੰਨਦਾ ! ਉਹ ਸੱਜੀ ਮੁੱਛ ਨੂੰ ਤਾਅ ਦੇਣ ਤੇ ਜ਼ੋਰ ਰੱਖਦਾ ਤੇ ਖੱਬੀ ਮੁੱਛ ਘੜੀ ਦੀ ਸੂਈ ਆਂਗੂ ਸਦਾ ਪੰਜ ਮਿੰਟ ਪਿੱਛੇ ਈ ਰਹਿੰਦੀ ! ਗਾਲੜੀ ਟਾਂਗੇ ਵਾਲਾ ਪੁਲ ਤੋਂ ਵਟਾਲੇ ਤੱਕ ਗੱਲ ਨਾਂ ਟੁੱਟਣ ਦਿੰਦਾ ! ਉਹ ਉੱਧੜ ਖੁੱਧੜੀਆਂ ਮੁੱਛਾਂ ਥੱਲਿਓ ਖੱਚਰਾ ਜਿਹਾ ਹੱਸ ਕੇ ਹਰੇਕ ਨੂੰ ਗੁੱਝੀ ਟਿੱਚਰ ਤੇ ਟਾਂਚ ਵੀ ਕਰ ਜਾਂਦਾ ! ਪਰ ਸਵਾਰੀਆਂ ਕੋਲ ਤਰੀਫ਼ ਉਹ ਮੇਰੇ ਨਾਨਕਿਆਂ ਦੀ ਈ ਕਰਦਾ ਨੰਗਲੀ ਵਾਲੇ ਰੰਧਾਵੇ ਐਂ ! ਰੰਧਾਵੇ ਔਂ !ਬਈ ਬੜੀ ਸੇਵਾ ਕਰਦੇ ਆਏ ਗਏ ਦੀ ! ਕਿਆ ਬਾਤ ਜੱਟਾ ਦੀ ਵਗੈਰਾ ਵਗੈਰਾ !
ਜਦੋਂ ਬੇਰਿੰਗ ਕਰਿਸਚਿਅਨ ਸਕੂਲ ਦੀ ਵਾਗਨ ਬੇਰਿੰਗ ਕਾਲਜ ਦੇ ਮੁੰਡਿਆਂ ਨੇ ਹੜਤਾਲ ਵੇਲੇ ਅੱਗ ਲਾਕੇ ਫੂਕ ਦਿੱਤੀ। ਬਾਬੇ ਹੰਸੇ ਦੀ ਡਿਉਟੀ ਮੈਨੂੰ ਸਕੂਲ ਛੱਡਣ ਤੇ ਲਿਆਉਣ ਦੀ ਲੱਗ ਗਈ !ਉਹ ਛੁੱਟੀ ਵੇਲੇ ਟਾਂਗਾ ਗੇਟ ਗਾੜੀ ਖੜਾ ਕਰ ਮੇਰੀ ਉਡੀਕ ਕਰਦਾ ! ਬਾਹਮਣਾਂ ਦੇ ਸ਼ਹਿਰੀ ਜਵਾਕ ਮੈਨੂੰ ਪੁੱਛਦੇ ਟਾਂਗੇ ਵਾਲਾ ਬਾਬਾ ਕੌਣ ਆਂ ! ਮੈ ਕਹਿੰਦਾ ਮੇਰਾ ਬਾਪੂ ! ਉਹ ਮੇਰਾ ਮਜ਼ਾਕ ਉਡਾਉਂਦੇ ਤੇ ਕਹਿੰਦੇ ,
“ਅਰੇ ਇਸਕਾ ਬਾਪੂ ਟਾਂਗਾ ਚਲਾਤਾ ਹੈ” !
ਤੇ ਮੈ ਕਹਿੰਦਾ,
“ਸਾਲਿਓ ਤਾਹਡੇ ਬਾਪੂ ਜਹਾਜ਼ ਚਲਾਉਂਦੇ ਆ” !
ਉਹ ਸਾਲਾ ਕਹੇ ਦੀ ਸ਼ਿਕਾਇਤ ਹਿੰਦੀ ਆਲੀ ਮਾਹਟਰ ਆਣੀ ਕੋਲ ਲਾਉਂਦੇ ਤੇ ਦਾਸ ਨੂੰ ਹਲਕੇ ਤਸ਼ਦੱਦ ਦਾ ਸਾਹਮਣਾ ਕਰਨਾ ਪੈਂਦਾਂ !
ਪਿੰਡੋਂ ਬਾਹਰ ਵਾਰ ਢਾਬ ਕੰਢੇ ਪਿੱਪਲ਼ ਵਾਲੇ ਥੱੜੇ ਤੇ ਵੇਹਲੜਾਂ ਦੀ ਮਹਿਫ਼ਲ ਸਵੇਰੇ ਈ ਲੱਗ ਜਾਂਦੀ ! ਜਿਨਾਂ ਚ, ਬਾਹਲੇ ਜ਼ਰਦੇ ਬੀੜੀ ਵਾਲੇ ਅਮਲੀ ਹੁੰਦੇ ! ਹੰਸਾ ਵੀ ਟਾਂਗਾ ਸਜਾ ਕੇ ਢਾਬ ਕੰਢੇ ਪੱਕੀ ਸੜਕ ਤੇ ਆ ਖਲੋਂਦਾ ! ਜਿਦਾਂ ਦੱਸਿਆ ਬਈ ਹੰਸਾ ਲਾਲਚੀ ਵੀ ਸੀ ਉਹ ਪਿੰਡੋਂ ਤੁਰਨ ਲਗਾ ਸਵਾਰੀਆਂ ਜ਼ਿਆਦਾ ਚੜਾ ਲੈਂਦਾ ! ਜਦੋਂ ਟਾਂਗਾ ਉਲਾਰੂ ਹੋਣ ਲਗਦਾ ! ਤਾਂ ਹੰਸਾ ਉੱਚੀ ਦੇਣੀ ਵਾਜ ਮਾਰਦਾ, “ਓਏ ਨੰਤੂ ਆ ਤੈਨੂੰ ਸਹਿਰੋਂ ਚਾਹ ਪਿਆ ਲਿਆਵਾਂ, ਆ ਬਹਿ-ਜਾ ਗਾੜੀ ! ਨਤੂੰ ਅਮਲੀ ਚਾਹ ਦੇ ਲਾਲਚ ਨੂੰ ਝੱਟ ਛਾਲ ਮਾਰ ਕਿ ਗਾੜੀ ਬਹਿ ਜਾਂਦਾ ! ਨਤੂੰ ਅਮਲੀਆਂ ਦਾ ਕਮਾਂਡਰ ਸੀ ਤੇ ਸਾਲ ਛਿਮਾਹੀਂ ਮਸਾਂ ਔਖਾ ਸੌਖਾ ਨਹਾਉਂਦਾ ਸੀ ! ਚਾਰ ਕਰਮਾ ਤੋਂ ਦੂਰੋਂ ਈ ਸੜਿਆਂਦ ਆਉਂਦੀ ! ਪਰ ਹੰਸਾ ਟਾਂਗੇ ਦੇ ਨਗ ਪੂਰੇ ਕਰਨ ਲਈ ਉਹਨੂੰ ਚਾੜ ਲੈਂਦਾ ਤੇ ਛਾਂਟਾ ਮਾਰ ਘੋੜੀ ਵਟਾਲੇ ਦੇ ਰਾਹ ਪਾ ਲੈਂਦਾ ! ਬੀਬੀਆਂ ਮੂੰਹ ਗਾੜੀ ਚੁੰਨੀਆਂ ਦੇ ਪੱਲੇ ਲੈ ਹੰਸੇ ਨੂੰ ਕੋਸਦੀਆਂ ਸ਼ਹਿਰ ਆਉਣ ਦਾ ਇੰਤਜ਼ਾਰ ਕਰਦੀਆਂ !
ਹੁਣ ਜਦੋਂ ਮੈ ਛੋਟੇ ਮੋਟੇ ਪੰਥਕਾਂ ਧੱੜਿਆਂ, ਦਲਾਂ, ਗੁਰੂ ਘਰਾਂ ਦੀਆਂ ਕਮੇਟੀਆਂ ਜਾਂ ਹੋਰ ਛੋਟੇ ਮੋਟੇ ਨਿੱਕੜ ਸੁੱਕੜ ਟੁਕੜੇ ਟੁਕੜੇ ਗੈਂਗਾਂ ਨੂੰ ਵੇਹਨਾਂ ਵਾਂ, ਤਾਂ ਝੱਟ ਧਿਆਨ ਹੰਸੇ ਟਾਂਗੇ ਵਾਲੇ ਤੇ ਨੰਤੂ ਅਮਲੀ ਵੱਲ ਚਲਾ ਜਾਂਦਾ ! ਕਿੱਦਾਂ ਆਪਾਂ ਦੇਸ਼ ਤੇ ਵਿਦੇਸ਼ ਵਿੱਚ ਆਪਣੇ ਧੜੇ ਕਮੇਟੀ ਦਾ ਨਗ ਪੂਰਾ ਕਰਨ ਲਈ ਹਰ ਬੋ ਮਾਰਦੇ ਕਿਰਦਾਰ ਨੂੰ ਨਾਲ ਲੈ ਲੈਂਦੇ ਆਂ ! ਆਪਾਂ ਖਾਨਾ ਪੂਰਤੀ ਲਈ ਹਰ ਸੜੇਹਾਂਦ ਮਾਰਦੇ ਸਰੀਰ ਨੂੰ ਨਾਲ ਜੋੜ ਆਪਣੇ ਟਾਂਗੇ ਦੀਆਂ ਸਵਾਰੀਆਂ ਪੂਰੀਆਂ ਕਰ ਲੈਂਦੇ ਆਂ ! ਇਹਨਾਂ ਰਹਿਣੀ ਬਹਿਣੀ ਤੇ ਰਹਿਤ ਮਰਿਆਦਾ ਤੋ ਹੀਣੇ ਲੋਕਾਂ ਕਰਕੇ ਕੌਮ ਦੀ ਬੇੜੀ ਕਿਸੇ ਤਣ ਪੱਤਣ ਨਹੀਂ ਲੱਗ ਰਹੀ ! ਇਹੋ ਮੈਲੇ ਜਿਹੇ ਲੋਕ ਗੁਰੂ ਘਰਾਂ ਚ, ਪਾਵਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇੰਟ ਕਰ ਰਹੇ ਹੁੰਦੇ ਆ ! ਇਹਨਾਂ ਲੋਕਾਂ ਦੇ ਮੂੰਹੋਂ ਸ਼ਬਦ ਸੁਣ ਕੇ ਇੰਓ ਲਗਦਾ, ਜਿਦਾਂ ਸਨੀ ਲਿਓਨ ਕਹਿ ਰਹੀ ਹੋਵੇ ਭੈਣੋ ਸਿਰ ਢੱਕ ਕੇ ਰੱਖਿਆਂ ਕਰੋ !
ਹਿੰਦੁਸਤਾਨ ਵਿੱਚ ਬਲਾਤਕਾਰੀਆਂ ਨੂੰ ਹਾਰ ਪਾ ਕੇ ਪਾਰਟੀਆਂ ਚ, ਸ਼ਾਮਲ ਕੀਤਾ ਜਾਂਦਾ ਬਈ ਮਹਾਂਪੁਰਖੋ ਆਓ ਆਪਣੀਆਂ ਸੇਵਾਵਾਂ ਹਾਢੀ ਪਾਰਟੀ ਰਾਹੀਂ ਵਧਾਓ ਫੁਲਾਓ ! ਸੱਭ ਥਾਂਈਂ ਚੋਰ ਉਚੱਕੇ ਚੌਧਰੀ ਤੇ ਲੁੱਚੇ ਗੁੰਡੇ ਪ੍ਰਧਾਨ !ਇਹੋ ਹਾਲ ਵਿਦੇਸ਼ਾਂ ਵਿਚਲੇ ਵੱਖ ਵੱਖ ਧੜਿਆਂ ਤੇ ਗੁਰੂ ਘਰਾਂ ਦੀਆਂ ਕਮੇਟੀਆਂ ਦਾ ਬਿਰਤੀ ਹੰਸੇ ਟਾਂਗੇ ਵਾਲੇ ਆਲ਼ੀ !
ਬਾਬਾ ਹੰਸੇ ਟਾਂਗੇ ਵਾਲੇ ਦੀ ਆਤਮਾ ਨੂੰ ਸ਼ਾਂਤੀ ਦਵੇ ਜਿਨ ਇਹ ਨੁਸਖ਼ਾ ਮੇਰੀ ਕੌਮ ਦੇ ਲੰਬੜਦਾਰਾਂ ਦੇ ਸਪੁਰਦ ਕੀਤਾ !
ਬਿੱਟੂ ਅਰਪਿੰਦਰ ਸਿੰਘ ਸੇਖ਼ੋ ਫਰੈੰਕਫੋਰਟ ਜਰਮਨੀ !