ਦਾਲਚੀਨੀ ਦੇ ਫ਼ਾਇਦੇ - ਡਾ. ਹਰਸ਼ਿੰਦਰ ਕੌਰ, ਐੱਮ.ਡੀ.

ਕਹਿੰਦੇ ਨੇ ਕਿ ਬਾਦਸ਼ਾਹ ਨੀਰੋ ਨੇ ਆਪਣੀ ਪਤਨੀ ਸਬੀਨਾ ਦੀ ਮੌਤ ਉੱਤੇ ਦਾਲਚੀਨੀ ਨੂੰ ਬਹੁਤ ਮਹੱਤਾ ਦਿੰਦਿਆਂ ਪੂਰੇ ਇੱਕ ਸਾਲ ਵਿਚ ਵਰਤੀ ਜਾਣ ਵਾਲੀ ਦਾਲਚੀਨੀ ਨੂੰ ਇੱਕੋ ਸਮੇਂ ਬਾਲਿਆਂ ਤਾਂ ਜੋ ਚੁਫ਼ੇਰੇ ਉਸ ਦੀ ਖੁਸ਼ਬੂ ਫੈਲਦੀ ਰਹੇ। ਈਸਾ ਮਸੀਹ ਤੋਂ ਲਗਭਗ 2800 ਸਾਲ ਪਹਿਲਾਂ ਤੋਂ ਚੀਨ ਵਿਚ ਦਾਲਚੀਨੀ ਦੀ ਵਰਤੋਂ ਦਾ ਜ਼ਿਕਰ ਮਿਲਦਾ ਹੈ। ਇਸ ਨੂੰ ਬੇਸ਼ਕੀਮਤੀ ਖ਼ੁਸ਼ਬੂਦਾਰ ਬੂਟੇ ਵਜੋਂ ਮਾਨਤਾ ਦਿੱਤੀ ਗਈ ਹੈ। ਦਾਲਚੀਨੀ ਦੀ ਮਹਿਕ ਸਦਕਾ ਇਸ ਨੂੰ ਲੁੱਟਣ ਲਈ ਕੁੱਝ ਜੰਗਾਂ ਦਾ ਵੀ ਜ਼ਿਕਰ ਮਿਲਦਾ ਹੈ ਕਿਉਂਕਿ ਇਸ ਦੀ ਵਰਤੋਂ ਨਾਲ ਉਤੇਜਨਾ ਵੀ ਜੋੜੀ ਗਈ ਹੈ। ਈਜਿਪਟ ਵਿਖੇ ਮੌਤ ਤੋਂ ਬਾਅਦ 'ਮੰਮੀ' ਬਣਾਉਣ ਲਈ ਵੀ ਸਰੀਰ ਦੇ ਆਲੇ ਦੁਆਲੇ ਦਾਲਚੀਨੀ ਦਾ ਲੇਪ ਲਾਇਆ ਜਾਂਦਾ ਸੀ।
ਦਾਲਚੀਨੀ ਦੀ ਮਹੱਤਾ ਤਾਂ ਇਸ ਧਰਤੀ ਉੱਤੇ ਪਹਿਲੀ ਸਦੀ ਵਿਚ ਲੱਗੀ ਇਸ ਦੀ ਕੀਮਤ ਤੋਂ ਹੀ ਹੋ ਜਾਂਦੀ ਹੈ ਜਦੋਂ 350 ਗ੍ਰਾਮ ਦਾਲਚੀਨੀ ਦੇ ਬਦਲੇ ਸਾਢੇ ਪੰਜ ਕਿੱਲੋ ਚਾਂਦੀ ਦਿੱਤੇ ਜਾਣ ਦਾ ਜ਼ਿਕਰ ਮਿਲਦਾ ਹੈ।
ਪੁਰਾਣੇ ਸਮਿਆਂ ਵਿਚ ਖੰਘ, ਜ਼ੁਕਾਮ, ਗਲੇ ਦੀ ਖ਼ਰਾਸ਼ ਆਦਿ ਲਈ ਦਾਲਚੀਨੀ ਕਈ ਸਦੀਆਂ ਤੱਕ ਵਰਤੀ ਜਾਂਦੀ ਰਹੀ। ਸ਼ਿਕਾਰ ਤੋਂ ਬਾਅਦ ਮਾਸ ਨੂੰ ਖ਼ਰਾਬ ਹੋਣ ਤੋਂ ਬਚਾਉਣ ਲਈ ਅਤੇ ਕੀਟਾਣੂਆਂ ਤੋਂ ਬਚਾਉਣ ਲਈ, ਉਸ ਨੂੰ ਚੰਗੀ ਤਰ੍ਹਾਂ ਦਾਲਚੀਨੀ ਪਾਊਡਰ ਵਿਚ ਲਪੇਟ ਕੇ ਰੱਖਿਆ ਜਾਂਦਾ ਸੀ।
ਸਤਾਹਰਵੀਂ ਸਦੀ ਵਿਚ ਸੀਲੋਨ ਵਿਖੇ ਦੁਨੀਆ ਦਾ ਸਭ ਤੋਂ ਵੱਡਾ ਦਾਲਚੀਨੀ ਦਾ ਭੰਡਾਰ ਲੱਭਿਆ ਗਿਆ ਸੀ। ਇੰਗਲੈਂਡ ਨੇ ਇਸ ਨੂੰ ਹੱਥਿਆਉਣ ਲਈ ਸੀਲੋਨ ਉੱਤੇ ਹੀ ਕਬਜ਼ਾ ਕਰ ਲਿਆ ਸੀ।
ਜਦੋਂ ਉਗਾਉਣ ਦੀ ਜਾਚ ਆ ਗਈ ਤਾਂ ਹੁਣ ਦੁਨੀਆ ਦੇ ਕਈ ਹਿੱਸਿਆਂ ਵਿਚ  ਦਾਲਚੀਨੀ ਉਗਾਈ ਜਾਣ ਲੱਗ ਪਈ ਹੈ। ਬਹੁਤ ਸਾਰੇ ਮੁਲਕਾਂ ਵਿਚ ਇਸ ਨੂੰ ਨਸ਼ੇ ਵਾਂਗ ਵਰਤਿਆ ਜਾ ਰਿਹਾ ਹੈ। ਨੌਜਵਾਨ ਬੱਚੇ 'ਦਾਲਚੀਨੀ ਚੈਲੈਂਜ'' ਅਧੀਨ ਜਦੋਂ ਚਮਚ ਭਰ ਕੇ ਦਾਲਚੀਨੀ ਪਾਊਡਰ ਇਕਦਮ ਅੰਦਰ ਲੰਘਾਉਂਦੇ ਹਨ ਤਾਂ ਕਈ ਵਾਰ ਸਾਹ ਦੀ ਨਾਲੀ ਬੰਦ ਹੋ ਜਾਣ ਨਾਲ ਥਾਏਂ ਮੌਤ ਵੀ ਹੋ ਜਾਂਦੀ ਹੈ।
ਹਜ਼ਾਰਾਂ ਸਾਲਾਂ ਤੋਂ ਵਰਤੀ ਜਾਂਦੀ ਦਾਲਚੀਨੀ ਉੱਤੇ ਹੋਈਆਂ ਖੋਜਾਂ ਦੌਰਾਨ ਇਸ ਦੇ ਸ਼ੱਕਰ ਰੋਗੀਆਂ ਉੱਤੇ ਬਹੁਤ ਵਧੀਆ ਅਸਰ ਵੇਖੇ ਗਏ ਸਨ। ਐਂਟੀਆਕਸੀਡੈਂਟ ਭਰਪੂਰ ਹੋਣ ਸਦਕਾ ਇਹ ਦਿਲ ਲਈ ਵੀ ਲਾਹੇਵੰਦ ਸਾਬਤ ਹੋ ਚੁੱਕੀ ਹੈ।
ਜ਼ਿਆਦਾਤਰ ਦਾਲਚੀਨੀ ਦੀਆਂ ਦੋ ਕਿਸਮਾਂ ਮਿਲਦੀਆਂ ਹਨ :- ਸੀਲੋਨ ਅਤੇ ਕੇਸੀਆ। ਸੀਲੋਨ ਅਸਲ ਦਾਲਚੀਨੀ ਦੀ ਕਿਸਮ ਹੈ ਅਤੇ ਮਹਿੰਗੀ ਹੈ। ਆਮ ਤੌਰ ਉੱਤੇ ਬਜ਼ਾਰ ਵਿਚ ਕੇਸੀਆ ਕਿਸਮ ਹੀ ਮਿਲਦੀ ਹੈ। ਦਰਖ਼ਤ ਦੀਆਂ ਟਾਹਣੀਆਂ ਦੀ ਛਿਲੜ ਨੂੰ ਸੁਕਾ ਕੇ, ਪੀਸ ਕੇ, ਦਾਲਚੀਨੀ ਪਾਊਡਰ ਬਣਾਇਆ ਜਾਂਦਾ ਹੈ। ਇਸ ਵਿਚਲੇ ਤੇਲ ਸਦਕਾ ਹੀ ਖ਼ੁਸ਼ਬੂ ਚੁਫੇਰੇ ਫੈਲਦੀ ਹੈ, ਜਿਸ ਵਿਚ ''ਸਿਨਾਮੈਲਡੀਹਾਈਡ'' ਹੁੰਦਾ ਹੈ। ਇਹੀ ਅਰਅਸਲ ਐਂਟੀਆਕਸੀਡੈਂਟ ਨਾਲ ਭਰਿਆ ਪਿਆ ਹੈ। ਪੌਲੀਫੀਨੋਲ ਵੀ ਦਾਲਚੀਨੀ ਵਿਚ ਹੁੰਦੇ ਹਨ ਜੋ ਸਰੀਰ ਅੰਦਰਲੀ ਸੋਜ਼ਿਸ਼ ਘਟਾਉਂਦੇ ਹਨ। ਇਹ ਏਨਾ ਤਗੜਾ ਅਸਰ ਵਿਖਾਉਂਦੇ ਹਨ ਕਿ ਬਥੇਰੇ ਖਾਣਿਆਂ ਨੂੰ ਖ਼ਰਾਬ ਹੋਣ ਤੋਂ ਬਚਾਉਣ ਲਈ ਦਾਲਚੀਨੀ ਨੂੰ ਕੁਦਰਤੀ 'ਪ੍ਰੀਜ਼ਰਵੇਟਿਵ' ਵਜੋਂ ਵਰਤਿਆ ਜਾ ਰਿਹਾ ਹੈ।
ਇੱਕ ਖੋਜ ਵਿਚ 100 ਸ਼ੱਕਰ ਰੋਗੀ ਮਰੀਜ਼ਾਂ ਨੂੰ ਰੋਜ਼ ਪੌਣਾ ਚਮਚ ਦਾਲਚੀਨੀ ਖੁਆਉਣ ਬਾਅਦ ਵੇਖਿਆ ਗਿਆ ਕਿ ਸਰੀਰ ਅੰਦਰ ਸ਼ੱਕਰ ਦੀ ਮਾਤਰਾ ਅਤੇ ਮਾੜੇ ਕੋਲੈਸਟਰੋਲ ਦੀ ਮਾਤਰਾ ਕਾਫੀ ਘੱਟ ਹੋ ਗਈ।
ਉਸ ਤੋਂ ਬਾਅਦ 13 ਖੋਜਾਂ ਦਿਲ ਦੇ ਰੋਗੀ ਮਰੀਜ਼ਾਂ ਉੱਤੇ ਕੀਤੀਆਂ ਗਈਆਂ ਜਿਨ੍ਹਾਂ ਵਿਚ ਸਭ ਦੇ ਸਰੀਰਾਂ ਅੰਦਰ ਟਰਾਈਗਲਿਸਰਾਈਡ ਅਤੇ ਮਾੜੇ ਕੋਲੈਸਟਰੋਲ ਦੀ ਮਾਤਰਾ ਘਟੀ ਹੋਈ ਲੱਭੀ। ਇਨ੍ਹਾਂ ਸਭ ਨੂੰ ਤਿੰਨ ਮਹੀਨੇ ਅੱਧਾ ਚਮਚ ਰੋਜ਼ ਦਾਲਚੀਨੀ ਖੁਆਈ ਗਈ ਸੀ।
ਜਿਨ੍ਹਾਂ ਬਲੱਡ ਪ੍ਰੈੱਸ਼ਰ ਦੇ ਰੋਗੀਆਂ ਨੂੰ ਰੋਜ਼ ਪੌਣਾ ਚਮਚ ਦਾਲਚੀਨੀ ਅੱਠ ਹਫ਼ਤਿਆਂ ਲਈ ਖੁਆਈ ਗਈ ਸੀ, ਉਨ੍ਹਾਂ ਸਾਰਿਆਂ ਦਾ ਬਲੱਡ ਪ੍ਰੈੱਸ਼ਰ ਵੀ ਘੱਟ ਗਿਆ ਤੇ ਕੁੱਝ ਨੂੰ ਬਲੱਡ ਪ੍ਰੈੱਸ਼ਰ ਦੀ ਦਵਾਈ ਬੰਦ ਵੀ ਕਰ ਦਿੱਤੀ ਗਈ।
ਇਨਸੂਲਿਨ ਦਾ ਅਸਰ ਵਧਾਉਣਾ :-
ਟਾਈਪ ਦੋ ਸ਼ੱਕਰ ਰੋਗੀਆਂ ਵਿਚ ਸਰੀਰ ਅੰਦਰ ਨਿਕਲਦੀ ਇਨਸੂਲਿਨ ਦਾ ਅਸਰ ਕਾਫ਼ੀ ਘੱਟ ਹੋ ਜਾਂਦਾ ਹੈ। ਸਿਰਫ਼ ਹਾਲੇ ਤੱਕ ਦੋ ਖੋਜਾਂ ਵਿਚ ਦਾਲਚੀਨੀ ਨਾਲ ਸਰੀਰ ਅੰਦਰ ਇਨਸੂਲਿਨ ਦਾ ਅਸਰ ਵਧਦਾ ਵੇਖਿਆ ਗਿਆ ਹੈ। ਹੋਰ ਖੋਜਾਂ ਜਾਰੀ ਹਨ ਜਿਨ੍ਹਾਂ ਰਾਹੀਂ ਸਪਸ਼ਟ ਪਤਾ ਲੱਗ ਸਕੇਗਾ ਕਿ ਇਹ ਅਸਰ ਕਿਵੇਂ ਹੁੰਦਾ ਹੈ ਅਤੇ ਕਿੰਨੀ ਦੇਰ ਤੱਕ ਅਸਰਦਾਰ ਸਾਬਤ ਹੁੰਦਾ ਹੈ। ਇਹ ਅਸਰ ਸ਼ੱਕਰ ਰੋਗੀਆਂ ਲਈ ਕੁਦਰਤੀ ਵਰਦਾਨ ਸਾਬਤ ਹੋ ਸਕਦਾ ਹੈ।
ਇਹ ਤਾਂ ਪਹਿਲਾਂ ਹੀ ਸਾਬਤ ਹੋ ਚੁੱਕਿਆ ਹੈ ਕਿ ਖਾਣੇ ਅੰਦਰਲੇ ਮਿੱਠੇ ਨੂੰ ਦਾਲਚੀਨੀ ਛੇਤੀ ਹਜ਼ਮ ਨਹੀਂ ਹੋਣ ਦਿੰਦੀ ਜਿਸ ਨਾਲ ਲਹੂ ਅੰਦਰ ਸ਼ੱਕਰ ਦੀ ਮਾਤਰਾ ਛੇਤੀ ਨਹੀਂ ਵਧਦੀ। ਕਈ ਤਰ੍ਹਾਂ ਦੇ ਰਸ ਜਿਹੜੇ ਕਾਰਬੋਹਾਈਡ੍ਰੇਟ ਨੂੰ ਤੋੜ ਕੇ ਸਰੀਰ ਅੰਦਰ ਸ਼ੱਕਰ ਵਧਾਉਂਦੇ ਹਨ, ਉਨ੍ਹਾਂ ਦੇ ਕੰਮ ਕਾਰ ਨੂੰ ਦਾਲਚੀਨੀ ਕਾਫੀ ਘਟਾ ਦਿੰਦੀ ਹੈ।
ਦਾਲਚੀਨੀ ਵਿਚਲਾ ਇੱਕ ਅੰਸ਼ ਤਾਂ ਆਪ ਹੀ ਇਨਸੂਨਿਨ ਵਰਗਾ ਅਸਰ ਵਿਖਾ ਦਿੰਦਾ ਹੈ। ਦੋ ਮਹੀਨੇ ਲਗਾਤਾਰ ਦਾਲਚੀਨੀ ਖਾਣ ਵਾਲੇ ਸ਼ੱਕਰ ਰੋਗੀਆਂ ਦੀ 'ਐਚ.ਬੀ.ਏ. ਇੱਕ ਸੀ' ਮਾਤਰਾ ਵੀ ਠੀਕ ਹੋਈ ਲੱਭੀ। ਇਸ ਖੋਜ ਵਿਚ ਮਰੀਜ਼ਾਂ ਨੂੰ ਲਗਭਗ ਇੱਕ ਤੋਂ ਦੋ ਚਮਚ ਰੋਜ਼ ਦਾਲਚੀਨੀ ਖੁਆਈ ਗਈ ਸੀ।
ਨਸਾਂ ਉੱਤੇ ਅਸਰ :-
ਚੂਹਿਆਂ ਉੱਤੇ ਹੋਈ ਖੋਜ ਵਿਚ ਦਾਲਚੀਨੀ ਨਾਲ ਦਿਮਾਗ਼ ਅੰਦਰਲੀ ਇੱਕ ਪ੍ਰੋਟੀਨ ਘਟੀ ਹੋਈ ਲੱਭੀ ਜਿਸ ਨੇ ਨਿਊਰੋਟਰਾਂਸਮੀਟਰ ਰਸ ਦੀ ਮਾਤਰਾ ਵਧਾ ਕੇ ਪਾਰਕਿਨਸਨ ਵਰਗੇ ਰੋਗ ਵਿਚ ਫ਼ਾਇਦਾ ਦੇ ਦਿੱਤਾ ਤੇ ਯਾਦਾਸ਼ਤ ਦਾ ਸੈਂਟਰ ਵੀ ਰਵਾਂ ਹੁੰਦਾ ਵੇਖਿਆ ਗਿਆ। ਇਸ ਖੋਜ ਨੂੰ ਐਲਜ਼ੀਮਰ ਅਤੇ ਪਾਰਕਿਨਸਨ ਰੋਗੀ ਬੰਦਿਆਂ ਉੱਤੇ ਕਰਨ ਬਾਰੇ ਸੋਚਿਆ ਜਾ ਰਿਹਾ ਹੈ ਕਿ ਕਿੰਨੀ ਖ਼ੁਰਾਕ, ਕਿੰਨੀ ਦੇਰ ਖੁਆਉਣ ਨਾਲ ਕਿੰਨਾ ਕੁ ਅਸਰ ਹੋਵੇਗਾ!
ਕੈਂਸਰ :-
ਚੂਹਿਆਂ ਵਿਚ ਹੋਈ ਖੋਜ ਵਿਚ ਇਹ ਤੱਥ ਸਾਹਮਣੇ ਆਏ ਹਨ ਕਿ ਅੰਡਕੋਸ਼ ਦੇ ਕੈਂਸਰ ਵਿਚ ਦਾਲਚੀਨੀ ਵਿਚਲੇ ਸਿਨਾਮੈਲਡੀਹਾਈਡ ਸਦਕਾ ਸੈੱਲਾਂ ਦਾ ਫੈਲਣਾ ਘੱਟ ਹੋ ਗਿਆ। ਇਹ ਖੋਜ ਸਿਰਫ਼ ਚੂਹਿਆਂ ਉੱਤੇ ਹੀ ਕੀਤੀ ਗਈ ਹੈ। ਔਰਤਾਂ ਉੱਤੇ ਹਾਲੇ ਤੱਕ ਇਹ ਖੋਜ ਸੰਪੂਰਨ ਨਹੀਂ ਹੋਈ ਕਿ ਕਿੰਨੇ ਫੈਲੇ ਕੈਂਸਰ ਉੱਤੇ ਕਿੰਨੀ ਖ਼ੁਰਾਕ ਨਾਲ ਸਹੀ ਅਸਰ ਦਿਸੇਗਾ।
ਭਾਰ ਘਟਣਾ :-
ਹਾਲੇ ਤੱਕ ਸਿਰਫ਼ ਇਕ ਖੋਜ ਰਾਹੀਂ ਇਹ ਤੱਥ ਉਘਾੜਿਆ ਗਿਆ ਹੈ ਕਿ ਸੀਲੋਨ ਦਾਲਚੀਨੀ ਨਾਲ ਸਰੀਰ ਅੰਦਰਲੇ ਥਿੰਦੇ ਦੇ ਸੈੱਲ ਛੇਤੀ ਖੁਰਨ ਲੱਗ ਪੈਂਦੇ ਹਨ ਜਿਸ ਸਦਕਾ ਭਾਰ ਘਟਾਇਆ ਜਾ ਸਕਦਾ ਹੈ ਬਸ਼ਰਤੇ ਕਿ ਰੋਜ਼ਾਨਾ ਕਸਰਤ ਅਤੇ ਸੰਤੁਲਿਤ ਖ਼ੁਰਾਕ ਨਾਲੋ ਨਾਲ ਲਈ ਜਾਵੇ।
ਬਲੱਡ ਪ੍ਰੈੱਸ਼ਰ :-
ਸਾਰੀਆਂ ਖੋਜਾਂ ਵਿਚ ਉਨ੍ਹਾਂ ਸ਼ੱਕਰ ਰੋਗੀਆਂ ਨੂੰ ਸ਼ਾਮਲ ਕੀਤਾ ਗਿਆ ਜਿਨ੍ਹਾਂ ਨੂੰ ਨਾਲ ਬਲੱਡ ਪ੍ਰੈੱਸ਼ਰ ਦਾ ਰੋਗ ਵੀ ਸੀ। ਇਨ੍ਹਾਂ ਮਰੀਜ਼ਾਂ ਨੂੰ ਹਰ ਰੋਜ਼ ਅੱਧਾ ਚਮਚ ਦਾਲਚੀਨੀ ਤਿੰਨ ਮਹੀਨੇ ਰੈਗੂਲਰ ਖੁਆਈ ਗਈ। ਚਾਰੋ ਖੋਜਾਂ ਵਿਚ ਇਹ ਲੱਭਿਆ ਗਿਆ ਕਿ ਉੱਪਰਲਾ ਬਲੱਡ ਪ੍ਰੈੱਸ਼ਰ 5 ਪਾਇੰਟ ਘਟ ਗਿਆ। ਕਿਸੇ ਵੀ ਖੋਜ ਨੇ ਹਾਲੇ ਤੱਕ ਇਹ ਸਪਸ਼ਟ ਨਹੀਂ ਕੀਤਾ ਕਿ ਇਹ ਅਸਰ ਕਿੰਨੀ ਦੇਰ ਤੱਕ ਰਹਿ ਜਾਂਦਾ ਹੈ ! ਕੀ ਤਿੰਨ ਮਹੀਨੇ ਖਾਣ ਬਾਅਦ ਅੱਗੋਂ ਫਿਰ ਦਾਲਚੀਨੀ ਖਾਣ ਦੀ ਲੋੜ ਪਵੇਗੀ ਜਾਂ ਨਹੀਂ, ਇਹ ਹਾਲੇ ਤੱਕ ਗੱਲ ਸਾਫ਼ ਨਹੀਂ ਕੀਤੀ ਜਾ ਸਕੀ।
ਯਾਦਾਸ਼ਤ ਦੇ ਸੈਂਟਰ ਉੱਤੇ ਅਸਰ :-
ਜਿਨ੍ਹਾਂ ਚੂਹਿਆਂ ਉੱਤੇ ਦਾਲਚੀਨੀ ਨਾਲ ਖੋਜ ਕੀਤੀ ਗਈ ਸੀ, ਉਨ੍ਹਾਂ ਵਿਚ ਪਹਿਲਾਂ ਰੱਖੀ ਚੀਜ਼ ਵੱਲ ਪਹੁੰਚਣ ਦੇ ਰਾਹ ਨੂੰ ਯਾਦ ਰੱਖਣ ਦੀ ਤਾਕਤ ਵੱਧ ਲੱਭੀ। ਹਾਲੇ ਤੱਕ ਅਜਿਹੀ ਇੱਕ ਵੀ ਖੋਜ ਇਨਸਾਨਾਂ ਉੱਤੇ ਨਹੀਂ ਕੀਤੀ ਗਈ।
ਜੋੜਾਂ ਦੇ ਦਰਦ :-
ਲਗਭਗ 115 ਤਰ੍ਹਾਂ ਦੇ ਖਾਣਿਆਂ ਵਿੱਚੋਂ ਸੋਜ਼ਿਸ਼ ਨਾਲ ਜੂਝਣ ਦੀ ਤਾਕਤ ਸਭ ਤੋਂ ਵੱਧ ਸੀਲੋਨ ਦਾਲਚੀਨੀ ਵਿਚ ਹੀ ਲੱਭੀ ਹੈ। ਇਸੇ ਲਈ ਜਦੋਂ ਰੋਜ਼ ਅੱਧਾ ਚਮਚ ਦਾਲਚੀਨੀ ਰਿਊਮੈਟਾਇਡ ਆਰਥਰਾਈਟਿਸ ਦੇ ਮਰੀਜ਼ਾਂ ਨੂੰ 8 ਹਫ਼ਤੇ ਖੁਆਈ ਗਈ ਤਾਂ ਉਨ੍ਹਾਂ ਨੂੰ ਪੀੜ ਅਤੇ ਸੋਜ਼ਿਸ਼ ਵਿਚ ਕਾਫੀ ਆਰਾਮ ਦਿਸਿਆ।
ਕੋਲੈਸਟਰੋਲ :-
ਦੋ ਗਰੁੱਪਾਂ ਵਿਚ 60-60 ਮਰੀਜ਼ ਵੰਡ ਕੇ ਜਦੋਂ ਇੱਕ ਗਰੁੱਪ ਦੇ 60 ਮਰੀਜ਼ਾਂ ਨੂੰ ਚੌਥਾ ਹਿੱਸਾ ਚਮਚ ਦਾ ਸੀਲੋਨ ਦਾਲਚੀਨੀ ਦਾ 40 ਦਿਨ ਖੁਆਇਆ ਗਿਆ ਤਾਂ ਇਸ ਗਰੁੱਪ ਦੇ ਮਰੀਜ਼ਾਂ ਦਾ ਮਾੜਾ ਕੋਲੈਸਟਰੋਲ ਘੱਟ ਹੋ ਗਿਆ। ਜਦੋਂ 18 ਹਫਤੇ ਲਗਾਤਾਰ ਖੁਆਉਣਾ ਜਾਰੀ ਰੱਖਿਆ ਗਿਆ ਤਾਂ ਚੰਗੇ ਕੋਲੈਸਟਰੋਲ ਵਿਚ ਵਾਧਾ ਹੋਇਆ ਵੀ ਲੱਭਿਆ। ਇਸ ਖੋਜ ਵਿਚ ਇਹ ਅਸਰ ਕਿੰਨੀ ਦੇਰ ਤੱਕ ਰਿਹਾ, ਬਾਰੇ ਹਾਲੇ ਦੱਸਿਆ ਨਹੀਂ ਗਿਆ ਪਰ ਫ਼ਾਇਦਾ ਜ਼ਰੂਰ ਲੱਭਿਆ ਗਿਆ ਹੈ।
ਬੱਚੇਦਾਨੀ ਦੇ ਰਾਹ ਦੀ ਸੋਜ਼ਿਸ਼ :-
ਲੈਬਾਰਟਰੀ ਵਿਚ 'ਕੈਂਡੀਡਾ ਐਲਬੀਕੈਨਸ' (ਉੱਲੀ) ਉੱਤੇ ਜਦੋਂ ਖੋਜ ਕੀਤੀ ਗਈ ਤਾਂ ਸੀਲੋਨ ਦਾਲਚੀਨੀ ਦੇ ਪਾਊਡਰ ਦੇ ਘੋਲ ਵਿਚ ਪਾਉਣ ਬਾਅਦ ਇਹ ਉੱਕਾ ਹੀ ਖ਼ਤਮ ਹੋਈ ਲੱਭੀ। ਇਸੇ ਲਈ ਹੁਣ ਇਹ ਖੋਜ ਸ਼ੁਰੂ ਕੀਤੀ ਗਈ ਹੈ ਕਿ ਕੀ ਅਸਲ ਵਿਚ ਵੀ ਜਦੋਂ ਬੱਚੇਦਾਨੀ ਦੇ ਰਾਹ ਦੀ ਸੋਜ਼ਿਸ਼ ਵਾਸਤੇ ਜੇ ਦਵਾਈ ਵਿਚ ਇਸ ਨੂੰ ਵਰਤਿਆ ਜਾਵੇ ਤਾਂ ਕੀ ਕੁਦਰਤੀ ਢੰਗ ਨਾਲ ਬਿਹਤਰ ਨਤੀਜੇ ਕੱਢੇ ਜਾ ਸਕਦੇ ਹਨ? ਹੁਣ ਤੱਕ ਕਈ ਕੈਪਸੂਲਾਂ ਵਿਚ ਜਾਂ ਦਵਾਈਆਂ ਵਿਚ ਪਹਿਲਾਂ ਹੀ ਦਾਲਚੀਨੀ ਸ਼ਾਮਲ ਕੀਤੀ ਜਾ ਚੁੱਕੀ ਹੈ ਅਤੇ ਚਾਹ ਦੇ ਨਾਲ-ਨਾਲ ਕਈ ਮੂੰਹ ਉੱਤੇ ਲਾਏ ਜਾਣ ਵਾਲੇ ਮਾਸਕ ਵੀ ਦਾਲਚੀਨੀ ਭਰਪੂਰ ਮਿਲਦੇ ਹਨ। ਕਈ ਕਿਸਮਾਂ ਦੇ ਪਾਊਡਰ, ਕਰੀਮ, ਲਿਪਸਟਿਕ ਵਿਚ ਵੀ ਦਾਲਚੀਨੀ ਮਿਲਾਈ ਹੋਈ ਮਿਲਦੀ ਹੈ ਜੋ ਇਨ੍ਹਾਂ ਚੀਜ਼ਾਂ ਨੂੰ ਛੇਤੀ ਖ਼ਰਾਬ ਨਹੀਂ ਹੋਣ ਦਿੰਦੀ।
ਕੀਟਾਣੂਆਂ ਦੀ ਰੋਕਥਾਮ ਲਈ :-
ਕੁੱਝ ਕਿਸਮ ਦੇ ਕੀਟਾਣੂ ਜਿਵੇਂ ਸਾਲਮੋਨੈਲਾ, ਈ. ਕੋਲਾਈ, ਉੱਲੀ, ਕੁੱਝ ਵਾਇਰਸ ਕੀਟਾਣੂਆਂ ਆਦਿ, ਉੱਤੇ ਲੈਬਾਰਟਰੀ ਵਿਚ ਕੀਤੀ ਖੋਜ ਬਹੁਤ ਅਸਰਦਾਰ ਸਿੱਧ ਹੋ ਚੁੱਕੀ ਹੈ ਜੋ ਸੀਲੋਨ ਦਾਲਚੀਨੀ ਦੇ ਹੁੰਦਿਆਂ ਪਨਪ ਹੀ ਨਹੀਂ ਸਕਦੇ। ਇਹ ਖੋਜ ਭਾਵੇਂ ਇਨਸਾਨਾਂ ਉੱਤੇ ਹਾਲੇ ਸੰਪੂਰਨ ਨਹੀਂ ਹੋਈ ਪਰ ਮੁੱਢਲੇ ਤੌਰ ਉੱਤੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ ਕਿ ਬੀਮਾਰੀ ਵਿਚ ਦਾਲਚੀਨੀ ਦੀ ਚਾਹ ਬਣਾ ਕੇ ਲੈਂਦੇ ਰਹਿਣ ਨਾਲ ਛੇਤੀ ਠੀਕ ਹੋਇਆ ਜਾ ਸਕਦਾ ਹੈ।
ਸਿਨਾਮਨ ਤੇਲ ਸਦਕਾ ਹੀ ਇਹ ਚੰਗੇ ਅਸਰ ਦਿਸਦੇ ਹਨ ਜਿਸ ਨਾਲ ਖੰਘ, ਜ਼ੁਕਾਮ ਕਈ ਵਾਰ ਬਿਨਾਂ ਦਵਾਈ ਦੇ ਹੀ ਠੀਕ ਕੀਤਾ ਜਾ ਸਕਦਾ ਹੈ। ਇੱਕ ਕੱਪ ਪਾਣੀ ਵਿਚ ਦਾਲਚੀਨੀ ਦਾ ਟੋਟਾ ਜਾਂ ਚੂੰਡੀ ਪਾਊਡਰ ਸਮੇਤ ਇੱਕ ਲੌਂਗ, ਇੱਕ ਛੋਟੀ ਲਾਚੀ, ਇੱਕ ਮੋਟੀ ਲਾਚੀ, ਥੋੜੀ ਸੌਂਫ ਅਤੇ ਕੁੱਝ ਤੁਲਸੀ ਦੇ ਪੱਤੇ ਪਾ ਕੇ ਉਬਾਲ ਲਵੋ। ਉਬਾਲਣ ਬਾਅਦ ਢਕ ਕੇ ਰੱਖਣ ਵੇਲੇ ਉਸ ਵਿਚ ਤਾਜ਼ਾ ਅਦਰਕ ਅਤੇ ਤਾਜ਼ੀ ਕੱਚੀ ਹਲਦੀ ਰਤਾ ਕੁ ਕੁੱਟ ਕੇ ਮਿਲਾ ਕੇ ਰੱਖ ਦਿਓ। ਕੋਸੇ ਕੋਸੇ ਇਸ ਪਾਣੀ ਨੂੰ ਦਿਨ ਵਿਚ ਦੋ ਵਾਰ ਪੀਣ ਨਾਲ ਗਲਾ ਖ਼ਰਾਬ ਛੇਤੀ ਠੀਕ ਕੀਤਾ ਜਾ ਸਕਦਾ ਹੈ।
ਡੇਂਗੂ ਵਿਚ ਵੀ ਇਹੀ ਨੁਸਖ਼ਾ ਅਜ਼ਮਾਇਆ ਜਾ ਸਕਦਾ ਹੈ।
ਮੂੰਹ ਅੰਦਰੋਂ ਬਦਬੂ ਆਉਂਦੀ ਹੋਵੇ ਤਾਂ ਵੀ ਦਾਲਚੀਨੀ ਨੂੰ ਮੂੰਹ ਅੰਦਰ ਰੱਖ ਕੇ, ਚੂਸ ਕੇ ਜਾਂ ਇਸ ਦੇ ਪਾਣੀ ਨਾਲ ਚੂਲੀਆਂ ਕਰ ਕੇ ਬਦਬੂ ਹਟਾਈ ਜਾ ਸਕਦੀ ਹੈ।
ਹਾਰਮੋਨਾਂ ਦੀ ਗੜਬੜੀ :-
ਜਿਨ੍ਹਾਂ ਔਰਤਾਂ ਦੇ ਮੂੰਹ ਉੱਤੇ ਵਾਲ ਆਉਣ ਲੱਗ ਪੈਣ ਜਾਂ ਮਾਹਵਾਰੀ ਰੈਗੂਲਰ ਨਾ ਹੋਵੇ, ਉਨ੍ਹਾਂ ਵਿਚ ਹਾਰਮੋਨਾਂ ਦੀ ਦਵਾਈ ਖਾਂਦੇ ਰਹਿਣ ਨਾਲ ਜੇ ਅੱਧਾ ਚਮਚ ਸੀਲੋਨ ਦਾਲਚੀਨੀ ਰੋਜ਼ 6 ਮਹੀਨੇ ਖੁਆਈ ਜਾਵੇ ਤਾਂ ਮਾਹਵਾਰੀ ਰੈਗੂਲਰ ਹੋਣ ਬਾਰੇ ਇੱਕ ਸਾਰਥਕ ਖੋਜ ਸਾਹਮਣੇ ਆ ਚੁੱਕੀ ਹੈ। ਜੇ ਸਿਰਫ਼ ਦਾਲਚੀਨੀ ਹੀ ਖਾਧੀ ਜਾਵੇ ਤਾਂ ਹਾਰਮੋਨਾਂ ਦੀ ਮਾਤਰਾ ਨਾਰਮਲ ਨਹੀਂ ਪਹੁੰਚਦੀ ਭਾਵੇਂ ਮਾਹਵਾਰੀ ਠੀਕ ਹੋਣ ਲੱਗ ਪੈਂਦੀ ਹੈ। ਇਸੇ ਲਈ ਨਾਲੋ ਨਾਲ ਡਾਕਟਰੀ ਸਲਾਹ ਨਾਲ ਦਵਾਈ ਜ਼ਰੂਰ ਲੈਣੀ ਚਾਹੀਦੀ ਹੈ।
ਚਮੜੀ ਲਈ :-
ਸੀਲੋਨ ਦਾਲਚੀਨੀ ਚਮੜੀ ਵਿਚਲੇ ਕੋਲਾਜਨ ਨੂੰ ਲਚਕੀਲਾ ਬਣਾਉਂਦੀ ਹੈ ਜਿਸ ਸਦਕਾ ਅਨੇਕ ਮਹਿੰਗੇ ਫੇਸ ਪੈਕ ਇਸ ਨੂੰ ਸ਼ਾਮਲ ਕਰਨ ਲੱਗ ਪਏ ਹਨ ਕਿ ਚਿਹਰੇ ਦੀ ਰੌਣਕ ਦੇ ਨਾਲੋ ਨਾਲ ਚਮੜੀ ਦੀ ਲਚਕ ਵੀ ਬਰਕਰਾਰ ਰਹੇ। ਕਿਲ ਮੁਹਾਂਸੇ ਲਈ ਇਹ ਬਿਹਤਰੀਨ ਸਾਬਤ ਹੋ ਚੁੱਕੀ ਹੈ। ਉਸ ਵਾਸਤੇ ਤਿੰਨ ਚਮਚ ਸ਼ਹਿਦ ਵਿਚ ਇੱਕ ਚਮਚ ਸੀਲੋਨ ਦਾਲਚੀਨੀ ਮਿਲਾ ਕੇ 30 ਸਕਿੰਟ ਲਈ ਮਾਈਕਰੋਵੇਵ ਵਿਚ ਰੱਖ ਕੇ 10 ਮਿੰਟ ਲਈ ਮੂੰਹ ਉੱਤੇ ਲੇਪ ਲਾ ਕੇ ਮੂੰਹ ਚੰਗੀ ਤਰ੍ਹਾਂ ਕੋਸੇ ਪਾਣੀ ਨਾਲ ਧੋ ਲੈਣਾ ਚਾਹੀਦਾ ਹੈ। ਹਫ਼ਤੇ ਵਿਚ ਇੱਕ ਵਾਰ ਵਰਤਣ ਨਾਲ ਕਿੱਲ ਮੁਹਾਂਸੇ ਦੋ ਕੁ ਮਹੀਨਿਆਂ ਵਿਚ ਸਾਫ਼ ਹੋ ਜਾਂਦੇ ਹਨ।
ਅੰਤ ਵਿਚ ਇਹ ਦੱਸਣਾ ਜ਼ਰੂਰੀ ਹੈ ਕਿ ਦਾਲਚੀਨੀ ਦੀਆਂ ਸਾਰੀਆਂ ਖੋਜਾਂ ਸੀਲੋਨ ਕਿਸਮ ਨਾਲ ਹੀ ਕੀਤੀਆਂ ਗਈਆਂ ਹਨ। ਬਜ਼ਾਰ ਵਿਚ ਕੇਸੀਆ ਕਿਸਮ ਹੀ ਵੱਧ ਮਿਲਦੀ ਹੈ ਜਿਸ ਵਿਚ 'ਕੁਮਾਰਿਨ' ਹੋਣ ਸਦਕਾ ਇਸ ਦੀ ਵਾਧੂ ਵਰਤੋਂ ਤਗੜਾ ਨੁਕਸਾਨ ਵੀ ਕਰ ਸਕਦੀ ਹੈ।
ਇੰਜ ਹੀ ਸੁੱੱਕੀ ਲੱਕੜ ਵਿਚ ਲੱਗੀ ਉੱਲੀ ਵੀ ਖ਼ਤਰਨਾਕ ਹੋ ਸਕਦੀ ਹੈ ਜੋ ਬਹੁਤ ਧਿਆਨ ਨਾਲ ਵਰਤਣੀ ਚਾਹੀਦੀ ਹੈ।
ਅੱਗੇ ਤੋਂ ਦਾਲਚੀਨੀ ਖ਼ਰੀਦਣ ਤੋਂ ਪਹਿਲਾਂ ਬਾਹਰ ਲਿਖਿਆ 'ਸੀਲੋਨ' ਜ਼ਰੂਰ ਦੇਖ ਲੈਣਾ ਚਾਹੀਦਾ ਹੈ। ਜੇ 'ਸੀਲੋਨ' ਨਹੀਂ ਲਿਖਿਆ ਹੋਇਆ, ਤਾਂ ਸਮਝ ਲਇਓ ਕਿ ਇਹ 'ਕੇਸੀਆ' ਕਿਸਮ ਹੀ ਹੈ।
ਡਾ. ਹਰਸ਼ਿੰਦਰ ਕੌਰ, ਐੱਮ.ਡੀ.,
28, ਪ੍ਰੀਤ ਨਗਰ,
ਲੋਅਰ ਮਾਲ, ਪਟਿਆਲਾ
0175-2216783