ਪੰਜਾਬੀ - ਬਿੱਟੂ ਅਰਪਿੰਦਰ ਸਿੰਘ
ਇਹ ਤਸਵੀਰ ਵਿੱਚ ਕੰਧ ਤੇ ਲੱਗੀਆਂ ਤਸਵੀਰਾਂ ਤੇ ਸਾਹਮਣੇ ਖੜੇ ਗਿਆਰਾਂ ਨਗ ਬੜਾ ਕੁਹ ਬਿਆਨ ਕਰ ਰਹੇ ਆ ! ਗੱਲ ਪੰਜਾਬੀ ਦੀ ਆ ਤੇ ਜ਼ਿਕਰ ਨਾਲ ਫ਼ਿਕਰ ਕਰਨਾ ਵੀ ਬਣਦਾ !
ਪਿੱਛਲੇ ਦਿਨੀ ਪੰਜਾਬ ਵਿੱਚ ਈ ਪੰਜਾਬੀ ਦੀ ਹੋ ਰਹੀ ਦੁਰਗਤੀ ਦੀ ਗੱਲ ਚੱਲੀ ਜੋ ਨਿੱਕੀ ਗੱਲ ਨਹੀਂ ਸੀ ! ਜੋ ਇਕ ਸੋਚੀ ਸਮਝੀ ਸਾਜ਼ਸ਼ ਦਾ ਹਿੱਸਾ ਏ । ਸੈਂਕੜੇ ਕਾਨਵੈਂਟ ਸਕੂਲਾਂ ਤੋਂ ਇਲਾਵਾ ਪੰਜਾਬ ਵਿੱਚ ਡੇਢ ਸੌ ਦੇ ਕਰੀਬ ਵਿੱਦਿਆ ਭਾਰਤੀ ਆਲ਼ਿਆਂ ਦੇ ਵਿੱਦਿਆਲੇ ਨੇ ਜਿੱਥੇ ਆਰ ਐਸ ਐਸ ਸਾਜਿਸ਼ ਤਹਿਤ ਨਿਆਣਿਆਂ ਤੇ ਪੁੱਠੀ ਪਾਣ ਚਾਹੜ ਰਹੀ ਏ ! ਗੁਰੂਆਂ ਦੀ ਧਰਤੀ ਤੇ ਗੁਰਮੁਖੀ ਲਿੱਪੀ ਦੀ ਬੇਅਦਬੀ ਹੋ ਰਹੀ ਆ ! ਕਕਾਰਾਂ ਤੇ ਦਸਤਾਰਾਂ ਦਾ ਨਿਰਾਦਰ ਹੋ ਰਿਹਾ ! ਕੁਹ ਇਕ ਦਰਦਮੰਦਾਂ ਨੂੰ ਛੱਡ ਇਕ ਵੱਡਾ ਲਾਣਾ ਮੋਨ ਧਾਰੀ ਬੈਠਾ !
ਜੱਥੇਦਾਰਾਂ ਕਮੇਟੀਆਂ ਦੀਆਂ ਮਜਬੂਰੀਆਂ ਤੇ ਸਮਝ ਆਉਂਦੀਆਂ ! ਪਰ ਇਕ ਵੱਡਾ ਤਬਕਾ ਜੋ ਪੰਜਾਬੀ ਸਿਰੋਂ ਮੰਡੇ ਖਾ ਰਿਹਾ ਉਹਨਾਂ ਦੀ ਕੀ ਮਜਬੂਰੀ ਰੱਬ ਜਾਣੇ ! ਬੀਤੇ ਦਿਨੀ ਇਕ ਸਕੂਲ ਦੀ ਵੀਡੀਓ ਸਾਹਮਣੇ ਆਈ ਜਿੱਥੇ ਪਿੰਡਾਂ ਚੋ, ਪੜਨ ਆਏ ਬੱਚਿਆਂ ਨੂੰ ਕਕਾਰ ਪਾਉਣ ਤੇ ਪੰਜਾਬੀ ਬੋਲਣ ਤੋ ਵਰਜਿਆ ਈ ਨਹੀਂ ਜਾ ਰਿਹਾ ! ਸਗੋਂ ਜੁਰਮਾਨਾ ਕੀਤਾ ਜਾਂਦਾ ! ਬੱਚੀਆਂ ਨੂੰ ਸ਼ਾਮ ਦੀਆਂ ਕਲਾਸਾਂ ਲਾਉਣ ਨੂੰ ਕਿਹਾ ਜਾਂਦਾ ! ਬੀਤੇ ਵਰ੍ਹੇ ਉਸੇ ਸਕੂਲ ਵਿੱਚ ਬੱਚਿਆਂ ਨਾਲ ਸਰੀਰਕ ਸ਼ੋਸ਼ਣ ਦੇ ਮਾਮਲੇ ਵੀ ਸਾਹਮਣੇ ਆਏ ਸਨ ! ਦਰਅਸਲ ਇਹ ਕਹਾਣੀ ਇਕ ਸਕੂਲ ਦੀ ਨਹੀਂ ਆਏ ਦਿਨ ਵਾਪਰ ਰਹੀ ਏ ! ਕਾਰਨ ਇਹ ਕਿ ਕਾਨਵੈੰਟ ਤੇ ਵਿੱਦਿਆ ਭਾਰਤੀ ਦੇ ਨਾਂ ਤੇ ਇਹ ਭਰਿਸ਼ਟ ਅਦਾਰੇ ਤੇ ਦੁਕਾਨਾਂ ਪੰਜਾਬ ਦੇ ਹਰ ਬਲਾਕ ਵਿੱਚ ਖੁੱਲ ਚੁੱਕੀਆਂ ਨੇ !
ਲੋਕੋ ਜਾਗੋ ! ਇਹ ਮਸਲਾ ਬੜਾ ਗੰਭੀਰ ਤੇ ਜੜੀਂ ਤੇਲ ਦੇਣ ਵਾਲਾ ਜੋ ! ਕਿਸੇ ਪ੍ਰਚਾਰਕ, ਕਾਮਰੇਡ, ਅੱਪਗਰੇਡ, ਬਾਬੇ , ਸਾਧ ਤੇ ਲੀਡਰ ਨੇ ਨਹੀਂ ਜੋ ਬੋਲਣਾ ! ਆਪ ਸੋਚਣਾ ਪੈਣਾ ਜੋ ! ਆਪਣੇ ਨਿਆਣਿਆਂ ਨੂੰ ਦੱਸੋ ਕਿ ਜਦੋਂ ਹਾਢੇ ਵਡੇਰੇ ਬਾਹਲੇ ਪੜੇ ਲਿਖੇ ਨਹੀਂ ਸਨ ਓਹਨਾਂ ਰਾਜ ਭਾਗ ਸਥਾਪਿਤ ਕੀਤੇ ਤੇ ਆਹ ਵੱਡੇ ਪੜਾਕੂ ਵਿਦਵਾਨਾਂ ਦੀਆਂ ਕਰਤੂਤਾਂ ਕਰਕੇ ਲੋਕ ਆਪਣੀ ਧਰਤੀ ਤੇ ਪਾਤਸ਼ਾਹੀ ਦਾਵੇ ਤੋਂ ਮੁਨਕਰ ਹੋਏ ਫਿਰਦੇ ਆ ! ਜਿੱਥੇ ਕੜਾ ਪਾਉਣ ਤੇ ਜੁਰਮਾਨਾ ਹੋ ਰਿਹਾ ! ਸੱਭ ਭੱਦਰਪੁਰਖ ਉਹ ਨੇ ਜਿਨਾਂ ਲਈ ਗੁਰੂ ਪਾਤਸ਼ਾਹ ਜੀ ਨੇ ਆਖ ਦਿੱਤਾ
ਰੋਟੀਆ ਕਾਰਣਿ ਪੂਰਹਿ ਤਾਲ ॥
ਸਕੂਲਾਂ ਤੋਂ ਲੈ ਕੇ ਯੂਨੀਵਰਸਟੀਆਂ ਤੱਕ ਬੀਬੀਆਂ ਨਾਲ ਸ਼ੋਸ਼ਣ ਹੋ ਰਿਹਾ ਉਹ ਵੀ ਪੰਜਾਬ ਦੀ ਧਰਤੀ ਤੇ ਜਿਹੜੇ ਗਜ਼ਨੀ ਦੇ ਬਜ਼ਾਰਾਂ ਚੋ, ਮੋੜ ਕੇ ਲਿਆਉਂਦੇ ਰਹੇ ! ਕਾਰਣ ਤੇ ਇਹੋ ਲਗਦਾ ਬਈ ਕਿਤੇ ਪੰਜਾਬੀ ਜ਼ਿਆਦਾ ਈ ਮਾਡਰਨ ਹੋਗੇ !ਇਹੋ ਜਿਹੀ ਅੱਪਗਰੇਡਤਾ ਪੰਜਾਬੀਅਤ ਨੂੰ ਨਿਵਾਣਾਂ ਵੱਲ ਲੈ ਜਾਏ ਹਾਨੂੰ ਖ਼ੁਦ ਸੰਭਲ਼ਣਾ ਪੈਣਾ ! ਹਰ ਬੋਲੀ ਸਿੱਖੋ ਪਰ ਪਹਿਲਾਂ ਪੰਜਾਬੀ ਸਾਡਾ ਮਾਣ ਹੋਵੇ ! ਪੰਜਾਬੀ ਗੁਰਮੁਖੀ ਸਾਡੇ ਗੁਰੂ ਸਾਹਿਬਾਨਾਂ ਦੀ ਬੋਲੀ ਏ ! ਉਸ ਤੋਂ ਮੁਨਕਰ ਹੋਣਾ ਗੁਰੂ ਵੱਲ ਪਿੱਠ ਕਰਨ ਤੁੱਲ ਹੈ ! ਇਹ ਬੱਜਰ ਗੁਨਾਹ ਤੇ ਪਾਪ ਆਪਣੀ ਔਲਾਦ ਨਾਲ ਹਰਗਿਜ਼ ਨਾਂ ਕਰਿਓ !
ਖ਼ੈਰ ਯੂਨੀਵਰਸਿਟੀ ਦੀ ਤਸਵੀਰ ਬਿਆਨ ਕਰ ਰਹੀ ਹੈ ਕਿ ਦਾਤੀ ਸਕੂਲਾਂ ਚ, ਜੜਾਂ ਨੂੰ ਹੀ ਨਹੀਂ ਪਈ ਵਢਾਂਗਾ ਉਤੇ ਵੀ ਜਾਰੀ ਆ ! ਤਸਵੀਰ ਵਿੱਚ ਖਲੋਤੇ ਬੁੱਤਾਂ ਤੋਂ ਨਾਂ ਕੋਈ ਆਸ ਹੈ ਤੇ ਨਾ ਗਿਲਾ ਉਹ ਆਪਣਾ ਕਰਮ ਕਰ ਰਹੇ ਨੇ ! ਸ਼ਿਕਵਾ ਉਹਨਾਂ ਨਾਲ ਏ ਜੋ ਪੱਗਾਂ ਚ, ਸਿਰ ਫਸਾਈ ਪੰਜਾਬੀ ਸਿਰੋਂ ਖਾ ਰਹੇ ਨੇ ਪਰ ਬੋਲ ਨਹੀਂ ਰਹੇ ! ਪੰਜਾਬ ਦੇ ਗਾਇਕ, ਕਵੀ ਕਵਿਤਰੀਆਂ, ਵਿਦਵਾਨ , ਪ੍ਰੋਫੈਸਰ ਤੇ ਲੇਖਕ ਲਗਦਾ ਹਰਫ਼ਾਂ ਦੇ ਵਪਾਰੀ ਬਣ ਕੇ ਰਹਿ ਗਏ ਨੇ ! ਕਿਸੇ ਦੀ ਦੰਦਲ ਨਹੀਂ ਟੁੱਟ ਰਹੀ ! ਜੋ ਆਉਣ ਵਾਲੇ ਸਮੇਂ ਇਹਨਾਂ ਲਈ ਘਾਤਕ ਸਿੱਧ ਹੋ ਸਕਦੀ ਆ !
ਪੰਜਾਬੀ ਦੇ ਲੇਖਕ ਜਿਹੜੇ ਮੀਟਰ ਮੀਟਰ ਲੰਮੇ ਸਨਮਾਨ ਪੱਤਰ ਝੋਲਿਆਂ ਚ, ਪਾਈ ਫਿਰਦੇ ਨੇ ਸੋਚਣ ਕਿ ਜੇ ਕੱਲ ਨੂੰ ਪੰਜਾਬੀ ਪੜਨ ਵਾਲੀ ਪੀੜੀ ਨਾਂ ਬੱਚੀ ਕੌਣ ਪੜੂ ਤਾਹਡੀਆਂ ਲਿਖਤਾਂ ! ਫੇ ਇਸ ਰੱਦੀ ਦਾ ਕਿਨੇ ਪਤੀਸਾ ਵੀ ਨਹੀਂ ਦੇਣਾ ! ਤੇ ਰੋਇਓ ਵੇਖ ਵੇਖ ਸਹਿਤ ਪੁਰਸਕਾਰ ਤੇ ਪਦਮ ਸ੍ਰੀ ਮਾਰ ਲਿਓ ਸਿਰ ਚ, !
ਅਖੀਰ ਵਿੱਚ ਇਕ ਮੇਹਣਾ ਉਹਨਾਂ ਪੰਜਾਬੀ ਮਾਂਵਾਂ ਨੂੰ ਵੀ ਜਿਨਾਂ ਬੱਚੇ ਨੂੰ ਕੇਲਾ ਮੰਗਣ ਤੇ ਦਬਕਾ ਮਾਰ ਕੇ ਚੁੱਪ ਕਰਾਤਾ ਅਖੇ ਕੇਲਾ ਨਹੀਂ ਇਹ ਬਨਾਨਾ ! ਅਜੇ ਵੀ ਕੁਹ ਨਹੀਂ ਜੋ ਵਿਗੜਿਆ ਸਿਖਾਲ਼ੋ ਇਹਨਾਂ ਨੂੰ ਆਪਣਾ ਵਿਰਸਾ ਮਾਂ ਜੀ , ਬਾਪੂ ਜੀ, ਭੂਆ ਫੁੱਫੜ ਜੀ, ਤਾਈ ਤਾਇਆ ਜੀ, ਚਾਚੀ ਚਾਚਾ ਜੀ, ਮਾਮੀ ਮਾਮਾ ਜੀ, ਮਾਸੀ ਮਾਸੜ ਜੀ ਤੇ ਭੈਣ ਭਾਈਆ ਜੀ ! ਬਥੇਰਾ ਦੀਦੀ ਜੀਜੂ ਅੰਟੀ ਅੰਕਲ ਕਰ ਲਿਆ ! ਹਟਾਲੋ ਉਹਨਾਂ ਦੁਕਾਨਾਂ ਤੋਂ ਨਿਆਣੇ ਜਿੱਥੇ ਪੰਜਾਬੀ ਸਿਰਮੌਰ ਨਹੀਂ ! ਸਿਰ ਦਾ ਤਾਜ ਨਹੀ !
ਮੈਂ ਕਈ ਬੋਲੀਆਂ ਬੋਲ ਲੈਨਾਂ ਵਾਂ ਪਰ ਬੀਬੀ ਨੂੰ ਮੰਮੀ ਕਹਿਣਾ ਨੀ ਸਿੱਖਿਆ ਹਜੇ ਤਾਂਈਂ ! ਹੋਊ ਮਮੀ ਕਿਸੇ ਮਿਸਰ ਦੇ ਪਿਰਾਮੀਡਾ ਦੀ ਸੁੱਕੀ ਸੜੀ ਕਾਢ ! ਸਾਡੀ ਪੰਜਾਬੀ ਮਾਂ ਤੇ ਬੀਬੀ ਏ ਜਿਹੜੀ ਗਾਹਲ ਵੀ ਕੱਢੇ ਘਿਓ ਵਾਂਗੂ ਲਗਦੀ ਆ !
ਪੰਜਾਬੀ ਜ਼ਿੰਦਾਬਾਦ !
ਬਿੱਟੂ ਅਰਪਿੰਦਰ ਸਿੰਘ
ਫਰੈੰਕਫੋਰਟ ਜਰਮਨੀ
00491775304141