ਜਗਤ ਗੁਰੂ ਬਾਬਾ ਨਾਨਕ ਜੀ ਦੇ ਆਗਮਨ ਪੁਰਬ ਦੀਆਂ ਕੁਲ ਲੋਕਾਈ ਨੂੰ ਕੋਟਾਨ ਕੋਟਿ ਵਧਾਈਆਂ ਜੀ !- ਬਿੱਟੂ ਅਰਪਿੰਦਰ ਸਿੰਘ ਸੇਖ਼ੋ ਫਰੈੰਕਫੋਰਟ ਜਰਮਨੀ


ਅੱਜ ਤੋਂ ੫੫੪ ਵਰ੍ਹੇ ਪਹਿਲਾਂ ੧੪੬੯ ਈਸਵੀ ਨੂੰ ਜਗਤ ਜਲੰਦੇ ਦਾ ਪਾਰ ਉਤਾਰਾ ਕਰਨ ਲਈ ਰਾਏ ਭੋਏ ਦੀ ਤਲਵੰਡੀ ਹੁਣ ਸ੍ਰੀ ਨਨਕਾਣਾ ਸਾਹਿਬ ਵਿਖੇ ਅਕਾਲ ਰੂਪੀ ਬਾਬਾ ਜੀ ਪ੍ਰਗਟ ਹੋਏ ! ਇਹ ਕਿਰਨ ਹਿੰਦੁਸਤਾਨ ਲਈ ਇਕ ਨਵੇਂ ਯੁੱਗ ਦੀ ਅਰੰਭਤਾ ਸੀ ! ਸਦੀਆਂ ਤੋ ਹੁਕਮਰਾਨਾਂ ਵੱਲੋਂ ਲਿਤਾੜੇ ਜਾ ਰਹੇ ਗੁਲਾਮਾਂ ਤੇ ਧਾਰਮਿਕ ਪਖੰਡਵਾਦ ਦਾ ਸ਼ਿਕਾਰ ਹੋ ਰਹੀ ਲੋਕਾਈ ਵਾਸਤੇ ਇਕ ਇਨਕਲਾਬ ਸੀ।
ਸੱਭ ਤੋਂ ਪਹਿਲਾਂ ਗੁਰੂ ਬਾਬੇ ਨੇ ਗਣਿਤ ਦਾ ਏਕਾ ਤੇ ਵਰਣ-ਮਾਲਾ ਦਾ ਖੁੱਲਾ ਊੜਾ ਪਾ ਕੇ ਪਾਂਡੇ ਨੂੰ ਪੜਨੇ ਪਾਇਆ ਤੇ ਆਖਿਆ, ਹੇ ਪਾਂਡੇ ੴ ਤੋਂ ਪਰੇ ਕੁਹ ਨਹੀਂ ਸੱਭ ਉਸ ਦਾ ਹੀ ਪਸਾਰਾ ਏ ! ਨੀਚੋਂ ਊਚ ਕਰਨ ਵਾਲੇ ਸੱਚੇ ਸਤਿਗੁਰ ਨੇ ਕਦੇ ਭਾਈ ਲਾਲੋ ਜੀ ਘਰ ਚੌੰਕੜਾ ਮਾਰ ਕਿਰਤੀ ਤੇ ਕਿਰਤ ਨੂੰ ਵਡਿਆਇਆ ਤੇ ਕਦੇ ਮਰਦਾਨੇ ਨੂੰ ਅੰਗ-ਸੰਗ ਰੱਖ ਜ਼ਾਤਾਂ ਪਾਤਾਂ ਦੇ ਭਰਮ ਤੋੜੇ ! ਚੜ ਕੇ ਆਏ ਜਰਵਾਣੇ ਬਾਬਰ ਨੂੰ ਜਾਬਰ ਤੱਕ ਆਖ ਦਿੱਤਾ ! ਲੋਕਾਈ ਦਾ ਦਰਦ ਵੇਖ ਰੱਬ ਤੱਕ ਨੂੰ ਮੇਹਣਾ ਮਾਰ ਦਿੱਤਾ ! ਮੇਰੇ ਬਾਬੇ ਨੇ ਐਸਾ ਸੌਦਾ ਕੀਤਾ ਕਿ ਸਦੈਵ ਕਾਲ ਲਈ ਬਰਕਤਾਂ ਹੀ ਬਰਕਤਾਂ ਹੋ ਨਿਬੜਿਆ ! ਇਕ ਵਾਰ ਪੰਗਤ ਕੀ ਲਾਈ ਅਜੇ ਤੱਕ ਨਾਂ ਕਤਾਰ ਟੁੱਟੀ ਨਾਂ ਸੌਦਾ ਮੁੱਕਾ ਤੇ ਕਦੇ ਮੁੱਕਣਾ ਵੀ ਨਹੀਂ ।
ਵਹਿਮਾਂ ਭਰਮਾਂ ਦਾ ਖੰਡਨ ਕਰਦੀ ਤੇ ਤਪਦੇ ਹਿਰਦਿਆਂ ਨੂੰ ਠਾਰਦੀ ਬਾਣੀ ਚਹੁੰ ਕੁੰਟਾ ਵਿੱਚ ਗੂੰਜੀ ! ਮਰਦਾਨੇ ਦੀ ਰਬਾਬ ਚੋਂ ਨਿਕਲੇ ਰਾਗ ਸ੍ਰੀ ਲੰਕਾ ਤੋਂ ਮਦੀਨੇ ਤੱਕ ਦੇ ਲੋਕਾਂ ਨੇ ਮਾਣੇ ! ਹਜ਼ਾਰਾਂ ਕੋਹਾਂ ਦਾ ਸਫਰ ਤਹਿ ਕਰ ਦੁਨਿਆਂਵੀ ਫ਼ਿਲਾਸਫ਼ਰਾਂ ਦੇ ਵਹਿਮ ਭਰਮ ਕੱਢ ਬਾਬੇ ਕਿਰਸਾਣੀ ਬਾਣਾ ਪਾ ਹਲ਼ ਦੀ ਜੰਘੀ ਫੜ ਕਿਰਤ ਕਰਨ ਦਾ ਵਲ ਦਸਿਆ ! ਅਕਾਲ ਰੂਪੀ ਬਾਬੇ ਨੇ ਕਿਰਤ ਕਰਨ, ਨਾਮ ਜਪਣ, ਤੇ ਵੰਡ ਛੱਕਣ ਦਾ ਜੋ ਸਬਕ ਸਾਨੂੰ ਦਿੱਤਾ ਇਹ ਇਕ ਨਰੋਏ ਤੇ ਸਭਿਅੱਕ ਸਮਾਜ ਲਈ ਨਵਾਂ ਇਨਕਲਾਬ ਸੀ
ਗੁਰੂ ਬਾਬੇ ਦੀਆਂ ਬਖ਼ਸ਼ਿਸ਼ਾਂ ਅਪਾਰ ਨੇ ਕੋਈ ਦੁਨਿਆਵੀ ਕਲਮ ਰਹਿਮਤਾਂ ਦਾ ਵਰਨਣ ਕਰ ਹੀ ਨਹੀਂ ਸਕਦੀ ! ਸਿਰਫ ਸਿਜਦੇ ਕੋਟਾਨ ਕੋਟਿ ਸਿੱਜਦੇ ਹੀ ਕਰ ਸਕਦੇ ਹਾਂ !
ਸੋ ਆਓ ਸਾਰੇ ਅੱਜ ਦੇ ਪਾਕ ਪਵਿੱਤਰ ਦਿਹਾੜੇ ਤੇ ਸਤਿਗੁਰ ਦੇ ਚਰਨਾਂ ਚ, ਅਰਜੋਈ ਕਰੀਏ ਕਿ ਹੇ ਸੱਚੇ ਪਾਤਸ਼ਾਹ ਸਾਨੂੰ ਕਿਰਤ ਕਰਨ ਨਾਮ ਜਪਣ ਤੇ ਵੰਡ ਛੱਕਣ ਦੀ ਸਮਰੱਥਾ ਬਖ਼ਸ਼ੋ ਤੇ ਨਾਲ ਹੀ ਬੇਇਨਸਾਫੀ ਵਿਰੁੱਧ ਅਵਾਜ ਬੁਲੰਦ ਕਰਨ ਦੀ ਤਾਕਤ ਭਾਵ ਬਾਬਰ ਨੂੰ ਜਾਬਰ ਕਹਿਣ ਦੀ ਜੁਅੱਰਤ ਵੀ ਦਓ ਜੀ !
ਹੋਈਆਂ ਭੁੱਲਾਂ ਲਈ ਬਖ਼ਸ਼ ਲਓ ਜੀ !
ਗੁਰੂ ਨਾਨਕ ਨਾਮ ਚੜਦੀ ਕਲਾ
ਤੇਰੇ ਭਾਣੇ ਸਰਬੱਤ ਦਾ ਭਲਾ
Bittu Arpinder Singh