ਖਾਕੀ ਤੇ ਕਾਲ਼ਾ ਦਾਗ - ਰਾਜਵਿੰਦਰ ਰੌਂਤਾ
ਪਿਛਲੇ ਦਿਨੀਂ ਅੰਮ੍ਰਿਤਸਰ ਜਿਲ੍ਹੇ ਦੇ ਸ਼ਹਿਜ਼ਾਦੀ ਚ ਪੁਲਿਸ ਵੱਲੋਂ ਇੱਕ ਅੌਰਤ ਨੂੰ ਜੀਪ ਦੀ ਛੱਤ ਲੱਦ ਕੇ ਪਿੰਡ ਚ ਘੁਮਾਉਣ ਦੀ ਨਿੰਦਾਯੋਗ ਘਟਨਾ ਨੇ ਪੁਲਿਸ ਦੀ ਵਰਦੀ ਤੇ ਇਕ ਵਾਰ ਫਿਰ ਕਾਲਾ ਧੱਬਾ ਲਗਾ ਦਿੱਤਾ ਹੈ। ਵਿਚਾਰਨ ਵਾਲੀ ਗੱਲ ਹੈ ਕਿ ਅਜਿਹੀਆਂ ਘਟਨਾਵਾਂ ਪੁਲਿਸ ਵਲੋਂ ਕੀਤੀਆਂ ਜਾਂਦੀਆਂ ਹਨ ਜੋ ਅਜੋਕੇ ਸਮੇਂ ਚ ਸੋਚਨਯੋਗ ਵੀ ਨਾ ਹੋਣ।ਇਹ ਕਹਿਣਾ ਵੀ ਕੁਥਾਂ ਨਹੀਂ ਹੋਵੇਗਾ ਕਿ ਇਸ ਘਟਨਾ ਚ ਡੱਬੂ ਕੰਧ ਤੇ ਵਾਲੀ ਗੱਲ ਹੋਵੇਗੀ।
ਜੀ ਹਜੂਰੀ ਤੇ ਆਕਾ ਖੁਸ਼ ਕਰਨ ਜਾਂ ਚਾਂਦੀ ਦੀ ਜੁੱਤੀ ਦਾ ਮੁੱਲ ਤਾਰਨ ਲਈ ਅਜਿਹੀ ਘਟਨਾ ਨੂੰ ਅੰਜਾਮ ਦੇ ਦਿੱਤਾ ਜਾਪਦਾ ਹੈ। ਜਿਸ ਦਾ ਖਮਿਆਜਾ ਕਿੰਝ ਭੁਗਤਣਾ ਪਵੇਗਾ ਸ਼ਾਇਦ ਮੌਕੇ ਦੇ ਜਿੰਮੇਵਾਰ ਅਮਲੇ ਦੇ ਦਿਮਾਗ ਚ ਵੀ ਨਾ ਆਇਆ ਹੋਵੇ। ਇਸ ਘਟਨਾ ਨੇ ਪੰਜਾਬ ਪੁਲਿਸ ਦਾ ਨੱਕ ਕੌਮਾਂਤਰੀ ਪੱਧਰ ਤੇ ਕਟਾ ਦਿੱਤਾ ਹੈ ਪੰਜਾਬੀਆਂ ਦਾ ਵੀ।ਕਿ ਅਜਿਹੀ ਹੈ ਪੰਜਾਬ ਪੁਲਿਸ ਤੇ ਅਜਿਹੇ ਵੀ ਹਨ ਪੰਜਾਬ ਚ ਲੋਕ ?
ਕੀ ਘਟਨਾ ਨਾਲ ਸਬੰਧਤ ਸਾਰੇ ਮੁਲਾਜ਼ਮਾਂ ਚ ਕਿਸੇ ਦੇ ਮਨ ਚ ਨਾ ਆਈ ਕਿ ਜੋ ਇਹ ਹੋਣ ਲੱਗਿਆ ਇਹਦਾ ਹਸ਼ਰ ਕੀ ਹੋਵੇਗਾ?
ਹੁਣ ਅਸੀਂ ਅਨਪੜ੍ਹ ਗਵਾਰ ਨਹੀਂ ਹਾਂ ।ਸੋਸ਼ਲ ਤੇ ਇਲੈਕਟ੍ਰਾਨਕ ਮੀਡੀਆ ਨੇ ਸਭ ਨੂੰ ਜਾਗਰੂਕ ਕੀਤਾ ਹੋਇਆ ਹੈ ।ਭੋਰਾ ਜਿੰਨੀ ਕੁਤਾਹੀ ਦੀ ਵੀਡੀਉ ਵੀ ਦਿੱਲੀ ਦੱਖਣ ਤੱਕ ਘੁੰਮ ਜਾਂਦੀ ਹੈ।
ਪੁਲਿਸ ਵਿਭਾਗ ਅਕਸਰ ਹੀ ਮਹਿਕਮੇਂ ਨੂੰ ਚੁਸਤ ਫੁਰਤ ਕਰਨ ਦੀਆਂ ਗੱਲਾਂ ਤੇ ਸਮਾਗਮ ਆਦਿ ਕਰਦਾ ਆ ਰਿਹਾ ਹੈ। ਸਮਾਜ ਵਿਰੋਧੀ ਅਨਸਰਾਂ ਦੀਆਂ ਫੋਨ ਕਾਲਿੰਗ ਰਾਹੀਂ ਮੁਲਜ਼ਮ ਨੂੰ ਨੱਪਣ ਦੇ ਬੜੇ ਹੀ ਵਿਦੇਸ਼ ਪੱਧਰੀ ਢੰਗ ਤਰੀਕੇ ਵਿਕਸਤ ਹੋ ਰਹੇ ਨੇ। ਹਰ ਮੁਲਾਜ਼ਮ ਤੇ ਮੁਲਜ਼ਮ ਕੋਲ ਐਂਡਰਾਇਡ ਫੋਨ ਵੀ ਹੈ। ਫ਼ਿਲਮਾਂ ਰਾਹੀਂ ਵੀ ਅਤੇ ਵੈਸੇ ਵੀ ਭਾਰਤ ਤੇ ਵਿਦੇਸ਼ ਤੱਕ ਪੰਜਾਬ ਪੁਲਿਸ ਦੀ ਝੰਡੀ ਹੁੰਦੀ ਹੈ।
ਪਰ ਕੁਝ ਜਣਿਆਂ ਦੀ ਬੇਵਕੂਫੀ ਨਾਲ ਕੌਮਾਂਤਰੀ ਪੱਧਰ ਦੇ ਸਵਾਲਾਂ ਦਾ ਸਾਰਿਆਂ ਨੂੰ ਸਾਹਮਣਾ ਕਰਨਾ ਪੈਣਾ ਹੈ। ਇਸ ਘਟਨਾ ਤੋਂ ਸਬਕ ਲੈਣ ਦੀ ਲੋੜ ਹੈ ਇਹ ਪੁਲਿਸ ਨਵੇਂ ਮੁੰਡਿਆ ਦੇ ਨਾਲ ਨਾਲ ਖੂੰਡੀ ਸੋਚ ਤੇ ਅੱਧਖੜ੍ਹ ਜਵਾਨਾਂ ਨੂੰ ਵੀ ਨੈਤਿਕਤਾ ਦਾ ਪਾਠ ਪੜ੍ਹਾਵੇ। ਹਰ ਕਿਸੇ ਦੀ ਜੇਬ ਚ ਚੋਰੀ ਫੜਨ ਵਾਲਾ ਯੰਤਰ ਹੈ ਇਸ ਨੇ ਕਿੰਨੇ ਰਿਸ਼ਵਤੀਆਂ ,ਗਿੱਦੜ ਕੁੱਟੀਆਂ ਤੇ ਸ਼ਰਾਬੀਆਂ ਕਬਾਬੀਆਂ ਨੂੰ ਜਨਤਕ ਕੀਤਾ ਹੈ। ਜਾਂ ਇਹ ਵੀ ਉਪਜਦਾ ਹੈ ਕਿ ਕੀ ਫਲੌਰ, ਜਹਾਨਖੇਲਾਂ ,ਜਲੰਧਰ ਦੀਆਂ ਟ੍ਰੇਨਿੰਗਾਂ ਚ ਅਜੋਕੇ ਸਮੇਂ ਦੇ ਹਾਣ ਦੇ ਪਾਠ ਨਹੀਂ ਪੜ੍ਹਾਏ ਜਾਂਦੇ ਹਨ ।ਜਾਂ ਮਹਿਜ ਖਾਨਾਪੁਰਤੀ ਰਹਿ ਜਾਂਦੀ ਹੈ।
ਸੇਵਾ ਸੁਰੱਖਿਆ ਸਨਮਾਨ ਦਾ ਪੁਰਾਣਾ ਨਾਹਰਾ ਬਹਾਲ ਕਰਨ ਅਤੇ ਕੌਮਾਂਤਰੀ ਪੱਧਰ ਦੀ ਪੁਲਿਸ ਦੇ ਹਾਣ ਦਾ ਬਣਾਉਣ ਲਈ ਉਪਰਾਲਿਆਂ ਦੇ ਨਾਲ ਸਮੂਹ ਮੁਲਾਜ਼ਮਾਂ ,ਅਫ਼ਸਰਾਂ ਨੂੰ ਸਵੈ ਪੜਚੋਲ ਤੇ ਵਿਸ਼ਲੇਸ਼ਣ ਕਰਨ ਦੀ ਲੋੜ ਹੈ ਕਿ ਭਵਿਖ ਵਿਚ ਅਜਿਹੀ ਘਟਨਾ ਨਾ ਵਾਪਰੇ ਜਿਸ ਨਾਲ ਸੂਝਵਾਨ ਪੁਲਿਸ ਅਤੇ ਯੋਗ ਮੁਲਾਜ਼ਮਾਂ ਅਫ਼ਸਰਾਂ ਨੂੰ ਵੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਵੇ।
ਰਾਜਵਿੰਦਰ ਰੌਂਤਾ,ਰੌਂਤਾ ਮੋਗਾ। 9876486187