ਪ੍ਰੋ: ਜਸਵੰਤ ਸਿੰਘ ਗੰਡਮ ਦੀ ਪੁਸਤਕ 'ਉੱਗਦੇ ਸੂਰਜ ਦੀ ਅੱਖ' ਪੰਜਾਬੀ ਵਾਰਤਕ 'ਚ ਨਵੇਂ ਦਿਸਹੱਦੇ ਸਿਰਜਣ ਅਤੇ ਨਵੀਆਂ ਪੈੜਾਂ ਪਾਉਣ ਯੋਗ ਪੁਸਤਕ - ਗੁਰਮੀਤ ਸਿੰਘ ਪਲਾਹੀ

ਪੁਸਤਕ         :-    ਉੱਗਦੇ ਸੂਰਜ ਦੀ ਅੱਖ
ਲੇਖਕ            :-    ਪ੍ਰੋ: ਜਸਵੰਤ ਸਿੰਘ ਗੰਡਮ
ਪ੍ਰਕਾਸ਼ਕ        :-    ਪੰਜਾਬੀ ਵਿਰਸਾ ਟਰੱਸਟ (ਰਜਿ:) ਪਲਾਹੀ(ਫਗਵਾੜਾ)
ਕੀਮਤ            :-    200 ਰੁਪਏ (ਭਾਰਤ), £ 3, $5
ਪੰਨੇ            :-    176
ਦੋ ਪੁਸਤਕਾਂ "ਕੁਝ ਤੇਰੀਆਂ ਕੁਝ ਮੇਰੀਆਂ" ਅਤੇ "ਸੁੱਤੇ ਸ਼ਹਿਰ ਦਾ ਸਫ਼ਰ" ਤੋਂ ਬਾਅਦ ਪ੍ਰੋ: ਜਸਵੰਤ ਸਿੰਘ ਗੰਡਮ ਦੀ ਪੁਸਤਕ "ਉੱਗਦੇ ਸੂਰਜ ਦੀ ਅੱਖ" ਉਸਦੀ ਤੀਸਰੀ ਪੁਸਤਕ ਹੈ, ਜਿਸ ਵਿੱਚ 33 ਲੇਖ ਸ਼ਾਮਲ ਹਨ। ਪੁਸਤਕ ਵਿੱਚ ਵਿਚਾਰਕ ਅਤੇ ਵਿਅੰਗ ਲੇਖਾਂ ਤੋਂ ਇਲਾਵਾ ਫਲਾਂ ਬਾਰੇ ਲੇਖ ਤਾਂ ਸ਼ਾਮਲ ਹਨ ਹੀ, ਨਾਲ-ਨਾਲ ਲੇਖਕ ਦੇ ਸ਼ਬਦਾਂ 'ਚ "ਮਾਂ-ਪਨ ਦੀ ਰੱਬਤਾ ਅਤੇ ਮਾਂ ਦੀ ਕਰਤਾਰੀ ਮਮਤਾ ਦੀ ਮਹਿਮਾਂ, ਸੂਰਜ-ਚੰਨ ਦੀ ਊਰਜਾ 'ਤੇ ਪ੍ਰਕਾਸ਼ ਦੀ ਗਾਥਾ ਅਤੇ ਹੋਰ ਵੱਖ-ਵੱਖ ਵਿਸ਼ਿਆਂ ਬਾਰੇ ਲੇਖਾਂ ਤੋਂ ਇਲਾਵਾ ਇਸ ਪੁਸਤਕ ਵਿੱਚ ਮੇਰੇ ਇੱਕ ਰੂਹ ਦੇ ਰਿਸ਼ਤੇਦਾਰ (ਸੋਲਮੇਟ) ਸਬੰਧੀ ਵੀ ਲੇਖ ਹੈ"।
ਪ੍ਰੋ: ਜਸਵੰਤ ਸਿੰਘ ਗੰਡਮ  ਪਾਇਦਾਰ ਵਾਰਤਕ ਲਿਖਣ ਵਾਲਾ ਲੇਖਕ ਹੈ ਅਤੇ ਉਸ ਲੜੀ ਦੇ ਪ੍ਰਸਿੱਧ ਲੇਖਕਾਂ 'ਚ ਖੜਾ ਦਿਸਦਾ ਹੈ, ਜਿਹਨਾ ਨੇ ਪੰਜਾਬੀ ਸਾਹਿਤ ਜਗਤ ਵਿੱਚ ਪੰਜਾਬੀ ਸਭਿਆਚਾਰ ਨੂੰ ਰੂਪਮਾਨ ਕਰਨ ਦਾ ਵੱਡਾ ਉਪਰਾਲਾ ਕੀਤਾ ਹੈ। ਬਿਨ੍ਹਾਂ ਸ਼ੱਕ ਗੁਰਬਾਣੀ ਉਸਦੀ ਲੇਖਣੀ ਦਾ ਧੁਰਾ ਹੈ।
ਪੰਜਾਬੀਆਂ ਦੀ ਜੀਵਨ ਸ਼ੈਲੀ, ਜੀਵਨ ਜਾਚ, ਬੋਲਬਾਣੀ, ਅਦਬ-ਅਦਾਬ, ਖਾਣ-ਪੀਣ, ਉੱਠਣ-ਬੈਠਣ, ਰੀਤੀ-ਰਿਵਾਜ਼, ਮਹਿਮਾਨ-ਨਿਵਾਜ਼ੀ ਨੂੰ ਜਿਸ ਸ਼ਿੱਦਤ ਨਾਲ ਉਸਨੇ ਆਪਣੇ ਲੇਖਾਂ ਵਿੱਚ ਸਿਰਜਿਆ ਹੈ,  ਉਹ ਆਪਣੀ ਮਿਸਾਲ ਆਪ ਹੈ। ਬਹੁਤ ਘੱਟ ਲੇਖਕ ਇਹੋ ਜਿਹੇ ਦ੍ਰਿਸ਼ਟੀਕੋਨ ਨਾਲ ਲਿਖਣ ਦਾ ਹੀਆ ਕਰਦੇ ਹਨ। ਕਿਸੇ ਵੀ ਵਿਸ਼ੇ ਨੂੰ ਲੇਖ ਦੇ ਸੀਮਤ ਸ਼ਬਦਾਂ ਵਿੱਚ ਸਿਮੇਟਣਾ ਸੌਖਾ ਨਹੀਂ ਹੁੰਦਾ ਅਤੇ ਉਹ ਵੀ ਰੌਚਕ ਢੰਗ ਨਾਲ ਤਾਂ ਕਿ ਪਾਠਕ, ਲੇਖਕ ਕਲਮ ਦੀ ਤੋਰ ਨਾਲ ਤੁਰਦਾ ਰਹੇ।
 ਇੱਕ ਸਧਾਰਨ ਉਦਾਹਰਨ  ਵੇਖੋ ਲੇਖਕ ਦੀ ਲੇਖਣੀ ਦੀ, "ਗੁਠਲੀ ਅੰਬ ਦਾ ਦਿਲ ਹੈ। ਜਿਨ੍ਹਾਂ ਚਿਰ ਇਸ ਵਿੱਚ ਦੰਦ ਗੱਡ ਗੱਡ, ਆਪਣਾ ਮੂੰਹ-ਸਿਰ ਅਤੇ ਕੱਪੜੇ ਨਾ  ਲਿਬਰਨ ਤਾਂ ਫਿਰ ਕੀ ਚੂਪੇ ਅੰਬ!"
ਲੇਖਕ ਹਰ ਵਿਸ਼ੇ ਨੂੰ ਇਵੇਂ ਹੀ ਨਿਭਾਉਂਦਾ ਹੈ, ਹਰ ਵਿਸ਼ੇ 'ਚ ਪੂਰੀ ਤਰ੍ਹਾਂ ਖੁਭ ਕੇ। ਲੇਖ ਦਾ ਉਹ ਵਿਸ਼ਾ ਭਾਵੇਂ ਵਿਚਾਰਕ ਹੋਵੇ ਜਾਂ ਫਿਰ ਵਿਅੰਗਮਈ।
'ਮਾਂਵਾਂ ਠੰਡੀਆਂ ਛਾਂਵਾਂ', 'ਕਿਰਤ ਵਿਰਤਿ ਕਰ ਧਰਮ ਦੀ', ਅੱਖ ਚੁੱਭੀ ਅਮਨ ਦੀ, 'ਕਾਲੇ ਕਾਲੇ ਰਸ-ਭਰੇ ਜਾਮਣੂ', 'ਸਾਗ ਮੱਥੇ ਦੇ ਭਾਗ, ਰੋਟੀ ਬਨਾਮ ਪਰੌਂਠਾ, ''ਬੜੀ ਲੱਸੀ ਹੋਈ ਦਹੀਂ ਦੀ', ਵਰਗੇ ਲੇਖ, ਉਸਦੇ ਸਿਰਲੇਖ ਤੋਂ ਹੀ ਲੇਖਕ ਦੇ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹਨ। ਲੇਖਕ ਦੀ ਸਿੱਧੀ-ਸਾਦੀ, ਰਵਾਨਗੀ ਭਰੀ ਬੋਲੀ, ਪਰ ਵਿਚਾਰਾਂ ਨਾਲ ਭਰੀ ਹੋਈ ਦੀ ਉਦਾਹਰਨ ਵੇਖੋ, "ਕੁੱਤਾ ਵਫ਼ਾਦਾਰੀ, ਨਿਰਛਲ ਪਿਆਰ, ਮਾਲਕ ਉਪਰ ਜਾਨ ਛਿੜਕਣ ਵਾਲਾ ਜਾਨਵਰ ਹੈ"।
ਪ੍ਰੋ: ਜਸਵੰਤ ਸਿੰਘ ਗੰਡਮ ਦੀ ਲੇਖਣੀ ਜਿੱਤ-ਹਾਰ, ਖੁਸ਼ੀ-ਉਦਾਸੀ ਦੇ ਵਰਤਾਰੇ ਨਾਲ ਗੜੁੰਦ ਹੈ। ਸੰਵਾਦ ਰਚਾਉਂਦੀ ਹੈ। ਜ਼ਿੰਦਗੀ ਜੀਊਣ ਦਾ ਹੁਲਾਰਾ ਦਿੰਦੀ ਹੈ। ਉਸ ਦੀ ਲੇਖਣੀ ਸਮਾਜ, ਇਤਿਹਾਸ ਅਤੇ ਦਰਸ਼ਨ ਦੇ ਦੀਦਾਰੇ ਕਰਵਾਉਂਦੀ ਹੈ। ਇੱਕ ਇਹੋ ਜਿਹਾ  ਵਰਤਾਰਾ ਸਿਰਜਦੀ ਹੈ ਜਿਹੜਾ ਇਹ ਦਰਸਾਉਂਦਾ ਹੈ ਕਿ  ਮਨੁੱਖ ਪੈਦਾ ਹੋਣ ਅਤੇ ਸਮਸ਼ਾਨਘਾਟ ਵਿੱਚ ਜਲ ਬਲ ਜਾਣ ਲਈ ਹੀ ਨਹੀਂ ਜਿਉਂਦਾ ਸਗੋਂ ਉਸ ਦੇ ਜੀਊਣ ਦੇ ਅਰਥ ਵਿਸ਼ਾਲ ਹਨ।  ਮਨੁੱਖ ਇੱਕ  ਸਿਰਜਨਾਤਮਕ ਮੈਟਾਫਰ ਹੈ, ਕੋਈ ਕੰਧਰੀਂ ਲੁਕਿਆ ਮਨ-ਬਚਨੀ ਸਾਧ ਨਹੀਂ। ਇਹ ਕੋਈ ਪੱਥਰਾਂ ਦੀ ਓਟ'ਚ ਉੱਗਿਆ ਬਿਨਫਸ਼ਾ ਦਾ ਫੁੱਲ ਵੀ ਨਹੀਂ।
ਪ੍ਰੋ: ਜਸਵੰਤ ਸਿੰਘ ਗੰਡਮ ਸੱਚ ਲਿਖਦਾ ਹੈ।  ਭੈੜੀ ਰਾਜਨੀਤੀ ਅਤੇ ਵਿਸ਼ਵੀਕਰਨ ਦੇ ਬਾਜ਼ਾਰੂ ਸੰਕਲਪਾਂ ਦੇ ਉਹ ਪਰਖੱਚੇ ਉਡਾਉਂਦਾ ਹੈ। ਬੇਢੰਗੇ, ਕੁਢੱਬ, ਕਰੂਪ, ਕਰੂਰ, ਕਮੀਨਗੀ ਭਰੇ ਮਨੁੱਖੀ ਵਰਤਾਰੇ ਨੂੰ ਉਹ ਆਪਣੀ ਕਲਮ 'ਚ ਵਿਅੰਗਾਤਮਕ ਢੰਗ ਨਾਲ ਇਵੇਂ ਪੇਸ਼ ਕਰਦਾ ਹੈ, ਜਿਵੇਂ ਉਹ ਇਸ ਤਾਣੇ-ਬਾਣੇ ਨੂੰ ਆਪਣੀ ਕਲਮ ਦੇ ਦੰਦਾਂ ਨਾਲ ਖਰੋਚਣਾ ਚਾਹੁੰਦਾ ਹੋਵੇ।
'ਅੱਖ' ਤਾਂ ਹਰ ਲੇਖਕ ਕੋਲ ਹੁੰਦੀ ਹੈ। ਪਰ ਲੇਖਕ ਦੀ ਜਿਹੜੀ ਅੱਖ ਰੂੜੀਵਾਦੀ ਸੋਚ ਨੂੰ ਸੱਟ ਮਾਰਦੀ ਹੈ, ਲੋਕ -ਸੂਝ ਨੂੰ ਪ੍ਰਚੰਡ ਕਰਦੀ ਹੈ, ਉਹ ਹੀ ਅਸਲ  ਮਾਅਨਿਆਂ 'ਚ ਪ੍ਰਸੰਗਕ ਸੱਚ ਨੂੰ  ਬਿਆਨ ਕਰਦੀ ਹੈ ਅਤੇ ਇਸ ਪ੍ਰਸੰਗਕਤਾ ਦੀ ਸਥਿਤੀ 'ਚੋਂ ਲੋਕਾਂ ਨੂੰ ਮੁਕਤ ਕਰਨ ਦਾ ਰਾਹ ਉਲੀਕਦੀ ਹੈ। ਪ੍ਰੋ: ਜਸਵੰਤ ਸਿੰਘ ਗੰਡਮ ਦੀ ਕਲਮ ਇਸੇ ਰਾਹ ਤੁਰਦੀ ਹੈ।
ਪ੍ਰੋ: ਜਸਵੰਤ ਸਿੰਘ ਗੰਡਮ ਜਾਣਦਾ ਹੈ ਕਿ ਚਾਨਣ-ਹਨ੍ਹੇਰਾ, ਨਰਮ-ਕਠੋਰ, ਹਾਸਾ-ਹੰਝੂ, ਪੈਲ-ਤੜਫ, ਘੁਗੀ-ਮੋਰ, ਸੰਝ-ਭੋਰ ਦੇ ਵਿਰੋਧ ਜੁੱਟ ਇਸ ਦੁਨੀਆਂ ਦਾ ਸੱਚ ਹਨ। ਇਸੇ ਲਈ ਉਹ ਕਦੇ ਗੰਭੀਰ ਹੁੰਦਾ ਹੈ ਵਿਚਾਰਕ ਲੇਖ  ਲਿਖਕੇ ਅਤੇ ਕਦੇ ਉਹ ਹੱਸਦਾ ਹੈ( ਆਪਣੇ-ਆਪ ਉਤੇ ਵੀ) ਵਿਅੰਗ ਲਿਖਕੇ ਅਤੇ ਲੋਕਾਂ ਦੇ ਸੁਭਾਅ ਦੀ ਥਾਹ ਪਾਉਂਦਾ ਹੈ। ਅਸਲ 'ਚ ਉਸਦਾ ਲਿਖਿਆ ਇਹ ਸਾਹਿੱਤ ਰੂਪ, ਸਮਾਜਕ ਸਰੋਕਾਰ ਨੂੰ ਮਾਨਤਾ ਦੇਣ ਸਮਾਨ ਹੈ।
ਲੇਖਕ ਪ੍ਰੋ: ਜਸਵੰਤ ਸਿੰਘ ਗੰਡਮ ਕੁਦਰਤ ਪ੍ਰੇਮੀ ਹੈ। ਚੰਨ, ਤਾਰੇ, ਸੂਰਜ, ਪੌਣ, ਦਿਨ, ਰਾਤ, ਗਰਮੀ, ਸਰਦੀ, ਧਰਤ,ਅਕਾਸ਼ ਅਤੇ  ਧਰਤ ਅਕਾਸ਼ 'ਚ ਵਸਦੇ ਪਸ਼ੂ, ਪੰਛੀ, ਜਾਨਵਰ, ਮਨੁੱਖ, ਉਸਦੀ ਕਲਮ ਦਾ ਵਿਸ਼ਾ ਬਣੇ ਹਨ। ਉਸਦੀ ਧਾਰਨਾ ਹੈ ਕਿ ਜੀਵਨ ਅਤੇ ਰਚਨਾ ਇੱਕ ਦੂਜੇ ਤੋਂ ਨਖੇੜੇ ਨਹੀਂ ਜਾ ਸਕਦੇ। ਸਾਹਿਤ ਦਾ ਸੋਮਾ ਅਸਲ 'ਚ ਹੈ ਹੀ ਜੀਵਨ ਧਾਰਾ ਦਾ ਵੇਗ।
ਪ੍ਰੋ: ਜਸਵੰਤ ਸਿੰਘ ਗੰਡਮ ਦੀ ਪੁਸਤਕ 'ਉੱਗਦੇ ਸੂਰਜ ਦੀ ਅੱਖ' ਪੰਜਾਬੀ ਵਾਰਤਕ 'ਚ ਨਵੇਂ ਦਿਸਹੱਦੇ ਸਿਰਜਣ ਅਤੇ ਨਵੀਆਂ ਪੈੜਾਂ ਪਾਉਣ ਯੋਗ ਪੁਸਤਕ ਹੈ।
ਪੁਸਤਕ "ਉੱਗਦੇ ਸੂਰਜ ਦੀ ਅੱਖ" ਨੂੰ ਪੰਜਾਬੀ ਸਾਹਿਤ ਜਗਤ 'ਚ ਨਿੱਘੀ 'ਜੀ ਆਇਆਂ'।
-ਗੁਰਮੀਤ ਸਿੰਘ ਪਲਾਹੀ
9815802070