ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

08.01.2024

ਸੁਖਬੀਰ ਬਾਦਲ ਨੇ ਮਨਜੀਤ ਸਿੰਘ ਜੀ.ਕੇ. ਨੂੰ ਕੋਰ ਕਮੇਟੀ ਵਿਚ ਸ਼ਾਮਲ ਕੀਤਾ- ਇਕ ਖ਼ਬਰ

ਮਰਦੀ ਨੇ ਅੱਕ ਚੱਬਿਆ, ਹਾਰ ਕੇ ਜੇਠ ਨਾਲ਼ ਲਾਈਆਂ।

ਪਿੰਡ ਕਰਮਸ਼ਾਲਾ ਵਾਸੀਆਂ ਨੇ ਬੇਰੰਗ ਚਿੱਠੀ ਵਾਂਗ ਮੋੜੀ ਵਿਕਾਸ ਭਾਰਤ ਯਾਤਰਾ- ਇਕ ਖ਼ਬਰ

ਅਸਾਂ ਨਹੀਂ ਸਹੁਰੇ ਜਾਣਾ, ਤੂੰ ਲੈ ਜਾ ਗੱਡੀ ਮੋੜ ਕੇ।

ਅਕਾਲੀ ਦਲ 1 ਫਰਵਰੀ ਤੋਂ ਪੰਜਾਬ ਬਚਾਉ ਯਾਤਰਾ ਸ਼ੁਰੂ ਕਰੇਗਾ- ਇਕ ਖ਼ਬਰ

ਬਾਦਲ ਦਲੀਉ, ਲੋਕ ਜਾਣ ਚੁੱਕੇ ਹਨ ਕਿ ਪੰਜਾਬ ਨੂੰ ਕਿਸ ਤੋਂ ਬਚਾਉਣਾ ਹੈ।

ਗੱਠਜੋੜ ਲਈ ਭਾਜਪਾ ਅਜੇ ਅਕਾਲੀ ਦਲ ਨੂੰ ਕੋਈ ਲੜ ਪੱਲਾ ਨਹੀਂ ਫੜਾ ਰਹੀ-ਇਕ ਖ਼ਬਰ

ਜੇ ਮੁੰਡਿਆਂ ਤੂੰ ਖਾਣੀਆਂ ਸੇਵੀਆਂ ਤਾਂ ਮੁੱਛਾਂ ਮੁਨਾ ਕੇ ਆ।

ਅਕਾਲੀ ਦਲ ਦੀ ਪੰਜਾਬ ਬਚਾਉ ਯਾਤਰਾ ‘ਆਪ’ ਪਾਰਟੀ ਦੇ ਝੂਠੇ ਵਾਅਦਿਆਂ ਤੋਂ ਪਰਦਾ ਚੁੱਕੇਗੀ- ਰਾਜੂ ਖੰਨਾ

ਤੇ ਅਕਾਲੀ ਦਲ (ਪੰਜਾਬੀ ਪਾਰਟੀ) ਵਲੋਂ ਲੁੱਟੇ ਗਏ ਪੰਜਾਬ ਦਾ ਹਿਸਾਬ ਮੰਗਣਗੇ ਲੋਕ।

ਝਾਕੀਆਂ ਬਾਰੇ ਝੂਠ ਬੋਲ ਕੇ ਸੁਨੀਲ ਜਾਖੜ ਜੀ ਹੁਣ ਕਿਹੜੇ ਮੂੰਹ ਨਾਲ਼ ਪੰਜਾਬੀਆਂ ‘ਚ ਜਾਉਗੇ- ਭਗਵੰਤ ਮਾਨ

ਪਹਿਲਾ ਕੰਮ ਮੈਂ ਬੜਾ ਹੀ ਖਾਸ ਕੀਤਾ, ਕੋਰਸ ਜੁਮਲਿਆਂ ਦਾ ਦਿੱਲੀਉਂ ਪਾਸ ਕੀਤਾ।

ਪਾਕਿਸਤਾਨ ‘ਚ ਇਮਰਾਨ ਖਾਨ ਦਾ ਨਾਮਜ਼ਦਗੀ ਪੱਤਰ ਰੱਦ- ਇਕ ਖ਼ਬਰ

ਮਾਪੇ ਤੈਨੂੰ ਘੱਟ ਰੋਣਗੇ, ਬਹੁਤੇ ਰੋਣਗੇ ਦਿਲਾਂ ਦੇ ਜਾਨੀ।

ਸ਼ੀ ਤੇ ਬਾਈਡੇਨ ਨੇ ਚੀਨ-ਅਮਰੀਕਾ ਦੇ ਸਬੰਧਾਂ ਦੀ 45ਵੀਂ ਵਰ੍ਹੇਗੰਢ ‘ਤੇ ਦਿਤੀ ਇਕ ਦੂਜੇ ਨੂੰ ਵਧਾਈ- ਇਕ ਖ਼ਬਰ

ਜਿਹੜੇ ਮਿੱਠੀਆਂ ਜ਼ੁਬਾਨਾਂ ਵਾਲ਼ੇ, ਮਤਲਬ ਕੱਢ ਲੈਣਗੇ।

ਪਤਿਤ ਵੋਟਰਾਂ ਦੀਆਂ ਵੋਟਾਂ ਬਣਨ ‘ਤੇ ਹਰਿਆਣਾ ਦੀ ਗੁਰਦੁਆਰਾ ਕਮੇਟੀ ਚੁੱਪ- ਸੁਖਵਿੰਦਰ ਸਿੰਘ ਖ਼ਾਲਸਾ

ਚੋਰੀ ਹੋਣੋਂ ਕੌਣ ਫਿਰ ਰੋਕ ਸਕਦਾ, ਚੋਰਾਂ ਨਾਲ਼ ਜਦ ਕੁੱਤੀ ਰਲ਼ ਜਾਵੇ।

ਈ.ਡੀ. ਦੇ ਤੀਜੇ ਸੰਮਨ ‘ਤੇ ਵੀ ਪੇਸ਼ ਨਹੀਂ ਹੋਏ ਕੇਜਰੀਵਾਲ- ਇਕ ਖ਼ਬਰ

ਸੁੱਤੀ ਨਾ ਜਗਾਈਂ ਮਿੱਤਰਾ, ਸਾਨੂੰ ਲੱਡੂਆਂ ਤੋਂ ਨੀਂਦ ਪਿਆਰੀ।

ਭਾਈ ਕਾਉਂਕੇ ਮਾਮਲੇ ‘ਚ ਜਿਹੜੇ ਅੱਜ ਬਾਹਾਂ ਉਲਾਰ ਰਹੇ ਹਨ, ਉਦੋਂ ਜਿਉਂਦੇ ਸਨ- ਗਿਆਨੀ ਹਰਪ੍ਰੀਤ ਸਿੰਘ

ਲਾਲ ਸਿੰਘ ਤੇਜ ਸਿੰਘ ਜੀ, ਕਰ ਗਏ ਨੇ ਗ਼ਦਾਰੀ ਭਾਰੀ।

ਮੋਦੀ ਸਰਕਾਰ ਦੀ ‘ਵਿਤੀ ਕੇਂਦਰਤ’ ਨੀਤੀ ਰਾਜਾਂ ਦੇ ਸੰਘੀ ਢਾਂਚੇ ਨੂੰ ਖ਼ਤਰਾ- ਇਕ ਖ਼ਬਰ

ਚੰਗੀ ਚੰਗੀ ਆਪ ਲੈ ਗਿਆ, ਸਾਨੂੰ ਦੇ ਗਿਆ ਕੱਲਰ ਵਾਲਾ ਪਾਸਾ।

ਭਾਜਪਾ ਬਾਦਲ ਅਕਾਲੀ ਦਲ ਨਾਲ਼ ਗੱਠਜੋੜ ਕਰਨ ਦੇ ਹੱਕ ਵਿਚ ਨਹੀਂ- ਇਕ ਖ਼ਬਰ

ਰੜਕੇ, ਰੜਕੇ, ਰੜਕੇ ਵੇ, ਮੱਘਾ ਭੰਨਿਆਂ ਜੇਠ ਨਾਲ ਲੜ ਕੇ ਵੇ।

ਜਥੇਦਾਰ ਕਾਉਂਕੇ ਦੇ ਕਤਲ ਦਾ ਇਨਸਾਫ਼ ਸਿੱਖ ਕੌਮ ਨੂੰ ਮਿਲਣਾ ਚਾਹੀਦਾ ਹੈ- ਹਰਮਨਜੀਤ ਸਿੰਘ

ਇਸ ਅਦਾਲਤ ‘ਚ ਬੰਦੇ ਬਿਰਖ ਹੋ ਗਏ....................

ਕਾਉਂਕੇ ਦੇ ਕਾਤਲਾਂ ਦੀ ਪੁਸ਼ਤਪਨਾਹੀ ਕਰਨ ਦੇ ਦੋਸ਼ ‘ਚ ਜਥੇਦਾਰ ਅਕਾਲੀ ਦਲ ਦੇ ਪ੍ਰਧਾਨ ਨੂੰ ਤਨਖਾਹ ਲਾਉਣ- ਪੰਜੋਲੀ

ਨੌਕਰ ਵੀ ਕਦੇ ਮਾਲਕਾਂ ‘ਤੇ ਹੁਕਮ ਚਲਾਉਂਦਾ ਦੇਖਿਆ, ਪੰਜੋਲੀ ਸਾਹਿਬ।

====================================================================