ਲੱਲੂ ਕਰੇ ਕੁਵੱਲੀਆਂ.... - ਨਿਰਮਲ ਸਿੰਘ ਕੰਧਾਲਵੀ
ਸੱਤਰਵਿਆਂ ਦਾ ਅੱਧ ਸੀ। ਮਨੋਹਰ ਸਿੰਘ ਨੂੰ ਇੰਗਲੈਂਡ ਆਇਆਂ ਸੱਤ ਸਾਲ ਹੋ ਗਏ ਸਨ। ਰਿਸ਼ਤੇਦਾਰੀ ‘ਚੋਂ ਲਗਦੇ ਮਾਸੜ ਨੇ ਇੰਗਲੈਂਡ ਦੀ ਲੜਕੀ ਨਾਲ ਉਸ ਦਾ ਰਿਸ਼ਤਾ ਕਰਵਾ ਕੇ ਉਸ ਨੁੰ ਇੰਗਲੈਂਡ ਸੱਦ ਲਿਆ ਸੀ। ਉਹ ਜਿਸ ਟਾਊਨ ‘ਚ ਰਹਿੰਦਾ ਸੀ, ਉਹਦੇ ਸਹੁਰੇ ਵੀ ਉੱਥੇ ਹੀ ਸਨ। ਪਿੰਡੋਂ ਉਸ ਨੂੰ ਲਗਾਤਾਰ ਚਿੱਠੀਆਂ ਆ ਰਹੀਆਂ ਸਨ ਕਿ ਉਹ ਪਿੰਡ ਦਾ ਗੇੜਾ ਜ਼ਰੂਰ ਮਾਰੇ, ਸੱਤ ਸਾਲ ਹੋ ਗਏ ਸਨ ਉਸ ਨੂੰ ਗਿਆਂ ਹੋਇਆਂ। ਪਰ ਸਹੁਰਿਆਂ ਵਲੋਂ ਉਸ ‘ਤੇ ਜ਼ੋਰ ਪਾਇਆ ਜਾ ਰਿਹਾ ਸੀ ਕਿ ਉਹ ਜਲਦੀ ਤੋਂ ਜਲਦੀ ਆਪਣਾ ਘਰ ਖਰੀਦੇ। ਕੁਝ ਦੇਰ ਉਹ ਸਹੁਰਿਆਂ ਵਿਚ ਵੀ ਰਿਹਾ ਪਰ ਘੁਟਣ ਜਿਹੀ ਮਹਿਸੂਸ ਕਰਦਾ ਰਿਹਾ ਸੀ। ਹੁਣ ਕੁਝ ਚਿਰਾਂ ਤੋਂ ਉਸ ਨੇ ਕਿਰਾਏ ਦਾ ਮਕਾਨ ਲੈ ਲਿਆ ਸੀ। ਉਹ ਆਪ ਵੀ ਛੇਤੀ ਤੋਂ ਛੇਤੀ ਆਪਣੀ ਛੱਤ ਚਾਹੁੰਦਾ ਸੀ। ਉਹ ਪਿੱਛੇ ਪਰਵਾਰ ਨੂੰ ਵੀ ਪੈਸੇ ਭੇਜਦਾ ਰਿਹਾ ਸੀ ਹਾਲਾਂਕਿ ਉਸ ਦੀ ਘਰ ਵਾਲੀ ਗੁਰਮੀਤੋ ਇਸ ਗੱਲੋਂ ਬਹੁਤੀ ਖੁਸ਼ ਨਹੀਂ ਸੀ। ਮਨੋਹਰ ਗਧੀ-ਗੇੜ ‘ਚ ਫ਼ਸਿਆ ਹੋਇਆ ਸੀ।
ਜਿਹੜੀ ਚਿੱਠੀ ਹੁਣ ਉਸ ਨੂੰ ਪਿੰਡੋਂ ਆਈ ਸੀ ਉਸ ਮੁਤਾਬਿਕ ਜਾਣ ਤੋਂ ਸਿਵਾ ਉਸ ਪਾਸ ਹੋਰ ਕੋਈ ਚਾਰਾ ਨਹੀਂ ਸੀ। ਉਸ ਤੋਂ ਛੋਟੇ ਦੇ ਵਿਆਹ ਦੀ ਚਿੱਠੀ ਸੀ ਤੇ ਉਹਨਾਂ ਨੇ ਹਰ ਹਾਲਤ ਵਿਚ ਪਰਵਾਰ ਸਮੇਤ ਪਹੁੰਚਣ ਲਈ ਵਾਰ ਵਾਰ ਚਿੱਠੀ ਵਿਚ ਤਾਕੀਦ ਕੀਤੀ ਹੋਈ ਸੀ। ਗੁਰਮੀਤੋ ਨੂੰ ਇਕ ਗੰਭੀਰ ਬਿਮਾਰੀ ਨੇ ਘੇਰ ਲਿਆ ਸੀ ਤੇ ਉਹ ਇਕ ਮਹੀਨਾ ਹਸਪਤਾਲ ਰਹਿ ਕੇ ਆਈ ਸੀ ਤੇ ਉਹ ਬਹੁਤ ਕਮਜ਼ੋਰ ਹੋ ਗਈ ਸੀ। ਇਸ ਹਾਲਤ ਵਿਚ ਉਹ ਹਵਾਈ ਸਫ਼ਰ ਨਹੀਂ ਸੀ ਕਰ ਸਕਦੀ। ਦੋਵੇਂ ਬੱਚੇ ਵੀ ਅਜੇ ਛੋਟੇ ਸਨ। ਏਨਾ ਸ਼ੁਕਰ ਸੀ ਕਿ ਸਹੁਰੇ ਨੇੜੇ ਹੋਣ ਕਰਕੇ ਉਸ ਨੂੰ ਉਹਨਾਂ ਦਾ ਬੜਾ ਆਸਰਾ ਸੀ। ਹਰ ਦੁਖ ਸੁਖ ਵੇਲੇ ਉਹ ਨਾਲ਼ ਖਲੋਂਦੇ ਸਨ।
ਕੁਝ ਛੁੱਟੀ ਉਸ ਦੀ ਬਣਦੀ ਸੀ ਤੇ ਕੁਝ ਉਸ ਨੇ ਬਿਨਾਂ ਤਨਖਾਹ ਤੋਂ ਲੈਣ ਦਾ ਮਨ ਬਣਾ ਲਿਆ ਤੇ ਇੰਜ ਉਸ ਨੇ ਚਾਰ ਹਫ਼ਤਿਆਂ ਦੀ ਛੁੱਟੀ ਦਾ ਬੰਦੋਬਸਤ ਕਰ ਲਿਆ। ਕੌੜਾ ਘੁੱਟ ਕਰ ਕੇ ਉਸ ਨੇ ਸਭ ਲਈ ਕੁਝ ਨਾ ਕੁਝ ਖਰੀਦਿਆ ਤੇ ਫਲਾਈਟ ਬੁੱਕ ਕਰਵਾ ਲਈ।
ਇਕ ਤਾਂ ਵਿਆਹ ਦਾ ਮਾਹੌਲ ਅਤੇ ਦੂਸਰੇ ਮਨੋਹਰ ਦੀ ਆਮਦ ਨੇ ਚਾਰ ਚੰਨ ਲਾ ਦਿਤੇ। ਮਨੋਹਰ ਬਚਪਨ ਤੋਂ ਹੀ ਸਿੱਧੜ ਜਿਹੇ ਸੁਭਾਅ ਦਾ ਬੱਚਾ ਸੀ। ਕਈ ਵਾਰੀ ਉਸ ਨੂੰ ਪਤਾ ਹੀ ਨਹੀਂ ਸੀ ਲਗਦਾ ਕਿ ਕਿਸੇ ਗੱਲ ਦਾ ਕਿਵੇਂ ਜਵਾਬ ਦੇਣਾ ਹੈ । ਕਈ ਵਾਰੀ ਉਸ ਦੀਆਂ ਗੱਲਾਂ ਵੀ ਅੱਲ ਵਲੱਲੀਆਂ ਜਿਹੀਆਂ ਹੁੰਦੀ। ਸਕੂਲ ‘ਚ ਕੁਝ ਸ਼ਰਾਰਤੀ ਬੱਚਿਆਂ ਨੇ ਉਸ ਨੂੰ ਲੱਲੂ ਕਹਿਣਾ ਸ਼ੁਰੂ ਕਰ ਦਿਤਾ। ਜੇ ਕੋਈ ਬੱਚਾ ਉਸ ਨੂੰ ਇਸ ਨਾਂ ਨਾਲ ਛੇੜਦਾ ਤਾਂ ਉਹ ਲੜਦਾ ਝਗੜਦਾ ਤੇ
ਮਾਸਟਰਾਂ ਨੂੰ ਸ਼ਿਕਾਇਤਾਂ ਵੀ ਲਾਉਂਦਾ ਪਰ ਕੋਈ ਫ਼ਰਕ ਨਾ ਪੈਂਦਾ। ਹੋਰ ਲੋਕ ਭਾਵੇਂ ਉਸ ਦੇ ਮੂੰਹ ‘ਤੇ ਤਾਂ ਭਾਵੇਂ ਇਸ ਨਾਮ ਨਾਲ ਨਾ ਬੁਲਾਉਂਦੇ ਪਰ ਪਿੱਠ ਪਿੱਛੇ ਜ਼ਰੂਰ ਕਹਿੰਦੇ। ਉਸ ਦੇ ਬਚਪਨ ਦੇ ਯਾਰ ਬੇਲੀ ਇਕ ਦੂਜੇ ਨੂੰ ਦੱਸ ਰਹੇ ਸਨ ਕਿ ਲੱਲੂ ਇੰਗਲੈਂਡ ਤੋਂ ਆਇਆ ਹੈ, ਜਿਸ ਨੂੰ ਵੀ ਪਤਾ ਲਗਦਾ ਉਹ ਮਿਲਣ ਆਉਂਦਾ।
ਭਾਵੇਂ ਕਿ ਸਾਰੇ ਪਰਵਾਰ ਦੇ ਨਾ ਆ ਸਕਣ ਕਰ ਕੇ ਘਰ ਵਾਲ਼ੇ ਮਾਯੂਸ ਵੀ ਸਨ ਪਰ ਸਭ ਗੁਰਮੀਤੋ ਦੀ ਮਜਬੂਰੀ ਨੂੰ ਸਮਝਦੇ ਸਨ। ਰੋਜ਼ ਮਹਿਫ਼ਲਾਂ ਜੁੜਦੀਆਂ। ਬਚਪਨ ਦੇ ਯਾਰ ਬੇਲੀ ਉਸ ਨੂੰ ਇੰਗਲੈਂਡ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਪੁੱਛਦੇ। ਕੁਝ ਕਾਲਜੀਏਟ ਨੌਜੁਆਨ ਜਦੋਂ ਉਸ ਨੂੰ ਸ਼ੈਕਸਪੀਅਰ ਬਾਰੇ ਅਤੇ ਲੰਡਨ ਦੀਆਂ ਮਸ਼ਹੂਰ ਥਾਵਾਂ ਬਾਰੇ ਪੁੱਛਦੇ ਤਾਂ ਮਨੋਹਰ ਵਿਚਾਰਾ ਡੌਰ ਭੌਰ ਹੋ ਜਾਂਦਾ। ਉਹ ਤਾਂ ਜਦੋਂ ਦਾ ਇੰਗਲੈਂਡ ਆਇਆ ਸੀ ਕੋਹਲੂ ਦੇ ਬਲਦ ਵਾਂਗ ਸੱਤੇ ਦਿਨ ਫਾਊਂਡਰੀ ਵਿਚ ਹੀ ਚੱਕਰ ਕੱਟਦਾ ਰਿਹਾ ਸੀ। ਸੱਤੋ ਸੱਤ ਲਾ ਕੇ ਉਹ ਫਾਊਂਡਰੀ ਦੀ ਹੀ ਇਕ ਮਸ਼ੀਨ ਬਣ ਗਿਆ ਹੋਇਆ ਸੀ। ਉਸ ਨੂੰ ਕੀ ਪਤਾ ਸੀ ਕਿ ਸ਼ੈਕਸਪੀਅਰ ਕੌਣ ਸੀ ਤੇ ਲੰਡਨ ਵਿਚ ਕੀ ਕੀ ਵੇਖਣ ਵਾਲਾ ਸੀ। ਉਹ ਸ਼ਰਮਿੰਦਾ ਜਿਹਾ ਹੋ ਕੇ ਗੋਲ਼ ਮੋਲ਼ ਜਿਹਾ ਜਵਾਬ ਦਿੰਦਾ ਤੇ ਉਹਨਾਂ ਨੂੰ ਗਲਾਸੀ ਚੁੱਕਣ ਲਈ ਕਹਿੰਦਾ ਤੇ ਗੱਲ ਆਈ ਗਈ ਹੋ ਜਾਂਦੀ।
ਕੁਝ ਦਿਨ ਤਾਂ ਵਿਆਹ ਵਿਚ ਲੰਘ ਗਏ ਤੇ ਕੁਝ ਰਿਸ਼ਤੇਦਾਰਾਂ ਦੇ ਘਰੀਂ ਫੇਰਾ- ਤੋਰਾ ਕਰਦਿਆਂ ਪਤਾ ਹੀ ਨਾ ਲੱਗਾ ਕਿ ਚਾਰ ਹਫ਼ਤਿਆਂ ਦੀ ਛੁੱਟੀ ਕਦੋਂ ਰੇਤਾ ਵਾਂਗ ਉਸ ਦੇ ਹੱਥਾਂ ‘ਚੋ ਇਕ ਇਕ ਦਿਨ ਕਰ ਕੇ ਕਿਰ ਗਈ। ਇਹ ਮੌਕਾ ਮੇਲ਼ ਹੀ ਸਮਝੋ ਕਿ ਮਨੋਹਰ ਦੀ ਭੂਆ ਨੇ ਵੀ ਆਪਣੇ ਲੜਕੇ ਗੁਰਦੀਪ ਦਾ ਵਿਆਹ ਰੱਖ ਲਿਆ ਜੋ ਕਿ ਮਨੋਹਰ ਦੀ ਛੁੱਟੀ ਖਤਮ ਹੋਣ ਤੋਂ ਤਿੰਨ ਦਿਨ ਬਾਅਦ ਦਾ ਸੀ। ਹੁਣ ਸਾਰੇ ਉਸ ‘ਤੇ ਜ਼ੋਰ ਪਾਉਣ ਲੱਗੇ ਕਿ ਉਹ ਇਹ ਵਿਆਹ ਵੀ ਜ਼ਰੂਰ ਦੇਖ ਕੇ ਜਾਵੇ। ਮਨੋਹਰ ਨੇ ਆਪਣੀ ਨੌਕਰੀ ਦਾ ਵਾਸਤਾ ਵੀ ਪਾਇਆ ਪਰ ਸਾਰੇ ਹੀ ਉਸ ‘ਤੇ ਵਿਆਹ ਦੇਖਣ ਲਈ ਜ਼ੋਰ ਪਾ ਰਹੇ ਸਨ। ਉਸ ਨੂੰ ਸਲਾਹ ਦਿਤੀ ਗਈ ਕਿ ਉਹ ਮੈਡੀਕਲ ਭੇਜ ਦੇਵੇ। ਉਹ ਬਹੁਤ ਦੋਚਿੱਤੀ ਵਿਚ ਫ਼ਸਿਆ ਹੋਇਆ ਸੀ ਕਿ ਕੀ ਕਰੇ। ਉਸ ਨੂੰ ਖੁਦ ਨੂੰ ਵੀ ਲਗਦਾ ਸੀ ਕਿ ਜੇ ਉਹ ਇਸ ਵਿਆਹ ‘ਚ ਸ਼ਾਮਲ ਨਾ ਹੋਇਆ ਤਾਂ ਇਹ ਸਾਰੀ ਉਮਰ ਲਈ ਉਸ ਵਾਸਤੇ ਮਿਹਣਾ ਬਣ ਜਾਵੇਗਾ। ਵਿਆਹ ‘ਚ ਜੇ ਅਜੇ ਦੋ ਤਿੰਨ ਹਫ਼ਤੇ ਹੁੰਦੇ ਤਾਂ ਹੋਰ ਗੱਲ ਸੀ ਪਰ ਵਿਆਹ ਤਾਂ ਸਿਰਫ਼ ਤਿੰਨਾਂ ਦਿਨਾਂ ਤਾਈਂ ਸੀ। ਉਸ ਨੂੰ ਇਹੋ ਹੀ ਰਾਹ ਸੁੱਝਦਾ ਸੀ ਕਿ ਮੈਡੀਕਲ ਸਰਟੀਫ਼ੀਕੇਟ ਬਣਵਾ ਕੇ ਫਾਊਂਡਰੀ ਨੂੰ ਭੇਜ ਕੇ ਇਕ ਹਫ਼ਤਾ ਛੁੱਟੀ ਹੋਰ ਵਧਾ ਲਈ ਜਾਵੇ। ਗੱਲ ਤਾਂ ਠੀਕ ਸੀ ਪਰ ਉਸ ਨੂੰ ਇਹ ਵੀ ਡਰ ਸੀ ਕਿ ਕਿਤੇ ਫੋਰਮੈਨ ਤੇ ਮੈਨੇਜਰ ਦੋਵੇਂ ਕੋਈ ਲਫ਼ੜਾ ਨਾ ਖੜ੍ਹਾ ਕਰ ਦੇਣ ਕਿਉਂਕਿ ਉਹ ਦੋਵੇਂ ਪੱਕੇ ਨਸਲਵਾਦੀ ਗੋਰੇ ਸਨ। ਦੇਸੀ ਕਾਮਿਆਂ ਨੂੰ ਉਹ ਕਿਸੇ ਨਾ ਕਿਸੇ ਗੱਲੋਂ ਪਰੇਸ਼ਾਨ ਕਰਦੇ ਰਹਿੰਦੇ ਸਨ। ਮਨੋਹਰ ਕਿਉਂਕਿ ਵਰਕਰਾਂ ਦੀ ਯੂਨੀਅਨ ਵਿਚ ਵੀ ਵਧ ਚੜ੍ਹ ਕੇ ਹਿੱਸਾ ਲੈਂਦਾ ਸੀ ਜਿਸ ਕਰਕੇ ਉਹ ਉਸ ਨਾਲ ਹੋਰ ਵੀ ਖਾਰ ਖਾਂਦੇ ਸਨ। ਸੋਚ ਵਿਚਾਰ ਕਰ ਕੇ ਤੇ ਕੁਝ ਸਿਆਣੇ ਬੰਦਿਆਂ ਨਾਲ ਸਲਾਹ ਮਸ਼ਵਰਾ ਕਰ ਕੇ ਉਸ ਨੇ ਮੈਡੀਕਲ ਸਰਟੀਫ਼ੀਕੇਟ ਭੇਜਣ ਦਾ ਫ਼ੈਸਲਾ ਕਰ ਲਿਆ, ਉੱਪਰੋਂ ਮੌਕਾ-ਮੇਲ ਇਹ ਬਣ ਗਿਆ ਕਿ ਉਹਨਾਂ ਦੇ ਨਾਲ ਦੇ ਪਿੰਡ ਦਾ ਹੀ ਇਕ ਭਾਈਬੰਦ ਗੁਰਮੇਲ ਸਿੰਘ ਵੀ ਮਨੋਹਰ ਦੇ ਟਾਊਨ ‘ਚ ਹੀ ਰਹਿੰਦਾ ਸੀ, ਦੋਹਾਂ ਦੀ ਮੁਲਾਕਾਤ ਵੀ ਅਕਸਰ ਹੁੰਦੀ ਰਹਿੰਦੀ ਸੀ, ਤੇ ਮਨੋਹਰ ਨੂੰ ਕਿਸੇ ਤੋਂ ਪਤਾ ਲੱਗਾ ਸੀ ਉਹ ਆਪਣੀ ਛੁੱਟੀ ਕੱਟ ਕੇ ਅੱਜ ਹੀ ਦਿੱਲੀ ਜਾ ਰਿਹਾ ਸੀ ਜਿੱਥੋਂ ਰਾਤ ਨੂੰ ਉਸ ਦੀ ਵਾਪਸੀ ਦੀ ਫ਼ਲਾਈਟ ਸੀ। ਮਨੋਹਰ ਨੇ ਸੋਚਿਆ ਕਿ ਡਾਕ ਰਾਹੀਂ ਪਤਾ ਨਹੀਂ ਕਿੰਨੇ ਦਿਨ ਲੱਗਣ ਤੇ ਜੇ ਉਹ ਇਹ ਸਰਟੀਫ਼ੀਕੇਟ ਗੁਰਮੇਲ ਦੇ ਹੱਥ ਭੇਜ ਦੇਵੇ ਤਾਂ ਇੰਜ ਇਹ ਦੋ ਤਿੰਨ ਦਿਨਾਂ ‘ਚ ਹੀ ਫਾਊਂਡਰੀ ਦੇ ਦਫ਼ਤਰ ਪਹੁੰਚ ਜਾਵੇਗਾ। ਉਹ ਚਾਹੁੰਦਾ ਸੀ ਕਿ ਜਲਦੀ ਤੋਂ ਜਲਦੀ ਸਰਟੀਫ਼ੀਕੇਟ ਬਣਵਾ ਕੇ ਗੁਰਮੇਲ ਦੇ ਦਿੱਲੀ ਨੂੰ ਤੁਰਨ ਤੋਂ ਪਹਿਲਾਂ ਪਹਿਲਾਂ ਉਸ ਨੂੰ ਫੜਾ ਦੇਵੇ।
ਸੋ ਆਪਣੇ ਭਰਾ ਨੂੰ ਨਾਲ ਲੈ ਕੇ ਉਹ ਸਵੇਰੇ ਹੀ ਨੇੜਲੇ ਸ਼ਹਿਰ ਦੇ ਇਕ ਐਮ.ਬੀ.ਬੀ.ਐੱਸ. ਡਾਕਟਰ ਦੀ ਦੁਕਾਨ ‘ਤੇ ਜਾ ਪਹੁੰਚਿਆ। ਡਾਕਟਰ ਆਪ ਤਾਂ ਉੱਥੇ ਨਹੀਂ ਸੀ ਪਰ ਉਸ ਦਾ ਕੰਪਾਊਡਰ ਹਾਜ਼ਰ ਸੀ। ਮਨੋਹਰ ਨੇ ਉਸ ਨੂੰ ਸਰਟੀਫ਼ੀਕੇਟ ਬਣਵਾਉਣ ਬਾਰੇ ਦੱਸਿਆ। ਕੰਪਾਊਡਰ ਕਹਿਣ ਲੱਗਿਆ ਕਿ ਉਹ ਸਰਟੀਫ਼ੀਕੇਟ ਤਾਂ ਤਿਆਰ ਕਰ ਦੇਵੇਗਾ ਪਰ ਉਸ ‘ਤੇ ਦਸਤਖ਼ਤ ਡਾਕਟਰ ਦੇ ਹੋਣੇ ਹਨ ਜੋ ਕਿ ਮਰੀਜ਼ ਦੇਖਣ ਗਿਆ ਹੋਇਆ ਸੀ, ਘੰਟੇ ਕੁ ਬਾਅਦ ਆ ਜਾਵੇਗਾ। ਸ਼ਾਇਦ ਇਸ ਡਾਕਟਰ ਤੋਂ ਬਹੁਤ ਲੋਕ ਅਜਿਹੇ ਸਰਟੀਫ਼ੀਕੇਟ ਬਣਵਾਉਂਦੇ ਹੋਣਗੇ ਇਸੇ ਕਰ ਕੇ ਹੀ ਉਹਨਾਂ ਨੇ ਇਕ ਟਾਈਪਿੰਗ ਮਸ਼ੀਨ ਵੀ ਆਪਣੀ ਹੀ ਰੱਖੀ ਹੋਈ ਸੀ। ਮਨੋਹਰ ਨੇ ਲੋੜੀਂਦੀ ਜਾਣਕਾਰੀ ਦਿਤੀ ਤੇ ਕੰਪਾਊਡਰ ਨੇ ਸਰਟੀਫ਼ੀਕੇਟ ਟਾਈਪ ਕਰਨਾ ਸ਼ੁਰੂ ਕੀਤਾ। ਮਨੋਹਰ ਨੇ ਉਸ ਨੂੰ ਕਿਹਾ ਕਿ ਉਸ ਦੀ ਫ਼ੈਕਟਰੀ ਵਾਲੇ ਬੜੇ ਨਘੋਚੀ ਹਨ ਸੋ ਉਹ ਐਵੇਂ ਮਾੜੀ ਮੋਟੀ ਬਿਮਾਰੀ ਨਾ ਲਿਖ ਦੇਵੇ ਸਗੋਂ ਕਿਸੇ ਖਾਸ ਬਿਮਾਰੀ ਦਾ ਨਾਮ ਲਿਖੇ ਤਾਂ ਕਿ ਫੈਕਟਰੀ ਵਾਲੇ ਸ਼ੱਕ ਨਾ ਕਰਨ। ਕੰਪਾਊਡਰ ਨੇ ਉਸ ਨੂੰ ਤਸੱਲੀ ਦਿਤੀ ਕਿ ਉਹ ਚਿੰਤਾ ਨਾ ਕਰੇ, ਇਹ ਤਾਂ ਉਹਨਾਂ ਦਾ ਰੋਜ਼ਾਨਾ ਦਾ ਕੰਮ ਹੈ। ਟਾਈਪ ਦਾ ਕੰਮ ਮੁਕੰਮਲ ਹੋ ਗਿਆ ਤੇ ਕੰਪਾਊਡਰ ਨੇ ਉਹਨਾਂ ਨੂੰ ਘੰਟੇ ਕੁ ਬਾਅਦ ਆ ਕੇ ਸਰਟਫ਼ੀਕੇਟ ਲੈ ਜਾਣ ਲਈ ਕਿਹਾ ਤੇ ਉਹ ਦੋਵੇਂ ਭਰਾ ਘੁੰਮਣ ਫਿਰਨ ਲਈ ਬਾਜ਼ਾਰ ਵਲ ਨਿਕਲ ਗਏ। ਘੰਟੇ ਕੁ ਬਾਅਦ ਆਏ ਤਾਂ ਕੰਪਾਊਡਰ ਨੇ ਡਾਕਟਰ ਦੇ ਦਸਤਖ਼ਤ ਕਰਵਾ ਕੇ ਸਰਟੀਫ਼ੀਕੇਟ ਲਿਫ਼ਾਫ਼ੇ ‘ਚ ਪਾ ਕੇ ਸੀਲ-ਬੰਦ ਕਰ ਕੇ ਰੱਖਿਆ ਹੋਇਆ ਸੀ। ਡਾਕਟਰ ਫਿਰ ਕਿਸੇ ਮਰੀਜ਼ ਨੂੰ ਦੇਖਣ ਚਲਿਆ ਗਿਆ ਸੀ। ਮਨੋਹਰ ਨੇ ਬਣਦੀ ਫ਼ੀਸ ਦਿਤੀ ਤੇ ਪਿੰਡ ਨੂੰ ਚਾਲੇ ਪਾਏ। ਮਨੋਹਰ ਨੂੰ ਪਤਾ ਲੱਗਿਆ ਸੀ ਕਿ ਗੁਰਮੇਲ ਨੇ ਬਾਰਾਂ ਕੁ ਵਜੇ ਦਿੱਲੀ ਨੂੰ ਚਲੇ ਜਾਣਾ ਸੀ ਸੋ ਉਹ ਚਾਹੁੰਦਾ ਸੀ ਕਿ ਉਹਦੇ ਤੁਰਨ ਤੋਂ ਪਹਿਲਾ ਪਹਿਲਾਂ ਉਹ ਉਹਦੇ ਪਿੰਡ ਪਹੁੰਚ ਜਾਵੇ।
ਰਾਹ ਵਿਚ ਉਹ ਗੁਰਮੇਲ ਦੇ ਪਿੰਡ ਰੁਕੇ। ਉਹ ਦਿੱਲੀ ਜਾਣ ਦੀ ਤਿਆਰੀ ਕਰ ਰਿਹਾ ਸੀ। ਮਨੋਹਰ ਨੇ ਉਸ ਨੂੰ ਮੈਡੀਕਲ ਸਰਟੀਫ਼ੀਕੇਟ ਲਿਜਾਣ ਦੀ ਬੇਨਤੀ ਤੇ ਗੁਰਮੇਲ ਨੇ ਕੋਈ ਉਜ਼ਰ ਨਾ ਕੀਤਾ ਤੇ ਮਨੋਹਰ ਨੇ ਸਰਟੀਫ਼ੀਕੇਟ ਵਾਲਾ ਲਿਫ਼ਾਫ਼ਾ ਉਸ ਦੇ ਹਵਾਲੇ ਕੀਤਾ ਤੇ ਕਿਹਾ ਕਿ ਉਹ ਉਹਦੇ ਸਹੁਰਿਆਂ ਦੇ ਘਰ ਪਹੁੰਚਾ ਦੇਵੇ, ਉਹ ਆਪ ਹੀ ਫਾਊਂਡਰੀ ਦੇ ਦਫ਼ਤਰ ਜਾ ਕੇ ਦੇ ਆਉਣਗੇ। ਲਿਫ਼ਾਫ਼ਾ ਫੜਾ ਕੇ ਮਨੋਹਰ ਹੋਰੀਂ ਠੰਡੇ ਦਾ ਘੁੱਟ ਘੁੱਟ ਪੀਤਾ ਤੇ ਗੁਰਮੇਲ ਤੋਂ ਛੁੱਟੀ ਲਈ।
ਸਰਟੀਫ਼ੀਕੇਟ ਗੁਰਮੇਲ ਨੂੰ ਦੇ ਕੇ ਉਹ ਨਿਸ਼ਚਿੰਤ ਹੋ ਗਿਆ ਤੇ ਖੁਸ਼ੀਆਂ ਨਾਲ਼ ਭੂਆ ਦੇ ਲੜਕੇ ਦਾ ਵਿਆਹ ਦੇਖਿਆ ਉਸ ਨੇ, ਤੇ ਫਿਰ ਉਹ ਦਿਨ ਵੀ ਆ ਗਿਆ ਜਿਸ ਦਿਨ ਉਸ ਨੇ ਫਲਾਈਟ ਫੜਨ ਲਈ ਦਿੱਲੀ ਜਾਣਾ ਸੀ। ਪੰਜ ਹਫ਼ਤੇ ਉਸ ਨੂੰ ਇਉਂ ਲੱਗ ਰਹੇ ਸਨ ਜਿਵੇਂ ਉਹ ਅੱਜ ਹੀ ਆਇਆ ਹੋਵੇ। ਉਸ ਨੇ ਪੀ.ਸੀ.ਓ. ਤੋਂ ਆਪਣੇ ਸਹੁਰਿਆਂ ਨੂੰ ਫ਼ੂਨ ਕਰ ਕੇ ਫਲਾਈਟ ਨੰਬਰ ਵਿਗੈਰਾ ਦੱਸ ਦਿਤਾ ਤਾਂ ਕਿ ਕੋਈ ਜਣਾ ਆ ਕੇ ਉਸ ਨੂੰ ਲੈ ਜਾਵੇ।
ਉਸ ਦੇ ਦੋਵੇਂ ਸਾਲ਼ੇ ਉਸ ਨੂੰ ਏਅਰਪੋਰਟ ‘ਤੇ ਲੈਣ ਲਈ ਪਹੁੰਚੇ, ਉਹ ਉਡੀਕ ਉਡੀਕ ਕੇ ਥੱਕ ਗਏ ਪਰ ਮਨੋਹਰ ਦਾ ਕਿਧਰੇ ਨਾਮ-ਨਿਸ਼ਾਨ ਨਹੀਂ ਸੀ। ਕਾਫ਼ੀ ਖੱਜਲਖੁਆਰੀ ਤੋਂ ਬਾਅਦ ਉਹਨਾਂ ਨੂੰ ਦੱਸਿਆ ਗਿਆ ਕਿ ਏਅਰ ਇੰਡੀਆ ਦੀ ਫਲਾਈਟ ‘ਚੋਂ ਇਸ ਨਾਮ ਦੇ ਬੰਦੇ ਨੂੰ ਐਂਬੂਲੈਂਸ ਕਿਧਰੇ ਲੈ ਗਈ ਹੈ। ਇੰਨੀ ਸੂਚਨਾ ਦੇਣ ਵਾਲੇ ਨੇ ਕਿਹਾ ਇਸ ਬਾਰੇ ਉਸ ਨੂੰ ਹੋਰ ਕੁਝ ਵੀ ਨਹੀ ਪਤਾ। ਉਸ ਨੇ ਇੰਨੀ ਸਲਾਹ ਜ਼ਰੂਰ ਦਿਤੀ ਕਿ ਉਹ ਉਸ ਦੇ ਫੈਮਿਲੀ ਡਾਕਟਰ ਨਾਲ ਸੰਪਰਕ ਕਰ ਕੇ ਪਤਾ ਕਰਨ। ਹੁਣ ਉਹ ਦੋਵੇਂ ਭਰਾ ਸੋਚਣ ਕਿ ਮਨੋਹਰ ਨੂੰ ਕੀ ਹੋਇਆ ਹੋਵੇਗਾ? ਕੀ ਹਵਾਈ ਜਹਾਜ਼ ਦੇ ਖਾਣੇ ਨਾਲ ਕੁਝ ਹੋ ਗਿਆ ਹੋਵੇਗਾ? ਕੀ ਕੋਈ ਸੱਟ ਚੋਟ ਲੱਗ ਗਈ ਹੋਵੇਗੀ? ਕੀ ਪਤਾ ਕਿਹੜੇ ਹਸਪਤਾਲ ਲੈ ਕੇ ਗਏ ਹੋਣਗੇ? ਬੜੇ ਸ਼ਸ਼ੋਪੰਜ ‘ਚ ਪਏ ਉਹ। ਲੰਡਨ ਵਿਚ ਵੀ ਉਹਨਾਂ ਦਾ ਕੋਈ ਐਡਾ ਜਾਣਕਾਰ ਨਹੀਂ ਸੀ ਜੋ ਉਹਨਾਂ ਦੀ ਕੋਈ ਮਦਦ ਕਰ ਸਕਦਾ। ਨਾਲੇ ਲੰਡਨ ਤਾਂ ਉਹਨਾਂ ਵਾਸਤੇ ਇਕ ਮਹਾਂਸਾਗਰ ਵਾਂਗ ਸੀ। ਘਰ ਦਿਆਂ ਨੂੰ ਵੀ ਫੂਨ ਕਰ ਕੇ ਉਹ ਫ਼ਿਕਰਾਂ ‘ਚ ਨਹੀਂ ਸਨ ਪਾਉਣਾ ਚਾਹੁੰਦੇ। ਅਖੀਰ ਉਹਨਾਂ ਨੇ ਇਹੀ ਸਲਾਹ ਕੀਤੀ ਕਿ ਵਾਪਸ ਘਰ ਨੂੰ ਜਾਇਆ ਜਾਵੇ ਤੇ ਸਵੇਰੇ ਮਨੋਹਰ ਦੇ ਡਾਕਟਰ ਤੋਂ ਪਤਾ ਕੀਤਾ ਜਾਵੇ ਜਿਵੇਂ ਉਸ ਵਿਅਕਤੀ ਨੇ ਸਲਾਹ ਦਿਤੀ ਸੀ।
ਜਦੋਂ ਮਨੋਹਰ ਤੋਂ ਬਿਨਾਂ ਹੀ ਉਹ ਘਰ ਪਹੁੰਚੇ ਤਾਂ ਸਭ ਨੂੰ ਫ਼ਿਕਰ ਸਤਾਉਣ ਲੱਗਾ ਕਿ ਕੀ ਹੋਇਆ ਹੋਵੇਗਾ। ਖੈਰ, ਕਿਸੇ ਨਾ ਕਿਸੇ ਤਰ੍ਹਾਂ ਰਾਤ ਬੀਤੀ ਤੇ ਸਵੇਰੇ ਉਸ ਦੇ ਦੋਵੇਂ ਸਾਲ਼ੇ ਮਨੋਹਰ ਦੇ ਡਾਕਟਰ ਨੂੰ ਮਿਲਣ ਗਏ। ਪੁੱਛ-ਗਿੱਛ ਵਾਲੀ ਗੋਰੀ ਨੂੰ ਕਹਾਣੀ ਦੱਸੀ ਤਾਂ ਉਹ ਅੰਦਰ ਡਾਕਟਰ ਤੋਂ ਪਤਾ ਕਰਨ ਗਈ। ਡਾਕਟਰ ਨੇ ਕਿਹਾ ਕਿ ਉਸ ਨੂੰ ਵੀ ਅਜੇ ਕੁਝ ਨਹੀਂ ਸੀ ਪਤਾ, ਉਹ ਪਤਾ ਕਰਨ ਦੀ ਕੋਸ਼ਿਸ਼ ਕਰੇਗਾ। ਉਸ ਨੇ ਕਿਹਾ ਕਿ ਉਹ ਦੋ ਕੁ ਘੰਟਿਆਂ ਬਾਅਦ ਆਉਣ ਤੇ ਜਿਸ ਤਰ੍ਹਾਂ ਦੀ ਵੀ ਸੂਚਨਾ ਜੇ ਕਿਈ ਮਿਲੀ ਤਾਂ ਉਹ ਸੂਚਨਾ ਗੁਪਤ ਰੱਖਣ ਦੇ ਨਿਯਮਾਂ ਅਧੀਨ ਸਿਰਫ਼ ਸਭ ਤੋਂ ਕਰੀਬੀ ਰਿਸ਼ਤੇਦਾਰ ਨੂੰ ਹੀ ਦੇਵੇਗਾ, ਜੋ ਕਿ ਉਸ ਦੀ ਘਰ ਵਾਲੀ ਹੈ, ਸੋ ਉਸ ਨੂੰ ਨਾਲ ਲੈ ਕੇ ਆਉਣ।
ਮਨੋਹਰ ਦੀ ਘਰ ਵਾਲ਼ੀ ਗੁਰਮੀਤੋ ਨੂੰ ਲੈ ਕੇ ਦੋ ਕੁ ਘੰਟਿਆਂ ਬਾਅਦ ਆਏ ਤਾਂ ਡਾਕਟਰ ਨੇ ਦੱਸਿਆ ਕਿ ਮਨੋਹਰ ਨੇ ਛੁੱਟੀ ਵਧਾਉਣ ਲਈ ਜਿਹੜਾ ਸਰਟੀਫ਼ੀਕੇਟ ਫਾਊਂਡਰੀ ਨੂੰ ਭੇਜਿਆ ਸੀ ਉਸ ਉੱਪਰ ਉੱਥੋਂ ਦੇ ਡਾਕਟਰ ਨੇ ਲਿਖਿਆ ਹੋਇਆ ਸੀ ਕਿ ਮਨੋਹਰ ਨੂੰ ਟੀ.ਬੀ. ਦੀ ਬਿਮਾਰੀ ਸੀ। ਫਾਊਂਡਰੀ ਵਾਲਿਆਂ ਨੇ ਇਹ ਸੂਚਨਾ ਉਸੇ ਵੇਲੇ ਹੀ ਏਅਰਪੋਰਟ ਨੂੰ ਭੇਜ ਦਿਤੀ ਕਿਉਂਕਿ ਟੀ.ਬੀ. ਛੂਤ ਦੀ ਇਕ ਬਹੁਤ ਗੰਭੀਰ ਬਿਮਾਰੀ ਹੈ। ਡਾਕਟਰ ਨੇ ਦੱਸਿਆ ਕਿ ਮਨੋਹਰ ਨੂੰ ਇਥੋਂ ਸੱਠ ਕੁ ਮੀਲ ਦੂਰ ਇਕ ਪੇਂਡੂ ਇਲਾਕੇ ਦੇ ਸੈਨੇਟੋਰੀਅਮ ‘ਚ ਦਾਖ਼ਲ ਕੀਤਾ ਗਿਆ ਹੈ ਜਿੱਥੇ ਉਸ ਦੇ ਟੈਸਟ ਹੋਣਗੇ। ਏਨਾ ਸੁਣ ਕੇ ਸਭ ਦੀ ਜਾਨ ‘ਚ ਜਾਨ ਆਈ ਕਿ ਚਲੋ ਪਤਾ ਤਾਂ ਲੱਗਿਆ ਕਿ ਉਹ ਕਿੱਥੇ ਹੈ ਤੇ ਕਿਸ ਹਾਲਤ ‘ਚ ਹੈ। ਫਿਰ ਉਹਨਾਂ ਨੇ ਡਾਕਟਰ ਤੋਂ ਸੈਨੇਟੋਰੀਅਮ ਦਾ ਨਾਮ ਪਤਾ ਲਿਆ ਤੇ ਸੰਪਰਕ ਕਰ ਕੇ ਮੁਲਾਕਾਤ ਲਈ ਸਮਾਂ ਨਿਸ਼ਚਤ ਕਰ ਲਿਆ। ਉਨ੍ਹਾਂ ਨੂੰ ਦੱਸਿਆ ਗਿਆ ਕਿ ਉਹ ਮਰੀਜ਼ ਨੂੰ ਦੂਰੋਂ ਹੀ ਦੇਖ ਸਕਣਗੇ ਮਿਲਣ ਦੀ ਆਗਿਆ ਨਹੀਂ ਹੋਵੇਗੀ ਤੇ ਕਿਸੇ ਬਿਮਾਰ ਵਿਅਕਤੀ ਨੂੰ ਵੀ ਨਾਲ ਲਿਆਉਣ ਦੀ ਮਨਾਹੀ ਸੀ।
ਮਨੋਹਰ ਦੀ ਘਰ ਵਾਲੀ ਗੁਰਮੀਤੋ ਹਸਪਤਾਲ ਦੇ ਨਿਯਮਾਂ ਅਨੁਸਾਰ ਨਹੀਂ ਸੀ ਜਾ ਸਕਦੀ। ਮਨੋਹਰ ਦੀ ਸੱਸ ਅਤੇ ਸਹੁਰਾ ਵੀ ਪਿਛਲੇ ਕਈ ਦਿਨਾਂ ਤੋਂ ਮੌਸਮੀ ਖੰਘ-ਬੁਖਾਰ ਨਾਲ ਜੂਝ ਰਹੇ ਸਨ। ਸੋ, ਮਿਥੇ ਦਿਨ ‘ਤੇ ਮਨੋਹਰ ਦੇ ਦੋਵੇਂ ਸਾਲ਼ੇ ਗਏ। ਹਸਪਤਾਲ ਦੇ ਨਿਯਮਾਂ ਅਨੁਸਾਰ ਉਹਨਾਂ ਦੋਵਾਂ ਨੂੰ ਚੈੱਕ ਕੀਤਾ ਗਿਆ ਤੇ ਸਪੈਸ਼ਲ ਤਰ੍ਹਾਂ ਦੇ ਸਿਰ ਤੋਂ ਪੈਰਾਂ ਤੱਕ ਕੱਜਣ ਵਾਲੇ ਓਵਰਆਲ ਪੁਆਏ ਗਏ। ਇਕ ਕਰਮਚਾਰੀ ਉਹਨਾਂ ਨੂੰ ਸ਼ੀਸੇ ਦੇ ਬਣੇ ਇਕ ਵੱਡੇ ਸਾਰੇ ਕਮਰੇ ‘ਚ ਲੈ ਗਿਆ ਜਿਥੇ ਇਕ ਬਹੁਤ ਵੱਡੀ ਸਾਰੀ ਕੱਚ ਦੀ ਇਕ ਬੋਤਲ ਜਿਹੀ ਪਈ ਸੀ ਜਿਸ ਵਿਚ ਮਨੋਹਰ ਨੂੰ ਬਿਠਾਇਆ ਹੋਇਆ ਸੀ। ਉਨ੍ਹਾਂ ਨੇ ਇਸ਼ਾਰਿਆਂ ਨਾਲ ਹੀ ਗੱਲ ਬਾਤ ਕੀਤੀ ਤੇ ਕੁਝ ਦੇਰ ਬਾਅਦ ਉਹ ਮੁੜ ਰਿਸੈਪਸ਼ਨ ਕਮਰੇ ‘ਚ ਆਏ ਤਾਂ ਇਕ ਡਾਕਟਰ ਨੇ ਉਹਨਾਂ ਨੂੰ ਆਪਣੇ ਦਫ਼ਤਰ ‘ਚ ਬੁਲਾਇਆ ਤੇ ਦੱਸਿਆ ਕਿ ਮਨੋਹਰ ਟੀ.ਬੀ. ਦੀ ਬਿਮਾਰੀ ਲਈ ਪਾਜ਼ੇਟਿਵ ਪਾਇਆ ਗਿਆ ਹੈ ਤੇ ਉਸ ਨੂੰ ਘੱਟੋ ਘੱਟ ਢਾਈ ਤਿੰਨ ਮਹੀਨੇ ਉੱਥੇ ਰੱਖ ਕੇ ਉਸ ਦਾ ਇਲਾਜ ਕੀਤਾ ਜਾਵੇਗਾ।
ਉਹਦੇ ਦੋਵਾਂ ਸਾਲ਼ਿਆਂ ਨੂੰ ਵੀ ਮਨੋਹਰ ਦੇ ਬਚਪਨ ਵਾਲੀ ਛੇੜ ਯਾਨੀ ਕਿ ‘ਲੱਲੂ’ ਨਾਂ ਬਾਰੇ ਪਤਾ ਸੀ ਪਰ ਮਨੋਹਰ ਨਾਲ ਰਿਸ਼ਤਾ ਹੀ ਐਸਾ ਸੀ ਕਿ ਉਹ ਇਹ ਨਾਮ ਸ਼ਰੇਆਮ ਲੈਣ ਦੀ ਕਿਵੇਂ ਜ਼ੁਰਅਤ ਕਰ ਸਕਦੇ ਸਨ। ਪਰ ਅੱਜ ਸੈਨੇਟੋਰੀਅਮ ਤੋਂ ਵਾਪਸ ਆਉਂਦਿਆਂ ਛੋਟਾ ਕਹਿਣ ਲੱਗਾ, “ ਭਾ ਜੀ, ਇਕ ਗੱਲੋਂ ਤਾਂ ਚੰਗਾ ਹੀ ਹੋਇਆ ਕਿ ਝੂਠੇ ਮੈਡੀਕਲ ਰਾਹੀਂ ਹੀ ਸਹੀ, ਟੀ.ਬੀ. ਤਾਂ ਫੜੀ ਗਈ, ਨਹੀਂ ਤਾਂ ਪਤਾ ਨਹੀਂ ਹੋਰ ਕਿੰਨੀ ਵਧ ਜਾਂਦੀ ਤੇ ਹੋਰ ਕਿੰਨਿਆਂ ਨੂੰ ਹੋ ਜਾਂਦੀ।“
ਵੱਡਾ ਖਿੜ ਖਿੜਾ ਕੇ ਹੱਸਿਆ ਤੇ ਬੋਲਿਆ, “ ਛੋਟੇ, ਏਸੇ ਕਰ ਕੇ ਸਿਆਣਿਆਂ ਨੇ ਕਿਹਾ ਸੀ ‘ਲੱਲੂ ਕਰੇ ਕੁਵੱਲੀਆਂ, ਰੱਬ ਸਿੱਧੀਆਂ ਪਾਵੇ’ ਤੇ ਉਹ ਦੋਵੇਂ ਹੱਸ ਹੱਸ ਕੇ ਲੋਟ ਪੋਟ ਹੋ ਗਏ।
=========================================================