‘ਮਨੀ ਪਲਾਂਟ ਵਰਗਾ ਆਦਮੀ ’ ਕਾਵਿ ਸੰਗ੍ਰਹਿ ਇਨਸਾਨੀ ਮਾਨਸਿਕਤਾ ਅਤੇ ਸਮਾਜਿਕਤਾ ਦਾ ਪ੍ਰਤੀਕ - ਉਜਾਗਰ ਸਿੰਘ
ਹਰਦੀਪ ਸੱਭਰਵਾਲ ਦਾ ਕਾਵਿ ਸੰਗ੍ਰਹਿ ‘ਮਨੀ ਪਲਾਂਟ ਵਰਗਾ ਆਦਮੀ’ ਇਨਸਾਨੀ ਮਾਨਸਿਕਤਾ ਅਤੇ ਸਮਾਜਿਕਤਾ ਦਾ ਪ੍ਰਗਟਾਵਾ ਕਰਦਾ ਹੈ। ਇਸ ਵਿਚਾਰ ਪ੍ਰਧਾਨ ਕਾਵਿ ਸੰਗ੍ਰਹਿ ਦੀਆਂ ਬਹੁਤੀਆਂ ਕਵਿਤਾਵਾਂ ਸਿੰਬਾਲਿਕ ਹਨ, ਜੋ ਇਨਸਾਨ ਦੀ ਮਾਨਸਿਕਤਾ ਅਤੇ ਸਮਾਜਿਕਤਾ ਨਾਲ ਸੰਬੰਧ ਰੱਖਦੀਆਂ ਹਨ। ਇਨ੍ਹਾਂ ਕਵਿਤਾਵਾਂ ਰਾਹੀਂ ਹਰਦੀਪ ਸੱਭਰਵਾਲ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕਰਦਾ ਹੈ। ਵਰਤਮਾਨ ਸਮੇਂ ਇਨਸਾਨ ਦੂਹਰੀ ਅਰਥਾਤ ਦੋਗਲੀ ਜ਼ਿੰਦਗੀ ਜੀਅ ਰਿਹਾ ਹੈ। ਉਸ ਦੀ ਕਹਿਣੀ ਅਤੇ ਕਰਨੀ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਇਸ ਲਈ ਉਸ ਦੇ ਮਨ ਦੀ ਕਿਸੇ ਵੀ ਗੱਲ ਦਾ ਸਹੀ ਜਵਾਬ ਲੱਭਣਾ ਅਸੰਭਵ ਹੁੰਦਾ ਜਾ ਰਿਹਾ ਹੈ। ਮਨੁੱਖ ਦੇ ਚਿਹਰੇ ਮੋਹਰੇ ਦੀਆਂ ਹਰਕਤਾਂ ਤੋਂ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿ ਉਸ ਦੇ ਅੰਦਰ ਕੀ ਵਿਚਰ ਰਿਹਾ ਹੈ? ਇਸ ਲਈ ਕਵੀ ਨੇ ਖੁਲ੍ਹੀਆਂ ਕਵਿਤਾਵਾਂ ਰਾਹੀਂ ਇਨਸਾਨ ਦੇ ਅੰਦਰ ਝਾਕਣ ਦੀ ਕੋਸ਼ਿਸ਼ ਕੀਤੀ ਹੈ। ਕਾਵਿ ਸੰਗ੍ਰਹਿ ਦਾ ਨਾਮ ਵੀ ਸਿੰਬਾਲਿਕ ਹੈ। ਜੇਕਰ ਸਮੁੱਚੇ ਤੌਰ ‘ਤੇ ਵੇਖਿਆ ਜਾਵੇ ਤਾਂ ਸਮਾਜ ਆਰਥਿਕਤਾ ਦੇ ਆਲੇ ਦੁਆਲੇ ਘੁੰਮਦਾ ਹੈ। ਪੁਸਤਕ ਦਾ ਨਾਮ ਮਨੀ ਪਲਾਂਟ ਭਾਵੇਂ ਇਕ ਕਵਿਤਾ ਦੇ ਸਿਰਲੇਖ ਕਰਕੇ ਹੀ ਰੱਖਿਆ ਗਿਆ ਹੈ ਪ੍ਰੰਤੂ ਇਹ ਸਮਾਜ ਦੀ ਮਾਨਸਿਕਤਾ ਦਾ ਪ੍ਰਤੀਕ ਹੈ। ਮਨੀ ਪਲਾਂਟ ਨਾਮ ਆਰਥਿਕਤਾ ਦਾ ਇਜ਼ਹਾਰ ਕਰਦਾ ਹੈ। ਰੁਪਇਆ ਪੈਸਾ ਭਾਵੇਂ ਜ਼ਿੰਦਗੀ ਜਿਓਣ ਲਈ ਜ਼ਰੂਰੀ ਹੁੰਦਾ ਹੈ ਪ੍ਰੰਤੂ ਸਭ ਕੁਝ ਨਹੀਂ ਹੁੰਦਾ। ਲੋਕ ਪੈਸਾ ਕਮਾਉਣ ਲਈ ਹਰ ਹੀਲਾ ਵਰਤਕੇ ਹਰ ਗ਼ਲਤ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਕਾਵਿ ਸੰਗ੍ਰਹਿ ਵਿੱਚ ਇਨ੍ਹਾਂ ਵਿਸੰਗਤੀਆਂ ਦਾ ਪ੍ਰਗਟਾਵਾ ਕੀਤਾ ਗਿਆ ਹੈ। ਆਮ ਤੌਰ ‘ਤੇ ਘਰਾਂ ਵਿੱਚ ਮਨੀ ਪਲਾਂਟ ਲਗਾਕੇ ਵਹਿਮ ਪਾਲਿਆ ਜਾਂਦਾ ਹੈ ਕਿ ਪਰਿਵਾਰ ਦੀ ਆਰਥਿਕ ਹਾਲਤ ਮਜ਼ਬੂਤ ਹੋਵੇਗੀ। ਮਨੁੱਖ ਵੀ ਪੈਸੇ ਕਮਾਉਣ ਦਾ ਸਾਧਨ ਸਮਝਿਆ ਜਾਂਦਾ ਹੈ। ਇਸ ਲਈ ਉਸ ਦੇ ਮਨ ਅੰਦਰ ਹਮੇਸ਼ਾ ਪੈਸੇ ਕਮਾਉਣ ਦੇ ਸਾਧਨ ਬਣਾਉਣ ਲਈ ਉਥਲ ਪੁਥਲ ਹੁੰਦੀ ਰਹਿੰਦੀ ਹੈ। ਇਸ ਲਈ ਮਨੀ ਪਲਾਂਟ ਅਤੇ ਆਦਮੀ ਇੱਕੋ ਸਿੱਕੇ ਦੇ ਦੋ ਪਾਸੇ ਹਨ। ਸਮਾਜ ਇਕ ਦੂਜੇ ਦੀ ਮਾਨਸਿਕਤਾ ਨੂੰ ਸਮਝਣ ਦੇ ਆਹਰੇ ਲੱਗਿਆ ਰਹਿੰਦਾ ਹੈ ਪ੍ਰੰਤੂ ਇਨਸਾਨ ਦੇ ਅੰਦਰ ਜਿਹੜੇ ਭਾਂਬੜ ਮੱਚਦੇ ਹਨ ਅਤੇ ਜੋ ਅੱਗ ਸੁਲਗਦੀ ਹੈ, ਉਸ ਬਾਰੇ ਜਾਨਣਾ ਮੁਸ਼ਕਲ ਹੁੰਦਾ ਹੈ। ਸਮਾਜ ਵਿੱਚ ਵਹਿਮਾਂ ਭਰਮਾ ਨੂੰ ਵੀ ਚੁਣੌਤੀ ਦਿੱਤੀ ਗਈ ਹੈ। ਇਸ ਸੰਗ੍ਰਹਿ ਦੀਆਂ ਕਵਿਤਾਵਾਂ ਵੀ ਇਹੋ ਕੁਝ ਦਰਸਾ ਰਹੀਆਂ ਹਨ। ਕਵੀ ਜੋ ਸਮਾਜਿਕ ਤਾਣੇ ਵਿੱਚ ਵਾਪਰ ਰਹੀਆਂ ਘਟਨਾਵਾਂ ਨੂੰ ਵੇਖਦਾ ਰਿਹਾ ਹੈ, ਉਨ੍ਹਾਂ ਨੂੰ ਆਪਣੀਆਂ ਕਵਿਤਾਵਾਂ ਦਾ ਵਿਸ਼ਾ ਬਣਾਇਆ ਹੈ। ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਅਜਿਹੀਆਂ ਨੀਤੀਆਂ ਜਿਨ੍ਹਾਂ ਨਾਲ ਆਮ ਲੋਕਾਂ ਦੇ ਸਮਾਜਿਕ, ਆਰਥਿਕ ਅਤੇ ਸਭਿਅਚਾਰਕ ਜਨ ਜੀਵਨ ਤੇ ਮਾੜਾ ਪ੍ਰਭਾਵ ਪੈਂਦਾ ਹੈ, ਉਨ੍ਹਾਂ ਬਾਰੇ ਕਵਿਤਾਵਾਂ ਲਿਖਕੇ ਸਮਾਜਿਕ ਸਰੋਕਾਰਾਂ ਦਾ ਮੁੱਦਈ ਹੋਣ ਦਾ ਸਬੂਤ ਦਿੱਤਾ ਹੈ। ਮਨੀ ਪਲਾਂਟ ਕਾਵਿ ਸੰਗ੍ਰਹਿ ਵਿੱਚ 74 ਕਵਿਤਾਵਾਂ ਹਨ ਜੋ ਮਨੁੱਖਤਾ ਦੀ ਮਾਨਸਿਕਤਾ ਅਤੇ ਸਮਾਜਿਕਤਾ ਦੇ ਅਨੇਕਾਂ ਰੰਗ ਖਿਲਾਰ ਰਹੀਆਂ ਹਨ। ਸ਼ਾਇਰ ਦੀਆਂ ਕਵਿਤਾਵਾਂ ਤੋਂ ਪਤਾ ਲੱਗਦਾ ਹੈ ਕਿ ਉਹ ਸਾਹਿਤ/ਕਲਾ, ਕਲਾ ਲਈ ਨਹੀਂ ਸਗੋਂ ਲੋਕਾਂ ਦੇ ਦੁੱਖ ਦਰਦ ਦਾ ਪ੍ਰਗਟਾਵਾ ਕਰਨ ਵਾਲੀ ਹੋਣੀ ਚਾਹੀਦੀ ਹੈ। ਕਾਵਿ ਸੰਗ੍ਰਹਿ ਦੀ ਪਹਿਲੀ ਕਵਿਤਾ ਹੀ ਮਨੁੱਖਤਾ ਦੇ ਮਨ ਦੇ ਵਿਕਾਰਾਂ ਦੀ ਧੂੜ ਨੂੰ ਗੁਰਬਾਣੀ ਦੇ ਪਵਿਤਰ ਕੀਰਤਨ ਨਾਲ ਨਿਰਮਲ ਕਰਨ ਦੀ ਤਾਕੀਦ ਕਰਦੀ ਹੈ। ਦੂਜੀ ਕਵਿਤਾ ਮਾਂ ਤੋਂ ਸ਼ੁਰੂ ਹੋ ਕੇ ਧੀ ਅਤੇ ਫਿਰ ਇਸਤਰੀਆਂ ਨਾਲ ਮਰਦਾ ਪ੍ਰਧਾਨ ਸਮਾਜ ਵੱਲੋਂ ਕੀਤੇ ਜਾਂਦੇ ਬਲਾਤਕਾਰਾਂ ਦੇ ਸੰਤਾਪ ਦਾ ਜ਼ਿਕਰ ਕਰਦੀ ਹੈ। ਉਹ ਮਾਂ ਤੇ ਧੀ ਆਪਣੇ ਪਰਿਵਾਰ ਅਤੇ ਮਰਦ ਦੀ ਬਿਹਤਰੀ ਤੇ ਸਫਲਤਾ ਲਈ ਸੁਪਨੇ ਸਿਰਜਦੀਆਂ ਹਨ ਪ੍ਰੰਤੂ ਮਰਦ ਦੀ ਮਾਨਸਿਕਤਾ ਉਨ੍ਹਾਂ ਦੀਆਂ ਭਾਵਨਾਵਾਂ ਦਾ ਸ਼ੋਸ਼ਣ ਕਰਨ ਤੋਂ ਬਾਜ਼ ਨਹੀਂ ਆਉਂਦਾ। ਇਨ੍ਹਾਂ ਕਵਿਤਾਵਾਂ ਵਿੱਚ ਇਨਸਾਨ ਦੀਆਂ ਕੋਝੀਆਂ ਚਾਲਾਂ ਬਾਰੇ ਵੀ ਦੱਸਿਆ ਗਿਆ ਹੈ, ਜਿਵੇਂ ਭਰਿਸ਼ਟਾਚਾਰ ਅਤੇ ਮਰਦ ਦੀ ਮਾਨਸਿਕਤਾ ਬਾਰੇ ਅਸ਼ਲੀਲ ਕਵਿਤਾ ਵਿੱਚ ਸ਼ਾਇਰ ਦੋਹਰੇ ਅਰਥਾਂ ਵਾਲੀ ਗੱਲ ਕਰਦਾ ਲਿਖਦਾ ਹੈ:
Êਪਰ ਕਿੱਥੇ ਹੁੰਦਾ ਹੈ ਕਲਾਤਮਿਕ ਜਿਹਾ
ਭੁੱਖੇ ਢਿੱਡ ਦੀ ਕਥਾ ਕਹਿੰਦੀ ਕਵਿਤਾ ਵਿੱਚ
ਭਿ੍ਰਸ਼ਟਾਚਾਰ ਦੀ ਗੱਲ ਕਰਦੀ ਕਵਿਤਾ
ਨਹੀਂ ਦਮ ਭਰਦੀ ਕਲਾਕਾਰੀ ਦਾ
ਸੜਕ ਦੇ ਵਿੱਚਕਾਰ ਦੌੜਦੀਆਂ
ਔਰਤ ਦੇ ਨੰਗੇ ਸਿਰ ਤੋਂ ਸ਼ੁਰੂ ਹੋ
ਮਰਦ ਦੀ ਨੰਗੀ ਸੋਚ ਤੱਕ ਸਿਮਟਦੀ ਹੈ
Çਲੰਗ ਭੇਦ ਦੀ ਕਥਾ ਕਹਿੰਦੀ ਕਵਿਤਾ।
ਕਵੀ ਬਹੁਤ ਸਾਰੇ ਵਿਸ਼ੇ ਸਿੰਬਾਲਿਕ ਢੰਗ ਨਾਲ ਛੋਂਹਦਾ ਹੈ, ਮੁੰਡਿਆਂ ਨੂੰ ਫ਼ੌਜੀ ਵਰਦੀ, ਜੰਗ ਤੋਂ ਬਾਅਦ ਦੀ ਦੁਰਦਸ਼ਾ, ਨਾਗਰਿਕਤਾ ਕਾਨੂੰਨ, ਇੱਕ ਭਾਸ਼ਾ ਇਕ ਦੇਸ਼, ਮੁਫ਼ਤਖ਼ੋਰੀ ਦੇ ਨੁਕਸਾਨ, ਚਮਚਿਆਂ ਦਾ ਯੋਗਦਾਨ, ਜ਼ੁਲਮੀ ਲੋਕ, ਧਾਰਮਿਕ ਕੱਟੜਤਾ ਆਦਿ। ਇਨ੍ਹਾਂ ਵਿਸ਼ਿਆਂ ਵਾਲੀਆਂ ਕਵਿਤਾਵਾਂ ਸਮਾਜ ਦਾ ਕੋਝਾ ਰੂਪ ਦਰਸਾਉਂਦੀਆਂ ਹੋਈਆਂ ਇਨਸਾਨੀ ਮਾਨਸਿਕਤਾ ਨੂੰ ਕੁਰੇਦਦੀਆਂ ਹਨ। ਕਵੀ ਦੀਆਂ ਕਵਿਤਾਵਾਂ ਸਿਆਸਤਦਾਨਾ ਦੀ ਧਾਰਮਿਕ ਕੱਟੜਤਾ, ਬੇਰੋਜ਼ਗਾਰੀ, ਕਿਸਾਨੀ ਖ਼ੁਦਕਸ਼ੀਆਂ, ਸ਼ੋਸ਼ਲ ਮੀਡੀਆ ਵਿੱਚ ਜ਼ਾਅਲੀ ਅਕਾਊਂਟ, ਸਮੇਂ ਦੀ ਨਜ਼ਾਕਤ ਨੂੰ ਨਾ ਸਮਝਣਾ, ਮਨੁੱਖ ਦਾ ਮਨੀ ਪਲਾਂਟ ਦੀ ਤਰ੍ਹਾਂ ਵਿਚਰਣਾ, ਅਮੀਰ ਗ਼ਰੀਬ ਦਾ ਪਾੜਾ, ਬੇਘਰੇ ਲੋਕਾਂ ਦੀ ਤ੍ਰਾਸਦੀ, ਆਪਣੇ ਅੰਦਰ ਝਾਤ ਨਾ ਮਾਰਨਾ, ਮਿਹਨਤ ਤੋਂ ਪ੍ਰਹੇਜ, ਨੀਰਸ ਹੋਣਾ, ਮਨ ਦੀ ਧੂੜ ਨਾ ਲਾਹੁਣੀ, ਸਚਾਈ ਤੇ ਪਹਿਰਾ ਨਾ ਦੇਣਾ, ਸਾਹਿਤਕਾਰਾਂ ਦਾ ਮੁੱਖ ਮੁਦਿਆਂ ਤੋਂ ਪਾਸਾ ਵੱਟਣਾ, ਸਚਾਈ ਤੇ ਨਾ ਖੜ੍ਹਨਾ, ਜ਼ੁਲਮਾ ਦਾ ਵਿਰੋਧ ਨਾ ਕਰਨਾ, ਫ਼ਿਰਕਾਪ੍ਰਤੀ, ਦੇਸ਼ ਧਰੋਹ ਦੇ ਗ਼ਲਤ ਅਰਥ ਕੱਢਣੇ, ਬਜ਼ੁਰਗਾਂ, ਬੱਚਿਆਂ ਅਤੇ ਨੌਜਵਾਨਾ ਦੀ ਅਣਵੇਖੀ ਵਰਗੇ ਮਹੱਤਵਪੂਰਨ ਵਿਸ਼ਿਆਂ ਨੂੰ ਬਾਖ਼ੂਬੀ ਕਵਿਤਾਵਾਂ ਵਿੱਚ ਚਿਤਰਿਆ ਹੈ ਤਾਂ ਜੋ ਲੋਕ ਪ੍ਰੇਰਨਾ ਲੈ ਕੇ ਆਪਣਾ ਭਵਿਖ ਸੁਨਹਿਰਾ ਬਣਾ ਸਕਣ। ਕਤਾਰ ਸਿਰਲੇਖ ਵਾਲੀ ਕਵਿਤਾ ਵਿੱਚ ਦਰਸਾਇਆ ਗਿਆ ਹੈ ਕਿ ਮਿਹਨਤਕਸ਼ਾਂ ਦੀ ਮਿਹਨਤ ਦਾ ਮੁੱਲ ਨਹੀਂ ਪੈਂਦਾ ਸਗੋਂ ਉਨ੍ਹਾਂ ਦੀ ਮਿਹਨਤ ਦਾ ਫਲ ਵਿਓਪਾਰੀ ਆਰਥਾਤ ਵੱਡੇ ਮਗਰਮੱਛ ਨਿਗਲ ਜਾਂਦੇ ਹਨ। ਮੌਕਾਪ੍ਰਸਤੀ ਦਾ ਜ਼ਮਾਨਾ ਹੈ। ਪਿਆਰ ਸਿਰਲੇਖ ਵਾਲੀਆਂ ਦੋਵੇਂ ਕਵਿਤਾਵਾਂ ਦਾ ਸਿੱਟਾ ਨਿਕਲਦਾ ਹੈ ਕਿ ਪਿਆਰ ਦੁਕਾਨਦਾਰੀ ਬਣ ਗਿਆ ਹੈ। ਪਿਆਰ ਵਿੱਚ ਧੋਖੇ, ਫਰੇਬ ਅਤੇ ਚਲਾਕੀਆਂ ਚਲਦੀਆਂ ਹਨ ਅਤੇ ਮਾਸੂਮਾ ਨਾਲ ਹੋ ਰਹੇ ਖਿਲਵਾੜ ਦਾ ਜ਼ਿਕਰ ਕੀਤਾ ਗਿਆ ਹੈ। ਖੋਖਲੇ ਲੋਕਤੰਤਰ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਪਰਦਾ ਫਾਸ਼ ਕੀਤਾ ਗਿਆ ਹੈ। ਕਿੱਸਾ ਕਵਿਤਾ ਵਿੱਚ ਝੂਠੇ ਵਾਅਦਿਆਂ, ਖਾਈ ਵਿੱਚ ਜ਼ਾਤਪਾਤ, ਇਮੋਜੀ ਵਿੱਚ ਪਰਵਾਸ ਦੀ ਚਕਾਚੌਂਦ ਤੇ ਉਸ ਦੀ ਤ੍ਰਾਸਦੀ, ਬੇਬੇ ਵਿੱਚ ਦੇਸ਼ ਦੀ ਵੰਡ ਤੇ ਵਿਰਾਸਤ ਦੀ ਹੂਕ ਦਾ ਵਿਸ਼ਲੇਸ਼ਣ ਹੈ। ਰਿਜ਼ਰਵੇਸ਼ਨ ਕਵਿਤਾ ਵਿੱਚ ਗ਼ਰੀਬ ਅਤੇ ਅਮੀਰ ਬੱਚਿਆਂ ਦੀ ਪੜ੍ਹਾਈ ਦੇ ਮੌਕਿਆਂ ਦਾ ਅੰਤਰ, ਦੋਹਾਂ ਵਿੱਚ ਇਨਸਾਨੀਅਤ ਦਾ ਘਾਣ, ਇਲਕਲਾਬ ਵਿੱਚ ਸੁਪਨਿਆਂ ਦਾ ਮਰਨਾ, ਨਸ਼ਲਕੁਸ਼ੀ ਵਿੱਚ ਚੈਨਲਾਂ ‘ਤੇ ਝੂਠ ਤੇ ਕੁਫਰ ਦੇ ਪ੍ਰਚਾਰ ਨਾਲ ਝੂਠ ਨੂੰ ਸੱਚ ਬਣਾਉਣ, ਸੁਆਹ ਵਿੱਚ 1984 ਦੇ ਕਤਲੇਆਮ ਦੀ ਤ੍ਰਾਸਦੀ ਅਤੇ ਵਹਿਮਾ ਨਾਲ ਨਫ਼ਰਤ ਦਾ ਫ਼ੈਲਾਉਣਾ ਦਰਸਾਇਆ ਗਿਆ ਹੈ। ਜੰਗਲ ਨਾਮ ਦੀ ਕਵਿਤਾ ਵਿੱਚ ਇਨਸਾਨ ਨੂੰ ਆਪਣੇ ਅੰਦਰਲੇ ਜਾਨਵਰ ਨੂੰ ਮਾਰਨ ਦੀ ਨਸੀਅਤ ਦਿੱਤੀ ਗਈ ਹੈ ਤਾਂ ਜੋ ਇਨਸਾਨੀਅਤ ਬਰਕਰਾਰ ਰਹਿ ਸਕੇ। ਕੰਧ ਵਿੱਚ ਸਮੇਂ ਦੇ ਲੰਘਣ ਨਾਲ ਸੋਚ ਬਦਲਦੀ ਹੈ। ਐਤਵਾਰ ਕਵਿਤਾ ਵਿੱਚ ਕਿਹਾ ਕਿ ਚੰਗੀ ਜ਼ਿੰਦਗੀ ਜਿਓਣ ਲਈ ਲਗਾਤਾਰ ਮਿਹਨਤ ਦੀ ਲੋੜ ਹੁੰਦੀ ਹੈ, ਯੁਗ ਵਿੱਚ ਆਧੁਨਿਕਤਾ ਵਿਰਾਸਤ ਨੂੰ ਖ਼ਤਮ ਕਰਦੀ ਹੈ, ਡਰ ਜਾਣਾ ਵਿੱਚ ਚੁਗਲਖ਼ੋਰੀ, ਮੱਧ ਵਰਗ ਦੀਆਂ ਔਰਤਾਂ ਦੀ ਸੋਚ ਬਦਲਦੀ ਰਹਿੰਦੀ ਹੈ ਤੇ ਉਹ ਆਪਣੀਆਂ ਅਧੂਰੀਆਂ ਇਛਾਵਾਂ ਆਪਣੀ ਔਲਾਦ ਰਾਹੀਂ ਪੂਰੀਆਂ ਕਰਦੀਆਂ ਹਨ। ਹਰਦੀਪ ਸੱਭਰਵਾਲ ਨੇ ਸਮਜ ਵਿੱਚ ਵਾਪਰ ਰਹੀਆਂ ਸਾਰੀਆਂ ਘਟਨਾਵਾਂ ਸੰਬੰਧੀ ਕਵਿਤਾਵਾਂ ਲਿਖਕੇ ਲੋਕਾਈ ਨੂੰ ਜਾਗ੍ਰਤ ਕਰਨ ਦਾ ਉਪਰਾਲਾ ਕੀਤਾ ਹੈ।
104 ਪੰਨਿਆਂ, 180 ਰੁਪਏ ਕੀਮਤ ਵਾਲਾ ਇਹ ਕਾਵਿ ਸੰਗ੍ਰਹਿ ਕੈਲੀਬਰ ਪਬਲੀਕੇਸ਼ਨ ਪਟਿਆਲਾ ਨੇ ਪ੍ਰਕਾਸ਼ਤ ਕੀਤਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com