ਬੇਟੀ  - (ਨਿਰਮਲ ਸਿੰਘ ਕੰਧਾਲਵੀ)

ਮੇਰਾ ਟਰਾਲੀ-ਕੇਸ ਇਕ ਨੌਜਵਾਨ ਨੇ ਫੜਿਆ ਹੋਇਆ ਸੀ ਤੇ ਦੂਸਰੇ ਨੇ ਮੈਨੂੰ ਸਹਾਰਾ ਦੇ ਕੇ ਤੋਰਿਆ ਹੋਇਆ ਸੀ। ਜਹਾਜ਼ ਦੇ ਦਰਵਾਜ਼ੇ ‘ਤੇ ਸਵਾਰੀਆਂ ਨੂੰ ਸਟਾਫ਼ ਵਲੋਂ ਜੀ ਆਇਆਂ ਆਖਿਆ ਜਾ ਰਿਹਾ ਸੀ। ਅੰਦਰ ਲੰਘ ਕੇ ਮੈਂ ਏਅਰਹੋਸਟੈੱਸ ਨੂੰ ਆਪਣਾ ਬੋਰਡਿੰਗ ਪਾਸ ਦਿਖਾਇਆ। ਨੌਜਵਾਨ ਨੇ ਮੇਰਾ ਟਰਾਲੀ-ਕੇਸ ਮੈਨੂੰ ਸੰਭਾਲ ਦਿਤਾ ਤੇ ਏਅਰਹੋਸਟੈੱਸ ਨੇ ਬੋਰਡਿੰਗ ਪਾਸ ਦੇਖ ਕੇ ਟਰਾਲੀ-ਕੇਸ ਮੇਰੇ ਕੋਲੋਂ ਫੜ ਲਿਆ ਤੇ ਮੈਨੂੰ ਹੌਲੀ ਹੌਲੀ ਬੜੀ ਸਹਿਜ ਨਾਲ ਸੀਟ ‘ਤੇ ਜਾ ਬਿਠਾਇਆ ਜੋ ਕਿ ਜਹਾਜ਼ ਦੇ ਅੰਦਰ ਵੜਦਿਆਂ ਹੀ ਬਿਜ਼ਨੈਸ ਕਲਾਸ ਵਿਚ ਸੀ। ਮੇਰਾ ਟਰਾਲੀ-ਕੇਸ ਸਾਮਾਨ ਵਾਲ਼ੇ ਕੈਬਿਨ ਵਿਚ ਰੱਖਣ ਤੋਂ ਪਹਿਲਾਂ ਏਅਰਹੋਸਟੈੱਸ ਨੇ ਮੈਨੂੰ ਪੁੱਛਿਆ ਕਿ ਕੀ ਟਰਾਲੀ-ਕੇਸ ‘ਚੋਂ ਮੈਨੂੰ ਕੋਈ ਚੀਜ਼ ਚਾਹੀਦੀ ਤਾਂ ਨਹੀਂ। ਮੇਰੇ ਨਾਂਹ ਕਹਿਣ ‘ਤੇ ਉਸ ਨੇ ਮੇਰਾ ਟਰਾਲੀ-ਕੇਸ ਉੱਪਰ ਕੈਬਿਨ ‘ਚ ਟਿਕਾ ਦਿਤਾ। ਮੈਂ ਹੈਰਾਨ ਹੋ ਰਿਹਾ ਸਾਂ ਕਿ ਮੇਰੇ ਕੋਲ ਤਾਂ ਇਕਾਨਮੀ ਕਲਾਸ ਦੀ ਟਿਕਟ ਸੀ ਤੇ ਮੈਨੂੰ ਬਿਜ਼ਨੈਸ ਕਲਾਸ ਵਿਚ ਖੁਰਲੀ ਜਿੱਡੀ ਸੀਟ ‘ਤੇ ਕਿਉਂ ਬਿਠਾ ਦਿਤਾ ਗਿਆ ਸੀ?
ਨਾ ਮੈਨੂੰ ਕਿਸੇ ਨੇ ਕੁਝ ਦੱਸਿਆ ਤੇ ਨਾ ਹੀ ਮੈਂ ਇਸ ਬਾਰੇ ਕਿਸੇ ਨੂੰ ਪੁੱਛਿਆ। ਉਰਦੂ ਦੇ ਇਕ ਸ਼ੇਅਰ ਦੀ ਪੈਰੋਡੀ ਮੇਰੇ ਦਿਲ ‘ਚ ਕੁਤਕੁਤਾਰੀਆਂ ਕੱਢਣ ਲੱਗੀ।
ਸਬੱਬ ਕੀ ਏ ਇਹਨਾਂ ਮਿਹਰਬਾਨੀਆਂ ਦਾ,
ਉਨ੍ਹੀਂ ਦੱਸਿਆ ਵੀ ਨਹੀਂ, ਅਸੀਂ ਪੁੱਛਿਆ ਵੀ ਨਹੀਂ।
ਪਰ ਮਨ ਵਿਚ ਇਹ ਧੁੜਕੂ ਜ਼ਰੂਰ ਲੱਗਾ ਹੋਇਆ ਸੀ ਕਿ ਜੇ ਇਸ ਸੀਟ ‘ਤੇ ਬੈਠਣ ਵਾਲੀ ਸਵਾਰੀ ਆ ਗਈ ਤੇ ਫੇਰ ਕੀ ਹੋਵੇਗਾ? ਦੂਜੇ ਪਲ ਹੀ ਸੋਚਾਂ ਕਿ ਮੈਂ ਕਿਹੜਾ ਆਪ ਬੈਠਾ ਸਾਂ, ਏਅਰਹੋਸਟੈੱਸ ਨੇ ਆਪ ਬਿਠਾਇਆ ਹੈ। ਮੇਰਾ ਬੋਰਡਿੰਗ ਪਾਸ ਚੰਗੀ ਤਰ੍ਹਾਂ ਦੇਖਿਆ ਹੈ ਉਸ ਨੇ। ਉਸ ਨੂੰ ਏਨਾ ਵੱਡਾ ਭੁਲੇਖਾ ਥੋੜ੍ਹੀ ਲੱਗ ਸਕਦੈ ਕਿ ਇਕਾਨਮੀ ਕਲਾਸ ਦੀ ਸਵਾਰੀ ਬਿਜ਼ਨੈਸ ਕਲਾਸ ਵਿਚ ਤੇ ਬਿਜ਼ਨੈਸ ਕਲਾਸ ਵਾਲੇ ਨੂੰ ਇਕਾਨਮੀ ਕਲਾਸ ‘ਚ ਬੈਠਣ ਲਈ ਕਹੇ। ਮੈਂ ਮਨ ਨਾਲ ਫ਼ੈਸਲਾ ਕਰ ਲਿਆ ਕਿ ਪਿਆਰਿਆ ਡਟਿਆ ਰਹਿ, ਦੇਖੀ ਜਾਏਗੀ ਜੋ ਹੋਏਗਾ, ਹੋ ਸਕਦੈ ਇਸ ਵਿਚ ਵੀ ਕੋਈ ਰਾਜ਼ ਹੋਵੇ। ਇਕ ਵਾਰੀ ਮੇਰੇ ਇਕ ਦੋਸਤ ਨੇ, ਜੋ ਕਿ ਜਹਾਜ਼ਾਂ ਦੇ ਝੂਟੇ ਅਕਸਰ ਹੀ ਲੈਂਦਾ ਰਹਿੰਦਾ ਹੈ, ਮੈਨੂੰ ਦੱਸਿਆ ਸੀ ਕਿ ਕਈ ਵਾਰੀ ਜਹਾਜ਼ ਦੇ ਭਾਰ ਨੂੰ ਸਮਤੋਲ ਰੱਖਣ ਲਈ ਵੀ ਸਵਾਰੀਆਂ ਦੀਆਂ ਸੀਟਾਂ ‘ਚ ਅਦਲਾ ਬਦਲੀ ਕੀਤੀ ਜਾਂਦੀ ਹੈ ਤੇ ਅਜਿਹੇ ਵਿਚ ਜੇ ਬਿਜਨੈਸ ਜਾਂ ਫ਼ਸਟ ਕਲਾਸ ਵਿਚ ਸੀਟਾਂ ਖਾਲੀ ਹੋਣ ਤਾਂ ਇਕਾਨਮੀ ਕਲਾਸ ਵਾਲੀ ਕਿਸੇ ਸਵਾਰੀ ਨੂੰ ਉੱਥੇ ਵੀ ਸੀਟ ਦਿਤੀ ਜਾ ਸਕਦੀ ਹੈ। ਭਾਵੇਂ ਕਿ ਇਹ ਦਲੀਲ ਮੇਰੇ ਮਨ ਨੂੰ ਧਰਵਾਸ ਦੇ ਰਹੀ ਸੀ ਪਰ ਨਾਲ਼ ਹੀ ਧੁੜਕੂ ਅਜੇ ਵੀ ਬਰਕਰਾਰ ਸੀ।
ਬਿਜ਼ਨੈਸ ਕਲਾਸ ਵਿਚ ਮੈਨੂੰ ਬਿਠਾਉਣ ਦਾ ਇਕ ਹੋਰ ਅੰਦਾਜ਼ਾ ਵੀ ਮੇਰੇ ਦਿਮਾਗ਼ ‘ਚ ਚੱਕਰ ਲਗਾ ਰਿਹਾ ਸੀ। ਹੋਇਆ ਅਸਲ ਵਿਚ ਇਹ ਸੀ ਕਿ ਏਅਰਪੋਰਟ ‘ਤੇ ਮੈਂ ਅਗਲੀ ਫਲਾਈਟ ਲਈ ਚਾਰ ਘੰਟੇ ਇੰਤਜ਼ਾਰ ਕਰਨਾ ਸੀ। ਪਿਛਲੇ ਕੁਝ ਦਿਨਾਂ ਤੋਂ ਮੇਰੀ ਪਿੱਠ ਦੀ ਦਰਦ ਨੇ ਕਾਫ਼ੀ ਪਰੇਸ਼ਾਨ ਕੀਤਾ ਹੋਇਆ ਸੀ। ਏਅਰਪੋਰਟਾਂ ‘ਤੇ ਫਲਾਈਟ ‘ਚ ਸਵਾਰ ਹੋਣ ਲਈ ਕਈ ਵਾਰੀ ਬਹੁਤ ਦੂਰ ਤੱਕ ਤੁਰ ਕੇ ਜਾਣਾ ਪੈਂਦਾ ਹੈ ਖਾਸ ਕਰ ਕੇ ਟੁੱਟਵੀਂਆਂ ਫਲਾਈਟਾਂ ਦੇ ਜਹਾਜ਼ਾਂ ਦੇ ਗੇਟ ਤਾਂ ਕਈ ਵਾਰੀ ਬਹੁਤ ਦੂਰ ਦੂਰ ਹੁੰਦੇ ਹਨ। ਕਈ ਏਅਰਪੋਰਟਾਂ ‘ਤੇ ਤਾਂ ਹੁਣ ਬੈਟਰੀ ਨਾਲ ਚੱਲਣ ਵਾਲ਼ੀਆਂ ਬੱਗੀਆਂ ਮਿਲ ਜਾਂਦੀਆਂ ਹਨ ਪਰ ਕਈਆਂ ‘ਤੇ ਇਹ ਸਹੂਲਤ ਅਜੇ ਆਮ ਨਹੀਂ, ਸੋ ਇਸੇ ਕਰ ਕੇ ਮੈਂ ਲੰਡਨ ਤੋਂ ਹੀ ਸਪੈਸ਼ਲ ਅਸਿਸਟੈਂਸ ਬੁੱਕ ਕਰਵਾਈ ਹੋਈ ਸੀ। ਸਕਿਉਰਿਟੀ ਕਰਵਾ ਕੇ ਅਸਿਸਟੈਂਟ ਮੈਨੂੰ ਵੇਟਿੰਗ ਏਰੀਏ ‘ਚ ਛੱਡ ਗਿਆ ਤੇ ਕਹਿਣ ਲੱਗਾ ਕਿ ਮੈਂ ਫਿਕਰ ਨਾ ਕਰਾਂ, ਫਲਾਈਟ ਦੇ ਟਾਈਮ ‘ਤੇ ਉਹ ਆਪੇ ਹੀ ਆ ਜਾਵੇਗਾ।
ਫਲਾਈਟ ਦਾ ਸਮਾਂ ਹੋਇਆ ਤਾਂ ਸਭ ਸਵਾਰੀਆਂ ਹੌਲੀ ਹੌਲੀ ਜਹਾਜ਼ ‘ਚ ਬੈਠਣ ਲਈ ਜਾਣ ਲੱਗੀਆਂ। ਦੋ ਤਿੰਨ ਕਰਮਚਾਰੀ ਪਾਸਪੋਰਟ ਤੇ ਬੋਰਡਿੰਗ ਪਾਸ ਦੇਖ ਕੇ ਸਵਾਰੀਆਂ ਨੂੰ ਲੰਘਾ ਰਹੇ ਸਨ ਪਰ ਸਪੈਸ਼ਲ ਅਸਿਸਟੈਂਸ ਵਾਲ਼ੇ ਨੌਜਵਾਨ ਦਾ ਕਿਧਰੇ ਨਾਂ-ਨਿਸ਼ਾਨ ਨਹੀਂ ਸੀ। ਪਲ ਪਲ ਲਾਈਨ ਛੋਟੀ ਹੋ ਰਹੀ ਸੀ ਤੇ ਮੇਰੀ ਚਿੰਤਾ ਵਧ ਰਹੀ ਸੀ। ਅਖ਼ੀਰ ਮੈਂ ਲਾਈਨ ਕੰਟਰੋਲ ਕਰਨ ਵਾਲੇ ਇਕ ਕਰਮਚਾਰੀ ਨੂੰ ਆਪਣੇ ਕੋਲ ਸੱਦਿਆ ਤੇ ਆਪਣੀ ਮੁਸ਼ਕਿਲ ਦੱਸੀ। ਉਸ ਨੇ ਮੈਨੂੰ ਨਿਸ਼ਚਿੰਤ ਹੋ ਕੇ ਬੈਠੇ ਰਹਿਣ ਦੀ ਸਲਾਹ ਦਿਤੀ ਤੇ ਕਿਹਾ ਕਿ ਅਸਿਸਟੈਂਟ ਨੇ ਆਪੇ ਹੀ ਆ ਜਾਣਾ ਹੈ। ਜਦੋਂ ਲਾਈਨ ਵਿਚ ਥੋੜ੍ਹੀਆਂ ਜਿਹੀਆਂ ਸਵਾਰੀਆਂ ਹੀ ਚੜ੍ਹਨ ਵਾਲੀਆਂ ਰਹਿ ਗਈਆਂ, ਜਿਨ੍ਹਾਂ ਵਿਚ ਦੋ ਤਿੰਨ ਪੰਜਾਬੀ ਨੌਜਵਾਨ ਵੀ ਸਨ, ਮੈਂ ਫੇਰ ਉਸੇ ਕਰਮਚਾਰੀ ਨੂੰ ਇਸ਼ਾਰਾ ਕੀਤਾ ਕਿ ਉਹ ਮੇਰੀ ਮੁਸ਼ਕਿਲ ਬਾਰੇ ਕੁਝ ਕਰੇ। ਉਸ ਨੇ ਬੜੀ ਹਲੀਮੀ ਨਾਲ ਮੁਆਫ਼ੀ ਮੰਗੀ ਤੇ ਕਹਿਣ ਲੱਗਾ, “ ਅਸਲ ਵਿਚ ਅੱਜ ਕਈ ਫਲਾਈਟਾਂ ਇਕੱਠੀਆਂ ਹੀ ਚੱਲਣੀਆਂ ਹਨ ਤੇ ਸਪੈਸ਼ਲ ਅਸਿਸਟੈਂਸ ਲੈਣ ਵਾਲੀਆਂ ਸਵਾਰੀਆਂ ਵੀ ਬਹੁਤ ਹਨ, ਮੈਨੂੰ ਲਗਦੈ ਕਿ ਵੀਲ੍ਹਚੇਅਰਾਂ ਥੋੜ੍ਹੀਆਂ ਪੈ ਗਈਆਂ ਹਨ।”
ਉਸ ਨੇ ਮੇਰਾ ਟਰਾਲੀ-ਕੇਸ ਫੜਿਆ ਤੇ ਮੈਨੂੰ ਸਹਾਰਾ ਦੇ ਕੇ ਹੌਲੀ ਹੌਲੀ ਆਪਣੇ ਨਾਲ ਤੋਰ ਲਿਆ। ਇਕ ਪੰਜਾਬੀ ਨੌਜਵਾਨ ਨੇ ਮੈਨੂੰ ਸਤਿ ਸ੍ਰੀ ਅਕਾਲ ਬੁਲਾਈ ਤੇ ਮੇਰੀ ਤਕਲੀਫ਼ ਬਾਰੇ ਪੁੱਛਿਆ। ਮੈਂ ਆਪਣੀ ਪਿੱਠ ਦਰਦ ਬਾਰੇ ਅਤੇ ਸਪੈਸ਼ਲ ਅਸਿਸਟੈਂਸ ਵਾਲੇ ਬੰਦੇ ਦੇ ਨਾ ਬਹੁੜਨ ਬਾਰੇ ਦੱਸਿਆ। ਉਨ੍ਹਾਂ ਚੋਂ ਇਕ ਜਣੇ ਨੇ ਉਸ ਕਰਮਚਾਰੀ ਤੋਂ ਮੇਰਾ ਟਰਾਲੀ-ਕੇਸ ਫੜ ਲਿਆ ਤੇ ਕਿਹਾ ਕਿ ਉਹ ਜਹਾਜ਼ ਦੇ ਅੰਦਰ ਜਾਣ ਲਈ ਮੇਰੀ ਮਦਦ ਕਰਨਗੇ। ਉਸ ਕਰਮਚਾਰੀ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਤੇ ਇਕ ਵਾਰ ਫੇਰ ਮੇਰੇ ਕੋਲੋਂ ਮੁਆਫ਼ੀ ਮੰਗੀ, ਤੇ ਉਹ ਨੌਜਵਾਨ ਹੌਲੀ ਹੌਲੀ ਮੈਨੂੰ ਜਹਾਜ਼ ਦੇ ਦਰਵਾਜ਼ੇ ਤੱਕ ਲੈ ਗਏ।
ਹੁਣ ਮੇਰੇ ਦਿਮਾਗ਼ ਦੇ ਕਿਸੇ ਕੋਨੇ ਵਿਚ ਇਹੀ ਦਲੀਲ ਘੁੰਮ ਰਹੀ ਸੀ ਕਿ ਸ਼ਾਇਦ ਏਅਰਪੋਰਟ ਦੀ ਇਸੇ ਖ਼ਾਮੀ ਕਰ ਕੇ ਹੀ ਮੈਨੂੰ ਬਿਜ਼ਨੈਸ ਕਲਾਸ ਵਿਚ ਬੈਠਾਇਆ ਗਿਆ ਹੈ। ਹੋ ਸਕਦੈ ਕਿ ਉਸ ਕਰਮਚਾਰੀ ਨੇ ਵਾਕੀ-ਟਾਕੀ ਰਾਹੀਂ ਜਹਾਜ਼ ਦੇ ਅਮਲੇ ਨੂੰ ਮੇਰੀ ਤਕਲੀਫ਼ ਬਾਰੇ ਸੂਚਿਤ ਕਰ ਦਿਤਾ ਹੋਵੇ ਤੇ ਇਸੇ ਲਈ ਮੇਰੇ ‘ਤੇ ਖ਼ਾਸ ਮਿਹਰਬਾਨੀ ਕੀਤੀ ਗਈ ਹੋਵੇ। ਖ਼ੈਰ, ਕੁਝ ਵੀ ਹੋਵੇ ਹੁਣ ਤਾਂ ਮੈਂ ਇਸ ਸੀਟ ਉੱਤੇ ਡਟਿਆ ਬੈਠਾ ਸਾਂ ਤੇ ਸੋਚ ਰਿਹਾ ਸਾਂ ਕਿ ਜੇ ਸੀਟ ਬਾਰੇ ਕੋਈ ਗੱਲ ਬਾਤ ਉਲਝੀ ਤਾਂ ਮੈਂ ਸਾਰਾ ਭਾਂਡਾ ਏਅਰਹੋਸਟੈੱਸ ‘ਤੇ ਭੰਨ ਕੇ ਆਪਣਾ ਪੱਖ ਪੇਸ਼ ਕਰਾਂਗਾ।     
ਖਿੜਕੀ ਵਲ ਦੀ ਸੀਟ ‘ਤੇ ਇਕ ਬੀਬੀ ਆ ਬੈਠੀ ਤੇ ਉਸ ਨੇ ਬੜੇ ਸਤਿਕਾਰ ਨਾਲ ਮੈਨੂੰ ਸਤਿ ਸ੍ਰੀ ਅਕਾਲ ਬੁਲਾਈ ਤੇ ਕਹਿਣ ਲੱਗੀ,“ ਮੇਰਾ ਨਾਂ ਮਿਸਜ਼ ਆਨੰਦ ਐ ਤੇ ਆਪ ਜੀ ਦਾ ਨਾਮ?” ਉਸ ਨੇ ਮੇਰੇ ਵਲ ਦੇਖ ਕੇ ਪੁੱਛਿਆ। ਮੈਂ ਉਸ ਦੀ ਬੇਬਾਕੀ ‘ਤੇ ਹੈਰਾਨ ਤਾਂ ਹੋਇਆ ਪਰ ਫਿਰ ਸੋਚਿਆ ਕਿ ਸਫ਼ਰ ਵਿਚ ਕਈ ਮੁਸਾਫ਼ਰ ਆਪਣੇ ਆਪ ਵਿਚ ਹੀ ਗੁੰਮ-ਸੁੰਮ ਰਹਿੰਦੇ ਹਨ ਤੇ ਕਈ ਨਾਲ ਬੈਠੀ ਸਵਾਰੀ ਨਾਲ ਗੱਲ ਬਾਤ ਦਾ ਸਿਲਸਿਲਾ ਸ਼ੁਰੂ ਕਰ ਲੈਂਦੇ ਹਨ। ਸੋ, ਮੈਂ ਆਪਣਾ ਨਾਮ ਦੱਸਣ ਦੇ ਨਾਲ ਨਾਲ ਇਹ ਵੀ ਦੱਸਿਆ ਕਿ ਮੈਂ ਕਿੱਥੋਂ ਆਇਆ ਹਾਂ ਤੇ ਕਿੱਥੇ ਜਾਣਾ ਹੈ।
ਬਿਜ਼ਨੈਸ ਕਲਾਸ ਵਿਚ ਦੋ ਏਅਰਹੋਸਟੈੱਸਾਂ ਦੀ ਡਿਊਟੀ ਸੀ। ਉਹ ਥੋੜ੍ਹੀ ਥੋੜ੍ਹੀ ਦੇਰ ਬਾਅਦ ਆ ਕੇ ਮਿਸਜ਼ ਆਨੰਦ ਨੂੰ ‘ਮੈਮ’ ਕਹਿ ਕੇ ਸੰਬੋਧਿਤ ਹੁੰਦੀਆਂ ਸਨ ਤੇ ਕਿਸੇ ਚੀਜ਼ ਦੀ ਲੋੜ ਬਾਰੇ ਪੁੱਛਦੀਆਂ ਸਨ। ਉਹਨਾਂ ਦੀਆਂ ਗੱਲਾਂ ਬਾਤਾਂ ਤੋਂ ਇੰਜ ਭਾਸਦਾ ਸੀ ਜਿਵੇਂ ਮਿਸਜ਼ ਆਨੰਦ ਵੀ ਉਸੇ ਏਅਰਲਾਈਨ ‘ਚ ਕੰਮ ਕਰਦੀ ਹੋਵੇ। ਪਹਿਲਾਂ ਤਾਂ ਮੈਂ ਸੋਚਿਆ ਕਿ ਚਲੋ ਛੱਡੋ ਆਪਾਂ ਕੀ ਲੈਣਾ ਪਰ ਫਿਰ ਮੇਰੇ ਮਨ ‘ਚ ਆਇਆ ਕਿ ਪੁੱਛਣ ‘ਚ ਹਰਜ਼ ਵੀ ਕੀ ਹੈ। ਹਵਾਈ ਸਫ਼ਰ ਬਾਰੇ ਤੇ ਏਅਰਲਾਈਨ ਬਾਰੇ ਕੁਝ ਜਾਣਕਾਰੀ ਹੀ ਮਿਲੇਗੀ ਤੇ ਨਾਲੇ ਵਕਤ ਵੀ ਸੋਹਣਾ ਗੁਜ਼ਰ ਜਾਏਗਾ। ਆਪਣੀ ਸ਼ੱਕ ਕੱਢਣ ਲਈ ਮੈਂ ਮਿਸਜ਼ ਆਨੰਦ ਨੂੰ ਪੁੱਛ ਹੀ ਲਿਆ ਕਿ ਕੀ ਉਹ ਵੀ ਏਸੇ ਕੰਪਨੀ ‘ਚ ਮੁਲਾਜ਼ਮ ਹੈ? ਉਸ ਨੇ ਦੱਸਿਆ ਕਿ ਕਦੇ ਉਹ ਵੀ ਏਅਰਹੋਸਟੈੱਸ ਹੁੰਦੀ ਸੀ ਪਰ ਫੇਰ ਏਅਰਲਾਈਨ ਨੇ ਉਸ ਨੂੰ ਕੁਝ ਹੋਰ ਕੋਰਸ ਕਰਵਾ ਕੇ ਹੈੱਡ-ਆਫ਼ਿਸ ਵਿਚ ਨੌਕਰੀ ਦੇ ਦਿਤੀ ਤੇ ਹੁਣ ਉਹ ਏਅਰਲਾਈਨ ਦੇ ਬਾਹਰਲੇ ਕੰਮਾਂ ਲਈ ਅਕਸਰ ਹੀ ਦੌਰਿਆਂ ‘ਤੇ ਰਹਿੰਦੀ ਹੈ ਤੇ ਅੱਜ ਵੀ ਇਸੇ ਸਬੰਧ ਵਿਚ ਉਹ ਦਿੱਲੀ ਜਾ ਰਹੀ ਸੀ।
ਬਿਜ਼ਨੈਸ ਕਲਾਸ ਵਿਚ ਦੋ ਦੋ ਸੀਟਾਂ ਦੀਆਂ ਦੋ ਕਤਾਰਾਂ ਸਨ। ਦੋਨੋਂ ਕਤਾਰਾਂ ਨੂੰ ਇਕ ਇਕ ਏਅਰਹੋਸਟੈੱਸ ਨੇ ਸੰਭਾਲਿਆ ਹੋਇਆ ਸੀ। ਸਾਡੇ ਪਾਸੇ ਜਿਹੜੀ ਏਅਰਹੋਸਟੈੱਸ ਦੀ ਡਿਊਟੀ ਸੀ ਉਸ ਦੇ ਨੈਣ-ਨਕਸ਼ ਪਹਾੜੀ ਔਰਤਾਂ ਨਾਲ ਥੋੜ੍ਹੇ ਥੋੜ੍ਹੇ ਮੇਲ ਖਾਂਦੇ ਸਨ। ਉਹ ਮਿਸਜ਼ ਆਨੰਦ ਨੂੰ ਜੂਸ ਫੜਾਉਣ ਆਈ ਤਾਂ ਮਿਸਜ਼ ਆਨੰਦ ਨੇ ਉਸ ਨੂੰ ਪੁੱਛ ਲਿਆ, “ ਬਾਈ ਦ ਵੇਅ ਆਰ ਯੂ ਮਾਲਤੀ?”
‘ਯੈਸ ਮੈਮ, ਆਈ ਐਮ ਮਾਲਤੀ,” ਮਾਲਤੀ ਚਹਿਕ ਕੇ ਬੋਲੀ।
“ ਬਿਊਟੀਫੁੱਲ ਨੇਮ’ ਮਿਸਜ਼ ਆਨੰਦ ਨੇ ਕਿਹਾ ਤੇ ਮੇਰੇ ਵਲ ਦੇਖਿਆ ਜਿਵੇਂ ਉਹ ਮੇਰੀ ਵੀ ਗਵਾਹੀ ਚਾਹੁੰਦੀ ਹੋਵੇ ਕਿ ਮੈਂ ਵੀ ਮਾਲਤੀ ਦੇ ਨਾਮ ਦੀ ਉਸ ਵਲੋਂ ਕੀਤੀ ਹੋਈ ਸਿਫ਼ਤ ਦੀ ਤਾਈਦ ਕਰਾਂ।
 “ ਅੰਗਰੇਜ਼ੀ ਦੀ ਬਜਾਇ ਮੈਂ ਮਾਲਤੀ ਵਲ ਵੇਖ ਕੇ ਹਿੰਦੀ ‘ਚ ਕਿਹਾ.” ਮਾਲਤੀ ਜੀ, ਬਹੁਤ ਸੁੰਦਰ ਨਾਮ ਹੈ ਆਪ ਕਾ।” ਤੇ ਮਿਸਜ਼ ਆਨੰਦ ਵਲ ਵੇਖ ਕੇ ਮੈਂ ਉਸ ਨੂੰ ਪੁੱਛਿਆ ਕਿ ਕੀ ਉਸ ਨੂੰ ਪਤਾ ਹੈ ਕਿ ਇਸ ਨਾਮ ਦਾ ਮਤਲਬ ਕੀ ਹੁੰਦਾ ਹੈ?
ਮਾਲਤੀ ਵਲ ਦੇਖ ਕੇ ਉਸ ਨੇ ਸਿਰ ਫੇਰ ਦਿਤਾ ਤੇ ਅੰਗਰੇਜ਼ੀ ਛੱਡ ਹਿੰਦੀ ‘ਚ ਕਹਿਣ ਲੱਗੀ, “ ਮਾਲਤੀ ਕੋ ਤੋ ਜ਼ਰੂਰ ਪਤਾ ਹੋਗਾ, ਇਸ ਕਾ ਨਾਮ ਹੈ ਨਾ?”
ਮਾਲਤੀ ਵਿਚਾਰੀ ਨੇ ਵੀ ਨਾਂਹ ‘ਚ ਸਿਰ ਹਿਲਾ ਦਿਤਾ।  
ਉਹਨਾਂ ਦੋਨਾਂ ਨੇ ਹਥਿਆਰ ਸੁੱਟ ਦਿਤੇ। ਮਿਸਜ਼ ਆਨੰਦ ਮੇਰੇ ਵਲ ਦੇਖ ਕੇ ਬੋਲੀ,“ ਆਪ ਹੀ ਬਤਾਏਂ।”
ਮੈਂ ਥੋੜ੍ਹਾ ਜਿਹਾ ਚੌੜਾ ਹੁੰਦਿਆਂ ਕਿਹਾ, “ ਚਾਂਦਨੀ ਕੋ ਭੀ ਮਾਲਤੀ ਕਹਿਤੇ ਹੈਂ ਔਰ ਫੂਲ ਕੀ ਕਲੀ ਕੋ ਭੀ,” ਉਹਨਾਂ ਦੋਵਾਂ ਨੇ ਬੜੇ ਅਚੰਭੇ ਨਾਲ ਮੇਰੇ ਵਲ ਦੇਖਿਆ। ਮਾਲਤੀ ਦਾ ਚਿਹਰਾ ਤਾਂ ਮਾਲਤੀ ਨਾਮ ਦੇ ਅਰਥ ਸੁਣ ਕੇ ਹੋਰ ਵੀ ਸੁਰਖ਼ ਹੋ ਗਿਆ। ਮਿਸਜ਼ ਆਨੰਦ ਨੂੰ ਕੁਝ ਸ਼ੱਕ ਹੋਇਆ ਤੇ ਉਹ ਠੇਠ ਪੰਜਾਬੀ ’ਚ ਮੈਨੂੰ ਪੁੱਛਣ ਲੱਗੀ, “ ਹੋਰ ਤੁਹਾਡੇ ਕੀ ਸ਼ੁਗਲ ਨੇ ਜੀ?”
“ ਮੈਂ ਜੀ ਸਾਹਿਤ ਦਾ ਵਿਦਿਆਰਥੀ ਹਾਂ ਤੇ ਸਾਹਿਤ ਨਾਲ ਪ੍ਰੇਮ ਹੈ ਤੇ ਆਪ ਵੀ ਕਦੀ ਕਦੀ ਕਵਿਤਾ, ਕਹਾਣੀ ਆਦਿ ਲਿਖ ਲੈਂਦਾ ਹਾਂ ਤੇ ਮੈ ਟੀ.ਵੀ. ‘ਤੇ ਵੀ ਪ੍ਰੋਗਰਾਮ ਪੇਸ਼ ਕਰਦਾ ਹਾਂ।”
“ ਓ ਮਾਈ ਗਾਡ, ਓ ਮਾਈ ਗਾਡ, ਆਈ ਐਮ ਸਿਟਿੰਗ ਵਿਦ ਏ ਸੈਲੇਬਰਿਟੀ,” ਮਿਸਜ਼ ਆਨੰਦ ਹੈਰਾਨੀ ਨਾਲ ਬੋਲ ਉੱਠੀ।
“ ਨਾ ਜੀ ਨਾ, ਸੈਲੇਬਰਿਟੀ ਵਾਲ਼ੀ ਕੋਈ ਗੱਲ ਨਹੀਂ, ਆਪਾਂ ਤਾਂ ਬੜੇ ਸਾਧਾਰਨ ਜਿਹੇ ਬੰਦੇ ਆਂ।” ਮੈਂ ਮਸਕੀਨ ਜਿਹਾ ਬਣਦਿਆਂ ਕਿਹਾ।
ਮਾਲਤੀ ਦੂਜੀਆਂ ਸਵਾਰੀਆਂ ਵਲ ਗਈ ਹੋਈ ਸੀ। ਉਹ ਜਦੋਂ ਆਈ ਤਾਂ ਮਿਸਜ਼ ਆਨੰਦ ਕਹਿਣ ਲੱਗੀ, “ ਅਰੇ ਮਾਲਤੀ ਜਾਨਤੀ ਹੋ, ਯਹ ਸਰਦਾਰ ਜੀ ਕਵਿਤਾਏਂ ਭੀ ਲਿਖਤੇ ਹੈਂ ਔਰ ਟੀ.ਵੀ. ਪਰ ਐਂਕਰਿੰਗ ਭੀ ਕਰਤੇ ਹੈਂ।”
“ ਸੱਚ ਮੇਂ!” ਉਹ ਭੀ ਹੈਰਾਨੀ ਨਾਲ ਮੇਰੇ ਵਲ ਦੇਖਣ ਲੱਗੀ।  
“ ਮੈਂ ਤੋ ਫਿਰ ਸਰ ਸੇ ਆਟੋਗ੍ਰਾਫ਼ ਭੀ ਜ਼ਰੂਰ ਲੂੰਗੀ,” ਮਾਲਤੀ ਮੇਰੇ ਵਲ ਦੇਖ ਕੇ ਕਹਿਣ ਲੱਗੀ।
ਮੈਂ ਕਿਹਾ, “ ਹਾਂ, ਹਾਂ, ਜ਼ਰੂਰ ਕਿਉਂ ਨਹੀਂ।“
ਹੁਣ ਸਵਾਰੀਆਂ ਨੂੰ ਕਿਸੇ ਐਮਰਜੈਂਸੀ ਵੇਲੇ ਸੁਰੱਖਿਅਤਾ ਨਾਲ ਸਬੰਧਤ ਹਦਾਇਤਾਂ ਦਿਤੀਆਂ ਗਈਆਂ ਤੇ ਸੀਟ-ਬੈਲਟਾਂ ਬੰਨ੍ਹਣ ਬਾਰੇ ਤਾਕੀਦ ਕੀਤੀ ਗਈ। ਮੇਰੇ ਵਾਲ਼ੀ ਸੀਟ ਦਾ ਕੋਈ ਵੀ ਦਾਅਵੇਦਾਰ ਨਾ ਆਇਆ। ਕੁਝ ਦੇਰ ਬਾਅਦ ਜਹਾਜ਼ ਹੌਲੀ ਹੌਲੀ ਪਿਛਾਂਹ ਨੂੰ ਸਰਕਣ ਲੱਗਾ ਤੇ ਮੈਂ ਪੂਰੀ ਤਰ੍ਹਾਂ ਨਿਸ਼ਚਿੰਤ ਹੋ ਗਿਆ ਕਿ ਹੁਣ ਸੀਟ ਦਾ ਕੋਈ ਖ਼ਤਰਾ ਨਹੀਂ। ਹੁਣ ਜਹਾਜ਼ ਆਕਾਸ਼ ਵਲ ਨੂੰ ਉੱਚਾ ਉਡ ਰਿਹਾ ਸੀ ਤੇ ਫਿਰ ਨਿਸ਼ਚਿਤ ਉਚਾਈ ‘ਤੇ ਜਾ ਕੇ ਸਿੱਧਾ ਹੋ ਗਿਆ।
ਮੇਰੇ ਮੰਗਣ ‘ਤੇ ਮਾਲਤੀ ਮੇਰੇ ਲਈ ਜੂਸ ਲੈ ਕੇ ਆਈ ਤਾਂ ਸ਼ੰਕਾ ਨਵਿਰਤੀ ਲਈ ਮੈਂ ਉਸ ਨੂੰ ਪੁੱਛ ਹੀ ਲਿਆ ਕਿ ਉਹ ਇੰਡੀਆ ‘ਚ ਕਿਹੜੇ ਇਲਾਕੇ ਤੋਂ ਹੈ। ਉਸ ਨੇ ਦੱਸਿਆ ਕਿ ਬਿਹਾਰ ਅਤੇ ਨਿਪਾਲ ਦੇ ਬਾਰਡਰ ਨੇੜੇ ਉਹਨਾਂ ਦਾ ਪਿੰਡ ਹੈ ਪਰ ਉਹ ਜੰਮੀ ਪਲੀ ਗੋਰਖ ਪੁਰ ਵਿਚ ਹੈ ਜਿੱਥੋਂ ਉਸ ਨੇ ਆਪਣੀ ਵਿਦਿਆ ਹਾਸਲ ਕੀਤੀ ਹੈ। ਗੱਲ ਕਰਦੇ ਕਰਦੇ ਉਸ ਦਾ ਚਿਹਰਾ ਇਕ ਦਮ ਉਦਾਸ ਹੋ ਗਿਆ। ਸ਼ਾਇਦ ਉਸ ਨੂੰ ਕੁਝ ਯਾਦ ਆ ਗਿਆ ਸੀ। ਮੈਂ ਸੋਚਾਂ ਕਿ ਇਹ ਅਜੇ ਹੁਣੇ ਤਾਂ ਹਸੂੰ ਹਸੂੰ ਕਰਦੀ ਸੀ ਐਡੀ ਛੇਤੀ ਕੀ ਹੋ ਗਿਆ ਇਸ ਨੂੰ। ਮੈਥੋਂ ਰਿਹਾ ਨਾ ਗਿਆ ਤੇ ਮੈਂ ਪੁੱਛ ਹੀ ਲਿਆ ਕਿ ਉਹ ਇਕ ਦਮ ਉਦਾਸ ਕਿਉਂ ਹੋ ਗਈ ਸੀ? ਮੇਰੇ ਏਨਾ ਪੁੱਛਣ ਦੀ ਦੇਰ ਸੀ ਕਿ ਉਸ ਦੀਆਂ ਅੱਖਾਂ ‘ਚੋਂ ਅੱਥਰੂ ਛਲਕ ਪਏ ਤੇ ਆਵਾਜ਼ ਰੁਆਂਸੀ ਜਿਹੀ ਹੋ ਗਈ। ਉਸ ਨੇ ਹਉਕਾ ਲੈ ਕੇ ਹੌਲੀ ਜਿਹੀ ਕਿਹਾ, “ਸਰ, ਆਪ ਕੀ ਆਵਾਜ਼ ਬਿਲਕੁਲ ਮੇਰੇ ਡੈਡੀ ਜੈਸੀ ਹੈ। ਆਪ ਭੀ ਉਨ ਕੇ ਸਟਾਈਲ ਮੇਂ ਹੀ ਬਾਤੇਂ ਕਰਤੇ ਹੋ, ਮੇਰੇ ਡੈਡੀ ਹਿੰਦੀ ਕੇ ਟੀਚਰ ਥੇ ਔਰ ਆਪ ਕੀ ਤਰਹ ਵੋਹ ਭੀ ਸਾਹਿਤਯ ਮੇਂ ਬਹੁਤ ਸ਼ੌਕ ਰਖਤੇ ਥੇ, ਸ਼ੌਕ ਰੱਖਤੇ ਹੀ ਨਹੀਂ ਥੇ, ਕਵਿਤਾਏਂ ਲਿਖਤੇ ਭੀ ਥੇ, ਉਨ ਕੀ ਦੋ ਕਿਤਾਬੇਂ ਭੀ ਹੈਂ।”
ਮੈਂ ਸਮਝ ਤਾਂ ਗਿਆ ਸਾਂ ਕਿ ‘ਸ਼ੌਕ ਰੱਖਤੇ ਥੇ’ ਕਹਿਣ ਪਿੱਛੇ ਕੋਈ ਗੰਭੀਰ ਘਟਨਾ ਹੈ ਜਿਸ ਕਰ ਕੇ ਉਸ ਦੀਆਂ ਅੱਖਾਂ ‘ਚ ਅੱਥਰੂ ਆਏ ਹੋਣਗੇ ਪਰ ਮੈਂ ਉਸ ਦੇ ਮੂੰਹੋਂ ਹੀ ਸੁਣਨਾ ਚਾਹੁੰਦਾ ਸਾਂ। ਮੈਂ ਉਸ ਨੂੰ ਕਿਹਾ ਕਿ ਕੁਦਰਤ ਬੜੀ ਬੇਅੰਤ ਹੈ ਇੱਥੇ ਕਈ ਵਾਰੀ ਮਿਲਦੀਆਂ ਜੁਲਦੀਆਂ ਸ਼ਕਲਾਂ, ਸੂਰਤਾਂ ਤੇ ਆਵਾਜ਼ਾਂ ਵਾਲ਼ੇ ਇਨਸਾਨ ਮਿਲ ਜਾਂਦੇ ਹਨ ਜਿਨ੍ਹਾਂ ਨੂੰ ਦੇਖ ਕੇ ਭੁਲੇਖਾ ਲੱਗ ਜਾਂਦਾ ਹੈ। ਜੇ ਉਸ ਨੂੰ ਬੁਰਾ ਨਾ ਲੱਗੇ ਤਾਂ ਕੀ ਉਹ ਦੱਸਣਾ ਚਾਹੇਗੀ ਕਿ ਉਸ ਦੀਆਂ ਅੱਖਾਂ ‘ਚ ਅੱਥਰੂ ਕਿਉਂ ਆਏ? ਉਸ ਨੇ ਇਕ ਡੂੰਘਾ ਸਾਹ ਲਿਆ ਤੇ ਬੜੀ ਧੀਮੀ ਆਵਾਜ਼ ਵਿਚ ਕਹਿਣ ਲਗੀ, “ਸਰ, ਤੀਨ ਮਹੀਨੇ ਹੂਏ ਮੇਰੇ ਡੈਡੀ ਇਸ ਦੁਨੀਆਂ ਸੇ ਚਲੇ ਗਏ, ਜਬ ਮੈਂਨੇ ਆਪ ਕੀ ਆਵਾਜ਼ ਸੁਨੀ ਤੋ ਮੁਝੇ ਐਸਾ ਲਗਾ ਜੈਸੇ ਮੇਰੇ ਡੈਡੀ ਇਸ ਸੀਟ ਮੇਂ ਬੈਠੇ ਮੁਝ ਸੇ ਬਾਤੇਂ ਕਰ ਰਹੇ ਹੋਂ।”
ਮੈਨੂੰ ਜਿਹੜੀ ਗੱਲ ਦਾ ਸ਼ੱਕ ਸੀ ਉਹੋ ਹੋਈ, ਮੈਂ  ਉਸ ਨੂੰ ਹੌਸਲਾ ਦਿਤਾ ਤੇ ਦਿਲ ਨੂੰ ਢਾਰਸ ਬੰਨ੍ਹਾਉਣ ਵਾਲੀਆਂ ਗੁਰਬਾਣੀ ਵਿਚੋਂ ਕਈ ਤੁਕਾਂ ਉਸ ਨੂੰ ਸੁਣਾਈਆਂ ਤੇ ਉਹਨਾਂ ਦੇ ਭਾਵ ਅਰਥ ਦੱਸੇ। ਉਹ ਇਕ ਤੁਕ ਤੇ ਉਸ ਦੇ ਭਾਵ ਅਰਥ ਸੁਣਦੀ ਤੇ ਤਿਤਲੀ ਵਾਂਗ ਉਡ ਕੇ ਦੂਸਰੀਆਂ ਸਵਾਰੀਆਂ ਵਲ ਗੇੜਾ ਮਾਰ ਕੇ ਫਿਰ ਆ ਜਾਂਦੀ।  
ਮਿਸਜ਼ ਆਨੰਦ ਨੇ ਵੀ ਮਾਲਤੀ ਨਾਲ ਉਸ ਦੇ ਬਾਪ ਦੀ ਮੌਤ ਦਾ ਅਫ਼ਸੋਸ ਕੀਤਾ।
ਮੈਂ ਨਹੀਂ ਸਾਂ ਚਾਹੁੰਦਾ ਕਿ ਮਾਲਤੀ ਨਾਲ ਇਸ ਬਾਰੇ ਹੋਰ ਗੱਲਾਂ ਕਰ ਕੇ ਉਸ ਦੇ ਅੰਦਰਲੀ ਪੀੜ ਨੂੰ ਹੋਰ ਉਚੇੜਾਂ, ਸੋ ਗੱਲ ਬਾਤ ਦਾ ਰੁਖ਼ ਮੋੜਨ ਲਈ ਮੈਂ ਮਿਸਜ਼ ਆਨੰਦ ਵਲ ਵੇਖਿਆ ਤੇ ਉਸ ਦੀ ਸ਼ੁੱਧ ਪੰਜਾਬੀ ਬੋਲਣ ਦੀ ਤਾਰੀਫ਼ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਪਿੱਛਿਓਂ ਲੁਧਿਆਣੇ ‘ਤੋਂ ਹਨ ਤੇ ਹੁਣ ਕੁਝ ਕਾਰਨਾਂ ਕਰ ਕੇ ਕੁਝ ਸਾਲਾਂ ਤੋਂ ਹਰਿਆਣੇ ‘ਚ ਰਹਿ ਰਹੇ ਹਨ। ਉਸ ਨੇ ਮੈਨੂੰ ਇੰਗਲੈਂਡ ਬਾਰੇ ਕਈ ਗੱਲਾਂ ਪੁੱਛੀਆਂ ਤੇ ਦੱਸਿਆ ਕਿ ਕੰਮ-ਕਾਰ ਦੇ ਸਿਲਸਿਲੇ ਵਿਚ ਹੀ ਦੋ ਕੁ ਵਾਰੀ ਉਸ ਨੇ ਇੰਗਲੈਂਡ ਦਾ ਚੱਕਰ ਵੀ ਲਾਇਆ ਹੈ ਪਰ ਬਹੁਤ ਸੰਖੇਪ ਜਿਹਾ। ਸ਼ਿਸ਼ਟਾਚਾਰ ਦੇ ਨਾਤੇ ਮੈਂ ਉਸ ਨੂੰ ਕਿਹਾ ਕਿ ਜਦੋਂ ਅਗਲੀ ਵਾਰੀ ਉਸ ਦਾ ਗੇੜਾ ਲੱਗੇ ਤਾਂ ਵਧੇਰੇ ਦਿਨਾਂ ਦਾ ਪ੍ਰੋਗਰਾਮ ਬਣਾ ਕੇ ਆਵੇ। ਉਸ ਨੇ ਮੇਰਾ ਧੰਨਵਾਦ ਕੀਤਾ।
ਗੱਲਾਂ ਬਾਤਾਂ ਕਰਦਿਆਂ ਪਤਾ ਹੀ ਨਾ ਲੱਗਿਆ ਕਿ ਕਦੋਂ ਚਾਰ ਘੰਟਿਆਂ ਦਾ ਸਫ਼ਰ ਬੀਤ ਗਿਆ ਤੇ ਦਿੱਲੀ ਏਅਰਪੋਰਟ ‘ਤੇ ਉਤਰਨ ਬਾਰੇ ਪਾਇਲਟ ਵਲੋਂ ਸੂਚਨਾ ਦਿਤੀ ਗਈ।
ਜਹਾਜ਼ ਰੁਕਿਆ। ਮਾਲਤੀ ਨੇ ਮੇਰਾ ਟਰਾਲੀ-ਕੇਸ ਉਤਾਰਿਆ ਤੇ ਆਪਣੀ ਸਾਥਣ ਦੇ ਕੰਨ ‘ਚ ਕੁਝ ਕਹਿ ਕੇ ਮੇਰੇ ਨਾਲ ਹੀ ਹੌਲੀ ਹੌਲੀ ਤੁਰ ਪਈ। ਦਰਵਾਜ਼ੇ ਦੇ ਕੋਲ਼ ਆ ਕੇ ਉਹ ਮੇਰੀ ਵੱਖੀ ਨਾਲ਼ ਆ ਲੱਗੀ ਤੇ ਉਸ ਨੇ ਮੇਰੇ ਵਲ ਇੰਜ ਵੇਖਿਆ ਜਿਵੇਂ ਇਕ ਧੀ ਬਾਪ ਕੋਲੋਂ ਵਿਛੜਨ ਵੇਲੇ ਦੇਖਦੀ ਹੈ। ਮੈਂ ਉਸ ਦੇ ਸਿਰ ‘ਤੇ ਇਕ ਬਾਪ ਵਾਂਗ ਪਿਆਰ ਦਿਤਾ। ਉਹ ਅੰਦਰੋਂ ਏਨੀ ਭਾਵੁਕ ਹੋ ਗਈ ਕਿ ਕਿੰਨਾ ਚਿਰ ਕੁਝ ਵੀ ਬੋਲ ਨਾ ਸਕੀ।
ਦਰਵਾਜ਼ੇ ਤੋਂ ਥੋੜ੍ਹੀ ਦੂਰ ਹੀ ਸਪੈਸ਼ਲ ਅਸਿਸਟੈਂਸ ਵਾਲੇ ਵੀਲ੍ਹਚੇਅਰਾਂ ਲਈ ਖੜ੍ਹੇ ਸਨ।
ਮੈਂ ਜਿੰਨਾ ਚਿਰ ਵੀਲ੍ਹਚੇਅਰ ‘ਚ ਨਹੀਂ ਬੈਠ ਗਿਆ ਉਹ ਉੱਥੇ ਖੜ੍ਹੀ ਹੱਥ ਹਿਲਾਉਂਦੀ ਰਹੀ। ਫਿਰ ਉਹ ਵੀਲ੍ਹਚੇਅਰ ਅਸਿਸਟੈਂਟ ਨੂੰ ਕਹਿਣ ਲੱਗੀ, “ਸਾਵਧਾਨੀ ਸੇ ਲੇ ਕੇ ਜਾਨਾ ਸਰ ਜੀ ਕੋ, ਕੋਈ ਤਕਲੀਫ਼ ਨਾ ਹੋ।”
ਵੀਲ੍ਹਚੇਅਰ ਅਸਿਸਟੈਂਟ ਵੀ ਬੜੀ ਹੈਰਾਨੀ ਨਾਲ ਦੇਖ ਰਿਹਾ ਸੀ ਜਿਵੇਂ ਉਸ ਨੇ ਅਜਿਹਾ  ਮੰਜ਼ਰ ਪਹਿਲੀ ਵਾਰੀ ਦੇਖਿਆ ਹੋਵੇ, ਤੇ ਮੈਨੂੰ ਪੁੱਛਣ ਲੱਗਾ, “ ਸਰਦਾਰ ਜੀ, ਏਅਰਹੋਸਟੈੱਸ ਆਪ ਕੀ ਕੋਈ ਰਿਸ਼ਤੇਦਾਰ ਹੈ ਕਿਆ?”
“ ਹਾਂ, ਵੋਹ ਮੇਰੀ ਬੇਟੀ ਹੈ।”
ਉਸ ਨੇ ਮੇਰੇ ਵਲ ਇੰਜ ਦੇਖਿਆ ਜਿਵੇਂ ਮੇਰੇ ਜਵਾਬ ‘ਤੇ ਉਸ ਨੂੰ ਅਜੇ ਵੀ ਸ਼ੰਕਾ ਹੋਵੇ।
=============================================