ਕੀਰਤਨ ਦਾ ਚਾਅ - ਰਵਿੰਦਰ ਸਿੰਘ ਕੁੰਦਰਾ ਕਵੈਂਟਰੀ ਯੂ ਕੇ
ਗਹਿਮਾ ਗਹਿਮ ਸੀ ਗੁਰਦਵਾਰੇ ਵਿੱਚ,
ਸੰਗਤ ਜੁੜੀ ਸੀ ਬਹੁਤ ਹੀ ਭਾਰੀ,
ਸਾਰੇ ਹਾਲ ਬੁੱਕ ਸਨ ਪੂਰੇ,
ਸਮਾਗਮਾਂ ਦੀ ਸੀ ਖੂਬ ਤਿਆਰੀ।
ਛੋਟੇ ਜਿਹੇ ਇੱਕ ਹਾਲ ਦੇ ਵਿੱਚ,
ਵੱਖਰਾ ਸੀ ਦੇਖਣ ਨੂੰ ਨਜ਼ਾਰਾ,
ਗਿਣਤੀ ਦੇ ਇਥੇ ਬੀਬੇ ਬੀਬੀਆਂ,
ਕੁੱਝ ਕਰ ਰਹੇ ਸਨ ਕੰਮ ਨਿਆਰਾ।
ਨਾ ਕੋਈ ਰਾਗੀ ਨਾ ਕੋਈ ਢਾਡੀ,
ਨਾ ਕੋਈ ਉੱਥੇ ਕਥਾਕਾਰ ਸੀ,
ਮਹਾਰਾਜ ਦੀ ਤਾਬਿਆ ਇੱਕੋ,
ਗ੍ਰੰਥੀ ਬੈਠਾ ਚੌਂਕੜੀ ਮਾਰ ਸੀ।
ਬੇ ਸੁਰੀਆਂ ਆਵਾਜ਼ਾਂ ਦੇ ਵਿੱਚ,
ਸ਼ਬਦ ਕੁੱਝ ਬੀਬੀਆਂ ਗਾ ਰਹੀਆਂ ਸਨ,
ਬਿਨਾ ਕਿਸੇ ਸਾਜ਼ ਤੋਂ ਸੱਖਣੀਆਂ,
ਵੱਖੋ ਵੱਖ ਤਰਜ਼ਾਂ ਆ ਰਹੀਆਂ ਸਨ।
ਕਦੀ ਕਦੀ ਭਾਈਆਂ ਵਲੋਂ ਵੀ,
ਉਠ ਰਹੀਆਂ ਸਨ ਅਜੀਬ ਆਵਾਜ਼ਾਂ,
ਇੱਕ ਸੁਰਤਾਲ ਨਾਲ ਗਾਵਣ ਬਾਝੋਂ,
ਸੱਖਣੇਂ ਸਨ ਜੋ ਬਿਨਾ ਉਹ ਰਾਗਾਂ।
ਝੁੰਝਲਾਹਟ ਨਾਲ਼ ਮੇਰੇ ਅੰਦਰ,
ਇੱਛਾ ਪ੍ਰਬਲ ਹੋ ਰਹੀ ਸੀ ਭਾਰੀ,
ਸੋਚ ਰਿਹਾਂ ਸਾਂ ਸ਼ਬਦ ਗਾਉਣ ਦੀ,
ਮੈਨੂੰ ਵੀ ਮਿਲ਼ ਜਾਏ ਕਿਤੇ ਵਾਰੀ।
ਪਰ ਸਾਜ਼ ਬਿਨਾ ਕੋਈ ਗਾਉਣ ਨਹੀਂ ਜਚਦਾ,
ਘੱਟੋ ਘੱਟ ਇੱਕ ਢੋਲਕ ਤਾਂ ਹੋਵੇ,
ਇੱਡੇ ਵੱਡੇ ਗੁਰਦਵਾਰੇ ਅੰਦਰ,
ਕੋਈ ਵੀ ਸਾਜ਼ ਪਿਆ ਤਾਂ ਹੋਵੇ।
ਏਸੇ ਲਈ ਮੈਂ ਢੋਲਕ ਲੱਭਣ ਲਈ,
ਕਮਰੇ 'ਤੇ ਕਮਰਾ ਗਾਹ ਦਿੱਤਾ,
ਆਖਰ ਇੱਕ ਕਮਰੇ 'ਚ ਪਹੁੰਚ ਕੇ,
ਇੱਕ ਢੋਲਕ ਨੂੰ ਮੈਂ ਹੱਥ ਪਾ ਲੀਤਾ।
ਇਸ ਕਮਰੇ ਦੇ ਇੱਕ ਖੂੰਜੇ ਵਿੱਚ,
ਮੇਰੀ ਇੱਛਾ ਹੋ ਗਈ ਸੀ ਪੂਰੀ,
ਢੋਲਕ ਸੀ ਦਰਮਿਆਨੀ ਕਿਸਮ ਦੀ,
ਘਸਮੈਲ਼ੀ ਜਿਹੀ 'ਤੇ ਕੁੱਝ ਕੁੱਝ ਭੂਰੀ।
ਚਾਈਂ ਚਾਈਂ ਜਲਦ ਪਹੁੰਚ ਗਿਆ,
ਉਸੇ ਹਾਲ ਵਿੱਚ ਮੈਂ ਫਿਰ ਮੁੜ ਕੇ,
ਜਲਦੀ ਜਲਦੀ ਤਣੀਆਂ ਖਿੱਚ ਕੇ,
ਤਾਲ ਕਰਨ ਲਈ ਮਾਰੇ ਤੁਣਕੇ।
ਸਾਰੀ ਸੰਗਤ ਦੀ ਮੇਰੇ ਵਿੱਚ,
ਉਤਸੁਕਤਾ ਜਾਪ ਰਹੀ ਸੀ ਭਾਰੀ,
ਆਪਣੇ ਆਪ 'ਚ ਸ਼ਬਦ ਗਾਉਣ ਦੀ,
ਮੈਂ ਵੀ ਕਰ ਲਈ ਖੂਬ ਤਿਆਰੀ।
ਪਰ ਇਸ ਤੋਂ ਪਹਿਲਾਂ ਕਿ ਮੈਂ ਆਪਣੀ,
ਤਾਲ ਦੇ ਨਾਲ਼ ਆਵਾਜ਼ ਮਿਲਾਂਦਾ,
ਗ੍ਰੰਥੀ ਤਾਬਿਆ ਤੋਂ ਉੱਠ ਖੜ੍ਹਿਆ,
ਅਰਦਾਸ ਵਾਲਾ ਸ਼ਬਦ ਉਹ ਗਾਉੰਦਾ।
ਤੁਮ ਠਾਕੁਰ ਤੁਮ ਭਏ ਅਰਦਾਸ ਨੇ,
ਮੇਰਾ ਮਨਸੂਬਾ ਠੁੱਸ ਕਰ ਦਿੱਤਾ,
ਮੈਂ ਵੀ ਅਰਦਾਸ ਵਿੱਚ ਸ਼ਾਮਲ ਹੋ ਗਿਆ,
ਸ਼ਰਮਿੰਦਾ, ਮਾਯੂਸ ਅਤੇ ਦੋ ਚਿੱਤਾ।
ਕੀਰਤਨ ਕਰਕੇ ਧਾਂਕ ਜਮਾਉਣ ਦਾ,
ਸੁਪਨਾ ਮੇਰਾ ਹੋਇਆ ਨਾ ਪੂਰਾ,
ਕਈ ਹੋਰ ਨਾਕਾਮੀਆਂ ਵਾਂਗੂੰ,
ਇਹ ਕੰਮ ਵੀ ਰਹਿ ਗਿਆ ਅਧੂਰਾ।
ਰਵਿੰਦਰ ਸਿੰਘ ਕੁੰਦਰਾ ਕਵੈਂਟਰੀ ਯੂ ਕੇ