ਗ਼ਰੀਬ ਕਿਸਾਨ ਦੇ ਮਸਲੇ ਤੇ ਸਰਕਾਰ ਦੇ ਬਣਾਏ ਟੋਏ - ਗੌਰਵ ਧੀਮਾਨ
ਸਾਨੂੰ ਆਜਾਦੀ ਕਿਸ ਕੌਮ ਨੇ ਦਿੱਤੀ...ਇਸ ਬਾਰੇ ਸਭ ਜਾਣਦੇ ਹਨ ਪਰ ਕੀ ਅਸੀ ਇਹ ਨਹੀਂ ਜਾਣਦੇ ਕਿ,' ਸਾਨੂੰ ਭੁੱਖ ਤੋਂ ਤੰਗ ਨਾ ਹੋਣ ਵਾਲਾ ਅੰਨ ਇੱਕ ਗ਼ਰੀਬ ਕਿਸਾਨ ਦੇ ਖੇਤਾਂ ਵਿੱਚੋਂ ਹੀ ਆਉਂਦਾ ਹੈ।' ਜੇ ਅਸੀ ਇਸ ਬਾਰੇ ਜਾਣੂ ਹਾਂ ਤਾਂ ਫਿਰ ਸਰਕਾਰ ਕੀ ਤਮਾਸ਼ਾ ਕਰਕੇ ਵਖਾਉਣਾ ਚਾਹੁੰਦੀ ਹੈ। ਸਰਕਾਰਾਂ ਦੇ ਬਣਾਏ ਗਏ ਨਿਯਮ ਹਰ ਕੋਈ ਮਨੁੱਖ ਮੰਨਦਾ ਹੈ। ਸਰਕਾਰ ਵਿਰੁੱਧ ਨਾਅਰੇਬਾਜ਼ੀ ਉਦੋਂ ਹੀ ਕੀਤੀ ਜਾਂਦੀ ਹੈ ਜਦੋਂ ਕਿਸੇ ਪਾਸੇ ਭਰੂਣ ਹੁੰਦਾ ਹੋਵੇ,ਭ੍ਰਿਸਟਾਖੋਰੀ ਵਧੇਰੇ ਹੁੰਦੀ ਹੋਵੇ,ਧੀਆਂ ਦਾ ਸ਼ਿਕਾਰ ਹੁੰਦਾ ਹੋਵੇ ਜਾਂ ਫਿਰ ਗ਼ਰੀਬ ਕਿਸਾਨਾਂ ਦੀਆਂ ਫਸਲਾਂ ਦਾ ਮੁੱਲ ਹੋਰ ਘਟਾ ਵਧਾ ਦਿੱਤਾ ਜਾਵੇ ਆਦਿ। ਇਹ ਸਭ ਗੱਲਾਂ ਧਿਆਨ ਵਿੱਚ ਲਿਆਉਂਦੇ ਹੋਏ ਸਾਫ਼ ਸਪੱਸ਼ਟ ਹੁੰਦਾ ਹੈ ਕਿ ਸਰਕਾਰ ਲਾਪ੍ਰਵਾਹ ਬਹੁਤ ਹੈ ਜਿੱਥੇ ਅੰਨ੍ਹੇ - ਵਾਹ ਸਰਕਾਰ ਫ਼ਾਲਤੂ ਇਰਧ ਗਿਰਧ ਦਾ ਜਾਇਜਾ ਲੈ ਕੇ ਯਕੀਨ ਦਿਲਾਉਂਦੀ ਹੈ ਕਿ ' ਸਰਕਾਰ ਆਪਕੀ ਸੇਵਾ ਮੇ ਸਦਾ ਹੀ ਹਾਜਿ਼ਰ ਹੈ।' ਸਰਕਾਰ ਦੇ ਬੋਲ ਸੁਣੋਂਗੇ ਤਾਂ ਇੰਝ ਲੱਗੇਗਾ ਕਿ ਜਿਵੇਂ ਸੱਚ - ਮੁੱਚ ਇਹ ਸੇਵਾ ਕਰੇਗੀ ਤੇ ਸੱਚਾ ਇਨਸਾਨ ਹੋਣ ਦਾ ਫ਼ਰਜ ਅਦਾ ਕਰੇਗੀ ਲੇਕਿਨ ਇਹ ਸਭ ਸੁਣ ਕੇ ਹੀ ਵਧੀਆ ਲੱਗਦਾ ਹੈ ਸੱਚ - ਮੁੱਚ ਤਾਂ ਕੁਝ ਵੀ ਨਹੀਂ ਹੁੰਦਾ। ਸਰਕਾਰ ਦੇ ਫ਼ੈਸਲੇ ਜੋ ਵੀ ਇਹਨਾਂ ਦਿਨਾਂ ਵਿੱਚ ਦੇਖਣ ਨੂੰ ਮਿਲ ਰਹੇ ਹਨ ਉਹ ਸਭ ਗ਼ਲਤ ਦਿਖਾਈ ਦੇ ਰਹੇ ਹਨ। ਕਿਸਾਨਾਂ ਦੇ ਮੁੱਦੇ ਦੀ ਗੱਲ ਕਰੀਏ ਤਾਂ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਫ਼ਸਲਾਂ ਉੱਤੇ M.S.P ਸਹੀ ਨਹੀਂ ਦਿੱਤੀ ਜਾ ਰਹੀ,ਮਤਲਬ ਕਿ ਸਹੀ ਮੁੱਲ ਫ਼ਸਲਾਂ ਉੱਤੇ ਨਹੀਂ ਦਿੱਤਾ ਜਾ ਰਿਹਾ ਜਿਸ ਨਾਲ ਕਿਸਾਨਾਂ ਦੀ ਮਿਹਨਤ ਉੱਤੇ ਪਾਣੀ ਫਿਰ ਰਿਹਾ ਹੈ ਤੇ ਉਹਨਾਂ ਦਾ ਵਧੇਰੇ ਨੁਕਸਾਨ ਵੀ ਹੋ ਰਿਹਾ ਹੈ। ਹਰੇਕ ਫ਼ਸਲਾਂ ਦੀ ਕਾਸ਼ਤ ਨੂੰ ਅਗਰ ਇੰਝ ਹੀ ਮੁੱਲ ਮਿਲਦਾ ਰਿਹਾ ਤਾਂ ਬਜਾਰ ਵਿੱਚ ਵਿਕ ਰਹੇ ਆਟੇ ਦਾ ਮੁੱਲ ਤੀਹ ਪੈਂਤੀ ਪਰ ਕਿੱਲੋ ਦੀ ਜਗ੍ਹਾ ਸੌ ਰੁਪਏ ਪਰ ਕਿੱਲੋ ਹੋਇਆ ਕਰਨਾ। ਗ਼ਰੀਬ ਘਰਾਂ ਦੇ ਚੁੱਲ੍ਹੇ ਰੋਟੀ ਪੱਕ ਸਕੇ ਇਸ ਕਾਰਨ ਕਿਸਾਨ ਆਪਣਾ ਹੱਕ ਮੰਗ ਰਹੇ ਹਨ ਪਰ ਸਰਕਾਰ ਉਲਝਣਾਂ ਵਿੱਚ ਪਾ ਕੇ ਆਪ ਪੈਸਾ ਖਾਣਾ ਚਾਹੁੰਦੀ ਹੈ ਜਿਸ ਨਾਲ ਹਰ ਘਰ ਦਾ ਨੁਕਸਾਨ ਹੈ। ਇੱਕ ਕਿਸਾਨ ਅਗਰ ਆਵਾਜ਼ ਚੁੱਕਦਾ ਹੈ ਤੇ ਬਾਕੀ ਘਰ ਬੈਠੇ ਉਸਨੂੰ ਵੇਖੀ ਜਾਂਦੇ ਹਨ ਤੇ ਕਹਿੰਦੇ ਹਨ ਕਿ ਉਹ ਤਾਂ ਪਾਗ਼ਲ ਨੇ ਜੋ ਇੰਝ ਆਵਾਜ਼ ਚੁੱਕਦੇ ਹਨ ਤਾਂ ਉਹ ਘਰ ਬੈਠਾ ਇਨਸਾਨ ਮੁਰਖ ਹੈ। ਉਸਨੂੰ ਇਸ ਬਾਰੇ ਇੱਕ ਦਮ ਨਹੀਂ ਪਤਾ ਲੱਗਣਾ,ਜਦੋਂ ਬਜਾਰ ਵਿੱਚ ਆਟੇ ਦਾ ਭਾਅ ਸੌ ਰੁਪਏ ਪਰ ਕਿੱਲੋ ਹੋ ਗਿਆ ਉਸ ਦਿਨ ਘਰ ਬੈਠੇ ਹੋਏ ਇਨਸਾਨ ਦੀਆਂ ਅੱਖਾਂ ਖੁੱਲ੍ਹ ਜਾਣਗੀਆਂ। ਨਿਆਣੇ ਹੁੰਦੇ ਤਾਂ ਮੰਨ ਵੀ ਲੈਂਦੇ ਕਿ ਉਹ ਪਾਗ਼ਲ ਹਨ ਇੱਥੇ ਤਾਂ ਉਹਨਾਂ ਦੀ ਗੱਲ ਹੋ ਰਹੀ ਹੈ ਜੋ ਸਾਰਾ ਦਿਨ ਖੇਤਾਂ ਵਿੱਚ ਖੇਤੀ ਕਰਦੇ ਹਨ। ਸਾਰਾ ਸਾਰਾ ਦਿਨ ਧੁੱਪੇ ਸੜਦੇ ਹਨ ਤੇ ਆਪਣੇ ਖੇਤ ਨੂੰ ਹੀ ਆਪਣੀ ਅੰਨ ਮਾਂ ਸਮਝਦੇ ਹਨ। ਕਿਸਾਨ ਦਾ ਰਿਸ਼ਤਾ ਉਸ ਫ਼ਸਲ ਨਾਲ ਹੁੰਦਾ ਹੈ ਜਿਸ ਨਾਲ ਉਸਨੂੰ ਪਿਆਰ ਵੀ ਹੈ ਤੇ ਇੱਜਤ ਵੀ...ਕਿਸਾਨ ਕਦੇ ਵੀ ਫ਼ਸਲਾਂ ਵਿੱਚ ਜਹਿਰ ਨਹੀਂ ਘੋਲ਼ੇਗਾ ਪਰ ਸਰਕਾਰ ਕੀ ਚਾਹੁੰਦੀ ਹੈ ਇਹ ਸਾਫ਼ ਨਜਰ ਆਉਂਦਾ ਹੈ। ਕਿਸਾਨਾਂ ਦੇ ਹੱਕ ਦੀ ਆਵਾਜ਼ ਉਸ ਹੱਦ ਬਿਲਕੁੱਲ ਵੀ ਗਲਤ ਨਹੀਂ ਹੈ ਜਿੱਥੇ ਉਹਨਾਂ ਨਾਲ ਧੱਕਾ ਹੋ ਰਿਹਾ ਹੋ। ਹਰ ਥਾਂ ਤੋਂ ਕਿਸਾਨ ਆਪਣੀ ਖੇਤੀ ਕਰਦਾ ਹੈ ਤੇ ਉਹ ਦੂਜੇ ਕਿਸਾਨ ਦਾ ਮੁੱਲ ਸਮਝਦਾ ਹੈ। ਇਕਜੁੱਟ ਤਾਕਤ ਹੀ ਕਿਸਾਨਾਂ ਦੇ ਹੱਕ ਦੀ ਆਵਾਜ਼ ਹੈ। ਜੋ ਨੇਤਾ ਬਣ ਕੇ ਉੱਚ ਦਰਜੇ ਦਾ ਤਾਪ ਤੇ ਚੜ੍ਹਤ ਰੱਖਦੇ ਹਨ ਉਹਨਾਂ ਨੂੰ ਪੁਰਾਣੇ ਦਿਨ ਨਹੀਂ ਭੁੱਲਣੇ ਚਾਹੀਦੇ ਜਿਹਨਾਂ ਵਿੱਚ ਉਹਨਾਂ ਦੀ ਮਾਵਾਂ ਨੇ ਕਦੇ ਦੂਜੇ ਘਰ ਕੰਮ ਕਰ ਕੇ ਦੋ ਸਮੇਂ ਦਾ ਨਿਵਾਲਾ ਮੂੰਹ ਵਿੱਚ ਪਾਇਆ ਹੋ। ਜੋ ਨਿਵਾਲਾ ਮੂੰਹ ਵਿੱਚ ਗਿਆ ਸੀ ਉਹ ਕਿਸਾਨਾਂ ਵੱਲੋਂ ਉਗਾਈ ਗਈ ਖੇਤੀ ਦੀ ਮਿਹਨਤ ਦਾ ਨਤੀਜਾ ਸੀ। ਅੱਜ ਅਸੀਂ ਭੁੱਖੇ ਨਹੀਂ ਮਰਦੇ ਕਿਉਂ...ਕਿਉਕਿ ਅੰਨ ਉਗਾਉਣ ਵਾਲਾ ਇੱਕ ਕਿਸਾਨ ਹੀ ਹੈ। ਸਰਕਾਰਾਂ ਦੇ ਨਜ਼ਰੀਏ ਸਾਫ਼ ਸਾਫ਼ ਬਿਆਨ ਹੋ ਰਹੇ ਹਨ ਕਿ ਉਹ ਪੰਜਾਬ ਦੇ ਲੋਕਾਂ ਤੋਂ ਨਿਰਾਸ਼ ਹਨ ਕਿਉਂਕਿ ਪੰਜਾਬ ਆਪਣੇ ਆਪ ਨੂੰ ਹਿੰਦੁਸਤਾਨੀ ਨਹੀਂ ਆਖਦਾ ਹੈ ਉਹ ਸਿੱਖ ਕੌਮ ਅਖਵਾਉਂਦਾ ਹੈ।
ਸਰਕਾਰਾਂ ਦੀ ਤਾਨਾਸ਼ਾਹੀ ਅਗਰ ਇੰਝ ਹੀ ਚੱਲਦੀ ਹੈ ਤਾਂ ਫਿਰ ਇਸ ਜੱਗ ਉੱਤੇ ਸਰਕਾਰ ਹੀ ਇੱਕ ਹਕੂਮਤ ਬਣ ਕੇ ਰਹੇਗੀ ਜੋ ਸਿਰਫ਼ ਗ਼ੁਲਾਮ ਰੱਖਣਾ ਚਾਹੁੰਦੀ ਹੈ ਇਨਸਾਨ ਨੂੰ ਇਨਸਾਨ ਨਹੀਂ ਦੇਖਣਾ ਚਾਹੁੰਦੀ। ਪੁਰਾਣੇ ਸਮੇਂ ਅੰਗ੍ਰੇਜੀ ਸਾਮਰਾਜ ਨੇ ਵੀ ਇਹ ਸਕੀਮ ਅਪਣਾਈ ਸੀ ਕਿ ਤਾਨਾਸ਼ਾਹੀ ਬਣ ਕੇ ਹਰ ਇੱਕ ਨੂੰ ਗ਼ੁਲਾਮ ਬਣਾਇਆ ਜਾਵੇ ਪਰ ਉਹ ਗ਼ਲਤ ਸੀ ਉਹਨਾਂ ਨੇ ਭਾਰਤ ਵਿੱਚ ਗ਼ਲਤ ਥਾਂ ਉੱਤੇ ਪੈਰ ਰੱਖ ਲਿਆ ਸੀ ਜਿਸਦਾ ਨਾਂ ਪੰਜਾਬ ਵਜੋਂ ਜਾਣਿਆ ਜਾਂਦਾ ਹੈ। ਪੰਜਾਬ ਦੇ ਅਜਿਹੇ ਸੂਰਬੀਰ ਪੈਦਾ ਹੋਏ ਸੀ ਜਿਹਨਾਂ ਨੇ ਕੁਰਬਾਨੀਆਂ ਦਿੱਤੀਆਂ ਤੇ ਗ਼ੁਲਾਮ ਹੋਣ ਤੋਂ ਬਚਾਇਆ। ਇਹ ਕਿਹੜੀ ਸਰਕਾਰ ਹੈ ਜੋ ਸਿਰਫ਼ ਨਾਮ ਲਈ ਮੰਦਿਰ ਮਸਜਿਦ ਗੁਰੂਦੁਆਰਾ ਸਾਹਿਬ ਜਾ ਵੜਦੀ ਹੈ ਤੇ ਆਪਣੇ ਆਪ ਨੂੰ ਦੇਸ਼ ਭਗਤ ਕਹਾਉਂਦੀ ਹੈ। ਸਰਕਾਰਾਂ ਦੇ ਨਜ਼ਰੀਏ ਗ਼ੁਲਾਮੀ ਦਾ ਚਿੰਨ ਦਰਸਾਉਂਦੇ ਹਨ ਜਿਸ ਨਾਲ ਹਰ ਇੱਕ ਇਨਸਾਨ ਲਈ ਖਤਰਾ ਹੈ। ਇੱਕੋ ਥਾਲੀ ਵਿੱਚ ਖਾਣ ਵਾਲੀ ਸਰਕਾਰ ਅੱਜ ਇਹ ਫ਼ੈਸਲਾ ਕਰਕੇ ਕਹਿੰਦੀ ਹੈ,' ਹਮ ਸਦਾ ਹੀ ਆਪਕੀ ਸਹਾਇਤਾ ਮੇ ਖੜ੍ਹੇ ਹੈ।' ਜੋ ਨੇਤਾ ਭਾਸ਼ਣ ਦਿੰਦੇ ਹਨ ਤੇ ਆਪਣੇ ਵਿਚਾਰ ਦੀ ਥਾਂ ਉਹ ਸ਼ਬਦ ਦੁਹਰਾਉਂਦੇ ਹਨ ਜੋ ਉਹਨਾਂ ਦੇ ਮੈਂਬਰਾਂ ਵੱਲੋਂ ਪਹਿਲੋਂ ਤਿਆਰ ਕਰਕੇ ਰੱਖੇ ਗਏ ਹਨ। ਇਹ ਸਭ ਦਿਖਾਵਾ ਕਿਉਂ...ਕਿਉਂ ਹਰ ਥਾਂ ਪੋਸਟਰ ਲਗਾ ਕੇ ਇਹ ਕਿਹਾ ਜਾਂਦਾ ਹੈ,' ਅਬ ਯੇ ਸਾਥ ਤੁਮਾਰਾ ਹੈ ਔਰ ਤੁਮਾਰਾ ਨੇਤਾ ਕੰਮ ਕਰ ਦਿਖਾਣੇ ਵਾਲਾ ਹੈ।' ਸਰਕਾਰ ਵੱਲੋਂ ਬਿਆਨ ਸਭ ਝੂਠੇ ਹਨ। ਕਿਸਾਨਾਂ ਦੇ ਹੱਕ ਦੀ ਗੱਲ ਕਰੀਏ ਤਾਂ ਪਿੱਛਲੇ ਗਿਆਰਾਂ ਦਿਨਾਂ ਵਿੱਚ ਉਹਨਾਂ ਉੱਤੇ ਸਿਰਫ਼ ਤੇ ਸਿਰਫ਼ ਹੱਤਿਆ - ਚਾਰ ਹੋਇਆ ਹੈ। ਦਿਨੋਂ ਦਿਨ ਵੱਧ ਰਹੇ ਹਾਲਾਤ ਵਿੱਚ ਵਧੇਰੇ ਲੋਕ ਜਖਮੀ ਹੋ ਚੁੱਕੇ ਹਨ ਜਿੱਥੇ ਕਈ ਡਾਕਟਰ ਵੀ ਥੱਕ ਚੁੱਕੇ ਹਨ। ਅਜਿਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਹਿ ਰਿਹਾ ਹੈ ਜੋ ਕਿਸਾਨਾਂ ਨੇ ਕਦੇ ਸੋਚਿਆ ਵੀ ਨਹੀਂ ਹੈ। ਕਿਸਾਨ ਬਹੁਤੇ ਪੜ੍ਹੇ ਲਿਖੇ ਵੀ ਨਹੀਂ ਹਨ ਜਿਹਨਾਂ ਨੂੰ ਪਤਾ ਹੋ ਕਿ ਮਹਾਰਾਜੇ ਕਦੇ ਵੀ ਆਪਣੇ ਰਾਜ ਦਾਖਲ ਹੋਣ ਨਹੀਂ ਦਿੰਦੇ। ਜਿਸ ਢੰਗ ਨਾਲ ਇਹਨਾਂ ਫੌਜ਼ ਨੂੰ ਖੜ੍ਹਾਇਆ ਗਿਆ ਹੈ ਇਸਤੋਂ ਸਾਫ਼ ਨਜਰ ਆਉਂਦਾ ਹੈ ਕਿ ਇੱਕ ਸਾਮਰਾਜ ਦਾ ਮਹਾਰਾਜਾ ਵੀ ਹੈ ਜੋ ਹੱਕਾਂ ਦੀ ਆਵਾਜ਼ ਨੂੰ ਦਬਾਏ ਰੱਖਣ ਦਾ ਬਲ ਰੱਖਦਾ ਹੈ।
ਸਰਕਾਰਾਂ ਦੇ ਬਣਾਏ ਗਏ ਨਿਯਮ ਅੱਜ ਨਿਯਮ ਤਹਿਤ ਨਜਰ ਨਹੀਂ ਅਾ ਰਹੇ। ਇੱਕ ਫੌਜ਼ ਵਿੱਚ ਸਰਕਾਰੀ ਸੈਨਿਕ ਬਿਨਾਂ ਵਰਦੀ ਤੋਂ ਨਜਰ ਆਉਂਦਾ ਹੈ ਤੇ ਆਖਦਾ ਹੈ ਕਿ ਸਰਕਾਰ ਦੇ ਫ਼ੈਸਲੇ ਹਨ ਕਿ ਦਿੱਲੀ ਆਉਣ ਨਹੀਂ ਦੇਣਾ। ਜਦੋਂ ਇੱਕ ਮੀਡੀਆ ਵੱਲੋਂ ਸਵਾਲ ਪੁੱਛਿਆ ਜਾਂਦਾ ਹੈ ਕਿ ਤੁਹਾਡੀ ਵਰਦੀ ਕਿੱਥੇ ਹੈ ਤਾਂ ਉਸਦਾ ਜਵਾਬ ਹੁੰਦਾ ਹੈ ਕਿ ' ਵਰਦੀ ਦੀ ਕੀ ਲੋੜ...ਉੱਤੋਂ ਸਰਕਾਰੀ ਕਵਚ ਪਾਇਆ ਤਾਂ ਹੈ।' ਹੁਣ ਸਰਕਾਰੀ ਨਿਯਮ ਕਿੱਥੇ ਗਏ ਤੇ ਕਿਉਂ ਸਰਕਾਰ ਆਪਣਾ ਧਿਆਨ ਇਹਨਾਂ ਵੱਲ ਨਹੀਂ ਦੇ ਰਹੀ। ਇੱਥੋਂ ਪਤਾ ਲੱਗਦਾ ਹੈ ਕਿ ਸਰਕਾਰ ਮਾਸਟਰ ਬਲਾਸਟਰ ਬਣ ਕੇ ਬੈਠੀ ਹੈ ਜਿਸਨੂੰ ਗ਼ਰੀਬਾਂ ਉੱਤੇ ਕੋਈ ਰਹਿਮ ਨਹੀਂ ਆਉਂਦਾ ਹੈ। ਸਰਕਾਰ ਵਿਰੁੱਧ ਨਾਅਰੇਬਾਜ਼ੀ ਸਿਰਫ਼ ਹੱਕ ਤੇ ਸੱਚ ਲਈ ਕੀਤੀ ਜਾਂਦੀ ਹੈ ਪਰ ਸਰਕਾਰ ਵੱਲੋਂ ਕੁਝ ਅਹਿਮ ਆਵਾਜ਼ਾਂ ਨੂੰ ਦਬਾ ਦਿੱਤਾ ਜਾਂਦਾ ਹੈ। ਸੀਨੀਅਰ ਅਧਿਕਾਰੀ ਸਰਕਾਰਾਂ ਦੇ ਹੁਕਮ ਦਾ ਇੰਤਜ਼ਾਰ ਕਰਦੇ ਹਨ ਜਿਹਨਾਂ ਕਰਕੇ ਉਹ ਹਰ ਤਾਕਤ ਵਰਤਦੇ ਹਨ ਜਿਹਨਾਂ ਨਾਲ ਹੱਕ ਸੱਚ ਨੂੰ ਖ਼ਤਮ ਕੀਤਾ ਜਾ ਸਕੇ। ਇਸ ਤਰ੍ਹਾਂ ਕਰਨ ਨਾਲ ਕੀ ਸਾਬਿਤ ਹੋ ਜਾਵੇਗਾ...ਕਿਸਾਨ ਆਪਣੀ ਫ਼ਸਲ ਲਈ ਕੁਰਬਾਨ ' ਤੇ ਹੋ ਸਕਦਾ ਹੈ ਪਰ ਆਪਣੇ ਉੱਤੇ ਧੱਕਾ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਪੜ੍ਹੀ ਲਿਖੀ ਵੇਲੀ ਜਨਤਾ ਸਿਰਫ਼ ਘਰ ਬੈਠੇ ਫ਼ਾਲਤੂ ਦਾ ਬਿਆਨ ਕਰ ਬੋਲ ਦਿੰਦੀ ਹੈ,' ਇਹ ਕਿਸਾਨ ਨਹੀਂ ਖਾਲਿਸਤਾਨੀ ਨੇ,ਦੂਜੇ ਪਾਸੇ ਸਿੱਖ ਕੌਮ ਮੁਰਦਾਬਾਦ,ਤੀਜੇ ਪਾਸੇ ਇੱਕ ਸਰਦਾਰ ਪੁਲਿਸ ਨੂੰ ਨੇਤਾ ਹੀ ਆਖ ਦਿੰਦਾ ਹੈ,' ਤੁਮ ਬੀ ਖਾਲਿਸਤਾਨੀ ਹੋ।' ਕੀ ਮਤਲਬ ਹੈ ਤੁਹਾਡੇ ਕੀਤੇ ਸਵਾਲਾਂ ਦਾ..ਜਦੋਂ ਇਹ ਸਵਾਲ ਤੁਹਾਡੇ ਸਾਹਮਣੇ ਖੜ੍ਹ ਫਿਰ ਤੋਂ ਬੁਲਵਾਇਆ ਜਾਵੇ ਤਾਂ ਤੁਸੀ ਹੱਥ ਜੋੜਦੇ ਦਿੰਦੇ ਹੋ ਤੇ ਮਾਫ਼ੀ ਮੰਗਦੇ ਹੋ। ਕੁਝ ਲੋਕਾਂ ਦੀ ਵਜ੍ਹਾ ਕਰਕੇ ਹੀ ਹਰ ਹਕੂਮਤ ਗ਼ੁਲਾਮ ਬਣਾਉਣ ਦਾ ਸੁਪਨਾ ਵੇਖ ਲੈਂਦੀ ਹੈ।
ਸਰਕਾਰਾਂ ਨੂੰ ਹਰ ਨਿਯਮ ਤੇ ਕਾਨੂੰਨ ਦਾ ਪਤਾ ਹੈ ਕਦੇ ਆਪਣੇ ਆਪ ਦੇ ਕਾਨੂੰਨ ਨੂੰ ਵੇਖਿਆ। ਇੱਕ ਪਾਰਲੀਮੈਂਟ ਵਿੱਚ ਦੋ ਸੌ ਤੋਂ ਵੱਧ ਨੇਤਾ ਬੈਠ ਕੇ ਨੇਤਾਗਿਰੀ ਕਰਦੇ ਹਨ ਤੇ ਇੱਕ ਦੂਜੇ ਉੱਤੇ ਉਂਗਲ ਵੀ ਚੁੱਕਦੇ ਹਨ ਕਿ ਉਹ ਭਲਾਈ ਕਰਨ ਵਾਲੇ ਨੇਤਾ ਹੋ ਸਕਦੇ ਹਨ। ਸਰਕਾਰਾਂ ਦੇ ਫ਼ੈਸਲੇ ਆਮ ਘਰਾਂ ਲਈ ਹੱਕ ਦੀ ਰੋਟੀ ਖੋਹ ਲੈਣਾ ਹੈ ਤੇ ਹੱਕਾਂ ਦੀ ਆਵਾਜ਼ ਚੁੱਕਣ ਵਾਲੇ ਨੂੰ ਮਾਰ ਕੇ ਆਪਣੇ ਆਪ ਨੂੰ ਸਹੀ ਕਹਿਣਾ ਹੈ। ਇਸ ਤਰ੍ਹਾਂ ਦੀ ਸਰਕਾਰ ਇਹੋ ਜਿਹੀ ਕੁਰਸੀ ਤੋਂ ਲੱਥ ਜਾਣੀ ਚਾਹੀਦੀ ਹੈ। ਡਰ ਹਰ ਇੱਕ ਇਨਸਾਨ ਨੂੰ ਹੁੰਦਾ ਹੈ ਉਸਦਾ ਨਾਂ ਮੌਤ ਹੈ। ਮੌਤ ਬਿਮਾਰੀ ਦਾ ਰੂਪ ਧਾਰ ਕੇ ਵੀ ਆ ਸਕਦੀ ਹੈ ਜਿਸਨੂੰ ਬਚਾਇਆ ਤੱਕ ਵੀ ਨਹੀਂ ਜਾ ਸਕਦਾ।
ਸਰਕਾਰਾਂ ਨੇ ਜੋ ਵੀ ਟੋਏ ਪੁੱਟੇ ਹਨ ਉਹ ਬਿਲਕੁੱਲ ਗ਼ਲਤ ਹਨ। ਕਿਸਾਨਾਂ ਨੂੰ ਆਪਣਾ ਹੱਕ ਮੰਗਣ ਦਾ ਪੂਰਾ ਅਧਿਕਾਰ ਹੈ। ਜੇ ਸਰਕਾਰ ਉਹਨਾਂ ਦਾ ਹੱਕ ਨਹੀਂ ਦੇਣਾ ਚਾਹੁੰਦੀ ਤਾਂ ਉਹ ਵੀ ਦਾਣਾ ਮੰਡੀ ਆ ਕੇ ਕਿਸਾਨਾਂ ਤੋਂ ਦਾਣਾ ਨਾ ਲੈਣ। ਜਦੋਂ ਸੱਚ - ਮੁੱਚ ਹੀ ਦਾਣਾ ਦੇਣਾ ਕਿਸਾਨਾਂ ਨੇ ਬੰਦ ਕਰਤਾ ਤਾਂ ਭਾਰਤ ਦਾ ਹਰ ਕੋਣਾਂ ਭੁੱਖੇ ਮਰ ਜਾਵੇਗਾ ਤੇ ਜਿਸ ਨਾਲ ਸਮਾਜ ਦਾ ਸ਼ੀਸ਼ਾ ਖਰਾਬ ਦਿਖਾਈ ਦੇਵੇਗਾ। ਇਹ ਹਾਲਾਤ ਬੇਹਤਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਇੰਝ ਕਿਸੇ ਦੇ ਵੀ ਉੱਤੇ ਬਹੁਤ ਗੰਦਾ ਤਸ਼ਦੱਦ ਨਾ ਕੀਤਾ ਜਾਏ। ਸਰਕਾਰਾਂ ਦੇ ਅੰਕੜੇ ਭਾਵੇਂ ਭਰਪੂਰ ਹੋਣ ਲੇਕਿਨ ਕਿਸਾਨ ਦਾ ਫ਼ੈਸਲਾ ਕਿਸੇ ਦੀ ਵੀ ਨੀਂਦ ਚੁਰਾ ਸਕਦਾ ਹੈ ਤੇ ਜਿੰਦਗੀ ਨੂੰ ਭੁੱਖ ਤੰਗ ਵੀ ਬਣਾ ਸਕਦਾ ਹੈ। ਇਸਦਾ ਕਾਰਨ ਸਿਰਫ਼ ਤੇ ਸਿਰਫ਼ ਸਰਕਾਰ ਹੋਵੇਗੀ। ਜਦੋਂ ਘਰ ਘਰ ਆਟੇ ਦਾ ਮੁੱਲ ਸੌ ਰੁਪਏ ਕਿੱਲੋ ਦੇ ਭਾਅ ਦਾ ਖਾਣਾ ਪੈ ਗਿਆ ਉਸ ਸਮੇਂ ਦੇਸ਼ ਕੌਮ ਦੀ ਅੱਖ ਭਰ ਆਉਣੀ ਹੈ ਕਿ ਕਿਸਾਨ ਸਹੀ ਸੀ ਤੇ ਸਰਕਾਰ ਨਾਮ ਦੀ ਬਣੀ ਸੀ।
ਕਿਸਾਨ ਯੂਨੀਅਨ ਏਕਤਾ ਜਿਵੇਂ ਤਿਵੇਂ ਵੀ ਬਣੀ ਹੈ ਉਹ ਸਦਾ ਆਬਾਦ ਰਹੇ ਉਹਨਾਂ ਦੇ ਸਿਰ ਉੱਤੇ ਆਈ ਮੁਸੀਬਤਾਂ ਸਾਡੀਆਂ ਵੀ ਮੁਸੀਬਤਾਂ ਹਨ। ਸਾਨੂੰ ' ਮਿਲੇ ਆਜਾਦੀ ' ਦਾ ਮੁੜ ਨਾਰਾ ਲਾਉਣਾ ਚਾਹੀਦਾ ਹੈ ਤੇ ਇਕਜੁੱਟ ਰਹਿ ਕੇ ਹੱਕ ਦੀ ਆਵਾਜ਼ ਚੁੱਕਣੀ ਚਾਹੀਦੀ ਹੈ। ਕਿਸਾਨਾਂ ਦੇ ਹੌਸਲੇ ਰੱਬ ਦੇ ਘਰ ਤੋਂ ਸ਼ੁਰੂ ਹੁੰਦੇ ਹਨ ਤੇ ਉਹਨਾਂ ਮਾਵਾਂ ਤੇ ਬਜੁਰਗਾਂ ਦੇ ਰਾਖੇ ਵਿੱਚ ਮਜਬੂਤ ਹੁੰਦੇ ਹਨ ਜੋ ਖੁਦ ਨਾਲ ਖੜ੍ਹੇ ਹਨ। ਕਿਸਾਨਾਂ ਨੂੰ ਹੱਕ ਮਿਲਣਾ ਚਾਹੀਦਾ ਹੈ। ਮੈ ਸਰਕਾਰ ਦੇ ਵਿਰੁੱਧ ਨਹੀਂ ਹਾਂ ਸਿਰਫ਼ ਉਹਨਾਂ ਨੂੰ ਉਹਨਾਂ ਦੀ ਔਕਾਤ ਬਾਰੇ ਜਾਣੂ ਕਰਵਾ ਰਿਹਾ ਹਾਂ ਜੋ ਆਪਣਾ ਰਾਹ ਭੱਟਕ ਗਏ ਹਨ ਸਿਰਫ਼ ਚੰਦ ਰੁਪਈਆਂ ਦੀ ਖਾਤਿਰ।