ਚੁੰਝਾਂ-ਪ੍ਹੌਂਚੇ - ( ਨਿਰਮਲ ਸਿੰਘ ਕੰਧਾਲਵੀ)

ਅਕਾਲੀਆਂ ਨੇ ਭਾਜਪਾ ਨਾਲ ਗੱਠਜੋੜ ਕਰ ਕੇ ਆਪਣੇ ਫ਼ਾਇਦੇ ਹੀ ਕੱਢੇ- ਰਵਨੀਤ ਬਿੱਟੂ
ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ।
ਪਟਿਆਲਾ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਨੂੰ ਕਰਨਾ ਪਿਆ ਕਿਸਾਨਾਂ ਦੇ ਡਟਵੇਂ ਵਿਰੋਧ ਦਾ ਸਾਹਮਣਾ- ਇਕ ਖ਼ਬਰ
ਤੇਰੀ ਤੋੜ ਕੇ ਛੱਡਣਗੇ ਗਾਨੀ, ਨੀ ਸੋਨੇ ਦੇ ਤਵੀਤ ਵਾਲ਼ੀਏ।
ਸਿਕੰਦਰ ਸਿੰਘ ਮਲੂਕਾ ਦੇ ਨੂੰਹ-ਪੁੱਤਰ ਦੇ ਭਾਜਪਾ ਜਾਣ ਨਾਲ਼ ਅਕਾਲੀ ਦਲ ਦੀਆਂ ਵਧੀਆਂ ਧੜਕਣਾਂ-ਇਕ ਖ਼ਬਰ
ਵਧੀਆਂ ਧੜਕਣਾਂ ਨਾਲ ਹੀ ਪੰਜਾਬ ਬਚਾਉਣ ਵਾਲਾ ਸ਼ੇਰ ਮੰਜੀ ‘ਤੇ ਪੈ ਗਿਆ।
ਸਾਬਕਾ ਕੇਂਦਰੀ ਮੰਤਰੀ ਚੌਧਰੀ ਬਿਰੇਂਦਰ ਸਿੰਘ ਨੇ ਛੱਡੀ ਭਾਜਪਾ- ਇਕ ਖ਼ਬਰ
ਦਿਲ ਦਿਤਾ ਨਹੀਂ ਸੀ, ਠੋਕਰਾਂ ਲਵਾਉਣ ਲਈ।
ਚੋਣ ਐਲਾਨਨਾਮੇ ਦੇ ਮੁੱਦੇ ‘ਤੇ ਭਾਜਪਾ ਅਤੇ ਕਾਂਗਰਸ ਪ੍ਰਧਾਨ ਆਹਮੋ-ਸਾਹਮਣੇ- ਇਕ ਖ਼ਬਰ
ਭੂਆ ਭਤੀਜੀ ਲੜੀਆਂ, ਵਿਚ ਦਰਵਾਜ਼ੇ ਦੇ।
ਭਾਜਪਾ ’ਚ ਸ਼ਾਮਲ ਹੋਏ ਰਿੰਕੂ ‘ਤੇ ਵਰ੍ਹੇ ਮੁੱਖ ਮੰਤਰੀ ਭਗਵੰਤ ਮਾਨ- ਇਕ ਖ਼ਬਰ
ਕਿਤੇ ‘ਕੱਲੀ ਬਹਿ ਕੇ ਸੋਚੀਂ ਨੀਂ, ਅਸੀਂ ਕੀ ਨਹੀਂ ਕੀਤਾ ਤੇਰੇ ਲਈ।
ਸਰਹੱਦ ਪਾਰ ਤੋਂ ਨਸ਼ਾ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼- ਇਕ ਖ਼ਬਰ
ਕਦੇ ਬੰਦਰਗਾਹਾਂ ਰਾਹੀਂ ਚਲਦੇ ਨੈੱਟਵਰਕ ਦਾ ਵੀ ਪਰਦਾ ਕਰੋ ਫਾਸ਼ ਸਾਬ।
ਕਿਸਾਨਾਂ ਦੀ ਗੱਲ ਛੱਡ ਕੇ ਕਿਸਾਨ ਜਥੇਬੰਦੀਆਂ ਕਰ ਰਹੀਆਂ ਹਨ ਰਾਜਨੀਤੀ- ਹਰਜੀਤ ਗਰੇਵਾਲ
ਕੀ ਗੱਲ ਰਾਜਨੀਤੀ ਕਰਨ ਦਾ ਠੇਕਾ ਸਿਰਫ਼ ਤੁਹਾਡੇ ਕੋਲ ਹੀ ਹੈ।
ਹੁਣ ਭਾਜਪਾ ਵਲੋਂ ਬਾਦਲ ਅਕਾਲੀ ਦਲ ਨੂੰ ਵੱਡਾ ਸਿਆਸੀ ਝਟਕਾ ਦੇਣ ਦੀ ਤਿਆਰੀ- ਇਕ ਖ਼ਬਰ
ਨਾ ਯਾਰ ਹੋਰ ਝਟਕਾ ਨਾ ਦਿਉ ਅਜੇ, ਪਹਿਲੇ ਝਟਕੇ ਨਾਲ਼ ਹੀ ਬੰਦਾ ਡਿਗ ਪਿਐ ਮੰਜੇ ‘ਤੇ।
ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਕੇਜਰੀਵਾਲ ਨਾਲ ਨਹੀਂ ਹੋਣ ਦਿਤੀ ਭਗਵੰਤ ਮਾਨ ਅਤੇ ਸੰਜੇ ਸਿੰਘ ਦੀ ਮੁਲਾਕਾਤ- ਇਕ ਖ਼ਬਰ
ਟੁੱਟ ਪੈਣੇ ਨੇ ਜਲੇਬੀ ਮਾਰੀ, ਅੱਖ ਵਿਚ ਤੇਲ ਪੈ ਗਿਆ।
ਐਸ.ਬੀ.ਆਈ. ਨੇ ਆਰ.ਟੀ.ਆਈ. ਐਕਟ ਤਹਿਤ ਚੋਣ ਬਾਂਡਾਂ ਦੇ ਵੇਰਵੇ ਦੇਣ ਤੋਂ ਕੀਤਾ ਇਨਕਾਰ- ਇਕ ਖ਼ਬਰ
ਜ਼ਰਾ ਸਮਝ ਨਾ ਆਉਂਦੀ ਮੂਲ ਤੈਨੂੰ, ਸਿਰ ਕੂੜ ਦੀ ਪੰਡ ਉਠਾਵਨਾਂ ਏਂ।
ਅਕਾਲੀ ਦਲ ਬਾਦਲ ਨੇ ਸਿਕੰਦਰ ਸਿੰਘ ਮਲੂਕਾ ਨੂੰ ਮੌੜ ਹਲਕੇ ਦੇ ਇੰਚਾਰਜ ਦੇ ਅਹੁਦੇ ਤੋਂ ਹਟਾਇਆ- ਇਕ ਖ਼ਬਰ
ਚਿੱਠੀ ਆ ਗਈ ਜ਼ੋਰਾਵਰ ਦੀ, ਛੁੱਟਿਆ ਤ੍ਰਿੰਞਣਾਂ ਦਾ ਕੱਤਣਾ।
ਕੌਮ ਪ੍ਰੋਗਰਾਮ ਉਡੀਕਦੀ ਰਹੀ ਤੇ ‘ਜਥੇਦਾਰ’ ਮਸਲੇ ਦੱਸ ਕੇ ਤੁਰਦੇ ਬਣੇ- ਇਕ ਖ਼ਬਰ
ਸਾਨੂੰ ਜਿਵੇਂ ਮਾਲਕਾਂ ਨੇ ਲਿਖ ਕੇ ਦਿਤਾ ਉਵੇਂ ਹੀ ਸੰਗਤਾਂ ਨੂੰ ਸੁਣਾ ਦਿਤਾ।
ਅਕਾਲੀ ਦਲ ਬਾਦਲ ਨੇ ਸੰਗਰੂਰ ਤੋਂ ਇਕਬਾਲ ਸਿੰਘ ਝੂੰਦਾਂ ਨੂੰ ਦਿਤੀ ਟਿਕਟ- ਇਕ ਖ਼ਬਰ
ਇਕੱਤਰ ਕੀਤੀ ਰਿਪੋਰਟ ਨੂੰ ਖੁਰਦ ਬੁਰਦ ਕਰਨ ਦਾ ਆਖਰ ਇਨਾਮ ਤਾਂ ਮਿਲਣਾ ਹੀ ਸੀ।
ਕਾਂਗਰਸ, ਭਾਜਪਾ ਅਤੇ ‘ਆਪ’ ਦੀ ਪ੍ਰਮਿੰਦਰ ਸਿੰਘ ਢੀਂਡਸਾ ਨੇ ਕੀਤੀ ਆਲੋਚਨਾ- ਇਕ ਖ਼ਬਰ
ਬਸ ਆਲੋਚਨਾ ਕਰਨ ਜੋਗੇ ਹੀ ਰਹਿ ਗਏ, ਹੋਰ ਪੱਲੇ ਕੀ ਰਹਿ ਗਿਆ।
--------------------------------------------------------------------------------------------------------------