ਫ਼ਰਮਾਇਸ਼ੀ ਚਾਹ - ਨਿਰਮਲ ਸਿੰਘ ਕੰਧਾਲਵੀ

ਬਿਲਡਰ ਨੇ ਸ਼ਾਮ ਨੂੰ ਹੀ ਦੱਸ ਦਿਤਾ ਸੀ ਕਿ ਕਿ ਨੀਹਾਂ ਬਿਲਕੁਲ ਤਿਆਰ ਨੇ ਤੇ ਉਸ ਨੇ ਕੰਕਰੀਟ ਦਾ ਆਰਡਰ ਦੇ ਦਿਤਾ ਸੀ ਤੇ ਕੰਕਰੀਟ ਦੀ ਲਾਰੀ ਸਵੇਰੇ ਅੱਠ ਵਜੇ ਆ ਜਾਵੇਗੀ। ਸਵੇਰੇ ਠੀਕ ਪੂਰੇ ਅੱਠ ਵਜੇ ਕੰਕਰੀਟ ਵਾਲ਼ੇ ਪਹੁੰਚ ਗਏ। ਡਰਾਈਵਰ ਵੀ ਆਪਣਾ ਦੇਸੀ ਨੌਜਵਾਨ ਤੇ ਨਾਲ ਹੈਲਪਰ ਵੀ ਪੰਜਾਬੀ, ਪੰਜਾਹ ਕੁ ਸਾਲ ਦੀ ਉਮਰ ਦਾ ਬੰਦਾ। ਆਪਣੇ ਦੇਸੀ ਬੰਦਿਆਂ ਦੀ ਸਮੇਂ ਦੀ ਪਾਬੰਦੀ ਦੇਖ ਕੇ ਮਨ ਬੜਾ ਖ਼ੁਸ਼ ਹੋਇਆ ਕਿਉਂਕਿ ਅਸੀਂ ਇਥੇ ਇਨ੍ਹਾਂ ਪੱਛਮੀ ਦੇਸ਼ਾਂ ‘ਚ ਆ ਕੇ ਵੀ ਸਮੇਂ ਦੀ ਪਾਬੰਦੀ ਨਹੀਂ ਸਿੱਖੀ। ਸਾਡੀਆਂ ਸਭਾ, ਸੁਸਾਇਟੀਆਂ ਦੀਆਂ ਮੀਟਿੰਗਾਂ, ਪ੍ਰੋਗਰਾਮ ਅਕਸਰ ਹੀ ਲੇਟ ਹੁੰਦੇ ਹਨ, ਇਸੇ ਕਰ ਕੇ ਕਈ ਵਾਰੀ ਕਹਿ ਦਿਤਾ ਜਾਂਦਾ ਹੈ ਕਿ ਸਾਡੇ ਲੋਕਾਂ ਨੇ ਗੋਰਿਆਂ ਦੀਆਂ ਮਾੜੀਆਂ ਆਦਤਾਂ ਤਾਂ ਸਾਰੀਆਂ ਸਿੱਖ ਲਈਆਂ ਹਨ, ਚੰਗੀ ਇਕ ਨਹੀਂ ਸਿੱਖੀ। ਜਦੋਂ ਸਾਡੇ ਲੋਕਾਂ ਨੇ ਗੋਰਿਆਂ, ਕਾਲ਼ਿਆਂ ਨੂੰ ਵਿਆਹਾਂ ‘ਤੇ ਸੱਦਣਾ ਸ਼ੁਰੂ ਕੀਤਾ ਤਾਂ ਉਹ ਵਿਚਾਰੇ ਸੱਦਾ-ਪੱਤਰ ‘ਤੇ ਲਿਖੇ ਕਾਰਡ ਮੁਤਾਬਕ ਨੌ ਵਜੇ ਗੁਰਦੁਆਰੇ ਪਹੁੰਚ ਜਾਂਦੇ ਤੇ ਜਦੋਂ ਉਨ੍ਹਾਂ ਨੂੰ ਸੱਦਣ ਵਾਲਾ ਕੋਈ ਸੱਜਣ ਵੀ ਨਜ਼ਰ ਨਾ ਆਉਂਦਾ ਤਾਂ ਉਹ ਵਾੜ ‘ਚ ਫ਼ਸੇ ਬਿੱਲੇ ਵਾਂਗ ਆਲ਼ਾ-ਦੁਆਲਾ ਝਾਕਦੇ। ਹੁਣ ਉਨ੍ਹਾਂ ਨੂੰ ਵੀ ਪਤਾ ਲੱਗ ਗਿਆ ਹੈ ਕਿ ਨੌਂ ਦਾ ਮਤਲਬ ਪੰਜਾਬੀ ਵਿਚ ਗਿਆਰਾਂ ਹੁੰਦਾ ਹੈ।
ਰਾਤ ਨੂੰ ਕੋਰਾ ਬਹੁਤ ਪਿਆ ਸੀ ਜਿਸ ਕਰ ਕੇ ਠੰਢ ਬਹੁਤ ਸੀ ਤੇ ਉੱਪਰੋਂ ਠੰਢੀ ਹਵਾ ਚਲ ਰਹੀ ਸੀ। ਡਰਾਈਵਰ ਨੇ ਮਸ਼ੀਨ ਦਾ ਕੰਟਰੋਲ ਆਪਣੇ ਹੱਥਾਂ ‘ਚ ਫੜਿਆ ਤੇ ਹੈਲਪਰ ਨੇ ਵੀਲ੍ਹਬੈਰੋ ਤਿਆਰ ਕਰ ਲਿਆ ਤੇ ਕੰਕਰੀਟ ਵੀਲ੍ਹਬੈਰੋ ‘ਚ ਡਿਗਣ ਲੱਗੀ ਤੇ ਹੈਲਪਰ ਕੰਕਰੀਟ ਨੀਹਾਂ ‘ਚ ਪਾਉਣ ਲੱਗਾ।
ਮੈਂ ਡਰਾਈਵਰ ਲੜਕੇ ਨੂੰ ਚਾਹ ਜਾਂ ਕੌਫ਼ੀ ਬਾਰੇ ਪੁੱਛਿਆ ਤਾਂ ਉਹ ਬੜੀ ਬੇਬਾਕੀ ਨਾਲ ਬੋਲਿਆ, “ ਅੰਕਲ ਜੀ, ਭਲਾ ਗੁੜ ਹੈਗਾ ਆਪਣੇ ਘਰੇ?”
“ ਮੈਨੂੰ ਉਸ ਦਾ ਇਹ ਸਵਾਲ ਬੜਾ ਅਟਪਟਾ ਜਿਹਾ ਲੱਗਿਆ ਪਰ ਮੈਂ ਫੇਰ ਵੀ ਕਿਹਾ, “ ਗੁੜ ਵੀ ਹੈਗਾ ਤੇ ਸ਼ੱਕਰ ਵੀ ਹੈਗੀ ਆ’ ਮੇਰੇ ਕੁਝ ਹੋਰ ਕਹਿਣ ਤੋਂ ਪਹਿਲਾਂ ਹੀ ਉਹ ਬੋਲਿਆ, “ ਅੰਕਲ ਜੀ, ਬਸ ਫੇਰ ਗੁੜ ਵਾਲੀ ਚਾਹ ਬਣਾਇਉ ਤੇ ਵਿਚ ਵੱਡੀ ਲੈਚੀ ਵੀ ਪਾ ਲਈਉ, ਧੰਨ ਧੰਨ ਹੋ ਜੂ।“ ਉਹ ਇਸ ਤਰ੍ਹਾਂ ਮੈਨੂੰ ਕਹਿ ਰਿਹਾ ਸੀ ਜਿਵੇਂ ਮੇਰੇ ਨਾਲ਼ ਬਹੁਤ ਪੁਰਾਣੀ ਜਾਣ-ਪਛਾਣ ਹੋਵੇ, ਹਾਲਾਂਕਿ ਅਸੀਂ ਦੋਵਾਂ ਨੇ ਇਕ ਦੂਜੇ ਨੂੰ ਪਹਿਲੀ ਵਾਰੀ ਦੇਖਿਆ ਸੀ। ਮੈਨੂੰ ਸਗੋਂ ਉਸ ਦੀ ਇਹ ਬੇਬਾਕੀ ਤੇ ਲੱਛੇਦਾਰ ਭਾਸ਼ਾ ਬਹੁਤ ਪਸੰਦ ਆਈ ਕਿਉਂਕਿ ਮੈਂ ਆਪ ਵੀ ਇਸੇ ਸੁਭਾਅ ਦਾ ਮਾਲਕ ਹਾਂ।
ਉਸ ਦੀ ਫ਼ਰਮਾਇਸ਼ ਸੁਣ ਕੇ ਗੁੜ ਤੇ ਮੋਟੀ ਲੈਚੀ ਵਾਲੀ ਚਾਹ ਮੇਰੇ ਮੂੰਹ ਨੂੰ ਵੀ ਸੁਆਦ ਸੁਆਦ ਕਰ ਗਈ। ਮੈਂ ਅਜੇ ਵੀ ਉਸ ਦੀ ਬੇਬਾਕੀ ‘ਤੇ ਹੈਰਾਨ ਸਾਂ, ਨਹੀਂ ਤਾਂ ਅਸੀਂ ਪੰਜਾਬੀ ਤਾਂ ਐਵੇਂ ਹੀ ਨਾਂਹ ਨਾਂਹ ਕਰਨ ਦੇ ਆਦੀ ਹੁੰਦੇ ਹਾਂ, ਅੰਦਰੋਂ ਭਾਵੇਂ ਭੁੱਖ ਪਿਆਸ ਨਾਲ ਜਾਨ ਨਿਕਲਦੀ ਪਈ ਹੋਵੇ ਪਰ ਉੱਪਰੋਂ ਉੱਪਰੋਂ ਨਾਂਹ ਨਾਂਹ ਕਰੀ ਜਾਵਾਂਗੇ।
ਮੈਨੂੰ ਇਕ ਕਹਾਣੀ ਯਾਦ ਆ ਗਈ। ਕੋਈ ਸਿਧੜ ਜਿਹਾ ਲੜਕਾ ਸਹੁਰਿਆਂ ਦੇ ਜਾਣ ਲੱਗਾ ਤਾਂ ਉਸ ਦੀ ਮਾਂ ਨੇ ਉਸ ਨੂੰ ਪੱਕਿਆਂ ਕੀਤਾ ਕਿ ਉੱਥੇ ਜਾ ਕੇ ਐਵੈਂ ਭੁੱਖਿਆਂ ਵਾਂਗ ਨਾ ਕਰੀਂ, ਸਗੋਂ ਕਹੀਂ ਰੱਜੇ ਪਏ ਆਂ। ਲਉ ਜੀ ਸ਼ਾਮ ਨੂੰ ਬਥੇਰਾ ਜ਼ੋਰ ਲਾਇਆ ਸਭ ਨੇ ਰੋਟੀ ਖਾਣ ਲਈ ਪਰ ਉਹ ਇਕੋ ਗੱਲ ਕਰੀ ਗਿਆ ਕਿ ਰੱਜੇ ਪਏ ਆਂ। ਰਾਤ ਨੂੰ ਸੌਣ ਦਾ ਵੇਲਾ ਹੋ ਗਿਆ। ਪੁਰਾਣੇ ਜ਼ਮਾਨਿਆਂ ‘ਚ ਘਰਾਂ ‘ਚ ਇਕ ਵੱਡੀ ਸਾਰੀ ਛਤੌਤ ਹੁੰਦੀ ਸੀ ਜਿਸ ਨੂੰ ਸਬਾਤ ਕਿਹਾ ਜਾਂਦਾ ਸੀ। ਤਕਰੀਬਨ ਸਾਰਾ ਪਰਵਾਰ ਹੀ ਉੱਥੇ ਸੌਂਦਾ ਸੀ। ਲੋਕੀਂ ਸ਼ਾਮ ਨੂੰ ਹੀ ਰੋਟੀ-ਪਾਣੀ ਦਾ ਕੰਮ ਨਿਬੇੜ ਕੇ ਸੌਂ ਜਾਂਦੇ ਸਨ, ਅੱਜ ਵਾਂਗ ਰਾਤ ਦੇ ਗਿਆਰਾਂ ਵਜੇ ਤੱਕ ਟੀ.ਵੀ. ‘ਤੇ ਡਰਾਮੇ ਨਹੀਂ ਸਨ ਦੇਖਦੇ, ਟੀ.ਵੀ. ਹੈ ਹੀ ਨਹੀਂ ਸੀ ਉਦੋਂ। ਕਿਸੇ ਵਿਰਲੇ ਘਰ ਹੀ ਰੇਡੀਉ ਹੁੰਦਾ ਸੀ ਉਹ ਵੀ ਸੈੱਲਾਂ ‘ਤੇ ਚਲਦਾ ਹੁੰਦਾ ਸੀ ਤੇ ਸੈੱਲਾਂ ਦਾ ਖਰਚਾ ਬਚਾਉਣ ਲਈ ਰੇਡੀਉ ‘ਤੇ ਚੋਣਵੇਂ ਪ੍ਰੋਗਰਾਮ ਹੀ ਸੁਣੇ ਜਾਂਦੇ ਸਨ। ਫਿਰ ਸਰਕਾਰ ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਰੇਡੀਉ ਦਿਤੇ ਜੋ ਕਿ ਆਮ ਤੌਰ ‘ਤੇ ਸਰਪੰਚ ਦੇ ਘਰੋਂ ਹੀ ਚਲਦਾ ਸੀ, ਜਿਸ ਉੱਪਰ ਜਲੰਧਰ ਰੇਡੀਉ ਸਟੇਸ਼ਨ ਦਾ ਠੰਢੂ ਰਾਮ ਹੋਣਾਂ ਦਾ ਦਿਹਾਤੀ ਪ੍ਰੋਗਰਾਮ ਸ਼ਾਮ ਨੂੰ ਪ੍ਰਸਾਰਿਤ ਹੁੰਦਾ ਸੀ ਤੇ ਪ੍ਰੋਗਰਾਮ ਮੁੱਕਦਿਆਂ ਹੀ ਰੇਡੀਉ ਦਾ ਗਲ਼ਾ ਘੁੱਟ ਦਿਤਾ ਜਾਂਦਾ ਸੀ। ਸਵੇਰੇ ਮੂੰਹ ਹਨ੍ਹੇਰੇ ਹੀ ਉੱਠ ਕੇ ਲੋਕਾਂ ਨੇ ਕੰਮ-ਧੰਦੇ ਜੁ ਕਰਨੇ ਹੁੰਦੇ ਸਨ। ਮਾਈਆਂ ਬੀਬੀਆਂ ਨੇ ਚੱਕੀਆਂ ਝੋਣੀਆਂ, ਦੁੱਧ ਰਿੜਕਣਾ, ਤੇ ਧਾਰਾਂ ਕੱਢਣੀਆਂ ਆਦਿ ਦਾ ਕੰਮ ਨਿਬੇੜਨਾ ਹੁੰਦਾ ਸੀ, ਅੱਜ ਵਰਗੀਆਂ ਆਦਤਾਂ ਨਹੀਂ ਸਨ ਪਈਆਂ ਲੋਕਾਂ ਨੂੰ।
ਘਰ ਦਾ ਸਾਰਾ ਸਾਮਾਨ ਵੀ ਉਸੇ ਸਬਾਤ ‘ਚ ਹੀ ਪਿਆ ਹੁੰਦਾ ਸੀ। ਪ੍ਰਾਹੁਣੇ ਦਾ ਬਿਸਤਰਾ ਵੀ ਉੱਥੇ ਹੀ ਵਿਛਾ ਦਿਤਾ ਗਿਆ। ਜਦ ਹੋਈ ਅੱਧੀ ਕੁ ਰਾਤ ਤਾਂ ਉਸ ਦੇ ਢਿੱਡ ‘ਚ ਭੁੱਖ ਨਾਲ ਪੈਣ ਲੱਗੇ ਕੁੜੱਲ। ਜਦ ਕੰਮ ਡਾਢਾ ਹੀ ਔਖਾ ਹੋ ਗਿਆ ਤਾਂ ਉਸ ਨੇ ਸੋਚਿਆ ਕਿ ਕਿਉਂ ਨਾ ਆਲੇ ਦੁਆਲੇ ਹੱਥ ਮਾਰਾਂ ਸ਼ਾਇਦ ਕੋਈ ਸ਼ੈਅ ਖਾਣ ਲਈ ਲੱਭ ਹੀ ਜਾਵੇ। ਪੁਰਾਣੇ ਜ਼ਮਾਨਿਆਂ ਵਿਚ ਮਿੱਟੀ ਦੇ ਭਾਂਡੇ ਜਿਵੇਂ ਕਿ ਘੜੇ, ਘਰੋਟੀਆਂ, ਤੌੜੀਆਂ, ਬਲ੍ਹਣੇ ਤੇ ਕੁੱਜੇ ਆਦਿ ਮਾਈਆਂ ਬੀਬੀਆਂ ਨੇ ਟੇਕਣਾਂ ਲਾ ਲਾ ਕੇ ਰੱਖੇ ਹੁੰਦੇ ਸਨ, ਅੱਜ ਵਾਂਗ ਪਲਾਸਟਿਕ ਨੇ ਅਜੇ ਗੰਦ ਨਹੀਂ ਸੀ ਪਾਇਆ। ਮਿੱਟੀ ਦਾ ਬਰਤਨ ਟੁੱਟ ਕੇ ਵੀ ਮਿੱਟੀ ਵਿਚ ਹੀ ਮਿਲ ਜਾਂਦਾ ਸੀ, ਵਾਤਾਵਰਣ ਨੂੰ ਪਲੀਤ ਨਹੀਂ ਸੀ ਕਰਦਾ। ਇਨ੍ਹਾਂ ਮਿੱਟੀ ਦੇ ਬਰਤਨਾਂ ‘ਚ ਘਰ ਦਾ ਰਾਸ਼ਨ, ਦਾਲਾਂ, ਚੌਲ, ਗੁੜ, ਸ਼ੱਕਰ ਆਦਿ ਵਸਤਾਂ ਰੱਖੀਆਂ ਹੁੰਦੀਆਂ ਸਨ। ਉਸ ਨੇ ਹਨ੍ਹੇਰੇ ‘ਚ ਹੱਥ ਮਾਰੇ ਕਿ ਕੋਈ ਚੀਜ਼ ਲੱਭੇ ਖਾਣ ਲਈ। ਇਕ ਕੁੱਜੇ ‘ਚੋਂ ਕੱਚੇ ਚੌਲ ਉਸ ਦੇ ਹੱਥ ਆਏ ਤੇ ਉਸ ਨੇ ਜਲਦੀ ਜਲਦੀ ਮੁੱਠ ਭਰ ਕੇ ਮੂੰਹ ‘ਚ ਪਾ ਲਏ। ਹਨ੍ਹੇਰੇ ‘ਚ ਕੁੱਜੇ ਦਾ ਢੱਕਣ ਉਸ ਦੇ ਹੱਥੋਂ ਛੁੱਟ ਕੇ ਦੂਜੇ ਭਾਂਡੇ ‘ਚ ਵੱਜਾ ਤੇ ਖੜਾਕਾ ਹੋਇਆ। ਉਸ ਦੀ ਸੱਸ ਨੇ ਛੇਤੀ ਨਾਲ ਦੀਵਾ ਬਾਲ਼ ਦਿਤਾ ਕਿ ਦੇਖੇ ਕੋਈ ਕੁੱਤਾ ਬਿੱਲੀ ਤਾਂ ਨਹੀਂ ਅੰਦਰ ਆ ਗਿਆ। ਜਦੋਂ ਪ੍ਰਾਹੁਣਾ ਮੰਜੇ ‘ਤੇ ਬੈਠਾ ਦੇਖਿਆ ਤਾਂ ਉਹ ਨੇੜੇ ਹੋਈ ਕਿ ਦੇਖੇ ਕਿ ਉਹ ਕਿਉਂ ਬੈਠਾ ਸੀ। ਸੱਸ ਉਸ ਨੂੰ ਪੁੱਛੇ ਪਰ ਉਹ ਬੋਲੇ ਨਾ ਕਿਉਂਕਿ ਮੂੰਹ ਤਾਂ ਚੌਲਾਂ ਨਾਲ ਭਰਿਆ ਹੋਇਆ ਸੀ। ਮੂੰਹ ਖੋਲ੍ਹਦਾ ਸੀ ਤਾਂ ਚੋਰੀ ਫੜੀ ਜਾਣੀ ਸੀ। ਜਿਉਂ ਜਿਉਂ ਚੌਲ ਫੁੱਲੀ ਜਾਣ ਉਸ ਦੀਆਂ ਖਾਖਾਂ ਬਾਹਰ ਨੂੰ ਆਈ ਜਾਣ। ਘਰ ਦੇ ਹੋਰ ਜੀਅ ਵੀ ਜਾਗ ਗਏ। ਸਾਰਾ ਟੱਬਰ ਘਬਰਾ ਗਿਆ। ਇਕ ਬੰਦਾ ਪਿੰਡ ਦੇ ਹਕੀਮ ਨੂੰ ਸੱਦ ਲਿਆਇਆ। ਹਕੀਮ ਨੇ ਵੀ ਇਸ ਤਰ੍ਹਾਂ ਦੀ ‘ਬਿਮਾਰੀ’ ਦਾ ਮਰੀਜ਼ ਪਹਿਲੀ ਵਾਰੀ ਦੇਖਿਆ ਸੀ।
ਦੀਵੇ ਦੇ ਮੱਧਮ ਜਿਹੇ ਚਾਨਣ ਵਿਚ ਹਕੀਮ ਨੇ ਮੂੰਹ ‘ਚ ਇਕ ਪਾਸੇ ਉਂਗਲ ਪਾਈ ਤਾਂ ਚੌਲਾਂ ਦੇ ਕੁਝ ਦਾਣੇ ਬਾਹਰ ਬੁੱਲ੍ਹਾਂ ਤੱਕ ਆਏ। ਹਕੀਮ ਨੇ ਕਹਿ ਦਿਤਾ ਕਿ ਉਸ ਦੇ ਵਸ ਤੋਂ ਬਾਹਰ ਦਾ ਕੇਸ ਐ ਕਿਉਂਕਿ ਪ੍ਰਾਹੁਣੇ ਦੇ ਮੂੰਹ ‘ਚ ਕੀੜੇ ਪੈ ਗਏ ਹਨ ਸੋ ਇਸ ਨੂੰ ਜਲਦੀ ਹੀ ਸ਼ਹਿਰ ਦੇ ਕਿਸੇ ਹਸਪਤਾਲ ਲੈ ਜਾਣ । ਘਰ ਦਿਆਂ ਦਾ ਸ਼ੱਕ ਹੋਰ ਪੱਕਾ ਹੋ ਗਿਆ ਕਿ ਪ੍ਰਾਹੁਣੇ ਨੇ ਤਾਂ ਹੀ ਸ਼ਾਮੀਂ ਰੋਟੀ ਨਹੀਂ ਸੀ ਖਾਧੀ।
ਪਾਠਕੋ, ਫਿਰ ਕੀ ਹੋਇਆ ਹੋਵੇਗਾ ਆਪ ਭਲੀ ਭਾਂਤ ਅੰਦਾਜ਼ਾ ਲਗਾ ਸਕਦੇ ਹੋ। ਇਸ ਕਹਾਣੀ ਤੋਂ ਸਿੱਖਿਆ ਮਿਲਦੀ ਹੈ ਕਿ ਐਵੇਂ ਨਾਂਹ ਨਾਂਹ ਕਰੀ ਜਾਣੀ ਠੀਕ ਨਹੀਂ। ਭੁੱਖ ਪਿਆਸ ਹੋਵੇ ਤਾਂ ਸੰਗ ਸ਼ਰਮ ਨਹੀਂ ਕਰਨੀ ਚਾਹੀਦੀ। ਅੱਜ ਕਲ ਸ਼ੂਗਰ ਦੀ ਬਿਮਾਰੀ ਤੋਂ ਵੀ ਬਹੁਤ ਲੋਕ ਪੀੜਤ ਹਨ। ਸ਼ੂਗਰ ਦੇ ਮਰੀਜ਼ ਨੂੰ ਵੀ ਜਦੋਂ ਭੁੱਖ ਲਗਦੀ ਹੈ ਤਾਂ ਉਸ ਨੂੰ ਛੇਤੀ ਹੀ ਕੁਝ ਖਾਣਾ ਪੈਂਦਾ ਹੈ ਨਹੀਂ ਤਾਂ ਮਰੀਜ਼ ਦੇ ਬੇਹੋਸ਼ ਹੋਣ ਦਾ ਖ਼ਤਰਾ ਰਹਿੰਦਾ ਹੈ ਤੇ ਮਰੀਜ਼ ਕੌਮੇ ‘ਚ ਵੀ ਜਾ ਸਕਦਾ ਹੈ। ਸੋ, ਲੋੜ ਵੇਲੇ ਸੰਗ ਸ਼ਰਮ ਦੀ ਲੋਈ ਨਾ ਉੱਪਰ ਲਈ ਰੱਖੋ।
ਸਾਡੀ ਪੰਜਾਬੀਆਂ ਦੀ ਪ੍ਰਾਹੁਣਚਾਰੀ ਤਾਂ ਸਾਰੀ ਦੁਨੀਆਂ ‘ਚ ਮਸ਼ਹੂਰ ਐ। ਕਿਸੇ ਸੰਕਟ ਕਾਲ ਵੇਲੇ ਸਿੱਖ ਕੌਮ ਵਲੋਂ ਸਾਰੀ ਦੁਨੀਆਂ ‘ਚ ਲਗਾਏ ਜਾਂਦੇ ਲੰਗਰਾਂ ਨੇ ਸਿੱਖ ਕੌਮ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ, ਜਿਸ ਦੀਆਂ ਗੱਲਾਂ ਦੁਨੀਆਂ ਦੀਆਂ ਪਾਰਲੀਮੈਂਟਾਂ ‘ਚ ਵੀ ਹੁੰਦੀਆਂ ਹਨ। ਵੈਸੇ ਤਾ ਘਰ ਆਏ ਕਿਸੇ ਮਹਿਮਾਨ ਦੀ ਵੀ ਖਾਤਰਦਾਰੀ ਕਰ ਕੇ ਮਨ ਨੂੰ ਬੜਾ ਸਕੂਨ ਮਿਲਦਾ ਹੈ ਪਰ ਉਸ ਨੌਜਵਾਨ ਡਰਾਈਵਰ ਵਲੋਂ ਕੀਤੀ ਫ਼ਰਮਾਇਸ਼ ਕਿ ਚਾਹ ਹੋਵੇ ਵੀ ਗੁੜ ਦੀ ਤੇ ਹੋਵੇ ਵੀ ਵੱਡੀ ਲੈਚੀ ਵਾਲੀ, ਅਜਿਹੀ ਚਾਹ ਪਿਆ ਕੇ ਮਨ ਬਾਗ਼ੋ-ਬਾਗ਼ ਹੋ ਗਿਆ ਤੇ ਇਹ ਘਟਨਾ ਇਕ ਅਭੁੱਲ ਯਾਦ ਬਣ ਗਈ।