ਬੀਮਾਰੀਆਂ ਦਾ ਘਰ - ਰਵਿੰਦਰ ਸਿੰਘ ਕੁੰਦਰਾ ਕਵੈਂਟਰੀ ਯੂ ਕੇ

ਉਹ ਕਿਹੜੀ ਹੈ ਬੀਮਾਰੀ, ਜਿਹੜੀ ਮੈਨੂੰ ਨਹੀਂ ਚਿੰਬੜੀ,
ਪੁੱਛ ਨਾ ਤੂੰ ਹਾਲ ਮੇਰਾ, ਛੇੜ ਨਾ ਕੋਈ ਚਿੰਜੜੀ।

ਦੱਸਣ ਮੈਂ ਲੱਗਾ ਜਦੋਂ, ਤੈਥੋਂ ਨਹੀਉਂ ਸੁਣ ਹੋਣਾ,
ਹੰਝੂ ਤੇਰੇ ਵਗਣਗੇ, ਰੁਕਣਾ ਨਹੀਂ ਤੇਰਾ ਰੋਣਾ।

ਫੇਰ ਵੀ ਜੇ ਚਾਹੁਨਾਂ ਏਂ, ਖੋਲ੍ਹਾਂ ਮੈਂ ਦੁੱਖਾਂ ਦੀ ਪਟਾਰੀ,
ਹੈ ਤੇਰੇ ਕੋਲ ਸਮਾਂ, ਪੂਰਾ ਦਿਨ ਅਤੇ ਰਾਤ ਸਾਰੀ?

ਭੱਜਣ ਨਹੀਂ ਦੇਣਾ ਤੈਨੂੰ, ਅੱਧਵਾਟੇ ਛੱਡ ਕੇ,
ਘੇਰ ਕੇ ਸੁਣਾਊਂਗਾ ਮੈਂ, ਦੁੱਖ ਸਾਰੇ ਰੱਜ ਕੇ।

ਕਿਹੜਾ ਏ ਉਹ ਅੰਗ ਜਿੱਥੇ, ਪੀੜ ਨਹੀਉਂ ਹੋਂਵਦੀ,
ਕੋਈ ਵੀ ਦਵਾਈ ਮੇਰੇ, ਨੇੜੇ ਨਹੀਉਂ ਪੋਂਹਵੰਦੀ।

ਗਿਣਾਵੇ ਉਹ ਬੀਮਾਰੀਆਂ, ਕੋਈ ਜੇ ਗਿਣਾ ਸਕੇ,
ਜਾਣਦਾਂ ਮੈਂ ਸਾਰੀਆਂ ਨੂੰ, ਹਰੇਕ ਮੇਰੇ ਪਿੰਡੇ ਵਸੇ।

ਵਾਰੀਆਂ ਇਹ ਪਾ ਕੇ ਮੈਨੂੰ, ਮੁੜ ਮੁੜ ਢਾਉਂਦੀਆਂ,
ਇੱਕ ਦੂਜੇ ਤੋਂ ਅੱਗੇ ਵਧ, ਪਿਆਰ ਨੇ ਜਤਾਉਂਦੀਆਂ।

ਕਈ ਰਹਿਣ ਕੁੱਛ ਦਿਨ, ਤੇ ਕਈ ਰਹਿਣ ਸਾਲੋ ਸਾਲ,
ਛੱਡਣ ਨਾ ਖਹਿੜਾ ਮੇਰਾ, ਕਰਦੀਆਂ ਬੁਰਾ ਹਾਲ।

ਕਦੀ ਕੁੱਛ ਦਿਨਾਂ ਲਈ, ਜੇ ਮੈਨੂੰ ਲੱਗੇ ਸਭ ਠੀਕ,
ਯਕੀਨ ਜਾਣੋਂ ਮੈਨੂੰ ਲੱਗ, ਜਾਂਦੀ ਉਨ੍ਹਾਂ ਦੀ ਉਡੀਕ।

ਲੱਗਦਾ ਹੈ ਜਿਵੇਂ ਮੈਨੂੰ, ਪਿਆਰ ਜਿਹਾ ਹੋ ਗਿਆ,
ਇਨ੍ਹਾਂ ਬਿਨਾ ਮੇਰਾ ਜਿਵੇਂ, ਜੀਵਨ ਖਲੋ ਗਿਆ।

ਸਾਹ ਇੱਕ ਦੂਜੇ ਨਾਲ਼, ਖਹਿੰਦਾ ਜਿਹਾ ਲੱਗਦਾ
ਠੱਕ ਠੱਕ ਦਿਲ ਵੱਜੇ, ਜਿਵੇਂ ਢੋਲ ਵੱਜਦਾ।

ਪਿੱਤਾ ਅਤੇ ਗੁਰਦੇ ਵੀ, ਢਿੱਲੇ ਜਿਹੇ ਰਹਿੰਦੇ ਨੇ,
ਨਵੇਂ ਨੇ ਉਹ ਪੈਣ ਵਾਲ਼ੇ, ਡਾਕਟਰ ਕਹਿੰਦੇ ਨੇ।

ਫੋੜੇ ਜਿਹੇ ਕਈ ਵਾਰੀਂ, ਥਾਂ ਥਾਂ ਤੇ ਦਿਸਦੇ,
ਮੱਲ੍ਹਮਾਂ ਦੇ ਬਾਵਜੂਦ, ਭਰ ਭਰ ਫਿੱਸਦੇ।

ਦਵਾਈਆਂ ਵਾਲੇ ਪੁੜੇ ਵੀ, ਮੈਂ ਰੱਖਾਂ ਨਿੱਤ ਸਾਂਭ ਸਾਂਭ,
ਦਵਾਈਆਂ ਬਿਨਾ ਘਰ ਹੁਣ, ਲੱਗਦਾ ਨਹੀਂ ਆਮ ਵਾਂਗ।

ਪੀਲੀਆਂ ਤੇ ਨੀਲੀਆਂ, ਲਾਲ ਤੇ ਗੁਲਾਬੀ ਕਈ,
ਚਾਵਾਂ ਨਾਲ ਗਿਣ ਗਿਣ, ਖਾਵਾਂ ਫੱਕੇ ਮਾਰ ਬਈ।

ਭੁੱਖ ਹੁਣ ਰੋਟੀ ਦੀ, ਦਵਾਈਆਂ ਨਾਲ਼ ਬੁਝਦੀ,
ਨੀਤ ਮੇਰੀ ਜਾਵੇ ਸਦਾ, ਇਨ੍ਹਾਂ ਵਿੱਚ ਰੁਝਦੀ।

ਪੁੱਛ ਲੈ ਸਵਾਲ ਕੋਈ, ਹੋਰ ਜੇ ਤੂੰ ਪੁੱਛਣਾ,
ਨਹੀਂ ਤੇ ਮੈਂ ਨਹੀਂ ਹੁਣ, ਹੋਰ ਕੁੱਛ ਦੱਸਣਾ।

ਕਿੰਨਾ ਕੁ ਹੁਣ ਹੋਰ ਬੰਦਾ, ਦੁੱਖ ਰਹੇ ਫੋਲਦਾ,
ਇਸੇ ਗੱਲੋਂ ਕੋਈ ਕੋਈ, ਮੇਰੇ ਨਾਲ ਨਹੀਂਉਂ ਬੋਲਦਾ।

ਕਰਾਂ ਮੈਂ ਇਹ ਬੰਦ ਹੁਣ, ਦੁੱਖਾਂ ਦੀ ਪਟਾਰੀ ਸਾਰੀ,
ਇਸ ਤੋਂ ਕਿ ਪਹਿਲਾਂ ਤੇਰੀ, ਮੱਤ ਜਾਵੇ ਹੋਰ ਮਾਰੀ।

ਜ਼ਿੰਦਗੀ ਹੈ ਹਾਲੇ ਬਾਕੀ, ਉਮੀਦ ਨਾਲ਼ ਜੀਵੰਦਾ ਹਾਂ,
ਦੁੱਖਾਂ ਦੇ ਪਿਆਲੇ ਨਿੱਤ, ਚੀਸ ਵੱਟ ਪੀਵੰਦਾ ਹਾਂ।