ਅੰਦਰੂਨੀ ਖ਼ਤਰਾ - ਰਵਿੰਦਰ ਸਿੰਘ ਕੁੰਦਰਾ ਕਵੈਂਟਰੀ ਯੂ ਕੇ
ਜਿਨ੍ਹਾਂ ਨੂੰ ਖ਼ਤਰਾ ਮੈਥੋਂ ਜਾਪੇ,
ਡਰਦੇ ਨੇ ਨਿੱਤ ਆਪ ਤੋਂ ਆਪੇ।
ਨੁਕਸ ਮੇਰੇ 'ਚ ਕੱਢਣ ਤੋਂ ਪਹਿਲਾਂ,
ਮਨ ਨੂੰ ਦੇਖ ਲੈਣ ਇੱਕ ਝਾੱਤੇ।
ਅੰਤਰ ਆਤਮਾ ਤਾਂ ਝੂਠ ਨਾ ਬੋੱਲੇ,
ਪਰ ਨਾ ਮਾਨੂੰ ਦੇ ਨੇ ਸਿਆਪੇ।
ਤਾਤ ਪਰਾਈ ਵਿਸਰ ਤਾਂ ਜਾਵੇ,
ਟੁੱਟ ਜਾਵਣ ਜੇ ਵੈਰ ਦੇ ਨਾੱਤੇ।
ਉਹ ਮਨ ਜੋਤ ਸਰੂਪ ਬਣ ਨਿੱਕਲੇ,
ਜੋ ਮੂਲੋਂ ਹੀ ਖ਼ੁਦ ਗਏ ਪਛਾੱਤੇ।
ਸਬਕ ਤਾਂ ਪੈਰ ਪੈਰ 'ਤੇ ਮਿਲਦੇ,
ਸਿੱਖ ਕੇ ਕੋਈ ਨਾ ਪਾਵੇ ਖਾੱਤੇ।
ਮੰਦੇ ਕਰਮ ਕਮਾਵਣ ਵਾਲੇ,
ਆਪਣੇ ਜਾਲ਼ ਵਿੱਚ ਜਾਂਦੇ ਫਾੱਥੇ।
ਬੁਰਾ ਕਿਸੇ ਦਾ ਤੱਕਣ ਵਾਲੇ,
ਪੀਂਦੇ ਖ਼ੁਦ ਜ਼ਹਿਰਾਂ ਦੇ ਬਾੱਟੇ।
ਮਨਾ! ਪਰਵਾਹ ਤੂੰ ਕਰਨੀ ਛੱਡ ਦੇਹ,
ਚਲਾਈ ਜਾਹ ਛੁਰਲੀਆਂ ਪਟਾੱਕੇ।
ਰਵਿੰਦਰ ਸਿੰਘ ਕੁੰਦਰਾ ਕਵੈਂਟਰੀ ਯੂ ਕੇ