ਕਾਂਗਰਸ ਪਾਰਟੀ ਦੇ ਨਵੇਂ-ਨਵੇਂ ਫਾਰਮੂਲਿਆਂ ਦੇ ਕੀ ਨਤੀਜੇ ਨਿਕਲਣਗੇ? - ਉਜਾਗਰ ਸਿੰਘ
ਪੰਜਾਬ ਵਿੱਚ ਲੋਕ ਸਭਾ ਦੀਆਂ ਚੋਣਾ ਲਈ ਉਮੀਦਵਾਰਾਂ ਦੀ ਚੋਣ ਕਰਨ ਸਮੇਂ ਕਾਂਗਰਸ ਪਾਰਟੀ ਨੇ ਇੱਕ ਹੋਰ ਨਵਾਂ ਫਾਰਮੂਲਾ ਬਣਾਕੇ ਚੋਣ ਜਿੱਤਣ ਦੀ ਯੋਜਨਾ ਬਣਾਈ ਹੈ। ਇਹ ਯੋਜਨਾ ਆਪਣੇ ਪੈਰੀਂ ਖੁਦ ਹੀ ਕੁਹਾੜੀ ਮਾਰਨ ਵਾਲੀ ਲੱਗਦੀ ਹੈ। ਨਵੇਂ-ਨਵੇਂ ਫਾਰਮੂਲੇ ਦੇ ਕੇ ਕਾਂਗਰਸ ਪਾਰਟੀ ਆਪਣੇ ਹਿਸਾਬ ਨਾਲ ਤਾਂ ਵਧੀਆ ਚੋਣ ਰਣਨੀਤੀ ਬਣਾਉਂਦੀ ਹੈ ਪ੍ਰੰਤੂ ਅਜਿਹੀਆਂ ਰਣਨੀਤੀਆਂ ਹਮੇਸ਼ਾ ਸਾਰਥਿਕ ਸਾਬਤ ਨਹੀਂ ਹੁੰਦੀਆਂ। ਦਿਗਜ਼ ਨੇਤਾਵਾਂ ਨੂੰ ਟਿਕਟ ਦੇਣੇ ਕੋਈ ਮਾੜੀ ਗੱਲ ਨਹੀਂ ਪ੍ਰੰਤੂ ਉਸ ਦੇ ਨਾਲ ਸਥਾਨਕ ਨੇਤਾਵਾਂ ਵਿੱਚ ਨਰਾਜ਼ਗੀ ਪੈਦਾ ਹੁੰਦੀ ਹੈ, ਜਿਹੜੀ ਪਾਰਟੀ ਲਈ ਲਾਹੇਬੰਦ ਨਹੀਂ ਹੁੰਦੀ। ਦਿਗਜ਼ ਨੇਤਾਵਾਂ ਦਾ ਸਮੁੱਚੇ ਸੂਬੇ ਵਿੱਚ ਪ੍ਰਭਾਵ ਤਾਂ ਹੁੰਦਾ ਹੈ। ਇਹ ਪ੍ਰਭਾਵ ਚੋਣ ਪ੍ਰਚਾਰ ਲਈ ਤਾਂ ਸ਼ੁਭ ਸਾਬਤ ਹੋ ਸਕਦਾ ਹੈ ਪ੍ਰੰਤੂ ਖੁਦ ਦੂਜੇ ਥਾਂ ‘ਤੇ ਆ ਕੇ ਚੋਣ ਲੜਨ ਵਿੱਚ ਸਹਾਈ ਹੋਣਾ ਸੰਭਵ ਨਹੀਂ ਹੁੰਦਾ। ਇਸ ਵਾਰ ਕਾਂਗਰਸ ਪਾਰਟੀ ਨੇ ਉਮੀਦਵਾਰ ਬਣਾਉਣ ਸਮੇਂ ਸਥਾਨਕ ਵਰਕਰਾਂ/ਨੇਤਾਵਾਂ ਨੂੰ ਅਣਡਿਠ ਕਰਕੇ ਆਪਣਾ ਨੁਕਸਾਨ ਆਪ ਹੀ ਕਰ ਲਿਆ ਲੱਗਦਾ ਹੈ। ਹਰ ਚੋਣ ਵਿੱਚ ਪਾਰਟੀ ਦੀ ਚੋਣ ਮੁਹਿੰਮ ਹਮੇਸ਼ਾ ਪਾਰਟੀ ਦੇ ਟਕਸਾਲੀ ਸਥਾਨਕ ਵਰਕਰ/ਨੇਤਾ ਹੀ ਚਲਾਉਂਦੇ ਹੁੰਦੇ ਹਨ। ਜੇਕਰ ਸਥਾਨਕ ਵਰਕਰਾਂ/ਨੇਤਾਵਾਂ ਨੇ ਮੀਟਿੰਗਾਂ ਅਤੇ ਜਲਸਿਆਂ ਵਿੱਚ ਦਰੀਆਂ ਹੀ ਵਿਛਾਉਣੀਆਂ ਹਨ ਤਾਂ ਫਿਰ ਉਨ੍ਹਾਂ ਦੇ ਸਿਆਸਤ ਵਿੱਚ ਆਉਣ ਦਾ ਕੀ ਲਾਭ ਹੋਇਆ? ਜਦੋਂ ਬਾਹਰਲੇ ਉਮੀਦਵਾਰ ਆ ਕੇ ਪੈਰ ਜਮ੍ਹਾ ਲੈਂਦੇ ਹਨ ਤਾਂ ਫਿਰ ਉਨ੍ਹਾਂ ਦੇ ਸਿਆਸੀ ਭਵਿਖ ‘ਤੇ ਸਵਾਲੀਆ ਨਿਸ਼ਾਨ ਲੱਗ ਜਾਂਦਾ ਹੈ। ਜੇ ਇਉਂ ਕਹਿ ਲਿਆ ਜਾਵੇ ਕਿ ਉਨ੍ਹਾਂ ਦੇ ਸਿਆਸੀ ਕੈਰੀਅਰ ਨੂੰ ਬਰੇਕਾਂ ਲੱਗ ਜਾਂਦੀਆਂ ਹਨ ਤਾਂ ਇਹ ਵੀ ਅਟੱਲ ਸਚਾਈ ਹੈ। ਸਥਾਨਕ ਵਰਕਰਾਂ/ਨੇਤਾਵਾਂ ਦਾ ਭਵਿਖ ਸੁਨਹਿਰਾ ਨਹੀਂ ਬਣ ਸਕਦਾ। ਉਨ੍ਹਾਂ ਦੇ ਚੋਣ ਲੜਕੇ ਰਾਜ ਭਾਗ ਦੇ ਹਿੱਸੇਦਾਰ ਬਣਨ ਦੇ ਸਪਨੇ ਮਿੱਟੀ ਵਿੱਚ ਮਿਲ ਜਾਂਦੇ ਹਨ। ਚੋਣ ਪ੍ਰਚਾਰ ਉਹ ਨਿਰਾਸ਼ਾ ਦੇ ਆਲਮ ਵਿੱਚ ਕਰਦੇ ਹਨ। ਉਨ੍ਹਾਂ ਦੇ ਉਤਸ਼ਾਹ ਖ਼ਤਮ ਹੋ ਜਾਂਦੇ ਹਨ ਅਤੇ ਪਾਰਟੀ ਦੇ ਉਮੀਦਵਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਵਰਕਰ ਪਾਰਟੀ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਪੰਜਾਬ ਵਿੱਚ 13 ਅਤੇ ਇੱਕ ਚੰਡੀਗੜ੍ਹ ਵਿੱਚੋਂ ਲੋਕ ਸਭਾ ਦੇ ਮੈਂਬਰ ਚੁਣੇ ਜਾਣੇ ਹਨ। ਕਾਂਗਰਸ ਹਾਈ ਕਮਾਂਡ ਨੇ ਸਥਾਨਕ ਨੇਤਾਵਾਂ ਨੇਤਾਵਾਂ ਦੀ ਥਾਂ 14 ਉਮੀਦਵਾਰਾਂ ਵਿੱਚੋਂ 4 ਉਮੀਦਵਾਰ ਬਾਹਰਲੇ ਜ਼ਿਲਿ੍ਹਆਂ ਵਿੱਚੋਂ ਲਿਆਕੇ ਮੜ੍ਹ ਦਿੱਤੇ ਹਨ, ਜਿਨ੍ਹਾਂ ਦਾ ਉਨ੍ਹਾਂ ਜ਼ਿਲਿ੍ਹਆਂ ਵਿੱਚ ਕੋਈ ਆਧਾਰ ਨਹੀਂ, ਇਸ ਲਈ ਉਨ੍ਹਾਂ ਨੂੰ ਸਥਾਨਕ ਵਰਕਰਾਂ/ਨੇਤਾਵਾਂ ‘ਤੇ ਨਿਰਭਰ ਰਹਿਣਾ ਪਵੇਗਾ। ਲੁਧਿਆਣਾ ਲਈ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮੁਕਤਸਰ ਜ਼ਿਲ੍ਹੇ ਦੇ ਗਿਦੜਵਾਹਾ ਹਲਕੇ ਤੋਂ ਲਿਆਕੇ ਉਮੀਦਵਾਰ ਬਣਾ ਦਿੱਤਾ ਹੈ, ਉਸ ਨੇ ਗਿਦੜਵਾਹਾ ਵਿਧਾਨ ਸਭਾ ਹਲਕੇ ਤੋਂ 2012 ਵਿੱਚ ਉਸ ਸਮੇਂ ਦੇ ਅਕਾਲੀ ਦਲ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਬਾਦਲ ਪਰਿਵਾਰ ਦੇ ਗੜ੍ਹ ਵਿੱਚ ਸੰਨ੍ਹ ਲਗਾਕੇ ਹਰਾਇਆ ਸੀ ਤੇ ਵਿਧਾਨ ਸਭਾ ਦੇ ਮੈਂਬਰ ਬਣੇ ਸਨ। ਗਿਦੜਵਾਹਾ ਤੋਂ ਉਹ ਤਿੰਨ ਵਾਰ 2012, 2017 ਅਤੇ 2022 ਵਿੱਚ ਵਿਧਾਨ ਸਭਾ ਦੇ ਮੈਂਬਰ ਬਣੇ ਹਨ। ਉਨ੍ਹਾਂ ਦਾ ਬਠਿੰਡਾ ਲੋਕ ਸਭਾ ਹਲਕੇ ਵਿੱਚ ਚੰਗਾ ਆਧਾਰ ਹੈ। 2019 ਦੀਆਂ ਲੋਕ ਸਭਾ ਚੋਣਾ ਸਮੇਂ ਉਹ ਬਠਿੰਡਾ ਤੋਂ ਲੋਕ ਸਭਾ ਦੀ ਚੋਣ ਲੜੇ ਸਨ ਅਤੇ ਥੋੜ੍ਹੇ ਫਰਕ ਨਾਲ ਹਾਰ ਗਏ ਸਨ। ਜੇਕਰ ਉਨ੍ਹਾਂ ਨੂੰ ਉਮੀਦਵਾਰ ਬਣਾਉਣਾ ਹੀ ਸੀ ਤਾਂ ਬਠਿੰਡਾ ਤੋਂ ਬਣਾਉਂਦੇ। ਭਾਵੇਂ ਉਹ ਜੋ ਮਰਜੀ ਬਿਆਨ ਦੇਈ ਜਾਣ ਪ੍ਰੰਤੂ ਦਿਲੋਂ ਉਹ ਲੁਧਿਆਣਾ ਆ ਕੇ ਖ਼ੁਸ਼ ਨਹੀਂ ਹੋਣਗੇ। ਉਹ ਬਠਿੰਡਾ ਤੋਂ ਆਪਣੀ ਪਤਨੀ ਅੰਮ੍ਰਿਤ ਵੜਿੰਗ ਲਈ ਟਿਕਟ ਦੇ ਚਾਹਵਾਨ ਸਨ, ਉਸ ਨੂੰ ਵੀ ਟਿਕਟ ਨਹੀਂ ਦਿੱਤੀ ਗਈ। ਲੁਧਿਆਣਾ ਤੋਂ ਸਥਾਨਕ ਨੇਤਾ ਪੰਜਾਬ ਪ੍ਰਦੇਸ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਨ ਆਸ਼ੂ, ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ ਅਤੇ ਸਾਬਕਾ ਵਿਧਾਇਕ ਸੁਰਿੰਦਰ ਡਾਵਰ ਟਿਕਟ ਦੇ ਦਾਅਵੇਦਾਰ ਸਨ। ਉਨ੍ਹਾਂ ਵਿੱਚੋਂ ਭਾਰਤ ਭੂਸ਼ਨ ਆਸ਼ੂ ਦਾ ਲੁਧਿਆਣਾ ਵਿੱਚ ਚੰਗਾ ਅਸਰ ਰਸੂਖ਼ ਹੈ। ਉਸ ਨੂੰ ਅਣਡਿਠ ਕਰਨਾ ਪਾਰਟੀ ਲਈ ਨੁਕਸਾਨਦਾਇਕ ਹੋਵੇਗਾ। ਜਲੰਧਰ ਲਈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੋਹਾਲੀ ਜ਼ਿਲ੍ਹੇ ਦੇ ਚਮਕੌਰ ਸਾਹਿਬ ਹਲਕੇ ਤੋਂ ਲਿਆਕੇ ਉਮੀਦਵਾਰ ਬਣਾ ਦਿੱਤਾ ਹੈ। ਚਰਨਜੀਤ ਸਿੰਘ ਚੰਨੀ ਚਮਕੌਰ ਸਾਹਿਬ ਹਲਕੇ ਤੋਂ ਦੋ ਵਾਰ ਵਿਧਾਇਕ ਰਹੇ ਹਨ। ਖਰੜ ਦੇ ਵਸਨੀਕ ਹਨ, ਉਨ੍ਹਾਂ ਨੂੰ ਜਲੰਧਰ ਭੇਜਣ ਦੀ ਕੋਈ ਤੁਕ ਨਹੀਂ ਬਣਦੀ ਸੀ, ਵੈਸੇ ਵੀ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਦੋ ਵਿਧਾਨ ਸਭਾ ਹਲਕਿਆਂ ਮੋਹਾਲੀ ਜ਼ਿਲ੍ਹੇ ਦੇ ਚਮਕੌਰ ਸਾਹਿਬ ਅਤੇ ਬਰਨਾਲਾ ਜ਼ਿਲ੍ਹੇ ਦੇ ਭਦੌੜ ਤੋਂ ਚੋਣ ਲੜੇ ਸਨ ਅਤੇ ਚਮਕੌਰ ਸਾਹਿਬ ਦੋਹਾਂ ਸੀਟਾਂ ਤੋਂ ਉਹ ਤੋਂ ਹਾਰ ਗਏ ਸਨ। ਭਦੌੜ ਹਲਕੇ ਤੋਂ ਉਨ੍ਹਾਂ ਦੀ ਜ਼ਮਾਨਤ ਜਬਤ ਹੋ ਗਈ ਸੀ। ਜੇਕਰ ਉਸ ਨੂੰ ਕਾਂਗਰਸ ਦੀ ਚੋਣ ਲੜਾਉਣ ਦੀ ਮਜ਼ਬੂਰੀ ਸੀ ਤਾਂ ਫਤਿਹਗੜ੍ਹ ਸਾਹਿਬ ਹਲਕੇ ਤੋਂ ਚੋਣ ਲੜਾ ਦਿੰਦੇ, ਜਿਹੜਾ ਉਸਦੇ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਦੇ ਨਜ਼ਦੀਕ ਹੈ। ਜਲੰਧਰ ਲੋਕ ਸਭਾ ਹਲਕੇ ਵਿੱਚ ਕਾਂਗਰਸ ਦੇ ਇਕ ਸਦੀ ਤੋਂ ਟਕਸਾਲੀ ਮਾਸਟਰ ਗੁਰਬੰਤਾ ਸਿੰਘ ਦੇ ਪਰਿਵਾਰ ਦੀ ਨੂੰਹ ਕਰਮਜੀਤ ਕੌਰ ਪਤਨੀ ਮਰਹੂਮ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਨੂੰ ਟਿਕਟ ਦੇਣਾ ਬਣਦਾ ਸੀ ਕਿਉਂਕਿ ਉਹ ਉਪ ਚੋਣ ਪਹਿਲਾਂ ਲੜ ਚੁੱਕੀ ਸੀ। ਉਸ ਦਾ ਲੜਕਾ ਵਿਕਰਮਜੀਤ ਸਿੰਘ ਚੌਧਰੀ ਫਿਲੌਰ ਹਲਕੇ ਤੋਂ ਵਿਧਾਨਕਾਰ ਹਨ। ਚਲੋ ਜੇਕਰ ਉਸ ਪਰਿਵਾਰ ਨੂੰ ਟਿਕਟ ਨਹੀਂ ਦੇਣਾ ਸੀ ਤਾਂ ਮਹਿੰਦਰ ਸਿੰਘ ਕੇ.ਪੀ. ਨੂੰ ਟਿਕਟ ਦੇ ਦਿੰਦੇ ਜਿਹੜਾ ਪਹਿਲਾਂ ਵੀ ਉਥੋਂ ਲੋਕ ਸਭਾ ਦਾ ਮੈਂਬਰ ਰਿਹਾ ਹੈ। ਬਾਹਰੀ ਉਮੀਦਵਾਰ ਨੂੰ ਟਿਕਟ ਦੇ ਕੇ ਕਾਂਗਰਸ ਨੇ ਦੋ ਟਕਸਾਲੀ ਪਰਿਵਾਰਾਂ ਨੂੰ ਪਾਰਟੀ ਬਦਲਣ ਲਈ ਮਜ਼ਬੂਰ ਕਰ ਦਿੱਤਾ। ਸੰਗਰੂਰ ਲੋਕ ਸਭਾ ਦੀ ਉਪ ਚੋਣ ਲੜਨ ਵਾਲੇ ਸਾਬਕਾ ਵਿਧਾਇਕ ਦਲਵੀਰ ਗੋਲਡੀ ਖੰਗੂੜਾ ਨੂੰ ਟਿਕਟ ਦੇਣ ਦੀ ਥਾਂ ਸੁਖਪਾਲ ਸਿੰਘ ਖਹਿਰਾ ਨੂੰ ਕਪੂਰਥਲਾ ਜ਼ਿਲ੍ਹੇ ਦੇ ਭੁਲੱਥ ਹਲਕੇ ਤੋਂ ਲਿਆਕੇ ਉਮੀਦਵਾਰ ਬਣਾ ਦਿੱਤਾ ਹੈ। ਬੇਸ਼ੱਕ ਸੁਖਪਾਲ ਸਿੰਘ ਖਹਿਰਾ ਇੱਕ ਬੇਬਾਕ ਧੜੱਲੇਦਾਰ ਵਕਤਾ ਹੈ ਪ੍ਰੰਤੂ ਉਸ ਨੂੰ ਸੰਗਰੂਰ ਵਿੱਚ ਲਿਆਕੇ ਪਾਰਟੀ ਨੇ ਫਸਾ ਦਿੱਤਾ ਹੈ। ਉਸ ਦਾ ਉਥੇ ਕੋਈ ਆਧਾਰ ਨਹੀਂ, ਸਥਾਨਕ ਵਰਕਰ/ਨੇਤਾ ਜਿਹੜੇ ਪਾਰਟੀ ਦੀਆਂ ਦਰੀਆਂ ਵਿਛਾਉਂਦੇ ਰਹੇ, ਉਹ ਨਿਰਾਸ਼ ਹੋ ਗਏ ਹਨ। ਸੰਗਰੂਰ ਦੀ ਟਿਕਟ ਦਾ ਦਾਅਵੇਦਾਰ ਨੌਜਵਾਨ ਨੇਤਾ ਦਲਵੀਰ ਸਿੰਘ ਗੋਲਡੀ ਪਾਰਟੀ ਛੱਡ ਗਿਆ। ਦਲਵੀਰ ਸਿੰਘ ਗੋਲਡੀ ਨੇ ਆਮ ਆਦਮੀ ਪਾਰਟੀ ਦੇ 2022 ਵਿੱਚ ਮੁੱਖ ਮੰਤਰੀ ਦੇ ਉਮੀਦਵਾਰ ਭਗਵੰਤ ਸਿੰਘ ਮਾਨ ਦੇ ਵਿਰੁੱਧ ਡੱਟਕੇ ਚੋਣ ਲੜੀ ਸੀ। ਉਹ ਪਹਿਲਾਂ ਵੀ ਲੋਕ ਸਭਾ ਦੀ ਉਪ ਚੋਣ ਲੜ ਚੁਕਿਆ ਹੈ, ਇਸ ਵਾਰ ਵੀ ਉਹ ਲੜਨਾ ਚਾਹੁੰਦਾ ਸੀ ਪ੍ਰੰਤੂ ਉਸ ਨੂੰ ਦਰਕਿਨਾਰ ਕਰਨ ਕਰਕੇ ਉਹ ਪਾਰਟੀ ਛੱਡ ਗਿਆ। ਜੇਕਰ ਦਲਵੀਰ ਸਿੰਘ ਗੋਲਡੀ ਨੂੰ ਟਿਕਟ ਨਹੀਂ ਦੇਣੀ ਸੀ ਤਾਂ ਸੰਗਰੂਰ ਤੋਂ 2009 ਵਿੱਚ ਲੋਕ ਸਭਾ ਦੇ ਰਹੇ ਮੈਂਬਰ ਤੇ ਫਿਰ 2017 ਵਿੱਚ ਵਿਧਾਨ ਸਭਾ ਦੇ ਮੈਂਬਰ ਵਿਜੇ ਇੰਦਰ ਸਿੰਗਲਾ ਨੂੰ ਦੇ ਦਿੰਦੇ, ਉਹ ਸਥਾਨਕ ਨੇਤਾ ਹੈਗਾ ਸੀ। ਲੋਕਾਂ ਨਾਲ ਤਾਲਮੇਲ ਵੀ ਸੀ। ਪੰਜਾਬ ਸਰਕਾਰ ਵਿੱਚ ਮੰਤਰੀ ਵੀ ਰਿਹਾ ਸੀ। ਸ੍ਰੀ ਆਨੰਦਪੁਰ ਸਾਹਿਬ ਹਲਕੇ ਲਈ ਵਿਜੇ ਇੰਦਰ ਸਿੰਗਲਾ ਨੂੰ ਸੰਗਰੂਰ ਤੋਂ ਲਿਆਕੇ ਉਮੀਦਵਾਰ ਬਣਾ ਦਿੱਤਾ ਹੈ। ਆਨੰਦਪੁਰ ਸਾਹਿਬ ਲਈ ਸਥਾਨਕ ਨੇਤਾ ਰਾਣਾ ਕੇ.ਪੀ.ਸਿੰਘ ਅਤੇ ਬਲਬੀਰ ਸਿੰਘ ਸਿੱਧੂ ਵਿੱਚੋਂ ਇਕ ਨੂੰ ਬਣਾਉਣਾ ਚਾਹੀਦਾ ਸੀ। ਚੰਡੀਗੜ੍ਹ ਹਲਕੇ ਦੇ ਪੁਰਾਣੇ ਮੈਂਬਰ ਲੋਕ ਸਭਾ ਮਂੈਬਰ ਪਵਨ ਬਾਂਸਲ ਨੂੰ ਬਦਲਕੇ ਉਸ ਦੀ ਥਾਂ ‘ਤੇ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਲਿਆ ਕੇ ਮਨੀਸ਼ ਤਿਵਾੜੀ ਨੂੰ ਉਮੀਦਵਾਰ ਬਣਾ ਦਿੱਤਾ ਹੈ। ਮਨੀਸ਼ ਤਿਵਾੜੀ 2009 ਵਿੱਚ ਲੁਧਿਆਣਾ ਅਤੇ 2019 ਵਿੱਚ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਦਾ ਮੈਂਬਰ ਅਤੇ ਡਾ.ਮਨਮੋਹਨ ਸਿੰਘ ਦੀ ਸਰਕਾਰ ਵਿੱਚ ਮੰਤਰੀ ਰਿਹਾ ਹੈ। ਉਹ ਲੁਧਿਆਣਾ ਲਈ ਵੀ ਵਧੀਆ ਉਮੀਦਵਾਰ ਹੋ ਸਕਦਾ ਸੀ। ਪਵਨ ਬਾਂਸਲ 2009 ਵਿੱਚ ਚੰਡੀਗੜ੍ਹ ਤੋਂ ਲੋਕ ਸਭਾ ਮੈਂਬਰ ਅਤੇ ਡਾ.ਮਨਮੋਹਨ ਸਿੰਘ ਦੀ ਸਰਕਾਰ ਵਿੱਚ ਰਾਜ ਮੰਤਰੀ ਰੇਲਵੇ ਰਿਹਾ ਹੈ। ਉਹ ਸਰਬ ਭਾਰਤੀ ਕਾਂਗਰਸ ਕਮੇਟੀ ਦਾ ਥੋੜ੍ਹਾ ਸਮਾਂ ਖ਼ਜਾਨਚੀ ਵੀ ਰਿਹਾ ਹੈ। ਇਸ ਕਰਕੇ ਸਥਾਨਕ ਵਰਕਰਾਂ/ ਨੇਤਾਵਾਂ ਵਿੱਚ ਘੁਸਰ-ਮੁਸਰ ਸ਼ੁਰੂ ਹੋ ਗਈ ਹੈ। ਫਰੀਦਕੋਟ ਵਿੱਚ ਬਜ਼ੁਰਗ ਪੰਜਾਬੀ ਗਾਇਕ ਮੁਹੰਮਦ ਸਦੀਕ ਦੀ ਥਾਂ ਅਕਾਲੀ ਦਲ ਵਿੱਚੋਂ ਆਈ ਅਮਰਜੀਤ ਕੌਰ ਸਾਹੋਕੇ ਨੂੰ ਟਿਕਟ ਦੇ ਦਿੱਤੀ ਹੈ। ਭਾਰਤੀ ਜਨਤਾ ਪਾਰਟੀ ਦੇ ਹੰਸ ਰਾਜ ਹੰਸ ਅਤੇ ਅਨਮੋਲ ਸਿੰਘ ਦੋਵੇਂ ਗਾਇਕਾਂ ਨੂੰ ਮੁਹੰਮਦ ਸਦੀਕ ਟੱਕਰ ਦੇਣ ਦੇ ਕਾਬਲ ਸੀ। ਉਹ ਦੋ ਵਾਰ ਵਿਧਾਇਕ ਅਤੇ ਹੁਣ ਫਰੀਦਕੋਟ ਤੋਂ ਲੋਕ ਸਭਾ ਦਾ ਮੈਂਬਰ ਹੈ। ਕਾਂਗਰਸ ਦੀ ਧੜੇਬੰਦੀ ਨੇ ਮੁਹੰਮਦ ਸਦੀਕ ਦੀ ਟਿਕਟ ਕੱਟਵਾ ਦਿੱਤੀ ਹੈ। ਸਾਰੀ ਵਿਚਾਰ ਚਰਚਾ ਤੋਂ ਬਾਅਦ ਇਹ ਕਿਹਾ ਜਾ ਸਕਦਾ ਹੈ ਕਿ ਕਾਂਗਰਸ ਨੇ ਉਮੀਦਵਾਰਾਂ ਦੀ ਚੋਣ ਸਹੀ ਨਹੀਂ ਕੀਤੀ, ਜਿਸ ਦਾ ਖਮਿਆਜਾ ਪਾਰਟੀ ਨੂੰ ਭੁਗਤਣਾ ਪਵੇਗਾ। ਪੰਜਾਬ ਦੇ ਕਾਂਗਰਸੀ ਟਿਕਟਾਂ ਦੀ ਵੰਡ ਨੂੰ ਧੜੇਬੰਦੀ ਦਾ ਸਬੂਤ ਕਹਿ ਰਹੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ 2027 ਵਿੱਚ ਖਾਲੀ ਹੋਣ ਵਾਲੀ ਮੁੱਖ ਮੰਤਰੀ ਦੀ ਕੁਰਸੀ ਦੀ ਝਾਕ ਵਿੱਚ ਇੱਕ ਵੱਡੇ ਨੇਤਾ ਨੇ ਬਾਕੀ ਸੀਨੀਅਰ ਦਾਅਵੇਦਾਰ ਲੋਕ ਸਭਾ ਦੀਆਂ ਚੋਣਾ ਵਿੱਚ ਫਸਾ ਦਿੱਤੇ ਹਨ ਤਾਂ ਜੋ ਉਸ ਦੇ ਰਸਤੇ ਦਾ ਰੋੜਾ ਨਾ ਬਣ ਸਕਣ। ਜੇ ਕਿਤੇ ਦਿਗਜ਼ ਨੇਤਾ ਚੋਣ ਹਾਰ ਗਏ ਤਾਂ ਉਨ੍ਹਾਂ ਦਾ ਭਵਿਖ ਵੀ ਖ਼ਤਰੇ ਵਿੱਚ ਪੈ ਸਕਦਾ ਹੈ। ਨਵੇਂ ਫਾਰਮੂਲੇ ਪਹਿਲਾਂ ਵੀ ਕਾਂਗਰਸ ਲਈ ਸਾਰਥਿਕ ਸਾਬਤ ਨਹੀਂ ਹੋ ਸਕੇ। ਤੇਲ ਦੇਖੋ ਤੇ ਤੇਲ ਦੀ ਧਾਰ ਵੇਖੋ ਕਿ 4 ਜੂਨ ਨੂੰ ਊਂਟ ਕਿਸ ਕਰਵਟ ਬੈਠਦਾ ਹੈ।
ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com