ਹੋਲੀ ਤੇ ਵਿਸ਼ੇਸ਼ - ਹੋਲੀ ਦਾ ਤਿਉਹਾਰ ਸਾਵਧਾਨੀ ਨਾਲ ਮਨਾਈਏ ! - ਨਵਨੀਤ ਅਨਾਇਤਪੁਰੀ

ਹੋਲੀ ਭਾਰਤ ਦਾ ਇੱਕ ਪ੍ਰਸਿੱਧ ਤਿਉਹਾਰ ਹੈ । ਰੰਗਾਂ ਦਾ ਤਿਉਹਾਰ ਕਿਹਾ ਜਾਣ ਵਾਲਾ ਇਹ ਤਿਉਹਾਰ ਫੱਗਣ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ । ਕਈ ਥਾਂਵਾਂ ਤੇ ਇਹ 'ਹੋਲਿਕਾ ਦਹਿਨ' ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ।  ਬਸੰਤ ਰੁੱਤ ਵਿੱਚ ਮਨਾਏ ਜਾਣ ਵਾਲੇ ਇਸ ਤਿਉਹਾਰ ਨੂੰ ਜ਼ਿਆਦਾਤਰ ਲੋਕ ਇੱਕ ਦੂਜੇ ਦੇ ਰੰਗ ਲਗਾ ਕੇ ਮਨਾਉਂਦੇ ਹਨ । ਲੋਕ ਢੋਲ ਦੀ ਤਾਲ 'ਤੇ ਨੱਚਦੇ ਹੋਏ ਘਰ-ਘਰ ਜਾ ਕੇ ਆਪਣੇ ਦੋਸਤਾਂ/ਰਿਸ਼ਤੇਦਾਰਾਂ ਨੂੰ ਰੰਗ ਲਗਾਉਂਦੇ ਹਨ । ਅਜਿਹਾ ਮੰਨਿਆ ਜਾਂਦਾ ਹੈ ਕਿ ਹੋਲੀ ਦੇ ਦਿਨ ਲੋਕ ਆਪਣੀ ਨਫਰਤ ਭੁੱਲ ਕੇ ਇੱਕ ਦੂਜੇ ਦੇ ਗਲੇ ਮਿਲਦੇ ਹਨ ਅਤੇ ਫਿਰ ਤੋਂ ਮਿੱਤਰਤਾ ਦੀ ਸ਼ੁਰੂਆਤ ਕਰਦੇ ਹਨ ।
ਪਰ ਅੱਜ ਕੱਲ੍ਹ ਆਮ ਵੇਖਣ ਵਿੱਚ ਆ ਰਿਹਾ ਹੈ ਕਿ ਲੋਕ ਕੈਮੀਕਲ ਰੰਗਾਂ ਅਤੇ ਪੱਕੇ ਰੰਗਾਂ ਦੀ ਵਰਤੋਂ ਇੱਕ ਦੂਜੇ ਨੂੰ ਲਗਾਉਣ ਮੌਕੇ ਕਰਦੇ ਹਨ । ਪੱਕੇ ਰੰਗਾਂ ਨਾਲ ਇੱਕ ਦੂਜੇ ਦੇ ਮੂੰਹ ਦਿੱਤੇ ਜਾਂਦੇ ਹਨ ਤੇ ਇਹ ਰੰਗ ਕਈ ਦਿਨਾਂ ਤੱਕ ਨਹੀਂ ਉੱਤਰਦਾ ਅਤੇ ਇਹ ਰੰਗ ਅੱਖਾਂ ਵਿੱਚ ਪੈ ਜਾਣ ਨਾਲ ਨਿਗ੍ਹਾ ਲਈ ਵੀ ਹਾਨੀਕਾਰਕ ਸਿੱਧ ਹੋ ਸਕਦਾ ਹੈ । ਇਸਤੋਂ ਇਲਾਵਾ ਕੈਮੀਕਲ ਰੰਗਾਂ ਕਾਰਨ ਸਿਰ ਦੇ ਵਾਲ ਝੜ੍ਹਨ ਅਤੇ ਚਮੜੀ ਦੀਆਂ ਕਈ ਬਿਮਾਰੀਆਂ ਦੀ ਸ਼ਿਕਾਇਤ ਵੀ ਅਕਸਰ ਹੋ ਜਾਂਦੀ ਹੈ । ਇਸ ਲਈ ਕੈਮੀਕਲ ਰੰਗਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ।
ਇਸ ਤੋਂ ਇਲਾਵਾ ਬਹੁਤ ਸਾਰੇ ਲੋਕ ਰੰਗਾਂ ਦੀ ਥਾਂ ਆਂਡਿਆਂ, ਟਮਾਟਰਾਂ, ਗਰੀਸ, ਮਕੈਨੀਕਲ ਤੇਲ ਆਦਿ ਦੀ ਵਰਤੋਂ ਵੀ ਇੱਕ ਦੂਜੇ ਤੇ ਸੁੱਟਣ ਲਈ ਕਰਦੇ ਹਨ ਜੋ ਕਿ ਇਸ ਤਿਉਹਾਰ ਨੂੰ ਮਨਾਉਣ ਦੇ ਉਦੇਸ਼ ਤੋਂ ਭਟਕਣਾ ਹੈ । ਇਸ ਦਿਨ ਅਜਿਹੀਆਂ ਚੀਜ਼ਾਂ ਦੀ ਵਰਤੋਂ ਦੀ ਥਾਂ ਹੋਲੀ ਦੇ ਕੁਦਰਤੀ ਰੰਗਾਂ ਦਾ ਨਿਰਮਾਣ ਆਪਣੇ ਘਰਾਂ ਵਿੱਚ ਹਲਦੀ, ਚੰਦਨ ਦੀ ਲੱਕੜ, ਮਹਿੰਦੀ ਆਦਿ ਤੋਂ ਹੋ ਸਕਦਾ ਹੈ ਤੇ ਇਹ ਬਾਜ਼ਾਰ ਨਾਲੋਂ ਸਸਤੇ ਵੀ ਪੈਂਦੇ ਹਨ ।
ਹੋਲੀ ਵਾਲੇ ਦਿਨ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਮੋਟਰਸਾਈਕਲਾਂ/ਕਾਰਾਂ ਤੇ ਸਵਾਰ ਹੋ ਕੇ ਸੜਕਾਂ ਤੇ ਹੋਲੀ ਮਨਾਉਂਦੇ ਅਣਜਾਣ ਬੰਦਿਆਂ 'ਤੇ ਰੰਗ ਪਾਉਂਦੇ ਹਨ । ਜਿਸ ਨਾਲ ਇੱਕ ਪਾਸੇ ਤਾਂ ਪੈਟਰੋਲ ਦੀ ਬਰਬਾਦੀ ਹੋਣ ਦੇ ਨਾਲ ਪ੍ਰਦੂਸ਼ਣ ਵੀ ਵੱਧਦਾ ਹੈ ਤੇ ਦੂਜੇ ਪਾਸੇ ਅਣਜਾਣ ਬੰਦਿਆਂ ਤੇ ਰੰਗ ਪਾਉਣ ਨਾਲ ਝਗੜਾ ਵੀ ਹੋ ਜਾਂਦਾ ਹੈ ਜੋ ਕਈ ਵਾਰ ਭਿਆਨਕ ਰੂਪ ਧਾਰਨ ਕਰ ਲੈਂਦਾ ਹੈ । ਇਸਤੋਂ ਬਚਣਾ ਚਾਹੀਦਾ ਹੈ ਤੇ ਨਾਲ ਹੀ ਇਸ ਸਮੇਂ ਅਲਕੋਹਲ ਦਾ ਜ਼ਿਆਦਾ ਸੇਵਨ ਕਰਨਾ ਵੀ ਹਾਦਸਿਆਂ ਨੂੰ ਸੱਦਾ ਦੇਣ ਵਾਲਾ ਸਾਬਿਤ ਹੋ ਸਕਦਾ ਹੈ । ਸੋ ਇਹ ਤਿਉਹਾਰ ਸੰਕੋਚ ਨਾਲ ਆਪਣੇ ਭਾਈਚਾਰੇ ਨਾਲ ਹੀ ਮਨਾਓ ।
ਇਸ ਸਮੇਂ ਬੋਰਡ ਦੀਆਂ ਪ੍ਰੀਖਿਆਵਾਂ ਚੱਲ ਰਹੀਆਂ ਹਨ ਤੇ ਵਿਦਿਆਰਥੀਆਂ ਨੂੰ ਹੋਲੀ ਮਨਾਉਣ ਵੇਲੇ ਬਹੁਤ ਸੰਕੋਚ ਤੋਂ ਕੰਮ ਲੈਣਾ ਚਾਹੀਦਾ ਹੈ ਤੇ ਘਰ ਤੋਂ ਬਾਹਰ ਹੋਲੀ ਮਨਾਉਣ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਕੈਮੀਕਲ ਰੰਗਾਂ, ਆਂਡਿਆਂ, ਮਕੈਨੀਕਲ ਤੇਲ, ਗਰੀਸ ਆਦਿ ਦੀ ਰੰਗਾਂ ਨਾਲ ਮਿਲਾ ਕੇ ਕੀਤੀ ਜਾਂਦੀ ਵਰਤੋਂ ਕਾਰਨ ਚਮੜੀ ਦੇ ਰੋਗਾਂ ਦੀ ਸਮੱਸਿਆ ਵੀ ਆ ਸਕਦੀ ਹੈ ਤੇ ਉਨ੍ਹਾਂ ਦੇ ਪ੍ਰੀਖਿਆਵਾਂ ਠੀਕ ਢੰਗ ਨਾਲ ਦੇਣ ਵਿੱਚ ਵਿਘਨ ਪੈ ਸਕਦਾ ਹੈ । ਸੋ ਬਚਾਓ ਵਿੱਚ ਹੀ ਬਚਾਓ ਹੈ ।
ਅੰਤ ਵਿੱਚ ਮੈਂ ਇਹੀ ਕਹਾਂਗਾ ਕਿ ਇਹ ਤਿਉਹਾਰ ਮਨੁੱਖ ਦੇ ਦਿਲ ਵਿੱਚ ਖੁਸ਼ੀ ਦਾ ਰੰਗ ਭਰ ਦਿੰਦਾ ਹੈ । ਇਸਨੂੰ ਮਨਾਉਣ ਦਾ ਅਸਲ ਉਦੇਸ਼ ਮਨੁੱਖਤਾ ਦੇ ਦਿਲਾਂ ਵਿੱਚ ਪਿਆਰ ਤੇ ਭਾਈਚਾਰੇ ਦੀ ਭਾਵਨਾ ਨੂੰ ਉਜ਼ਾਗਰ ਕਰਨਾ ਹੈ । ਧੂਮਧਾਮ ਨਾਲ ਹੋਲੀ ਮਨਾਓ, ਪਰ ਸਾਵਧਾਨੀ ਵਰਤਣੀ ਅਤਿ ਲਾਜ਼ਮੀ ਹੈ ।
ਹੋਲੀ ਸਬੰਧੀ ਲੋਕ ਗੀਤ ਦੇ ਬੋਲ ਹਨ ...
''ਫੱਗਣ ਦੇ ਮਹੀਨੇ ਸਰ੍ਹੋਂ ਖੇਤੀਂ ਫੁੱਲੀ ਏ,
ਹੋਲੀ ਦੀ ਬਹਾਰ ਧਰਤੀ 'ਤੇ ਡੁੱਲ੍ਹੀ ਏ । ''
ਨਵਨੀਤ ਅਨਾਇਤਪੁਰੀ
98145-09900