ਗੌਤਮ ਬੁੱਧ ਦਾ ਜੀਵਨ ਅਤੇ ਸਿੱਖਿਆਵਾਂ - ਪੂਜਾ ਸ਼ਰਮਾ
ਪੂਰੀ ਦੁਨੀਆ ਨੂੰ ਸ਼ਾਂਤੀ, ਦਇਆ, ਸਹਿਣਸ਼ੀਲਤਾ, ਸਮਤਾ ਅਤੇ ਸਦਭਾਵਨਾ ਦਾ ਪਾਠ ਸਿਖਾਉਣ ਵਾਲੇ ਗੌਤਮ ਬੁੱਧ ਜਾਂ ਸਿਧਾਰਥ ਗੌਤਮ ਦੇ ਜਨਮ ਦਿਵਸ, ਗਿਆਨ ਪ੍ਰਾਪਤੀ ਦਿਵਸ ਅਤੇ ਮਹਾਂਪਰੀਨਿਰਵਾਣ ਦਿਵਸ ਨੂੰ ਬੁੱਧ ਪੂਰਨਮਾ ਨਾਂ ਨਾਲ ਜਾਣਿਆ ਜਾਂਦਾ ਹੈ। ਇਹਨਾਂ ਨੂੰ ਹੀ ਬੁੱਧ ਧਰਮ ਦੇ ਪਰਿਵਰਤਕ ਦੇ ਰੂਪ ਵਿੱਚ ਮੰਨਿਆ ਜਾਂਦਾ ਹੈ ਅਤੇ ਇਹਨਾਂ ਦੀਆਂ ਸਿੱਖਿਆਵਾਂ ਉੱਤੇ ਹੀ ਬੁੱਧ ਧਰਮ ਪ੍ਰਚਲਿਤ ਹੋਇਆ।
ਸਿਧਾਰਥ ਗੌਤਮ ਦਾ ਜਨਮ ਨੇਪਾਲ ਵਿਖੇ ਕਪਿਲ ਵਸਤੂ ਦੇ ਨੇੜੇ ਲੂੰਬਿਨੀ ਵਿੱਚ 563 ਈਸਾ ਪੂਰਵ ਸ਼ਾਕਿਆ ਕੁੱਲ ਦੇ ਰਾਜਾ ਸ਼ੁਧੋਧਨ ਦੇ ਘਰ ਹੋਇਆ। ਇਹਨਾਂ ਦੀ ਮਾਂ ਦਾ ਨਾਂ ਮਹਾ ਮਾਇਆ ਸੀ ਜੋ ਇਹਨਾਂ ਦੇ ਜਨਮ ਤੋਂ ਸੱਤ ਦਿਨ ਬਾਅਦ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ ਗਈ। ਇਹਨਾਂ ਦਾ ਪਾਲਣ ਪੋਸ਼ਣ ਇਹਨਾਂ ਦੀ ਮਾਤਾ ਦੀ ਛੋਟੀ ਭੈਣ ਮਹਾ ਪ੍ਰਜਾਪਤੀ ਗੌਤਮੀ ਨੇ ਕੀਤਾ।
ਸਿੱਧਾਰਥ ਦੇ ਨਾਮਕਰਨ ਸਮਾਰੋਹ ਵਿੱਚ ਰਾਜਾ ਸ਼ੁੱਧੋਧਨ ਨੇ ਅੱਠ ਬ੍ਰਾਹਮਣ ਵਿਦਵਾਨਾਂ ਨੂੰ ਬੁਲਾਇਆ ਅਤੇ ਸਾਰਿਆਂ ਨੇ ਹੀ ਇਹ ਭਵਿੱਖਵਾਣੀ ਕੀਤੀ ਕਿ ਬੱਚਾ ਜਾਂ ਤਾਂ ਇੱਕ ਮਹਾਨ ਰਾਜਾ ਬਣੇਗਾ ਜਾਂ ਇੱਕ ਮਹਾਨ ਪਥ ਪ੍ਰਦਰਸ਼ਕ ਬਣੇਗਾ।
ਸਿਧਾਰਥ ਦਾ ਮਨ ਬਚਪਨ ਤੋਂ ਹੀ ਕਰੁਣਾ ਅਤੇ ਦਇਆ ਨਾਲ ਭਰਿਆ ਹੋਇਆ ਸੀ। ਉਸਦੇ ਜੀਵਨ ਵਿੱਚ ਕੁਝ ਅਜਿਹੀਆਂ ਘਟਨਾਵਾਂ ਤੋਂ ਪਤਾ ਚੱਲਦਾ ਹੈ ਕਿ ਉਹ ਕਿੰਨੇ ਕੋਮਲ ਦਿਲ ਦਾ ਮਾਲਿਕ ਸੀ। ਇੱਕ ਵਾਰ ਘੁੜ ਦੌੜ ਵਿੱਚ ਜਦੋਂ ਘੋੜਾ ਦੌੜਦੇ ਹੋਏ ਥੱਕ ਗਿਆ ਅਤੇ ਉਸਦੇ ਮੂੰਹ ਵਿੱਚੋਂ ਝੱਗ ਨਿਕਲਣ ਲੱਗੀ ਤਾਂ ਸਿਧਾਰਥ ਜਿੱਤੀ ਹੋਈ ਬਾਜ਼ੀ ਵੀ ਜਾਨ ਬੁਝ ਕੇ ਹਾਰ ਗਿਆ ਕਿਉਂਕਿ ਉਸ ਤੋਂ ਉਸ ਘੋੜੇ ਦਾ ਦੁਖੀ ਹੋਣਾ ਦੇਖਿਆ ਨਹੀਂ ਗਿਆ। ਇਸੇ ਤਰ੍ਹਾਂ ਇੱਕ ਵਾਰ ਜਦੋਂ ਸਿਧਾਰਥ ਦੇ ਭਰਾ ਦੇਵ ਦੱਤ ਨੇ ਤੀਰ ਨਾਲ ਇੱਕ ਹੰਸ ਨੂੰ ਜ਼ਖਮੀ ਕਰ ਦਿੱਤਾ। ਉਸ ਵੇਲੇ ਸਿਧਾਰਥ ਨੇ ਉਸ ਹੰਸ ਦੇ ਜੀਵਨ ਦੀ ਰੱਖਿਆ ਕੀਤੀ। ਸਿਧਾਰਥ ਨੇ ਰਾਜ ਕਾਜ ਅਤੇ ਯੁੱਧ ਵਿੱਦਿਆ ਦੀ ਵੀ ਸਿੱਖਿਆ ਲਈ। ਕੁਸ਼ਤੀ, ਤੀਰਅੰਦਾਜ਼ੀ, ਘੋੜ ਦੌੜ ਵਿੱਚ ਉਸ ਦਾ ਕੋਈ ਸਾਨੀ ਨਹੀਂ ਸੀ। 16 ਸਾਲ ਦੀ ਉਮਰ ਵਿੱਚ ਉਸ ਦਾ ਵਿਆਹ ਯਸ਼ੋਧਰਾ ਨਾਲ ਕਰ ਦਿੱਤਾ ਗਿਆ। ਆਪਣੇ ਪੁੱਤਰ ਨੂੰ ਸੰਸਾਰਿਕ ਭੋਗਾਂ ਵਿੱਚ ਬੰਨ ਕੇ ਰੱਖਣ ਲਈ ਸਿਧਾਰਥ ਦੇ ਪਿਤਾ ਨੇ ਮੌਸਮ ਮੁਤਾਬਕ ਤਿੰਨ ਮਹਿਲ ਬਣਾਏ। ਸਿਧਾਰਥ ਦੇ ਘਰ ਰਾਹੁਲ ਦਾ ਜਨਮ ਹੋਇਆ ਪਰ ਵਿਆਹ ਤੋਂ ਬਾਅਦ ਉਸਦਾ ਮਨ ਵੈਰਾਗ ਦੇ ਵਿੱਚ ਚਲਾ ਗਿਆ ਅਤੇ 29 ਸਾਲ ਦੀ ਉਮਰ ਵਿੱਚ ਉਸ ਨੇ ਘਰ ਤਿਆਗ ਦਿੱਤਾ। ਜਦੋਂ ਬਸੰਤ ਰੁੱਤ ਵਿੱਚ ਇੱਕ ਦਿਨ ਸੈਰ ਕਰਦੇ ਹੋਏ ਉਸ ਨੂੰ ਸੜਕ ਤੇ ਬੁੱਢਾ ਆਦਮੀ, ਰੋਗੀ, ਸ਼ਵ ਅਤੇ ਸੰਨਿਆਸੀ ਦਿਖੇ ਅਤੇ ਸੰਸਾਰ ਦੀਆਂ ਸਾਰੀਆਂ ਭਾਵਨਾਵਾਂ ਅਤੇ ਕਾਮਨਾਵਾਂ ਤੋਂ ਮੁਕਤ ਖੁਸ਼ ਸੰਨਿਆਸੀ ਨੂੰ ਦੇਖ ਕੇ ਸਿਧਾਰਥ ਆਕਰਸ਼ਿਤ ਹੋ ਗਿਆ।
ਸਿਧਾਰਥ ਦੇ ਪਹਿਲੇ ਗੁਰੂ ਅਲਾਰ ਕਲਾਮ ਸੀ ਜਿਨਾਂ ਤੋਂ ਉਸਨੇ ਸੰਨਿਆਸ ਕਾਲ ਵਿੱਚ ਸਿੱਖਿਆ ਪ੍ਰਾਪਤ ਕੀਤੀ ਅਤੇ 35 ਸਾਲ ਦੀ ਉਮਰ ਵਿੱਚ ਵਿਸਾਖ ਪੂਰਨਮਾ ਵਾਲੇ ਦਿਨ ਪਿੱਪਲ ਰੁੱਖ ਦੇ ਥੱਲੇ ਸਿਧਾਰਥ ਨੂੰ ਬੋਧ ਗਆ ਵਿੱਚ ਗਿਆਨ ਪ੍ਰਾਪਤ ਹੋਇਆ ਅਤੇ ਉਨਾਂ ਦਾ ਨਾਂ ਗੌਤਮ ਬੁੱਧ ਪਿਆ।
ਗੌਤਮ ਬੁੱਧ ਨੇ ਆਪਣਾ ਪਹਿਲਾ ਉਪਦੇਸ਼ ਬਨਾਰਸ ਦੇ ਨੇੜੇ ਸਾਰਨਾਥ ਵਿਖੇ ਦਿੱਤਾ। ਇਸ ਘਟਨਾ ਨੂੰ ਪਰਮ ਚੱਕਰ ਪਰਿਵਰਤਨ ਕਿਹਾ ਜਾਂਦਾ ਹੈ। ਸਾਰਨਾਥ ਤੋਂ ਬੁੱਧ ਬਨਾਰਸ ਗਏ ਤੇ ਉਥੇ 60 ਭਿਖੂਆਂ ਨੇ ਮਿਲ ਕੇ ਸੰਘ ਦਾ ਨਿਰਮਾਣ ਕੀਤਾ। 483 ਈਸਵੀ ਪੂਰਵ ਬੁੱਧ ਨੂੰ ਵਿਸਾਖ ਪੁੰਨਿਆ ਵਾਲੇ ਦਿਨ ਮਹਾਂ ਨਿਰਵਾਣ ਪ੍ਰਾਪਤ ਹੋਇਆ।
ਗੌਤਮ ਬੁੱਧ ਨੇ ਲੋਕਾਂ ਨੂੰ ਮੱਧ ਮਾਰਗ ਦਾ ਉਪਦੇਸ਼ ਦਿੱਤਾ ਉਹਨਾਂ ਨੇ ਦੁੱਖ, ਉਸਦੇ ਕਾਰਨ ਅਤੇ ਨਿਵਾਰਨ ਲਈ ਅਸ਼ਟਾਂਗਿਕ ਮਾਰਗ ਵੀ ਸੁਝਾਇਆ। ਉਹਨਾਂ ਨੇ ਅਹਿੰਸਾ ਤੇ ਬਹੁਤ ਜ਼ੋਰ ਦਿੱਤਾ ਹੈ ਅਤੇ ਯਗ ਅਤੇ ਪਸ਼ੂਬਲੀ ਦੀ ਨਿੰਦਾ ਕੀਤੀ। ਬੁੱਧ ਧਰਮ ਦਾ ਸਾਰ ਆਤਮ ਗਿਆਨ ਦੀ ਪ੍ਰਾਪਤੀ ਹੈ।ਇਹ ਜੀਵਨ ਦੇ ਅਜਿਹੇ ਤਰੀਕੇ ਦੇ ਵੱਲ ਇਸ਼ਾਰਾ ਕਰਦਾ ਹੈ ਜੋ ਆਤਮ ਭੋਗ ਅਤੇ ਆਤਮ ਤਿਆਗ ਤੋਂ ਬਚਦਾ ਹੈ। ਬੁੱਧ ਧਰਮ ਵਿੱਚ ਕੋਈ ਵੀ ਦੇਵਤਾ ਨਹੀਂ ਹੈ। ਬੁੱਧ ਨੇ ਮੱਠ ਵਾਸੀ ਵਿਵਸਥਾ ਅਤੇ ਆਮ ਲੋਕਾਂ ਲਈ ਅਚਾਰ ਸਹਿਤਾਂ ਦੀ ਸਥਾਪਨਾ ਕੀਤੀ ਜਿਸ ਨੂੰ ਪੰਚਸ਼ੀਲ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ।
ਬੁੱਧ ਦੀ ਸਿੱਖਿਆ ਮੌਖਿਕ ਸੀ। ਉਨਾਂ ਦੀਆਂ ਸਿੱਖਿਆਵਾਂ ਨੂੰ ਲਗਭਗ 25 ਈਸਾ ਪੂਰਵ ਪਾਲੀ ਭਾਸ਼ਾ ਵਿੱਚ ਲਿਖਿਆ ਗਿਆ। ਉਨਾਂ ਦੇ ਧਾਰਮਿਕ ਗ੍ਰੰਥਾਂ ਵਿੱਚ ਤਿੰਨ ਪਿਟਕ,ਦਿਵਿਆ ਵਿਧਾਨ,ਦੀਪ ਵੰਸ਼, ਮਹਾਂਵੰਸ਼ ਆਦਿ ਸ਼ਾਮਿਲ ਹਨ।
ਭਾਰਤ ਦੀ ਕਲਾ ਅਤੇ ਵਾਸਤੂ ਕਲਾ ਵਿੱਚ ਬੁੱਧ ਧਰਮ ਦਾ ਬਹੁਤ ਵੱਡਾ ਯੋਗਦਾਨ ਹੈ। ਸਾਂਚੀ ਅਤੇ ਗਆ ਦੇ ਸਤੂਪ ਵਾਸਤੂ ਕਲਾ ਦੇ ਵਿਲੱਖਣ ਨਮੂਨੇ ਹਨ। ਇਨਾਂ ਨੇ ਤਕਸ਼ਸ਼ਿਲਾ, ਨਾਲੰਦਾ ਅਤੇ ਵਿਕਰਮ ਸ਼ਿਲਾ ਵਰਗੇ ਵਿਸ਼ਵ ਵਿਦਿਆਲਿਆਂ ਦੇ ਰਾਹੀਂ ਸਿੱਖਿਆ ਦਾ ਪ੍ਰਸਾਰ ਕੀਤਾ। ਪਾਲੀ ਭਾਸ਼ਾ ਦਾ ਵਿਕਾਸ ਬੁੱਧ ਧਰਮ ਦੀਆਂ ਸਿੱਖਿਆਵਾਂ ਨਾਲ ਹੋਇਆ।
ਬੁੱਧ ਦੇ ਜੀਵਨ ਕਾਲ ਵਿੱਚ ਹੀ ਬੁੱਧ ਧਰਮ ਦੇ ਪ੍ਰਚਾਰ ਨਾਲ ਭਿਖੂਆਂ ਦੀ ਸੰਖਿਆ ਵਧਣ ਲੱਗੀ। ਵੱਡੇ ਵੱਡੇ ਰਾਜਾ ਮਹਾਰਾਜਾ ਵੀ ਉਹਨਾਂ ਦੇ ਸ਼ਿਸ਼ ਬਣ ਗਏ। ਸ਼ੁੱਧੋਧਨ, ਸਮਰਾਟ ਅਸ਼ੋਕ, ਬਿੰਦੂਸਾਰ ਅਤੇ ਰਾਹੁਲ ਨੇ ਵੀ ਬੁੱਧ ਧਰਮ ਦੀ ਦੀਕਸ਼ਾ ਲਈ। ਬਾਅਦ ਵਿੱਚ ਬੁੱਧ ਨੇ ਇਸਤਰੀਆਂ ਨੂੰ ਵੀ ਸੰਘ ਵਿੱਚ ਲੈਣ ਲਈ ਮਨਜ਼ੂਰੀ ਦੇ ਦਿੱਤੀ। ਉਨਾਂ ਨੇ ਲੋਕ ਕਲਿਆਣ ਲਈ ਆਪਣੇ ਧਰਮ ਦਾ ਦੇਸ਼ ਵਿਦੇਸ਼ ਵਿੱਚ ਪ੍ਰਚਾਰ ਕਰਨ ਲਈ ਭਿੱਖੂਆਂ ਨੂੰ ਭੇਜਿਆ। ਮੌੌਰਿਆ ਕਾਲ ਤੱਕ ਭਾਰਤ ਤੋਂ ਨਿਕਲ ਕੇ ਬੁੱਧ ਧਰਮ ਚੀਨ, ਜਪਾਨ, ਕੋਰੀਆ, ਮੰਗੋਲੀਆ, ਬਰਮਾ, ਥਾਈਲੈਂਡ, ਸ਼੍ਰੀਲੰਕਾ ਆਦਿ ਵਿੱਚ ਫੈਲ ਚੁੱਕਿਆ ਸੀ।
ਅੰਤ ਵਿੱਚ ਬੁੱਧ ਪੁੰਨਿਆ ਦੇ ਸ਼ੁਭ ਮੌਕੇ ਤੇ ਮੈਂ ਕਹਿਣਾ ਚਾਹੁੰਦੀ ਹਾਂ ਕਿ ਗੌਤਮ ਬੁੱਧ ਜੀ ਦੀਆਂ ਸਿੱਖਿਆਵਾਂ ਜਿਵੇਂ ਕਿ ਸਹੀ ਸਮਝ, ਸਹੀ ਵਿਚਾਰ, ਸਹੀ ਬੋਲ ਚਾਲ, ਸਹੀ ਕੰਮ, ਸਹੀ ਜੀਵਨ, ਸਹੀ ਕੋਸ਼ਿਸ਼, ਸਹੀ ਚੇਤਨਤਾ ਅਤੇ ਸਹੀ ਇਕਾਗਰਤਾ ਦਾ ਪਾਲਨ ਜਿੱਥੇ ਇੱਕ ਮਨੁੱਖ ਦੇ ਵਿਅਕਤੀਗਤ ਕਲਿਆਣ ਲਈ ਲਾਹੇਵੰਦ ਹਨ ਉਥੇ ਇਹ ਸਮੂਹ ਸਮਾਜ ਦੇ ਪਰਿਵਰਤਨ ਅਤੇ ਕਲਿਆਣ ਲਈ ਉਪਯੋਗੀ ਸਿੱਧ ਹੋ ਸਕਦੀਆਂ ਹਨ। ਜਰੂਰਤ ਹੈ ਉਨਾਂ ਦੀਆਂ ਸਿੱਖਿਆਵਾਂ ਨੂੰ ਸੱਚੇ ਮਨ ਨਾਲ ਧਾਰਨ ਕਰੀਏ ਅਤੇ ਆਪਣਾ ਅਤੇ ਪੂਰੀ ਮਾਨਵ ਜਾਤੀ ਦਾ ਵਧੀਆ ਭਵਿੱਖ ਬਣਾਈਏ।
ਪੂਜਾ ਸ਼ਰਮਾ
ਸਟੇਟ ਅਵਾਰਡੀ ਅੰਗਰੇਜ਼ੀ ਲੈਕਚਰਾਰ
ਨਵਾਂ ਸ਼ਹਿਰ