ਦਿਲ ਲਗੀ - ਰਵਿੰਦਰ ਸਿੰਘ ਕੁੰਦਰਾ ਕਵੈਂਟਰੀ ਯੂ ਕੇ

ਕੋਈ ਦਸਤਕ ਦੇ ਕੇ ਮੁੜ ਗਿਆ, ਦਿਲ ਦੇ ਦਰਵਾਜ਼ੇ,
ਦਿਲ ਰਹਿ ਗਿਆ ਕੁੱਛ ਲਾਂਵਦਾ, ਕਿਆਫ਼ੇ ਅੰਦਾਜ਼ੇ।

ਕੌਣ ਸੀ ਉਹ ਅਜਨਬੀ, ਅਤੇ ਕਿਉਂ ਸੀ ਆਇਆ,
ਸਵਾਲ ਜਵਾਬ ਕਈ ਉੱਭਰਦੇ, ਕੱਸਣ ਆਵਾਜ਼ੇ।

ਕੀ ਕਿਸੇ ਨੇ ਕੀਤੀਆਂ ਕੋਸ਼ਿਸ਼ਾਂ, ਦਿਲਬਰੀ ਦੀਆਂ?
ਜਾਂ ਕਰ ਰਿਹਾ ਸੀ ਦਿਲ ਲਗੀ, ਹੋ ਆਸੇ ਪਾਸੇ?

ਟੁੰਬੀਆਂ ਗਈਆਂ ਕਈ ਸੱਧਰਾਂ, ਪਣਪੀਆਂ ਉਮੀਦਾਂ,
ਸਵਾਦ ਸਵਾਦ ਮਨ ਹੋ ਗਿਆ, ਜਿਵੇਂ ਸ਼ਹਿਦ ਪਤਾਸੇ।

ਸ਼ਹਿ ਮਿਲ਼ੀ ਜਜ਼ਬਾਤਾਂ ਨੂੰ, ਫਿਰ ਪ੍ਰਬਲ ਹੋਣ ਦੀ,
ਮਿਲ਼ ਜਾਵਣ ਕਿਤੇ ਰੂਹ ਨੂੰ, ਮੁਸਕਰਾਹਟਾਂ ਹਾਸੇ।

ਹਾਏ! ਆਵੇ ਫੇਰ ਉਹ ਪਰਤ ਕੇ, ਕਿਤੇ ਭੁੱਲ ਭੁਲੇਖੇ,
ਮਿਲ਼ ਜਾਵਣ ਕਿਤੇ ਜਿੰਦ ਨੂੰ, ਤਸੱਲੀਆਂ ਤੇ ਦਿਲਾਸੇ।

ਹੁਣ ਯਾਦ ਹੀ ਬਾਕੀ ਰਹਿ ਗਈ, ਜਾਂ ਭਰਮ ਨੇ ਪੱਲੇ,
ਦਿੰਦਾ ਰਹਿ ਦਿਲਾ ਆਪ ਨੂੰ, ਹੁਣ ਝੂਠੇ ਧਰਵਾਸੇ।

ਜੰਗਲ਼ ਗਏ ਨਾ ਬਹੁੜਦੇ, ਜਾ ਇੱਛਰਾਂ ਨੂੰ ਪੁੱਛੋ,
ਯੋਗ ਸਨ ਜੋ ਦਿਲਾਂ ਦੇ, ਤੋੜ ਗਏ ਪਰਭਾਸੇ।

ਰਵਿੰਦਰ ਸਿੰਘ ਕੁੰਦਰਾ ਕਵੈਂਟਰੀ ਯੂ ਕੇ