ਫੁੱਟਬਾਲ - ਨਿਰਮਲ ਸਿੰਘ ਕੰਧਾਲਵੀ
ਨਛੱਤਰ ਜਦੋਂ ਵੀ ਇੰਗਲੈਂਡ ਤੋਂ ਪੰਜਾਬ ਜਾਂਦਾ, ਭਾਵੇਂ ਦੋ ਤਿੰਨ ਹਫ਼ਤਿਆਂ ਲਈ ਹੀ ਜਾਂਦਾ, ਉਹ ਆਪਣੇ ਹਾਈ ਸਕੂਲ ਦੇ ਅਧਿਆਪਕ ਪੀ. ਟੀ. ਕਰਮ ਸਿੰਘ ਨੂੰ ਜ਼ਰੂਰ ਮਿਲਣ ਜਾਂਦਾ। ਮਾਸਟਰ ਕਰਮ ਸਿੰਘ ਦਾ ਪਿੰਡ ਨਛੱਤਰ ਹੋਰਾਂ ਦੇ ਪਿੰਡ ਤੋਂ ਡੇਢ ਕੁ ਮੀਲ ਦੀ ਵਿੱਥ ‘ਤੇ ਹੀ ਸੀ।
ਸ਼ਾਇਦ ਇਹ ਨਛੱਤਰ ਦੇ ਆਗਿਆਕਾਰੀ ਤੇ ਮਿੱਠਬੋਲੜੇ ਸੁਭਾਅ ਕਰਕੇ ਸੀ ਕਿ ਸਾਰੇ ਹੀ ਅਧਿਆਪਕ ਉਹਨੂੰ ਬਹੁਤ ਪਿਆਰ ਕਰਦੇ ਸਨ ਪਰ ਪੀ. ਟੀ. ਕਰਮ ਸਿੰਘ ਤਾਂ ਨਛੱਤਰ ਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਹੀ ਸਮਝਦਾ ਸੀ। ਉਹਦੇ ਆਪਣੇ ਦੋਨੋਂ ਲੜਕੇ ਵੀ ਇਸੇ ਸਕੂਲ ਵਿਚ ਹੀ ਪੜ੍ਹਦੇ ਸਨ। ਉਨ੍ਹਾਂ ਦੀ ਵੀ ਨਛੱਤਰ ਨਾਲ ਗੂੜ੍ਹੀ ਦੋਸਤੀ ਸੀ। ਇਸੇ ਕਰਕੇ ਹੀ ਕਈ ਹਮਜਮਾਤੀ ਨਛੱਤਰ ਨਾਲ ਅੰਦਰੋ-ਅੰਦਰੀ ਖਾਰ ਵੀ ਖਾਂਦੇ ਸਨ ਪਰ ਸਾਹਮਣੇ ਕੋਈ ਕੁਝ ਨਹੀਂ ਸੀ ਕਹਿੰਦਾ ਕਿਉਂਕਿ ਮਾਸਟਰਾਂ ਦੇ ਛਿੱਤਰਾਂ ਦਾ ਡਰ ਹੁੰਦਾ ਸੀ। ਪੀ. ਟੀ. ਕਰਮ ਸਿੰਘ ਨੇ ਕੁਝ ਸਾਲ ਫੌਜ ਦੀ ਨੌਕਰੀ ਵੀ ਕੀਤੀ ਸੀ ਤੇ ਨੌਕਰੀ ਦੌਰਾਨ ਉਹਨੇ ਦੇਸ਼ ਦਾ ਕੋਣਾ ਕੋਣਾ ਛਾਣਿਆਂ ਸੀ। ਜਗਿਆਸੂ ਸੁਭਾਅ ਹੋਣ ਕਰਕੇ ਉਹਨੇ ਹਰੇਕ ਜਗ੍ਹਾ ਤੋਂ ਹੀ ਗਿਆਨ ਦੇ ਭੰਡਾਰ ਇਕੱਠੇ ਕੀਤੇ ਸਨ। ਫੌਜ ਵਿਚੋਂ ਰਿਟਾਇਰ ਹੁੰਦਿਆਂ ਸਾਰ ਹੀ ਉਹਨੂੰ ਨਾਲ ਦੇ ਪਿੰਡ ਦੇ ਹਾਈ ਸਕੂਲ ਵਿਚ ਪੀ. ਟੀ. ਦੀ ਨੌਕਰੀ ਮਿਲ ਗਈ ਸੀ। ਸਕੂਲ ਦੀ ਫੁੱਟਬਾਲ ਦੀ ਟੀਮ ਵਾਸਤੇ ਇੱਕ ਕੋਚ ਦੀ ਲੋੜ ਸੀ ਅਤੇ ਪੀ. ਟੀ. ਕਰਮ ਸਿੰਘ ਫੌਜ ਵਿਚ ਭਰਤੀ ਹੋਣ ਤੋਂ ਪਹਿਲਾਂ ਵੀ ਫ਼ੁੱਟਬਾਲ ਦਾ ਸਿਰਕੱਢ ਖਿਡਾਰੀ ਹੁੰਦਾ ਸੀ। ਫ਼ੁੱਟਬਾਲ ਦੀ ਉਹਦੀ ਉੱਚੀ ਕਿੱਕ ਬੜੀ ਮਸ਼ਹੂਰ ਹੁੰਦੀ ਸੀ। ਨਛੱਤਰ ਨੂੰ ਯਾਦ ਸੀ ਇਕ ਵਾਰੀ ਨੇੜਲੇ ਪਿੰਡ ਦੇ ਟੂਰਨਾਮੈਂਟ ‘ਤੇ ਕਰਮ ਸਿੰਘ ਦੀ ਕਿੱਕ ਨਾਲ ਫ਼ੁੱਟਬਾਲ ਬਹੁਤ ਹੀ ਉਚਾ ਚਲਾ ਗਿਆ ਤਾਂ ਭਜਨੇ ਅਮਲੀ ਨੇ ਪਿੰਡ ਵਿਚ ਆ ਕੇ ਅਫ਼ਵਾਹ ਫ਼ੈਲਾ ਦਿੱਤੀ ਸੀ ਕਿ ਫੁੱਟਬਾਲ ਤਾਂ ਉਪਰੋਂ ਮੁੜਿਆ ਹੀ ਨਹੀਂ ਸੀ, ਟੂਰਨਾਮੈਂਟ ਵਾਲਿਆਂ ਨੂੰ ਦੂਸਰਾ ਫੁੱਟਬਾਲ ਗਰਾਊਂਡ ਵਿਚ ਸੁੱਟਣਾ ਪਿਆ ਸੀ। ਜਦੋਂ ਕੋਈ ਭਜਨੇ ਅਮਲੀ ਨੂੰ ਛੇੜਦਾ ਤਾਂ ਉਹ ਅੱਗਿਉਂ ਕਹਿੰਦਾ, “ ਬਈ ਜੇ ਮਹਾਂਭਾਰਤ ਦੇ ਭੀਮ ਦੇ ਸੁੱਟੇ ਹੋਏ ਹਾਥੀ ਅਜੇ ਤਾਈਂ ਉੱਤੇ ਈ ਘੁੰਮੀਂ ਜਾਂਦੇ ਐ ਤਾਂ ਸਾਡੇ ਕਰਮ ਸਿਉਂ ਦਾ ਫੁੱਟਬਾਲ ਨਈਂ ਉੱਤੇ ਘੁੰਮ ਸਕਦਾ।”
ਫ਼ੌਜ ਵਿਚ ਨੌਕਰੀ ਦੌਰਾਨ ਵੀ ਕਰਮ ਸਿੰਘ ਨੇ ਫ਼ੁੱਟਬਾਲ ਦੀ ਖ਼ੂਬ ਪ੍ਰੈਕਟਿਸ ਕੀਤੀ ਸੀ। ਜਿਸਦਾ ਸਦਕਾ ਹੀ ਉਹਨੂੰ ਫੌਜ ਵਿਚੋਂ ਰਿਟਾਇਰ ਹੋ ਕੇ ਆਉਂਦਿਆਂ ਹੀ ਇਸ ਸਕੂਲ ਵਿਚ ਨੌਕਰੀ ਮਿਲ ਗਈ ਸੀ। ਪੀ. ਟੀ. ਦੇ ਪੀਰੀਅਡ ਦੌਰਾਨ ਖੇਡਾਂ ਆਦਿਕ ਕਰਵਾਉਣ ਦੇ ਨਾਲ ਨਾਲ ਉਹ ਬੱਚਿਆਂ ਨੂੰ ਦੇਸ਼ ਦੇ ਦੂਸਰੇ ਪ੍ਰਾਂਤਾਂ ਦੇ ਸੱਭਿਆਚਾਰ ਦੀਆਂ ਵਚਿੱਤਰ ਗੱਲਾਂ ਸੁਣਾਉਂਦਾ। ਉਸ ਦੀਆਂ ਗੱਲਾਂ ਵਿਚ ਇੰਨੀ ਖਿੱਚ ਹੁੰਦੀ ਕਿ ਬੱਚਿਆਂ ਨੂੰ ਇਉਂ ਲਗਦਾ ਜਿਵੇਂ ਉਹ ਆਪ ਇਨ੍ਹਾਂ ਪ੍ਰਾਂਤਾਂ ਵਿਚ ਘੁੰਮ ਰਹੇ ਹੋਣ। ਬੱਚੇ ਅਜਿਹੀਆਂ ਰੌਚਕ ਗੱਲਾਂ ਸੁਣ ਸੁਣ ਨਾ ਅੱਕਦੇ ਨਾ ਥੱਕਦੇ। ਇਨ੍ਹਾਂ ਕਹਾਣੀਆਂ ਰਾਹੀਂ ਹੀ ਉਹ ਬੜੇ ਗੂੜ੍ਹ ਗਿਆਨ ਦੀਆਂ ਗੱਲਾਂ ਵੀ ਬੱਚਿਆਂ ਦੇ ਦਿਮਾਗ਼ਾਂ ‘ਚ ਪਾ ਦਿੰਦਾ।
ਉਹਨੇ ਆਪਣੇ ਦੋਨੋਂ ਲੜਕੇ ਪੜ੍ਹਾ ਲਿਖਾ ਕੇ ਮਾਸਟਰ ਬਣਾ ਦਿੱਤੇ ਸਨ ਅਤੇ ਉਨ੍ਹਾਂ ਦੇ ਵਿਆਹ ਵੀ ਪੜ੍ਹੀਆਂ ਲਿਖੀਆਂ ਲੜਕੀਆਂ ਨਾਲ ਕੀਤੇ ਸਨ ਜੋ ਕਿ ਖ਼ੁਦ ਵੀ ਨੇੜੇ ਦੇ ਪਿੰਡਾਂ ਦੇ ਸਕੂਲਾਂ ‘ਚ ਨੌਕਰੀ ਕਰਦੀਆਂ ਸਨ। ਪੀ. ਟੀ. ਕਰਮ ਸਿੰਘ ਦੀ ਘਰ ਵਾਲੀ ਕੁਝ ਵਰ੍ਹੇ ਹੋਏ ਕੈਂਸਰ ਦੀ ਨਾਮੁਰਾਦ ਬੀਮਾਰੀ ਨਾਲ ਪ੍ਰਲੋਕ ਸਿਧਾਰ ਗਈ ਸੀ। ਹੁਣ ਕੁਝ ਸਮੇਂ ਤੋਂ ਕਰਮ ਸਿੌਘ ਵੀ ਢਿੱਲਾ-ਮੱਠਾ ਰਹਿੰਦਾ ਸੀ।
ਐਤਕੀਂ ਜਦੋਂ ਨਛੱਤਰ ਪਿੰਡ ਗਿਆ ਤਾਂ ਉਹਨੂੰ ਪਤਾ ਲੱਗਿਆ ਕਿ ਪੀ. ਟੀ.ਕਰਮ ਸਿੰਘ ਨੂੰ ਲਕਵੇ ਦਾ ਗੰਭੀਰ ਦੌਰਾ ਪਿਆ ਸੀ ਅਤੇ ਉਹ ਮੰਜੇ ਜੋਗਾ ਹੀ ਹੋ ਕੇ ਰਹਿ ਗਿਆ ਸੀ। ਨਛੱਤਰ ਨੂੰ ਆਪਣੇ ਘਰੋਂ ਪਤਾ ਲੱਗ ਗਿਆ ਸੀ ਕਿ ਕਰਮ ਸਿੰਘ ਦੇ ਦੋਵਾਂ ਪੁੱਤਰਾਂ ਨੇ ਸਮਝੌਤਾ ਕੀਤਾ ਹੋਇਆ ਸੀ ਕਿ ਬਜ਼ੁਰਗ਼ ਬਾਪ ਨੂੰ ਦੋ ਦੋ ਮਹੀਨੇ ਵਾਰੀ ਵਾਰੀ ਆਪਣੇ ਕੋਲ਼ ਰੱਖਿਆ ਕਰਨਗੇ। ਨਛੱਤਰ ਨੂੰ ਚੰਗੀ ਤਰ੍ਹਾਂ ਉਹ ਦਿਨ ਯਾਦ ਸਨ ਜਦੋਂ ਮਾਸਟਰ ਕਰਮ ਸਿੰਘ ਨੇ ਆਪਣੇ ਪਿੰਡ ਵਿਚਲੇ ਮਕਾਨ ਦੀ ਜਗ੍ਹਾ ਨਵੇਂ ਮਕਾਨ ਦੇ ਦੋ ਸੈੱਟ ਬਣਵਾਏ ਸਨ ਤੇ ਉਹਨੇ ਆਪਣੀ ਹਰ ਰੀਝ ਪੂਰੀ ਕੀਤੀ ਸੀ। ਕਰਮ ਸਿੰਘ ਨੂੰ ਜਿਉਂ ਹੀ ਲਕਵੇ ਦਾ ਦੌਰਾ ਪਿਆ ਉਸ ਨੇ ਆਪਣੀ ਜਾਇਦਾਦ ਦੋਵਾਂ ਮੁੰਡਿਆਂ ਵਿਚਕਾਰ ਵੰਡ ਦਿਤੀ ਸੀ, ਉਸ ਨੂੰ ਡਰ ਸੀ ਕਿ ਜੇ ਉਹ ਦਿਮਾਗ਼ੀ ਤੌਰ ‘ਤੇ ਅਪਾਹਜ ਹੋ ਗਿਆ ਤਾਂ ਮੁੰਡਿਆਂ ਨੂੰ ਬੜੀ ਮੁਸ਼ਕਿਲ ਪੇਸ਼ ਆਵੇਗੀ।
ਨਛੱਤਰ ਜਦੋਂ ਕਰਮ ਸਿੰਘ ਦੇ ਪਿੰਡ ਨੂੰ ਜਾਣ ਲੱਗਾ ਤਾਂ ਉਹਦੀ ਬੇਬੇ ਕਹਿਣ ਲੱਗੀ, “ ਪੁੱਤ, ਕਰਮ ਸਿਉਂ ਅੰਦਰਲੇ ਘਰੇ ਨਈਂ ਹੁੰਦਾ, ਪੁੱਤਰਾਂ ਨੇ ਆਪਣੇ ਕੋਲ ਦੋ ਦੋ ਮਹੀਨੇ ਰੱਖਣ ਦੀ ਜਗ੍ਹਾ ਹੁਣ ਬਾਹਰਲੀ ਹਵੇਲੀ ‘ਚ ਉਹਦਾ ਮੰਜਾ ਡਾਹ ਦਿਤਾ ਹੈ ਤੇ ਦੋਵੇਂ ਪੁੱਤਰਾਂ ਨੇ ਵਾਰੀ ਵਾਰੀ ਉਹਦੀ ਰੋਟੀ ਮੰਨੀ ਹੋਈ ਐ, ਤੂੰ ਉੱਥੇ ਜਾ ਕੇ ਮਿਲ ਲਈਂ ਉਹਨੂੰ।” ਨਛੱਤਰ ਜਦੋਂ ਉੱਥੇ ਪਹੁੰਚਿਆ ਤਾਂ ਉਹਨੇ ਦੇਖਿਆ ਕਿ ਖੜਸੁਕ ਜਿਹੇ ਤੂਤ ਦੇ ਥੱਲੇ ਇਕ ਟੁੱਟੇ ਜਿਹੇ ਮੰਜੇ ਉੱਪਰ ਕੜੀ ਵਰਗਾ ਜੁਆਨ ਹੁਣ ਹੱਡੀਆਂ ਦੀ ਮੁੱਠ ਬਣਿਆ ਲੰਮਾ ਪਿਆ ਹੋਇਆ ਸੀ। ਨਛੱਤਰ ਨੇ ਜਾ ਕੇ ਕਰਮ ਸਿੰਘ ਦੇ ਪੈਰੀਂ ਹੱਥ ਲਾਇਆ। ਲਕਵੇ ਮਾਰਿਆ ਹੱਥ ਥੋੜ੍ਹਾ ਜਿਹਾ ਉੱਪਰ ਉੱਠਿਆ ਪਰ ਨਛੱਤਰ ਦੇ ਸਿਰ ‘ਤੇ ਪਿਆਰ ਨਾ ਦੇ ਸਕਿਆ। ਨਛੱਤਰ ਨੇ ਹਾਲ-ਚਾਲ ਪੁੱਛਿਆ ਤਾਂ ਮਾਸਟਰ ਕਰਮ ਸਿੰਘ ਦੀਆਂ ਅੱਖਾਂ ਖਾਰੇ ਪਾਣੀ ਨਾਲ ਭਰ ਗਈਆਂ। ਉਹਨੇ ਆਪਣੀ ਸਾਰੀ ਸ਼ਕਤੀ ਇਕੱਠੀ ਕੀਤੀ ਅਤੇ ਥਥਲਦੀ ਜ਼ੁਬਾਨ ਨਾਲ ਉਹ ਇਤਨਾ ਹੀ ਕਹਿ ਸਕਿਆ, “ ਨਛੱਤਰ ਸਿਆਂ ਪੁੱਤਰਾ ਕੀ ਪੁਛਦੈਂ, ਮੈਂ ਸਾਰੀ ਉਮਰ ਫੁੱਟਬਾਲ ਨੁੰ ਕਿੱਕਾਂ ਮਾਰੀਆਂ, ਤੇ ਮੇਰੇ ਪੁੱਤਰਾਂ ਨੇ ਮੇਰਾ ਈ ਫੁੱਟਬਾਲ ਬਣਾ ‘ਤਾ, ਦੋ ਦੋ ਮਹੀਨੇ ਦੀ ਕਿੱਕ ਮਾਰਦੇ ਐ ਮੈਨੂੰ।” ਏਨਾ ਕਹਿ ਕੇ ਕਰਮ ਸਿੰਘ ਨੇ ਅੱਖਾਂ ਬੰਦ ਕਰ ਲਈਆਂ। ਉਹਦਾ ਗਲ਼ਾ ਭਰ ਆਇਆ ਸੀ। ਖਾਰਾ ਪਾਣੀ ਉਹਦੀ ਚਿੱਟੀ ਦਾਹੜੀ ਵਿਚ ਜਜ਼ਬ ਹੋ ਰਿਹਾ ਸੀ। ਨਛੱਤਰ ਇਕ ਟੱਕ ਕਰਮ ਸਿੰਘ ਵਲ ਦੇਖੀ ਜਾ ਰਿਹਾ ਸੀ ਜਿਵੇਂ ਉਹਦੇ ਚਿਹਰੇ ਤੋਂ ਅਣਕਹੀਆਂ ਗੱਲਾਂ ਪੜ੍ਹ ਰਿਹਾ ਹੋਵੇ।
ਨਿਰਮਲ ਸਿੰਘ ਕੰਧਾਲਵੀ