ਦਰਬਾਰ ਸਾਹਿਬ 'ਤੇ ਭਾਰਤੀ ਫੌਜੀ ਹਮਲੇ ਦੀ 40ਵੀਂ ਸ਼ਹੀਦੀ ਯਾਦ , ਤੀਜੇ ਘੱਲੂਘਾਰੇ ਲਈ ਸਾਕਾ ਨੀਲਾ ਤਾਰਾ (ਅਪਰੇਸ਼ਨ ਬਲੂ ਸਟਾਰ) ਸ਼ਬਦ ਵਰਤਣਾ ਗ਼ਲਤ - ਡਾ. ਗੁਰਵਿੰਦਰ ਸਿੰਘ

ਸ਼ਬਦ ਦੀ ਅਸੀਮ ਸ਼ਕਤੀ ਹੈ। ਨੇਕ ਸੋਚ ਰਾਹੀਂ ਸ਼ਬਦ ਦੀ ਸਹੀ ਵਰਤੋਂ ਬਿਰਤਾਂਤ ਦੀ ਸੱਚਾਈ ਉਜਾਗਰ ਕਰਦੀ ਹੈ, ਜਦਕਿ ਕਪਟੀ ਸੋਚ ਰਾਹੀਂ ਸ਼ਬਦ ਦੀ ਕੀਤੀ ਸਾਜਿਸ਼ੀ ਵਰਤੋਂ ਬਿਰਤਾਂਤ ਨੂੰ ਵਿਗਾੜਦੀ ਹੈ। ਸੱਤਾ ਵੱਲੋਂ ਬਾਗੀਆਂ ਨੂੰ ਕੁਚਲਣ ਦਾ ਆਸਾਵੀਂ ਜੰਗ ਦਾ ਵੱਡਾ ਹਥਿਆਰ, 'ਸ਼ਬਦ ਬਿਰਤਾਂਤ' ਨੂੰ ਵਿਗਾੜਨਾ ਹੁੰਦਾ ਹੈ। ਸਟੇਟ ਵੱਲੋਂ ਲੋਕਾਂ ਅੰਦਰ ਬਾਗੀਆਂ ਪ੍ਰਤੀ ਨਫਰਤ ਪੈਦਾ ਕਰਕੇ, ਆਪਣੇ ਕਪਟੀ ਸ਼ਬਦ ਲੋਕ ਮਾਨਸਿਕਤਾ ਵਿੱਚ ਭਰ ਦਿੱਤੇ ਜਾਂਦੇ ਹਨ। 'ਹਕੂਮਤ ਦੀ ਫਰੇਬੀ ਸ਼ਬਦਾਵਲੀ' ਦਾ ਸ਼ਿਕਾਰ ਸਿਰਫ ਭੋਲੇ-ਭਾਲੇ ਲੋਕ ਹੀ ਨਹੀਂ ਹੁੰਦੇ, ਬਲਕਿ ਆਗੂ ਵੀ ਹੋ ਜਾਂਦੇ ਹਨ, ਜਿਸ ਦੇ ਅਧੀਨ ਉਹ 'ਆਪਣਾ ਬਿਰਤਾਂਤ' ਛੱਡ ਕੇ, 'ਸਟੇਟ ਦੇ ਬਿਰਤਾਂਤ' ਦੇ ਮੋਹਰੇ ਬਣ ਕੇ, ਕੌਮੀ ਇਤਿਹਾਸ ਨੂੰ ਵਿਗਾੜਨ ਦੇ ਦੋਸ਼ੀ ਬਣ ਜਾਂਦੇ ਹਨ।
ਇਸ ਦੀ ਪ੍ਰਤੱਖ ਮਿਸਾਲ ਦਰਬਾਰ ਸਾਹਿਬ 'ਤੇ ਭਾਰਤੀ ਫੌਜ ਦੇ ਹਮਲੇ ਲਈ ਭਾਰਤੀ ਸਟੇਟ ਵੱਲੋਂ ਸਾਕਾ ਨੀਲਾ ਤਾਰਾ (ਆਪਰੇਸ਼ਨ ਬਲੂ ਸਟਾਰ) ਸ਼ਬਦ ਵਰਤਣਾ ਛਲ-ਕਪਟੀ ਭਾਸ਼ਾ ਦਾ ਸਿਖਰ ਕਿਹਾ ਜਾ ਸਕਦਾ ਹੈ। ਦੁੱਖ ਦੀ ਗੱਲ ਇਹ ਹੈ ਕਿ ਨਾ ਕੇਵਲ ਸਟੇਟ ਦੇ ਸੰਦ ਬਣ ਕੇ ਵਿਚਰਨ ਵਾਲੇ ਲਿਖਾਰੀਆਂ ਅਤੇ ਇਤਿਹਾਸਕਾਰਾਂ ਵੱਲੋਂ ਹੀ, ਬਲਕਿ ਸਿੱਖ ਬੁੱਧੀਜੀਵੀਆਂ ਅਤੇ ਵਿਦਵਾਨਾਂ ਵੱਲੋਂ ਵੀ, ਦਰਬਾਰ ਸਾਹਿਬ 'ਤੇ ਹਮਲੇ ਨੂੰ 'ਸਾਕਾ ਨੀਲਾ ਤਾਰਾ' (ਆਪਰੇਸ਼ਨ ਬਲੂ ਸਟਾਰ) ਕਹਿਣਾ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਉਹ ਕਿਸ ਹੱਦ ਤੱਕ ਸਟੇਟ ਦੇ ਛਲ-ਕਪਟ ਦਾ ਸ਼ਿਕਾਰ ਹੋ ਕੇ, ਆਪਣੇ ਹੀ ਇਤਿਹਾਸ ਦੇ ਉਲਟ ਭੁਗਤ ਰਹੇ ਹਨ। ਸਿੱਖ ਕੌਮ ਦੇ ਤੀਜੇ ਘੱਲੂਘਾਰੇ ਦੇ 40ਵੇਂ ਸ਼ਹੀਦੀ ਸਾਲ ਮੌਕੇ 'ਸਾਕਾ ਨੀਲਾ ਤਾਰਾ' ਸ਼ਬਦ ਦੀ ਵਰਤੋਂ ਸਬੰਧੀ ਆਪਣੀਆਂ ਗਲਤੀਆਂ ਨੂੰ ਦਰੁਸਤ ਕਰਨਾ ਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਇਸ ਦੀ ਲੋੜ ਕਿਉਂ ਹੈ ਅਤੇ ਇਸ ਸੋਧ ਨਾਲ ਕੀ ਫਰਕ ਪਏਗਾ? ਆਓ ਇਹਨਾਂ ਮੁੱਦਿਆਂ 'ਤੇ ਗੌਰ ਫਰਮਾਈਏ!
ਸਿੱਖ ਵਿਦਵਾਨ ਡਾ. ਸੇਵਕ ਸਿੰਘ ਦੀ ਕਿਤਾਬ 'ਸ਼ਬਦ ਜੰਗ' ਇਸ ਸਿਧਾਂਤਕ ਪ੍ਰਸੰਗ ਨੂੰ ਸਮਝਣ ਵਿੱਚ ਸਹਾਈ ਸਿੱਧ ਹੋਏਗੀ। ਇਸ ਅਨੁਸਾਰ ਸ਼ਬਦ ਜੰਗ, ਵਿਆਖਿਆ ਜੰਗ, ਪਰਚਾਰ ਜੰਗ, ਸਵਾਲਾਂ ਦੀ ਜੰਗਬਾਜੀ ਅਤੇ ਨਿਖੇਧਕਾਰੀ ਨੂੰ ਸਟੇਟ ਹਥਿਆਰ ਵਜੋਂ ਵਰਤਦੀ ਹੈ। 'ਸ਼ਬਦ ਜੰਗ' ਹਥਿਆਰਬੰਦ ਜੰਗ ਨਾਲੋਂ ਨਾ ਸਿਰਫ ਵੱਡੀ ਹੁੰਦੀ ਹੈ, ਸਗੋਂ ਹਥਿਆਰਬੰਦ ਜੰਗ ਸ਼ਬਦ ਜੰਗ ਦਾ ਇੱਕ ਛੋਟਾ ਹਿੱਸਾ ਹੈ। ਸ਼ਬਦ ਜੰਗ ਲੋਕਾਂ ਦੇ ਮਨਾਂ ਉੱਤੇ ਕਬਜ਼ੇ ਦੀ ਜੰਗ ਹੈ। ਸੱਤਾਹੀਣ ਧਿਰ ਜੰਗਜੂ ਹੋਣ ਦੇ ਬਾਵਜੂਦ ਹਕੂਮਤੀ ਜਾਂ ਭਾਰੂ ਧਿਰ ਦੀ ਕਿੰਨੀ ਗੁਲਾਮੀ ਕਬੂਲਦੀ ਹੈ, ਇਹਦਾ ਪਤਾ ਉਹਦੀ ਬੋਲੀ ਦੇ ਸ਼ਬਦਾਂ ਵਿੱਚ ਆਉਂਦੇ ਬਦਲਾਅ ਤੋਂ ਲੱਗਦਾ ਹੈ। ਸੱਤਾ ਸਦਾ ਹੀ ਬਗਾਵਤੀ ਧਿਰਾਂ ਨੂੰ ਬਹੁਭਾਂਤ ਦੀ ਕਪਟੀ ਅਤੇ ਉਲਝਾਊ ਸ਼ਬਦਾਵਲੀ ਨਾਲ ਘੇਰਦੀ ਹੈ। ਸ਼ਬਦ ਜੰਗ ਹੀ ਇਹ ਉਜਾਗਰ ਕਰਦੀ ਹੈ ਕਿ ਕਿਵੇਂ ਸ਼ਬਦਾਂ ਦੀ ਚੋਣ ਮਾਅਨੇ ਰੱਖਦੀ ਹੈ ਅਤੇ ਸ਼ਬਦ ਤੋਂ ਲੈ ਕੇ ਨਿਖੇਧ ਤੱਕ ਦੇ ਸਾਰੇ ਵਰਤਾਰੇ, ਕਿਵੇਂ ਜੰਗ ਲਈ ਵਰਤੇ ਗਏ। ਸ਼ਬਦ ਜੰਗ ਪ੍ਰਤੀ ਸੁਚੇਤ ਨਾ ਹੋਣ ਕਾਰਨ ਹਕੂਮਤ ਦੇ ਜਬਰ ਤੋਂ ਬਾਅਦ, ਜੰਗਜੂ ਧਿਰਾਂ ਅੰਦਰਲੇ ਵਿਰੋਧਾਂ ਅਤੇ ਬਾਹਰਲੇ ਹਮਲਿਆਂ ਦਾ ਦੁਵੱਲਾ ਸ਼ਿਕਾਰ ਹੋ ਜਾਂਦੀਆਂ ਹਨ। ਸਿਧਾਂਤਕ ਘੇਰਾਬੰਦੀ ਤੋਂ ਬਚਣ ਲਈ ਜੰਗਜੂ ਧਿਰਾਂ ਸ਼ਬਦ ਜੰਗ ਤੋਂ ਕਿਨਾਰਾ ਨਹੀਂ ਕਰ ਸਕਦੀਆਂ, ਬਲਕਿ ਉਹਨਾਂ ਕੋਲ ਇੱਕੋ ਇੱਕ ਰਾਹ, ਇਸ ਨੂੰ ਸਮਝਣ ਦਾ ਹੈ।
ਦਰਬਾਰ ਸਾਹਿਬ ਉੱਪਰ ਭਾਰਤੀ ਫੌਜ ਦੇ ਹਮਲੇ ਨੂੰ 'ਸਾਕਾ ਨੀਲਾ ਤਾਰਾ' ਨਾਂ ਦੇਣਾ ਦਰਅਸਲ ਇੰਡੀਅਨ ਸਟੇਟ ਦੀ ਅਸਾਵੀਂ ਸ਼ਬਦ ਜੰਗ, ਇਸ ਦੀ ਵਿਆਖਿਆ ਜੰਗ, ਪ੍ਰਚਾਰ ਜੰਗ ਅਤੇ ਸਵਾਲਾਂ ਦੀ ਜੰਗਬਾਜੀ ਦਾ ਪ੍ਰਤੱਖ ਰੂਪ ਹੈ। ਅਸੀਂ ਇਹ ਵੇਖਦੇ ਹਾਂ ਕਿ 'ਨੀਲਾ' ਸ਼ਬਦ ਦੀ ਵਰਤੋਂ ਸਿੱਖਾਂ ਦੇ ਮੁਕੱਦਸ ਨਿਸ਼ਾਨ ਸਾਹਿਬ ਨੂੰ ਅਤੇ ਅਕਾਲੀ ਦਸਤਾਰਾਂ ਨੂੰ ਨਿਸ਼ਾਨਾ ਬਣਾ ਕੇ, ਭਾਰਤੀ ਸਟੇਟ ਵੱਲੋਂ ਕੀਤੀ ਗਈ ਹੈ। ਸਿੱਖਾਂ ਦੇ ਪਵਿੱਤਰ ਅਸਥਾਨ ਦਰਬਾਰ ਸਾਹਿਬ 'ਤੇ ਫੌਜੀ ਹਮਲੇ ਨੂੰ 'ਸਾਕਾ ਨੀਲਾ ਤਾਰਾ' ਦਾ ਸਰਕਾਰੀ ਨਾਂ ਦੇਣ ਦੀ ਦੁਸ਼ਟ -ਸੋਚ ਨੂੰ ਸਮਝਣ ਲਈ ਛਲ-ਕਪਟ ਦੀ ਸ਼ਬਦਾਵਲੀ ਦੇ ਕੁਝ ਅਹਿਮ ਨਮੂਨੇ ਧਿਆਨ ਮੰਗਦੇ ਹਨ। ਇਹ ਸੱਚ ਹੈ ਕਿ ਬੁੱਧ ਧਰਮ ਮਨੂਵਾਦ ਅਤੇ ਬ੍ਰਾਹਮਣਵਾਦ ਦਾ ਵੱਡਾ ਦੁਸ਼ਮਣ ਰਿਹਾ ਹੈ, ਜਿਸ ਪ੍ਰਤੀ ਮਨੂਵਾਦੀਆਂ ਦੀ ਨਫਰਤ ਲਗਾਤਾਰ ਸਦੀਆਂ ਤੱਕ ਕਾਇਮ ਰਹੀ। ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸਰਕਾਰ ਦਾ ਬੁੱਧ ਧਰਮ ਪ੍ਰਤੀ, ਫਰੇਬੀ ਸੋਚ ਦਾ ਮਖੋਟਾ ਉਸ ਵੇਲੇ ਲਹਿ ਜਾਂਦਾ ਹੈ, ਜਦੋਂ ਭਾਰਤ ਵੱਲੋਂ 18 ਮਈ 1974 ਨੂੰ ਪੋਖਰਨ, ਰਾਜਸਥਾਨ ਵਿਖੇ ਨਿਊਕਲੀਅਰ ਟੈਸਟ ਕੀਤਾ ਜਾਂਦਾ ਹੈ ਤੇ ਉਸਦਾ ਨਾਂ ਫਰੇਬੀ ਸ਼ਬਦਾਵਲੀ ਵਿੱਚ 'ਸਮਾਈਲਿੰਗ ਬੁੱਧਾ' ਭਾਵ ਮਹਾਤਮਾ ਬੁੱਧ ਦਾ ਮੁਸਕਰਾਉਣਾ ਰੱਖਿਆ ਜਾਂਦਾ ਹੈ।
ਸਿਤਮਜ਼ਰੀਫੀ ਦੇਖੋ ਕਿ ਜਿਸ ਮਹਾਤਮਾ ਬੁੱਧ ਨੂੰ 'ਅਹਿੰਸਾ ਪਰਮੋ ਧਰਮਾ' ਕਰਕੇ ਜਾਣਿਆ ਜਾਂਦਾ ਹੈ, ਉਸ ਦੇ ਨਾਂ 'ਤੇ ਹੀ ਇਹ ਨਿਊਕਲੀਅਰ ਟੈਸਟ ਕੀਤੇ ਗਏ ਅਤੇ ਦੁਨੀਆ ਅੱਗੇ ਇਸ ਦਾ ਸੰਕੇਤਕ ਨਾਂ 'ਮੁਸਕਰਾਉਂਦਾ ਬੁੱਧ' ਦਿੱਤਾ ਗਿਆ। ਅਫਸੋਸ ਇਸ ਗੱਲ ਦਾ ਹੈ ਕਿ ਪੀੜਤ ਧਿਰ ਭਾਵ ਬੁੱਧ ਧਰਮ ਦੇ ਪੈਰੋਕਾਰਾਂ ਵੱਲੋਂ ਇਸ ਤੇ ਨਾ ਕੋਈ ਇਤਰਾਜ਼ ਕੀਤਾ ਗਿਆ ਅਤੇ ਨਾ ਹੀ ਇਸ ਸਬਦ ਜੰਗ ਅਤੇ ਵਿਆਖਿਆ ਜੰਗ ਵਿੱਚ ਆਪਣਾ ਬਿਰਤਾਂਤ ਦੱਸਣ ਦੀ ਖੇਚਲ ਕੀਤੀ ਗਈ। ਕੌਮਾਂਤਰੀ ਮੰਚ 'ਤੇ ਦੇਖੀਏ, ਤਾਂ ਛਲ-ਕਪਟ ਵਾਲੀ ਸ਼ਬਦਾਵਲੀ ਦੀ ਵਰਤੋਂ ਵਿਸ਼ਵ ਜੰਗਾਂ ਦੌਰਾਨ ਵੀ ਸਾਹਮਣੇ ਆਈ। ਅਮਰੀਕਾ ਨੇ 6 ਅਗਸਤ 1945 ਨੂੰ ਦੂਜੇ ਮਹਾਂ-ਯੁੱਧ ਦੌਰਾਨ ਜਪਾਨ 'ਤੇ 9700 ਪੌਂਡ ਦਾ ਐਟਮੀ ਬੰਬ ਸੁੱਟਦਿਆਂ, ਉਸ ਦਾ ਨਾਂ 'ਲਿਟਲ ਬੁਆਏ' ਭਾਵ 'ਨੰਨਾ ਮੁੰਨਾ' ਰੱਖ ਕੇ ਮਨੁੱਖਤਾ ਨੂੰ ਸ਼ਰਮਸ਼ਾਰ ਕੀਤਾ। ਇੱਥੇ ਹੀ ਵੱਸ ਨਹੀਂ, ਤਿੰਨ ਦਿਨਾਂ ਬਾਅਦ ਅਮਰੀਕਾ ਨੇ ਵਿਗਿਆਨਿਕ ਫਰੇਬੀਆਂ ਦਾ ਸਹਾਰਾ ਲੈ ਕੇ, ਦੂਜੇ ਸ਼ਹਿਰ ਨਾਗਾਸਾਕੀ 'ਤੇ 10,300 ਪੌਂਡ ਦਾ ਨਿਊਕਲੀਅਰ ਬੰਬ ਸੁੱਟਿਆ, ਜਿਸ ਦਾ ਨਾਂ 'ਫੈਟ ਮੈਨ' ਭਾਵ 'ਮੋਟੂ' ਰੱਖਿਆ। ਇਹਨਾਂ ਬੰਬਾਂ ਨਾਲ ਲੱਖ ਤੋਂ ਵੱਧ ਮਨੁੱਖ, ਜਿੰਨਾਂ 'ਚ ਵੱਡੀ ਗਿਣਤੀ ਬੱਚਿਆਂ ਤੇ ਔਰਤਾਂ ਦੀ ਸੀ, ਖਤਮ ਹੋ ਗਏ।
ਘੱਲੂਘਾਰਿਆਂ ਦੀ ਗੱਲ ਕਰਦਿਆਂ ਫਰੇਬੀ ਸ਼ਬਦਾਵਲੀ ਦੀ ਸਭ ਤੋਂ ਘਿਨਾਉਣੀ ਮਿਸਾਲ ਨਾਜ਼ੀਵਾਦੀਆਂ ਵੱਲੋਂ ਯਹੂਦੀਆਂ ਦੇ ਘੱਲੂਘਾਰੇ ਨੂੰ 'ਫਾਈਨਲ ਸਲੂਸ਼ਨ' ('ਅੰਤਿਮ ਹੱਲ') ਦਾ ਸੰਕੇਤਕ ਨਾਂ ਦੇਣਾ ਹੈ। ਇਹ ਕਤਲੇਆਮ 1941 ਤੋਂ 1945 ਤੱਕ ਹੋਇਆ, ਜਿਸ ਵਿੱਚ ਛੇ ਮਿਲੀਅਨ ਯਹੂਦੀਆਂ ਨੂੰ ਅੰਤਾਂ ਦੇ ਤਸ਼ੱਦਦ ਨਾਲ ਮਾਰਿਆ ਗਿਆ। ਇਸ ਦੌਰਾਨ ਇੱਕ ਹੋਰ ਦਿਲ ਕੰਬਾਊ ਸੰਕੇਤਕ ਸ਼ਬਦਾਵਲੀ ਨਾਜ਼ੀਆਂ ਵੱਲੋਂ ਯਹੂਦੀਆਂ ਗੈਸ ਭੱਠੀਆਂ ਵਿੱਚ ਜਿਉਂਦਿਆਂ ਸਮੂਹਿਕ ਤੌਰ ਤੇ ਸਾੜਨ ਨੂੰ 'ਸ਼ਾਵਰ ਬਾਥ' '(ਫੁਹਾਰਾ ਇਸ਼ਨਾਨ') ਕਰਵਾਉਣਾ ਕਹਿਣਾ ਹੈ।
ਨਾਜ਼ੀਆਂ ਦੀ ਤਰਜ਼ 'ਤੇ ਹੀ ਹਿਟਲਰ ਦੀ ਪੈਰੋਕਾਰ ਮਨੂਵਾਦੀ ਹਕੂਮਤ ਵੱਲੋਂ ਨੀਲੇ ਨਿਸ਼ਾਨ ਸਾਹਿਬ ਅਤੇ ਨੀਲੀਆਂ ਦਸਤਾਰਾਂ ਵਾਲੇ ਸਿੱਖਾਂ ਨੂੰ ਸਬਕ ਸਿਖਾਉਣ ਲਈ 1 ਜੂਨ 1984 ਤੋਂ 10 ਜੂਨ 1984 ਤੱਕ, ਮਿਲਟਰੀ 'ਆਪਰੇਸ਼ਨ ਬਲੂ ਸਟਾਰ' ('ਸਾਕਾ ਨੀਲਾ ਤਾਰਾ') ਦੇ ਸਰਕਾਰੀ ਨਾਂ ਹੇਠ ਕੀਤਾ ਗਿਆ। ਉਸ ਵੇਲੇ ਦੀ ਕਾਂਗਰਸੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਇਹ ਹਮਲਾ ਅਚਨਚੇਤ ਨਹੀਂ, ਬਲਕਿ ਭਾਰਤੀ ਜਨਤਾ ਪਾਰਟੀ ਅਤੇ ਹੋਰਨਾਂ ਵਿਰੋਧੀ ਧਿਰਾਂ ਦੀ ਸਮੂਹਿਕ ਸਹਿਮਤੀ ਲੈ ਕੇ, ਬਹੁ-ਗਿਣਤੀ ਨੂੰ ਭਰਮਾਉਣ, ਵੋਟਾਂ ਦੇ ਧਰੁਵੀਕਰਨ, ਐਮਰਜੈਂਸੀ ਦੌਰਾਨ ਸਿੱਖਾਂ ਨੂੰ ਤਿੱਖੇ ਵਿਰੋਧ ਲਈ ਸਬਕ ਸਿਖਾਉਣ ਤੇ ਘੱਟ-ਗਿਣਤੀ ਕੌਮ ਦਾ ਸ਼ਿਕਾਰ ਕਰਨ ਲਈ, ਯੋਜਨਾਵੱਧ ਢੰਗ ਨਾਲ ਕੀਤਾ ਗਿਆ। ਕੌਮਾਂਤਰੀ ਪੱਧਰ ਤੇ ਬਰਤਾਨੀਆ ਅਤੇ ਰੂਸ ਦੀ ਭਾਈਵਾਲੀ ਨਾਲ, ਫੌਜੀ ਹਮਲਾ 'ਸਾਕਾ ਨੀਲਾ ਤਾਰਾ' ਦੇ ਸਰਕਾਰੀ ਨਾਂ ਹੇਠ ਕੇਵਲ ਦਰਬਾਰ ਸਾਹਿਬ ਅੰਮ੍ਰਿਤਸਰ ਤੱਕ ਨਹੀਂ, ਬਲਕਿ ਪੰਜਾਬ ਦੇ 37 ਹੋਰ ਗੁਰਦੁਆਰਿਆਂ ਸਮੇਤ, ਸਮੂਹ ਪੰਜਾਬ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ।
ਸਿੱਖਾਂ ਨੂੰ ਜ਼ਲੀਲ ਕਰਨ ਲਈ ਛਲ-ਕਪਟ ਦੀ ਸ਼ਬਦਾਵਲੀ ਹੇਠ ਦਰਬਾਰ ਸਾਹਿਬ 'ਤੇ ਹਮਲੇ ਲਈ ਵਰਤੇ ਜਾਂਦੇ ਸਰਕਾਰੀ ਫੌਜੀ ਨਾਂ 'ਅਪਰੇਸ਼ਨ ਬਲੂ ਸਟਾਰ' ਦੇ ਅੱਗੇ ਹੋਰ ਵੀ ਵੱਖਰੇ ਸਰਕਾਰੀ ਸੰਕੇਤਕ ਫੌਜੀ ਨਾਂ ਰੱਖੇ ਗਏ, ਜਿਨਾਂ ਦਾ ਵਰਗੀਕਰਨ ਇਉ ਕੀਤਾ ਗਿਆ ; ਪਹਿਲਾ 'ਆਪਰੇਸ਼ਨ ਮੈਟਲ', ਜਿਸ ਦਾ ਮਕਸਦ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਅਕਾਲ ਤਖਤ ਅਤੇ ਹੋਰਨਾਂ ਇਮਾਰਤਾਂ ਉੱਪਰ ਹਮਲਾ ਕਰਨਾ ਅਤੇ ਉੱਥੇ ਮੌਜੂਦ ਸਿੱਖਾਂ ਨੂੰ ਖਤਮ ਕਰਨਾ ਸੀ। ਦੂਜਾ 'ਆਪਰੇਸ਼ਨ ਸ਼ਾਪ' ਸੀ, ਜਿਸ ਵਿੱਚ ਦਰਬਾਰ ਸਾਹਿਬ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਗੁਰਦੁਆਰਿਆਂ ਨੂੰ 'ਸ਼ੱਕੀ ਅਸਥਾਨ' ਕਰਾਰ ਦੇ ਕੇ ਨਿਸ਼ਾਨਾ ਬਣਾਉਣਾ ਅਤੇ ਸਿੱਖਾਂ ਦਾ ਕਤਲੇਆਮ ਕਰਨਾ ਸੀ। ਤੀਸਰਾ ਪੜਾਓ ਸੀ 'ਆਪਰੇਸ਼ਨ ਵਡਰੋਜ', ਜਿਸ ਵਿੱਚ ਇੰਡੀਅਨ ਆਰਮੀ ਅਤੇ ਉਸ ਨਾਲ ਨੈਸ਼ਨਲ ਸਿਕਿਉਰਟੀ ਗਾਰਡ ਨੇ, ਮਿਲ ਕੇ 9 ਮਈ 1988 ਨੂੰ 'ਆਪਰੇਸ਼ਨ ਬਲੂ ਸਟਾਰ' ਦੀ ਦੂਸਰੀ ਕੜੀ ਨੂੰ ਅੱਗੇ ਤੋਰਿਆ ਅਤੇ ਦਰਬਾਰ ਸਾਹਿਬ 'ਤੇ ਮੁੜ ਹਮਲਾ ਕੀਤਾ।
'ਅਪਰੇਸ਼ਨ ਬਲੂ ਸਟਾਰ', 'ਆਪਰੇਸ਼ਨ ਮੈਟਲ', 'ਆਪਰੇਸ਼ਨ ਸ਼ਾਪ', 'ਆਪਰੇਸ਼ਨ ਵਡਰੋਜ' ਅਤੇ 'ਆਪਰੇਸ਼ਨ ਬਲੈਕ ਥੰਡਰ ਆਦਿ 'ਸਰਕਾਰੀ ਨਾਂ' ਸਿੱਖਾਂ ਦੇ ਜ਼ਖਮਾਂ ਤੇ ਲੂਣ ਛਿੜਕਣ ਲਈ ਵਰਤੇ ਗਏ। ਅਫਸੋਸ ਕਿ ਸਿੱਖ ਵਿਦਵਾਨ ਅਤੇ ਸਿੱਖ ਸੰਸਥਾਵਾਂ ਆਪਣੇ ਅਦਾਰਿਆਂ ਵਿੱਚ ਇਨਾਂ ਨਾਵਾਂ ਦਾ ਇਸਤੇਮਾਲ ਕਰਕੇ ਬੌਧਿਕ ਦਿਵਾਲੀਏਪਨ ਦੀ ਮਿਸਾਲ ਪੇਸ਼ ਕਰਦੀਆਂ ਹਨ, ਜਿਵੇਂ ਕਿ 'ਅਪਰੇਸ਼ਨ ਬਲੂ ਸਟਾਰ ਨੂੰ ਯਾਦ ਕਰਦਿਆਂ', 'ਸਾਕਾ ਨੀਲਾ ਧਾਰਾ ਦੀ 40ਵੀਂ ਵਰੇਗੰਢ 'ਤੇ', 'ਸਾਕਾ ਨੀਲਾ ਤਾਰਾ ਤੋਂ ਬਾਅਦ' ਆਦਿ। ਅਕਾਲ ਤਖਤ ਦੇ ਸਾਬਕਾ ਜਥੇਦਾਰ ਗਿਆਨੀ ਕਿਰਪਾਲ ਸਿੰਘ ਦੀ ਕਿਤਾਬ 'ਅੱਖੀਂ ਡਿੱਠਾ ਸਾਕਾ ਨੀਲਾ ਤਾਰਾ' ਅਤੇ ਕਈ ਹੋਰ ਸਿੱਖ ਇਤਿਹਾਸਕਾਰਾਂ ਦੀਆਂ ਅਜਿਹੀਆਂ ਲਿਖਤਾਂ ਇਸ ਦੀ ਪ੍ਰਤੱਖ ਮਿਸਾਲ ਹਨ।
ਵਿਦਵਾਨ ਡਾ. ਸਿਕੰਦਰ ਸਿੰਘ ਦਾ ਕਥਨ ਹੈ ਕਿ ਸ਼ਬਦ ਜੰਗ ਹੁੰਦੀ ਏਹ ਹੈ ਕਿ ਸੱਤਾ ਵੱਲੋਂ ਆਪਣੇ ਵਿਰੋਧੀ ਦੀ ਧਰਤੀ ਨੂੰ, ਧਰਮ ਨੂੰ, ਕਿੱਤੇ ਨੂੰ, ਦੇਹ ਨੂੰ, ਇਤਿਹਾਸ ਨੂੰ, ਬੋਲੀ ਨੂੰ, ਸੱਭਿਆਚਾਰ ਨੂੰ, ਸਭ ਨੂੰ ਹੀਣਾ ਅਤੇ ਨੀਵਾਂ ਕਰ ਦੇਣਾ, ਉਹਨਾਂ ਦੇ ਅੱਖਰਾਂ ਤੱਕ ਘਟਾ ਦੇਣਾ। 40 ਸਾਲ ਪਹਿਲਾਂ ਦਰਬਾਰ ਸਾਹਿਬ ਅਤੇ ਅਕਾਲ ਤਖਤ ਸਮੇਤ ਪੰਜਾਬ ਉੱਪਰ ਭਾਰਤੀ ਸਟੇਟ ਦਾ ਫੌਜੀ ਹਮਲਾ ਸਿੱਖੀ ਨੂੰ, ਪੰਜਾਬੀਆਂ ਨੂੰ, ਪੰਜਾਬੀ ਬੋਲੀ ਨੂੰ, ਸੱਭਿਆਚਾਰ ਨੂੰ ਅਤੇ ਇਤਿਹਾਸ ਨੂੰ ਖਤਮ ਕਰਨ ਦਾ ਖੂਨੀ ਵਰਤਾਰਾ ਸੀ, ਜਿਸ ਨੂੰ 'ਅਪਰੇਸ਼ਨ ਬਲੂ ਸਟਾਰ' ਕਹਿ ਕੇ, ਸੰਸਾਰ ਭਰ ਵਿੱਚ, ਸਿੱਖਾਂ ਨੂੰ ਭੰਡਿਆ ਗਿਆ। ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਪੁਰਬ 'ਤੇ ਮਿਥ ਕੇ ਕੀਤੇ ਗਏ ਇਸ ਫੌਜੀ ਹਮਲੇ ਨੇ, ਸਿੱਖ ਨਸਲਕੁਸ਼ੀ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਪੰਜਾਬ ਦੇ ਅੰਦਰ ਆਉਂਦੇ 10 ਸਾਲਾਂ ਵਿੱਚ ਅਤੇ ਦਿੱਲੀ ਸਮੇਤ ਭਾਰਤ ਦੇ ਕੋਨੇ-ਕੋਨੇ ਵਿੱਚ ਨਵੰਬਰ 84 ਨੂੰ ਹਜ਼ਾਰਾਂ ਸਿੱਖਾਂ ਦੀ ਨਸਲਕੁਸ਼ੀ ਹੋਈ। ਸਿੱਖ ਬਿਰਤਾਂਤ ਅਨੁਸਾਰ ਦਰਬਾਰ ਸਾਹਿਬ ਤੇ ਭਾਰਤੀ ਫੌਜੀ ਹਮਲੇ ਨੂੰ ਸਿੱਖਾਂ ਦਾ ਤੀਜਾ ਘੱਲੂਘਾਰਾ ਹੀ ਕਹਿਣਾ ਉਚਿਤ ਹੈ। ਇਸ ਬਿਰਤਾਂਤ ਨੂੰ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ 'ਝਨਾਂ ਦੀ ਰਾਤ' ਵਿੱਚ ਢੁਕਵੀਂ ਸ਼ਬਦਾਵਲੀ ਰਾਹੀਂ ਪੇਸ਼ ਕਰਦੇ ਬਿਆਨ ਕਰਦੇ ਹਨ :
"ਕਟਕ ਅਕ੍ਰਿਤਘਣਾਂ ਦੇ ਧਮਕੇ ਹਰਮਿੰਦਰ ਦੇ ਬੂਹੇ।
ਮੀਆਂ ਮੀਰ ਦਾ ਖੂਨ ਵੀਟ ਕੇ ਕਰੇ ਸਰੋਵਰ ਸੂਹੇ ।
ਦੂਰ ਸਮੇਂ ਦੇ ਗਰਭ ’ਚ ਸੁੱਤੇ ਬੀਜ ਮਾਸੂਮ ਵਣਾਂ ਦੇ,
ਲੂਣ-ਹਰਾਮ ਦੀ ਨਜ਼ਰ ਪੈਂਦਿਆਂ ਗਏ ਪਲਾਂ ਵਿਚ ਲੂਹੇ।
ਨਾਰ ਸਰਾਲ ਸਰਕਦਾ ਘੇਰਾ ਹਰਿਮੰਦਰ ਨੂੰ ਪਾਇਆ ।
ਰਿਜ਼ਕ ਫ਼ਕੀਰਾਂ ਵਾਲਾ ਸੁੱਚਾ ਆ ਤਕਦੀਰ ਜਲਾਇਆ ।
ਬੁੱਤ-ਪੂਜਾਂ ਦੇ ਸੀਨੇ ਦੇ ਵਿਚ ਫੱਫੇਕੁੱਟਨੀ ਸੁੱਤੀ,
ਜਿਸ ਦੀ ਵਿਸ ਨੂੰ ਭਸਮ ਕਰਨ ਲਈ ਤੀਰ ਬੇਅੰਤ ਦਾ ਆਇਆ ।
ਘਾਇਲ ਹੋਏ ਹਰਿਮੰਦਰ ਕੋਲੇ ਕਿੜਾਂ ਬੇਅੰਤ ਨੂੰ ਪਈਆਂ
ਤੱਤੀ ਤਵੀ ਦੇ ਵਾਂਗ ਦੁਪਹਿਰਾਂ ਨਾਲ ਨਾਲ ਬਲ ਰਹੀਆਂ ।
ਮੀਆਂ ਮੀਰ ਦੇ ਸੁਪਨੇ ਦੇ ਵਿੱਚ ਵਗੇ ਵਗੇ ਪਈ ਰਾਵੀ,
ਵਹਿਣ ’ਚ ਹੱਥ ਉਠੇ, ਸਭ ਲਹਿਰਾਂ ਉਲਰ ਬੇਅੰਤ ਤੇ ਪਈਆਂ ।
ਜੂਨ 84 ਵਿੱਚ ਦਰਬਾਰ ਸਾਹਿਬ ਦੇ ਫੌਜੀ ਹਮਲੇ ਦਾ 40ਵਾਂ ਸ਼ਹੀਦੀ ਸਾਲ ਚੇਤੇ ਕਰਦਿਆਂ, ਅੱਜ ਤੋਂ ਇਹ ਪ੍ਰਣ ਕਰਨਾ ਬਣਦਾ ਹੈ ਕਿ ਜਾਣੇ-ਅਣਜਾਣੇ ਵਿੱਚ ਸਟੇਟ ਦੇ ਬਿਰਤਾਂਤ ਅਤੇ ਕਪਟੀ ਸ਼ਬਦਾਵਲੀ ਆਪਰੇਸ਼ਨ ਬਲੂ ਸਟਾਰ (ਸਾਕਾ ਨੀਲਾ ਤਾਰਾ) ਨੂੰ ਆਪਣੇ ਜਜ਼ਬਾਤ ਬਿਆਨ ਕਰਨ ਲਈ ਨਾ ਵਰਤਿਆ ਜਾਵੇ। ਹਾਂ, ਜਿੱਥੇ ਸਰਕਾਰੀ ਜਬਰ ਅਤੇ ਫੌਜ ਦੇ ਕਹਿਰ ਨੂੰ ਦੱਸਣਾ ਹੋਵੇ, ਉਥੇ ਭਾਰਤ ਸਰਕਾਰ ਦੇ ਛਲ-ਕਪਟੀ ਸ਼ਬਦਾਂ ਦੇ ਰੂਪ ਵਿੱਚ ਇਸ ਨੂੰ ਕੋਝੀ ਅਤੇ ਨੀਚ ਕਾਰਵਾਈ ਵਜੋਂ ਬਿਆਨ ਕਰਨਾ ਠੀਕ ਹੋਏਗਾ। ਇਸ ਤੋਂ ਇਲਾਵਾ ਇਹ ਗੱਲ ਵੀ ਗੌਰ ਕਰਨ ਵਾਲੀ ਹੈ ਕਿ ਜੂਨ 84 ਦਾ ਤੀਜਾ ਸ਼ਹੀਦੀ ਘੱਲੂਘਾਰਾ ਸਿੱਖ ਕੌਮ ਲਈ ਇੱਕ ਯੁਗ ਪਲਟਾਊ ਵਰਤਾਰਾ ਹੈ, ਜਿਸ ਨੇ ਦੇਸ਼ ਵਿਦੇਸ਼ ਵਿੱਚ ਲੱਖਾਂ ਸਿੱਖਾ ਦਾ ਜੀਵਨ ਬਦਲ ਦਿੱਤਾ। ਅਜਿਹੇ ਜੀਵਨ ਪਲਟਾਊ ਬਿਰਤਾਂਤ ਨੂੰ ਡਾਕਟਰ ਹਰਭਜਨ ਸਿੰਘ ਤੋਂ ਵਧੀਆ ਢੰਗ ਨਾਲ ਸ਼ਾਇਦ ਹੀ ਕਿਸੇ ਨੇ ਬਿਆਨ ਕੀਤਾ ਹੋਵੇ ;
ਦਿੱਲੀ ਨੇ ਜਦ ਅੰਮ੍ਰਿਤਸਰ ’ਤੇ ਜਮ ਕਰ ਮੁਗਲ ਚੜ੍ਹਾਇਆ
ਹੈਵਰ ਗੈਵਰ ਤੋਂ ਵੀ ਤਕੜਾ ਜਦ ਲੌਹੇਯਾਨ ਦੁੜਾਇਆ
ਫੌਜਾਂ ਨੇ ਜਦ ਸੋਨਕਲਸ਼ ’ਤੇ ਤੁਪਕ ਤਾਨ ਚਲਾਇਆ
ਖਖੜੀ ਖਖੜੀ ਹੋ ਕੇ ਡਿੱਗਾ ਜਦ ਮੇਰੇ ਸਿਰ ਦਾ ਸਾਇਆ
ਸੱਚ ਤਖਤ ਜਿਨ੍ਹੇ ਸੀ ਢਾਇਆ ਉਸੇ ਜਦੋਂ ਬਣਾਇਆ
ਤਾਂ ਅਪਰਾਧੀ ਦੂਣਾ ਨਿਵਦਾ ਮੈਨੂੰ ਨਜ਼ਰੀਂ ਆਇਆ
ਸਤਿਗੁਰ ਇਹ ਕੀ ਕਲਾ ਵਿਖਾਈ,ਤੂੰ ਕੀ ਭਾਣਾ ਵਰਤਾਇਆ
'ਮੈਂ ਪਾਪੀ ਦੀ ਸੋਧ ਲਈ ਤੂੰ' ਆਪਣਾ ਘਰ ਢਠਾਇਆ
ਮੈਂ ਰੱਬ ਨੂੰ ਬਹੁਤ ਧਿਆਇਆ।