ਪੰਜਾਬੀ ਅਖਬਾਰ ਕੈਨੇਡਾ ਦਰਪਣ ਦੀ ਆਰਕਾਈਵ ਦਾ ਲਾਂਚ ਸਮਾਗਮ - ਹਰਪ੍ਰੀਤ ਸੇਖਾ

26 ਮਈ 2024 ਨੂੰ ਸਰੀ ਫਲੀਟਵੁੱਡ ਲਇਬਰੇਰੀ ਵਿੱਚ ਪੰਜਾਬੀ ਅਖਬਾਰ ਕੈਨੇਡਾ ਦਰਪਣ ਦੀ ਆਰਕਾਈਵ ਲਾਂਚ ਕੀਤੀ ਗਈ। ਕੈਨੇਡਾ ਦਰਪਣ ਨਵੰਬਰ 1982 ਤੋਂ ਲੈ ਕੇ ਫਰਵਰੀ 1989 ਤੱਕ ਵੈਨਕੂਵਰ/ਸਰੀ ਤੋਂ ਹਫਤਾਵਾਰੀ/ਪੰਦਰਵਾੜਾ ਤੌਰ `ਤੇ ਦਰਸ਼ਨ ਗਿੱਲ ਦੀ ਸੰਪਾਦਨਾ ਵਿੱਚ ਛਪਦਾ ਹੁੰਦਾ ਸੀ। ਇਸ ਸਮੇਂ ਦੌਰਾਨ ਇਸ ਦੇ 250 ਕੁ ਦੇ ਕਰੀਬ ਅੰਕ ਪ੍ਰਕਾਸ਼ਤ ਹੋਏ। ਇਹਨਾਂ 250 ਅੰਕਾਂ ਵਿੱਚੋਂ ਬਹੁਗਿਣਤੀ ਅੰਕ ਇਸ ਦੀ ਆਰਕਾਈਵ `ਤੇ ਅਪਲੋਡ ਕਰ ਦਿੱਤੇ ਗਏ ਹਨ, ਜਿਹਨਾਂ ਨੂੰ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਵਸਣ ਵਾਲਾ ਵਿਅਕਤੀ ਇੰਟਰਨੈੱਟ `ਤੇ ਪੜ੍ਹ ਸਕਦਾ ਹੈ। ਇਹ ਆਰਕਾਈਵ ਸੁਖਵੰਤ ਹੁੰਦਲ ਦੇ ਯਤਨਾਂ ਨਾਲ ਹੋਂਦ ਵਿੱਚ ਆਈ। ਸੁਖਵੰਤ ਹੁੰਦਲ ਹੋਰੀਂ ਇਸ ਤੋਂ ਪਹਿਲਾਂ ਸਿਰਜਣਾ, ਵਤਨੋਂ ਦੂਰ/ਵਤਨ, ਸਮਤਾ, ਸੇਧ ਅਤੇ ਮੰਚਨ ਮੈਗਜ਼ੀਨ ਮੈਗਜ਼ੀਨਾਂ ਦੀਆਂ ਆਰਕਾਈਵਾਂ ਤਿਆਰ ਕਰ ਚੁੱਕੇ ਹਨ।
ਲਾਂਚ ਸਮਾਗਮ ਦੇ ਸ਼ੁਰੂ ਵਿੱਚ ਸਾਧੂ ਬਿਿਨੰਗ ਨੇ ਵੈਨਕੂਵਰ ਸੱਥ ਵਲੋਂ  50 ਕੁ ਦੇ ਕਰੀਬ ਆਏ ਸ੍ਰੋਤਿਆਂ ਨੂੰ ਜੀ ਆਇਆਂ ਕਿਹਾ। ਉਹਨਾਂ ਕਿਹਾ ਕਿ ਕੈਨੇਡਾ ਦਰਪਣ ਅਖਬਾਰ ਦੀ ਆਰਕਾਈਵ ਦਾ ਬਣਨਾ ਸਾਡੇ ਭੂਤ ਅਤੇ ਭਵਿੱਖ ਨਾਲ ਸੰਬੰਧਿਤ ਹੈ। ਇਹ ਇਕ ਤਰੀਕਾ ਹੈ ਜਿਸ ਨਾਲ ਅਸੀਂ ਆਪਣੇ ਭੂਤ ਨੂੰ ਆਪਣੀਆਂ ਆਉਣ ਵਾਲੀਆਂ ਪੀੜੀਆਂ ਨਾਲ ਜੋੜ ਰਹੇ ਹਾਂ ਜੋ ਕਿ ਇਕ ਮਹੱਤਵਪੂਰਨ ਗੱਲ ਹੈ। ਉਹਨਾਂ ਕੈਨੇਡਾ ਦਰਪਣ ਦੇ ਛਪਣ ਦੇ ਵਰ੍ਹਿਆਂ ਦੀ ਗੱਲ ਕਰਦਿਆਂ ਕਿਹਾ ਕਿ ਉਹਨਾਂ ਸਮਿਆਂ ਵਿੱਚ ਕੈਨੇਡਾ ਵਿੱਚੋਂ ਪੰਜਾਬੀ ਦਾ ਇਸ ਤਰ੍ਹਾਂ ਦਾ ਅਖਬਾਰ ਕੱਢਣਾ ਬਹੁਤ ਮੁਸ਼ਕਿਲ ਕੰਮ ਸੀ। ਦਰਸ਼ਨ ਗਿੱਲ ਅਤੇ ਉਹਨਾਂ ਦੀ ਪਤਨੀ ਚਰਨਜੀਤ ਕੌਰ ਗਿੱਲ ਨੇ ਉਸ ਸਮੇਂ ਕੈਨੇਡਾ ਦਰਪਣ ਨੂੰ ਕੱਢਣ ਦਾ ਕੰਮ ਬਹੁਤ ਹੌਂਸਲੇ ਅਤੇ ਦ੍ਰਿੜਤਾ ਨਾਲ ਕੀਤਾ, ਜਿਸ ਲਈ ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ। ਉਹਨਾਂ ਅੱਗੇ ਕਿਹਾ ਕਿ ਬੇਸ਼ੱਕ ਉਸ ਸਮੇਂ ਸਾਨੂੰ ਇਸ ਅਖਬਾਰ ਦੀ ਅਹਿਮੀਅਤ ਦਾ ਪੂਰਾ ਅਹਿਸਾਸ ਨਹੀਂ ਸੀ, ਪਰ ਹੁਣ 40 ਸਾਲਾਂ ਬਾਅਦ ਜਦੋਂ ਅਸੀਂ ਇਸ ਦੀ ਆਰਕਾਈਵ ਚਾਲੂ ਕਰ ਰਹੇ ਹਾਂ ਤਾਂ ਅਸੀਂ ਦੇਖ ਸਕਦੇ ਹਾਂ ਕਿ ਉਹਨਾਂ ਸਮਿਆਂ ਵਿੱਚ ਇਸ ਅਖਬਾਰ ਦਾ ਨਿਕਲਣਾ ਕਿੰਨਾ ਜ਼ਰੂਰੀ ਅਤੇ ਮਹੱਤਵਪੂਰਨ ਸੀ।
ਉਹਨਾਂ ਤੋਂ ਬਾਅਦ ਸੁਖਵੰਤ ਹੁੰਦਲ ਨੇ ਸ੍ਰੋਤਿਆਂ ਨੂੰ ਇਸ ਆਰਕਾਈਵ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਆਰਕਾਈਵ ਦੇ ਪੇਜ ਨੂੰ ਪ੍ਰੋਜੈਕਟਰ `ਤੇ ਉਜਾਗਰ ਕਰ ਕੇ ਇਸ ਵਿੱਚ ਮੌਜੂਦ ਸਮਗਰੀ ਸ੍ਰੋਤਿਆਂ ਨੂੰ ਦਿਖਾਈ। ਉਹਨਾਂ ਨੇ ਕਿਹਾ ਕਿ ਇਸ ਆਰਕਾਈਵ ਬਾਰੇ ਯਾਦ ਰੱਖਣ ਵਾਲੀ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਇਹ ਆਰਕਾਈਵ ਤਾਂ ਹੋਂਦ ਵਿੱਚ ਆਈ ਹੈ ਕਿਉਂਕਿ ਦਰਸ਼ਨ ਗਿੱਲ ਅਤੇ ਚਰਨਜੀਤ ਕੌਰ ਗਿੱਲ ਨੇ1982-1989 ਵਿੱਚਕਾਰ ਇਹ ਅਖਬਾਰ ਕੱਢਿਆ ਸੀ। ਇਸ ਲਈ ਅੱਜ ਅਸੀਂ ਉਹਨਾਂ ਵਲੋਂ ਕੀਤੇ ਕੰਮ ਨੂੰ ਸਲਾਮ ਕਰਨ ਲਈ ਅਤੇ ਉਸ ਕੰਮ ਨੂੰ ਅੱਜ ਦੇ ਪੰਜਾਬੀਆਂ ਨਾਲ ਸਾਂਝੇ ਕਰਨ ਲਈ ਇਕੱਠੇ ਹੋਏ ਹਾਂ।
ਫਿਰ ਉਹਨਾਂ ਨੇ ਕੈਨੇਡਾ ਦਰਪਣ ਦੇ ਨਵੰਬਰ 1982 ਵਿੱਚ ਛਪੇ ਪਹਿਲੇ ਅੰਕ ਦੀ ਸੰਪਾਦਕੀ ਦੇ ਕੁੱਝ ਹਿੱਸੇ ਸ੍ਰੋਤਿਆਂ ਨੂੰ ਪੜ੍ਹ ਕੇ ਸੁਣਾਏ।ਸੰਪਾਦਕੀ - "ਆਖਰ ਕੈਨੇਡਾ ਦਰਪਣ ਦੀ ਲੋੜ ਕਿਉਂ? ਵਿੱਚ ਕੈਨੇਡਾ ਦਰਪਣ ਕੱਢਣ ਦੇ ਮਕਸਦ ਬਾਰੇ ਦੱਸਦਿਆਂ ਇਸ ਦੇ ਸੰਪਾਦਕ ਦਰਸ਼ਨ ਗਿੱਲ ਨੇ ਲਿਿਖਆ ਸੀ, “ਅਖਬਾਰ ਅਜਿਹਾ ਮਾਧਿਅਮ ਜਾਂ ਵਸੀਲਾ ਹਨ ਜਿਨ੍ਹਾਂ ਰਾਹੀ ਮਨੁੱਖ ਦੀਆਂ ਮਾਨਸਿਕ, ਰਾਜਨੀਤਕ, ਆਰਥਕ, ਸਾਹਿਤਕ, ਸਮਾਜਕ ਤੇ ਸਭਿਆਚਾਰਕ ਲੋੜਾਂ ਸੰਬੰਧਤ ਹਨ। ਧਰਮ ਇਕ ਸਮਾਜਕ ਕਰਮ ਹੈ, ਇਸ ਲਈ ਉਹ ਸਮਾਜਕ ਪਹਿਲੂ ਵਿੱਚ ਹੀ ਸਮੋਇਆ ਜਾ ਸਕਦਾ ਹੈ। ਅਖਬਾਰ ਬਹੁਤੀ ਵਾਰ ਇਨ੍ਹਾਂ ਉਪ੍ਰੋਕਤ ਪਹਿਲੂਆਂ ਨੂੰ ਸਮੁੱਚੇ ਰੂਪ ਵਿੱਚ ਪੇਸ਼ ਕਰਨ ਦੀ ਥਾਂ ਅਕਸਰ ਇਹ ਟਪਲਾ ਖਾ ਜਾਂਦੇ ਹਨ ਤੇ ਉਨ੍ਹਾਂ ਦੇ ਵੱਖ ਵੱਖ ਪ੍ਰਭਾਵ ਬਣ ਜਾਂਦੇ ਹਨ। ਕਈ ਅਖਬਾਰ ਕੇਵਲ ਮਜ਼੍ਹਬੀ ਪਹਿਲੂ ਨੂੰ ਉਭਾਰਕੇ – ਇਸ ਨੂੰ ਸਮਾਜਕ ਕਰਮ ਨਾਲੋਂ ਨਿਖੇੜ ਕੇ, ਲੋਕਾਂ ਵਿੱਚ ਕੇਵਲ ਮਜ਼੍ਹਬੀ ਰੰਗ ਦਾ ਪ੍ਰਚਾਰ ਕਰਨ ਦਾ ਵਸੀਲਾ ਬਣਦੇ ਹਨ ਤੇ ਉਹ ਰਾਜਨੀਤਕ ਪਹਿਲੂ ਨੂੰ ਵੀ ਮਜ਼੍ਹਬੀ ਰੰਗਣ ਦੇ ਦਿੰਦੇ ਹਨ। ਇਸ ਕਾਰਨ ਉਹ ਅਖਬਾਰ ਨੂੰ ਅਜਿਹਾ ਸਾਧਨ ਬਣਾ ਲੈਂਦੇ ਹਨ ਕਿ ਮਜ਼੍ਹਬ ਵਿੱਚ ਬਾਕੀ ਰੰਗ ਸਮਾ ਜਾਂਦੇ ਹਨ। ਇਹ ਮਨੁੱਖ ਨੂੰ ਸਮੁੱਚੇ ਰੂਪ ਵਿੱਚ ਪੇਸ਼ ਕਰਨ ਦੀ ਥਾਂ ਕੇਵਲ ਉਸ ਦੇ ਇਕ ਪੱਖ ਨੂੰ ਹੀ ਉਭਾਰ ਕੇ ਪੇਸ਼ ਕਰਨਾ ਆਪਣਾ ਅਕੀਦਾ ਮਿੱਥ ਲੈਂਦੇ ਹਨ।... ਅਸੀਂ ‘ਕੈਨੇਡਾ ਦਰਪਣ” ਨੂੰ ਅਜਿਹੇ ਰੂਪ ਵਿਚ ਚਿਤਵਿਆ ਹੈ ਜੋ ਰੰਗ, ਨਸਲ, ਮਜ਼੍ਹਬ ਤੋਂ ਉੱਪਰ ਉੱਠ ਕੇ ਸਮੁੱਚੀ ਮਨੁੱਖੀ ਸ਼ਖਸੀਅਤ ਦਾ ਪ੍ਰਗਟਾਵਾ ਬਣ ਸਕੇ। ਮਨੁੱਖ, ਮਨੁੱਖ ਹੈ ਤੇ ਇਹ ਮਨੁੱਖਤਾ ਹੀ ਮਨੁੱਖ ਦਾ ਅਸਲੀ ਖਾਸਾ ਹੈ। ਜੋ ਮਨੁੱਖੀ ਸ਼ਖਸੀਅਤ ਦਾ ਸ਼ੀਸ਼ਾ ਨਹੀਂ ਬਣ ਸਕਦਾ, ਉਸ ਨੂੰ ਅਖਬਾਰ ਕਹਿਣਾ ਗਲਤ ਹੋਵੇਗਾ।”
ਇਸ ਆਰਕਾਈਵ ਨੂੰ ਬਣਾਉਣ ਦੇ ਮਕਸਦ ਬਾਰੇ ਦਸਦਿਆਂ ਸੁਖਵੰਤ ਹੁੰਦਲ ਨੇ ਕਿਹਾ ਕਿ ਵਰਤਮਾਨ ਸਮੇਂ ਵਿੱਚ ਮੀਡੀਆ ਸੰਚਾਰ ਦੇ ਇਕ ਸਾਧਨ ਵਜੋਂ ਕੰਮ ਕਰਦਾ ਹੈ। ਇਹ ਸਾਨੂੰ ਅੱਜ ਜੋ ਕੁੱਝ ਵਾਪਰ ਰਿਹਾ ਹੈ ਉਸ ਬਾਰੇ ਦਸਦਾ ਹੈ ਕਿ ਉਹ ਕਿੱਥੇ ਹੋ ਰਿਹਾ ਹੈ, ਕਿਸ ਵਲੋਂ ਹੋ ਰਿਹਾ ਹੈ ਅਤੇ ਕਿਉਂ ਹੋ ਰਿਹਾ ਹੈ। ਇਸ ਦੇ ਨਾਲ ਨਾਲ ਮੀਡੀਆ ਵਰਤਮਾਨ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਦਾ ਰਿਕਾਰਡ ਵੀ ਤਿਆਰ ਕਰਦਾ ਹੈ। ਭਵਿੱਖ ਵਿੱਚ ਜਦੋਂ ਲੋਕ ਜੋ ਕੁੱਝ ਅੱਜ ਹੋ ਰਿਹਾ ਹੈ, ਉਸ ਬਾਰੇ ਜਾਣਨਾ ਚਾਹੁਣਗੇ ਤਾਂ ਜੇ ਉਹਨਾਂ ਕੋਲ ਅੱਜ ਦੇ ਮੀਡੀਏ ਤੱਕ ਪਹੁੰਚ ਹੋਵੇਗੀ ਤਾਂ ਉਹ ਇਸ ਮੀਡੀਆ ਰਾਹੀਂ ਅੱਜ ਦੇ ਸਮਾਜ ਬਾਰੇ ਬਹੁਤ ਕੁੱਝ ਜਾਣ ਅਤੇ ਸਮਝ ਸਕਣਗੇ। ਇਸ ਤਰ੍ਹਾਂ 40 ਸਾਲ ਪਹਿਲਾਂ ਨਿਕਲਦੇ ਰਹੇ ਕੈਨੇਡਾ ਦਰਪਣ ਦੀ ਇਹ ਆਰਕਾਈਵ ਅੱਜ ਸਾਨੂੰ ਕੈਨੇਡਾ ਵਿੱਚ 40 ਸਾਲ ਪਹਿਲਾਂ ਦੇ ਪੰਜਾਬੀ ਸਮਾਜ ਨੂੰ ਸਮਝਣ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਦੀ ਹੈ ਅਤੇ ਅਗਾਂਹ ਦੀਆਂ ਪੀੜ੍ਹੀਆਂ ਨੂੰ ਉਸ ਸਮੇਂ ਦੇ ਸਮਾਜ ਬਾਰੇ ਜਾਣਕਾਰੀ ਪ੍ਰਦਾਨ ਕਰਦੀ ਰਹੇਗੀ।
ਇਸ ਤੋਂ ਬਾਅਦ ਸੁਖਵੰਤ ਹੁੰਦਲ ਨੇ ਇਸ ਆਰਕਾਈਵ ਨੂੰ ਬਣਾਉਣ ਵਿੱਚ ਚਰਨਜੀਤ ਕੌਰ ਗਿੱਲ ਵਲੋਂ ਮਿਲੇ ਸਹਿਯੋਗ ਦਾ ਜਿ਼ਕਰ ਕੀਤਾ। ਉਹਨਾਂ ਨੇ ਇਹ ਆਰਕਾਈਵ ਬਣਾਉਣ ਲਈ ਚਰਨਜੀਤ ਕੌਰ ਗਿੱਲ ਵਲੋਂ ਕੈਨੇਡਾ ਦਰਪਣ ਦੇ ਅੰਕ ਮੁਹੱਈਆ ਕਰਨ ਅਤੇ ਕੈਨੇਡਾ ਦਰਪਣ ਵਿੱਚ ਛਪੀਆਂ ਖਬਰਾਂ/ਲਿਖਤਾਂ ਦੀ ਸੂਚੀ ਤਿਆਰ ਕਰਨ ਲਈ ਕੀਤੇ ਕੰਮ ਲਈ ਉਹਨਾਂ ਦਾ ਧੰਨਵਾਦ ਕੀਤਾ।
ਪ੍ਰੋਗਰਾਮ ਦੇ ਇਸ ਪੜਾਅ `ਤੇ ਸੁਖਵੰਤ ਹੁੰਦਲ ਅਤੇ ਚਰਨਜੀਤ ਕੌਰ ਗਿੱਲ ਨੇ ਇਸ ਆਰਕਾਈਵ ਨੂੰ ਜਨਤਕ ਤੌਰ `ਤੇ ਲਾਂਚ ਕਰਨ ਲਈ ਇਸ ਬਾਰੇ ਸੋਸ਼ਲ ਮੀਡੀਏ `ਤੇ ਪਾਈ ਖਬਰ ਦੀ ਪ੍ਰਾਈਵੇਟ ਸੈਟਿੰਗ ਨੂੰ ਪਬਲਿਕ ਸੈਟਿੰਗ ਵਿੱਚ ਤਬਦੀਲ ਕੀਤਾ ਅਤੇ ਮਾਊਸ ਦੀ ਇਕ ਕਲਿੱਕ ਨਾਲ ਇਸ ਖਬਰ ਨੂੰ ਸੋਸ਼ਲ ਮੀਡੀਏ `ਤੇ ਸਾਂਝੀ ਕੀਤਾ। ਇਸ ਤਰ੍ਹਾਂ ਆਰਕਾਈਵ ਸਾਰੇ ਲੋਕਾਂ ਲਈ ਲਾਂਚ ਹੋ ਗਈ।
ਅਗਲੇ ਬੁਲਾਰੇ ਨੂੰ ਸੱਦਣ ਤੋਂ ਪਹਿਲਾਂ ਸਾਧੂ ਬਿਿਨੰਗ ਨੇ ਇਸ ਕਲਿੱਕ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਸੁਖਵੰਤ ਹੁੰਦਲ ਅਤੇ ਚਰਨਜੀਤ ਕੌਰ ਗਿੱਲ ਵਲੋਂ ਕੀਤਾ ਇਹ ਕਲਿੱਕ ਇਕ "ਇਤਿਹਾਸਕ ਕਲਿੱਕ" ਹੈ ਅਤੇ ਇਸ ਕਲਿੱਕ ਨਾਲ ਇਸ ਆਰਕਾਈਵ ਤੱਕ ਸਾਰੇ ਪੰਜਾਬੀਆਂ ਦੀ ਪਹੁੰਚ ਹੋ ਜਾਣੀ ਇਕ "ਇਨਕਲਾਬੀ ਕਦਮ" ਹੈ। ਫਿਰ ਉਹਨਾਂ ਨੇ ਅਗਲੇ ਬੁਲਾਰੇ ਡਾ: ਅਜੇ ਭਾਰਦਵਾਜ ਨੂੰ "ਹਿਸਟਰੀ ਐਕਟਵਿਜ਼ਮ" `ਤੇ ਆਪਣਾ ਕੁੰਜੀਵਤ ਲੈਕਚਰ ਦੇਣ ਲਈ ਸੱਦਾ ਦਿੱਤਾ।
ਡਾ: ਅਜੇ ਭਾਰਦਵਾਜ ਨੇ ਆਪਣੇ ਲੈਕਚਰ ਵਿੱਚ ਕਿਹਾ ਕਿ "ਹਿਸਟਰੀ ਐਕਟਵਿਜਮ" ਦਾ ਮਕਸਦ "ਜੱਦੋਜਹਿਦਾਂ ਦੇ ਇਤਿਹਾਸ ਨੂੰ ਜੱਦੋਜਹਿਦਾਂ ਦਾ ਹਿੱਸਾ ਬਣਾਉਣਾ ਹੈ -ਮੇਕਿੰਗ ਹਿਸਟਰੀ ਆਫ ਸਟ੍ਰਗਲ, ਪਾਰਟ ਆਫ ਸਟ੍ਰਗਲ।" ਉਹਨਾਂ ਦੱਸਿਆ ਕਿ ਇਸ ਤਰ੍ਹਾਂ ਦੇ ਕੰਮ ਦੀ ਪਰੰਪਰਾ ਬਹੁਤ ਪੁਰਾਣੀ ਹੈ ਅਤੇ ਦੁਨੀਆ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਹਿਸਟਰੀ ਐਕਟਵਿਸਟ ਇਸ ਕਾਰਜ ਵਿੱਚ ਲੱਗੇ ਹੋਏ ਹਨ। ਉਹ ਆਪਣੀ ਖੋਜ, ਨੁਮਾਇਸ਼ਾਂ ਅਤੇ ਇਸ ਤਰ੍ਹਾਂ ਦੇ ਹੋਰ ਸਭਿਆਚਾਰਕ ਕਾਰਜਾਂ ਨਾਲ ਅਤੀਤ ਦੀਆਂ ਜੱਦੋਜਹਿਦਾਂ ਦੇ ਇਤਿਹਾਸ ਨੂੰ ਮੁੜ ਸਥਾਪਤ ਕਰ ਰਹੇ ਹਨ ਤਾਂ ਕਿ ਇਹ ਇਤਿਹਾਸ ਅੱਜ ਅਤੇ ਭਵਿੱਖ ਦੀਆਂ ਜੱਦੋਜਹਿਦਾਂ ਨੂੰ ਸ਼ਕਤੀ ਪ੍ਰਦਾਨ ਕਰ ਸਕੇ ਅਤੇ ਇਹਨਾਂ ਜੱਦੋਜਹਿਦਾਂ ਲਈ ਪ੍ਰੇਰਨਾ ਦਾ ਸ੍ਰੋਤ ਬਣ ਸਕੇ। ਉਹਨਾਂ ਅਨੁਸਾਰ ਕੈਨੇਡਾ ਦਰਪਣ ਦੀ ਆਰਕਾਈਵ ਦਾ ਬਣਾਏ ਜਾਣਾ ਵੀ "ਹਿਸਟਰੀ ਐਕਟਵਿਜ਼ਮ" ਦੀ ਪਰੰਪਰਾ ਦਾ ਹੀ ਹਿੱਸਾ ਹੈ।
ਡਾ: ਭਾਰਦਵਾਜ ਦੇ ਲੈਕਚਰ ਤੋਂ ਬਾਅਦ ਹਾਜ਼ਰ ਸ੍ਰੋਤਿਆਂ ਵਿੱਚੋਂ ਮੱਖਣ ਟੁੱਟ, ਹਰਦੇਵ ਸਿੱਧੂ, ਡਾ: ਸਾਧੂ ਸਿੰਘ, ਸੁਰਿੰਦਰ ਸੰਘਾ, ਉੱਜਲ ਦੁਸਾਂਝ, ਅਜਮੇਰ ਰੋਡੇ, ਹਰਪ੍ਰੀਤ ਸੇਖਾ, ਜਰਨੈਲ ਸਿੰਘ ਸੇਖਾ, ਹਰਿੰਦਰ ਮਾਹਲ, ਸੁਰਜੀਤ ਕਲਸੀ, ਸੁਖਵਿੰਦਰ ਚੋਲ੍ਹਾ ਅਤੇ ਫੌਜੀਆ ਰਫੀਕ ਨੇ ਸੰਖੇਪ ਵਿੱਚ ਆਪਣੇ ਵਿਚਾਰ ਪ੍ਰਗਟਾਏ। ਉਹਨਾਂ ਸਾਰਿਆਂ ਨੇ ਦਰਸ਼ਨ ਗਿੱਲ ਅਤੇ ਉਹਨਾਂ ਦੇ ਕੰਮ ਨੂੰ ਯਾਦ ਕੀਤਾ ਅਤੇ ਇਹ ਆਰਕਾਈਵ ਬਣਾਏ ਜਾਣ ਦੇ ਕਾਰਜ ਦੀ ਸ਼ਲਾਘਾ ਕੀਤੀ।
ਅੰਤ ਵਿੱਚ ਸਾਧੂ ਬਿਿਨੰਗ ਨੇ ਨਵਜੋਤ ਢਿੱਲੋਂ ਦਾ ਇਸ ਆਰਕਾਈਵ ਬਾਰੇ ਸੁਖਵੰਤ ਹੁੰਦਲ ਨਾਲ ਇੰਟਰਵਿਊ ਕਰਨ ਅਤੇ ਆਪਣੇ ਯੂ ਟਿਊਬ ਚੈਨਲ `ਤੇ ਪਾਉਣ ਲਈ ਧੰਨਵਾਦ ਕੀਤਾ ਅਤੇ ਬਾਕੀ ਸਾਰੇ ਸ੍ਰੋਤਿਆਂ ਦਾ ਆਉਣ ਲਈ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਤੁਸੀਂ ਸਾਰਿਆਂ ਨੇ ਸਾਡੀ ਉਮੀਦ ਤੋਂ ਦੁੱਗਣੀ ਗਿਣਤੀ ਵਿੱਚ ਹਾਜ਼ਰ ਹੋ ਕੇ ਸਾਨੂੰ ਇਕ ਖੁਸ਼ੀ ਭਰਿਆ ਸਰਪਰਾਈਜ਼ ਦਿੱਤਾ ਹੈ। ਇਸ ਲਈ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ।
ਕੈਨੇਡਾ ਦਰਪਣ ਦੀ ਇਹ ਆਰਕਾਈਵ https://canadadarpan.wordpress.com/ `ਤੇ ਦੇਖੀ ਜਾ ਸਕਦੀ ਹੈ।