ਸੋਸ਼ਲ ਮੀਡੀਆ - ਰਵਿੰਦਰ ਸਿੰਘ ਕੁੰਦਰਾ ਕਵੈਂਟਰੀ ਯੂ ਕੇ
ਤਮਾਸ਼ਬੀਨ ਹੈ ਦੁਨੀਆ, ਤਰਸ ਤੋਂ ਖਾਲੀ ਹੈ,
ਬੰਦਾ ਬਣਨ ਦਾ ਢੋਂਗ, ਇਨਸਾਨੀਅਤ ਜਾਅਲੀ ਹੈ।
ਹਾਦਸੇ ਦੇ ਸ਼ਿਕਾਰਾਂ ਦੀ, ਨਾ ਕੋਈ ਮਦਦ ਕਰੇ,
ਹਰ ਕੋਈ ਫਿਲਮ ਬਣਾ ਕੇ, ਮਾਲੋ ਮਾਲੀ ਹੈ।
ਸਸਤੀ ਸ਼ੋਹਰਤ ਦੀ ਦੌੜ, ਨੇ ਝੁੱਗੇ ਚੌੜ ਕੀਤੇ,
ਇੱਜ਼ਤਾਂ ਲਈ ਝੋਲੀ ਅੱਡਦਾ, ਸ਼ਰੀਫ ਸਵਾਲੀ ਹੈ।
ਉੱਚੀਆਂ ਕਦਰਾਂ ਕੀਮਤਾਂ, ਅੱਜ ਹੋਈਆਂ ਮਿੱਟੀ,
ਗੁਲਸ਼ਨ ਉਜਾੜਨ ਲੱਗਾ, ਅੱਜ ਖ਼ੁਦ ਮਾਲੀ ਹੈ।
ਘਰ ਘਰ ਬੈਠੇ ਐਕਟਰ, ਡਰਾਮਾ ਨਿੱਤ ਕਰਦੇ,
ਨਾਇਕ ਹੈ ਅੱਜ ਪਤੀ, ਨਾਇਕਾ ਘਰ ਵਾਲ਼ੀ ਹੈ।
ਸਰਕਾਰਾਂ, ਸੈਂਸਰ, ਸੇਧਾਂ, ਛਿੱਕੇ ਟੰਗੀਆਂ ਨੇ,
ਕਾਨੂੰਨ ਦੇ ਉੱਤੇ ਛਾਈ, ਬਹੁਤ ਮੰਦਹਾਲੀ ਹੈ।
ਸੋਸ਼ਲ ਮੀਡੀਆ ਹੀ ਅੱਜ, ਸਭ ਦਾ ਧਰਮ ਹੋਇਆ,
ਇਸ ਧਰਮ ਗਰੰਥ ਦਾ ਪੱਤਰਾ, ਹਰ ਇੱਕ ਖਾਲੀ ਹੈ।
ਅਫਵਾਹਾਂ, ਝੂਠ ਨੇ ਵਿਕਦੇ, ਮਹਿੰਗੇ ਭਾਅ ਚੜ੍ਹ ਕੇ,
ਸੱਚ ਦਾ ਤਾਂ ਹੁਣ ਸਮਝੋ, ਰੱਬ ਹੀ ਵਾਲੀ ਹੈ।
ਰਵਿੰਦਰ ਸਿੰਘ ਕੁੰਦਰਾ ਕਵੈਂਟਰੀ ਯੂ ਕੇ