ਮਾਨਵਤਾ ਦੇ ਸੱਚੇ ਸੇਵਕ :ਭਗਤ ਪੂਰਨ ਸਿੰਘ - ਪਰਮਜੀਤ ਸਿੰਘ ਬਾਗੜੀਆ
ਪੰਜਾਬ ਦੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿੱਚ ਅਨੇਕਾਂ ਸਖਸ਼ੀਅਤਾਂ ਨੂੰ ਅਲੱਗ ਅਲੱਗ ਨਾਮ ਦੇ ਨਾਲ ਜਾਣਿਆ ਜਾਂਦਾ ਹੈ |ਉਹਨਾਂ ਵਿੱਚੋਂ ਭਗਤ ਪੂਰਨ ਸਿੰਘ ਨੂੰ ਦੁਨਿਆਵੀ ਭਗਤੀ ਦਾ ਸਿਰਮੌਰ ਭਗਤ, ਦਇਆਵਾਨ ,ਨਿਆਸਰਿਆਂ ਦਾ ਆਸਰਾ ,ਪਿੰਗਲਵਾੜੇ ਦਾ ਬਾਨੀ ,ਦੈਵੀ ਦਰਵੇਸ਼, ਨਿਸ਼ਕਾਮ ਸੇਵਾ ਭਾਵਨਾ ਦੇ ਪੁੰਜ ,ਯੁੱਗ ਪੁਰਸ਼ ,ਨਿਓਟਿਆਂ ਦੀ ਓਟ ,ਰੂਹਾਨੀ ਪ੍ਰਤਿਭਾ ਦੇ ਮਾਲਕ, ਮਹਾਦਾਨੀ ,ਸੰਤ ਮਹਾਤਮਾ ਦੇ ਰੂਪ, ਮਾਨਵਤਾ ਦਾ ਮਸੀਹਾ ,ਆਦਿ ਅਨੇਕਾਂ ਨਾਮ ਵਿਸ਼ੇਸ਼ਣ ਦੇ ਨਾਂ ਜਾਣਿਆ ਜਾਂਦਾ ਹੈ| ਭਗਤ ਪੂਰਨ ਸਿੰਘ ਨੂੰ 20 ਵੀ ਸਦੀ ਦੇ ਭਾਈ ਘਨੱਈਆ ਜੀ ਦੇ ਨਾਮ ਨਾਲ ਵੀ ਸੰਬੋਧਨ ਕਰਕੇ ਜਾਣਿਆ ਜਾਂਦਾ ਹੈ |ਮਾਨਵਤਾ ਦੀ ਭਲਾਈ ਨਾਲ ਜੁੜੇ ਸੇਵਾ ਭਾਵਨਾ ਦੇ ਪੁੰਜ, ਭਗਤ ਪੂਰਨ ਸਿੰਘ ਕਿਸੇ ਜਾਣ ਪਛਾਣ ਦੇ ਮੁਥਾਜ ਨਹੀਂ ਹਨ|
ਦੀਨ ਦੁਨੀਆ ਦੇ ਸੇਵਕ ,ਨਿਥਾਣਿਆਂ ਦੇ ਥਾਣ, ਬੇਸਆਸਰਿਆਂ ਨੂੰ ਆਸਰਾ ਦੇਣ ਵਾਲੇ ਇਸ ਸਖਸ਼ ਦਾ ਜਨਮ ਚਾਰ ਜੂਨ 1904 ਈਸਵੀ ਨੂੰ ਪਿੰਡ ਰਾਜੇਵਾਲ ਰੇਹਣੌਂ, ਤਹਿਸੀਲ ਖੰਨਾ ਜਿਲਾ੍ ਲੁਧਿਆਣਾ ਵਿਖੇ ਪਿਤਾ ਸੇਠ ਸ਼ਿੱਬੂ ਮਲ ਸ਼ਾਹੂਕਾਰ ਅਤੇ ਮਾਤਾ ਮਹਿਤਾਬ ਕੌਰ ਦੀ ਕੁੱਖੋਂ ਹੋਇਆ| ਭਗਤ ਪੂਰਨ ਸਿੰਘ ਦੇ ਬਚਪਨ ਦਾ ਨਾਮ ਰਾਮ ਜੀ ਦਾਸ ਸੀ |ਪਿਤਾ ਸ਼ਿਬੂ ਮਲ ਇੱਕ ਅਮੀਰ ਖੱਤਰੀ ਸ਼ਾਹੂਕਾਰ ਸੀ ਅਤੇ ਮਾਤਾ ਮਹਿਤਾਬ ਕੌਰ ਸਿੱਖ ਪਰਿਵਾਰ ਨਾਲ ਸਬੰਧ ਰੱਖਦੀ ਸੀ| ਜਿਹੜੀ ਕਿ ਧਾਰਮਿਕ ਖਿਆਲਾ ਅਤੇ ਸੂਖਮ ਬਿਰਤੀ ਦੀ ਮਾਲਕ ਸੀ| ਬਚਪਨ ਤੋਂ ਹੀ ਭਗਤ ਜੀ ਨੂੰ ਪੜਨ ਲਿਖਣ ਦਾ ਸ਼ੌਕ ਸੀ |ਉਹਨਾਂ ਦੇ ਮਨ ਵਿੱਚ ਪਰਉਪਕਾਰ ਦੀ ਭਾਵਨਾ ਆਪਣੀ ਮਾਂ ਵੱਲੋਂ ਮਿਲੇ ਸੰਸਕਾਰਾਂ ਦੀ ਦੀ ਦੇਣ ਨਾਲ ਪੈਦਾ ਹੋਈ| ਭਗਤ ਜੀ ਆਪਣੀ ਮਾਂ ਬਾਰੇ ਆਖਦੇ ਹਨ ,"ਮੇਰੀ ਮਾਂ ਇੱਕ ਕਲਾਕਾਰ ਸੀ ,ਜਿਸ ਨੇ ਮੇਰੀ ਸ਼ਖਸ਼ੀਅਤ ਨੂੰ ਬੜੇ ਪਿਆਰ ਤੇ ਸ਼ਰਧਾ ਨਾਲ ਘੜਿਆ |ਉਸਨੇ ਆਪਣਾ ਸਮੁੱਚਾ ਪਿਆਰ ਅਤੇ ਰੀਝਾਂ ਮੇਰੇ ਉੱਤੇ ਕੁਰਬਾਨ ਕਰ ਦਿੱਤੀਆਂ|"
1913 ਵਿੱਚ ਪਏ ਕਾਲ ਨਾਲ ਉਸਦੇ ਪਿਤਾ ਦਾ ਕਾਰੋਬਾਰ ਤਬਾਹ ਹੋ ਗਿਆ| ਜਿਸ ਕਾਰਨ ਦੋਵਾਂ ਮਾਂ ਤੇ ਪੁੱਤ ਨੂੰ ਆਰਥਿਕ ਤੰਗੀਆਂ ਤਰੁਸੀ਼ਆਂ ਵਿੱਚ ਜੀਵਨ ਬਤੀਤ ਕਰਨਾ ਪਿਆ| ਪਿਤਾ ਦੀ ਮੌਤ ਤੋਂ ਬਾਅਦ ਮਾਤਾ ਉੱਪਰ ਸਾਰੀ ਪਰਿਵਾਰਿਕ ਜਿੰਮੇਵਾਰੀ ਪੈ ਗਈ| ਮਾਤਾ ਮਹਿਤਾਬ ਕੌਰ ਨੇ ਗਰੀਬੀ ਕੱਟਣ ਤੇ ਰਾਮ ਜੀ ਦਾਸ ਦੀ ਪੜ੍ਹਾਈ ਲਈ ਕਈ ਥਾਈ ਨੌਕਰੀ ਵੀ ਕੀਤੀ| ਪੜ੍ਹਾਈ ਵਿਚਕਾਰ ਛੱਡ ਕੇ ਉਹ ਲਾਹੌਰ ਗੁਰਦੁਆਰਾ ਡੇਰਾ ਸਾਹਿਬ ਵਿਖੇ ਬਿਨਾਂ ਤਨਖਾਹ ਤੋਂ ਸੇਵਾ ਭਾਵਨਾ ਨਾਲ ਜਿੰਦਗੀ ਜਿਉਣੀ ਸ਼ੁਰੂ ਕਰ ਦਿੱਤੀ| ਉਹਨਾਂ ਦੇ ਮਨ ਵਿੱਚ ਪਰਉਪਕਾਰ ਦੀ ਭਾਵਨਾ ਦੇ ਸੁਪਨਿਆਂ ਨੂੰ ਆਪਣੀ ਮੰਜ਼ਿਲ ਸਮਝਿਆ| 1934 ਵਿੱਚ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਚਾਰ ਸਾਲਾਂ ਦਾ ਅਪੰਗ ਬੱਚੇ ਨੂੰ ਪਰਿਵਾਰ ਵਾਲੇ ਡਿਊੜੀ ਅੱਗੇ ਰੱਖ ਗਏ ਤੇ ਸੇਵਾਦਾਰਾਂ ਨੇ ਉਹ ਬੱਚਾ ਰਾਮ ਜੀ ਦਾਸ ਦੇ ਹਵਾਲੇ ਕਰ ਦਿੱਤਾ| ਉਸ ਦੀ ਸੇਵਾ ਕਰਨ ਨਾਲ ਹੀ ਨਾਲ ਹੀ ਰਾਮ ਜੀ ਦਾਸ ਭਗਤ ਪੂਰਨ ਸਿੰਘ ਦੇ ਰੂਪ ਵਿੱਚ ਨਿਖਰ ਕੇ ਸਾਹਮਣੇ ਆਏ| ਭਗਤ ਪੂਰਨ ਸਿੰਘ ਦੀ ਜ਼ਿੰਦਗੀ ਵਿੱਚ ਇੱਕ ਨਵਾਂ ਅਧਿਆਇ ਜੁੜ ਗਿਆ, ਜਿਹੜਾ ਬੇਸਹਾਰਿਆਂ ਦੀ ਸੇਵਾ ਵਾਲਾ ਪਰਉਪਕਾਰੀ ਦੀ ਭਾਵਨਾ ਵਾਲਾ ਰੂਪ ਹੋ ਨਿਬੜਿਆ| ਉਸ ਬੱਚੇ ਦਾ ਨਾਮ ਪਿਆਰਾ ਰੱਖਿਆ ਗਿਆ|
ਭਗਤ ਜੀ ਜਿੱਥੇ ਵੀ ਜਾਂਦੇ ਉਸ ਪਿਆਰੇ ਨੂੰ ਮੋਢੇ ਕੁੱਛੜ ਵਿੱਚ ਚੁੱਕ ਕੇ ਲੈ ਕੇ ਜਾਂਦੇ| 1947 ਨੂੰ ਦੇਸ਼ ਆਜ਼ਾਦ ਹੋਣ ਸਮੇਂ ਭਗਤ ਜੀ ਉਸ ਅਪੰਗ ਬੱਚੇ ਨੂੰ ਚੁੱਕ ਕੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਸ਼ਰਨਾਰਥੀ ਕੈਂਪ ਵਿੱਚ ਪਹੁੰਚੇ| ਕੈਂਪ ਵਿੱਚ ਅਨੇਕਾਂ ਬੇਸਹਾਰੇ ਲੋਕ ,ਔਰਤਾਂ ਤੇ ਬੱਚੇ ਆਦਿ ਸਨ ਜਿਹੜੇ ਬੇਘਰ ਤੇ ਉੱਜੜ ਚੁੱਕੇ ਸਨ, ਦੇਸ਼ ਦੀ ਵੰਡ ਸਮੇਂ ਇਨੀ ਮਨੁੱਖਤਾ ਦਾ ਲਹੂ ਲੁਹਾਣ ਅਤੇ ਘਾਣ ਹੁੰਦਾ ਦੇਖ ਕੇ ਭਗਤ ਜੀ ਦਾ ਦਿਲ ਕੁਰਲਾ ਉਠਿਆ| ਮਾਨਵਤਾ ਦੀ ਭਲਾਈ ਲਈ ਪਰਉਪਕਾਰੀ ਭਾਵਨਾ ਨਾਲ ਲਾਚਾਰ ਅਤੇ ਲਾਵਿਾਰਸ ਰੋਗੀਆਂ ਦੀ ਦੇਖਭਾਲ ਸਾਂਭ ਸੰਭਾਲ ਤੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ |ਭਗਤ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਅਗਵਾਈ ਲੈ ਕੇ ਬੇਸਹਾਰਾ ਲਾਵਿਾਰਸ, ਲੂਲੇ ਲੰਗੜੇ, ਗੂੰਗੇ ਬੈਰੇ, ਅਪੰਗ ਵਿਅਕਤੀਆਂ ਦੀ ਸੇਵਾ ਪਰਮਾਤਮਾ ਦਾ ਰੂਪ ਮੰਨ ਕੇ ਤਨੋ ਮਨੋ ਦਿਨ ਰਾਤ ਅਟੁੱਟ ਸੇਵਾ ਕੀਤੀ |1958 ਈਸਵੀ ਵਿੱਚ ਭਗਤ ਪੂਰਨ ਸਿੰਘ ਨੇ ਅੰਮ੍ਰਿਤਸਰ ਵਿਖੇ ਪਿੰਗਲਵਾੜਾ ਨਾਂ ਦੀ ਸੰਸਥਾ ਦੀ ਨੀਹ ਪੱਥਰ ਰੱਖਿਆ|
ਭਗਤ ਜੀ ਦਾ ਹਿਰਦਾ ਕੋਮਲ, ਹਮਦਰਦੀ ਬਹੁ- ਦਿਸ਼ਾਵੀ ਤੇ ਬਿਰਤੀ ਨੇ ਗਿਆਨ ਨੂੰ ਪ੍ਰਦਾਨ ਕਰਨ ਵਾਲੀ ਸੀ |ਮਨੁੱਖ ਦਾ ਤਾਂ ਕੀ ਕਿਸੇ ਜਾਨਵਰ ਦਾ ਦੁੱਖ ਵੀ ਉਹਨਾਂ ਤੋਂ ਸਹਾਰਿਆ ਨਹੀਂ ਸੀ ਜਾਂਦਾ |ਅਸਾਧ ਰੋਗੀ ,ਕੈਂਸਰ ,ਝੱਲੇ ,ਅਧਰੰਗ ,ਕੋਹੜ ਤੇ ਪਾਗਲਪਨ ਵਰਗੀਆਂ ਨਾ ਮੁਰਾਦ ਬਿਮਾਰੀਆਂ ਨਾਲ ਗ੍ਰੱਸੇ ਹੋਏ ਲੋਕਾਂ ਲਈ ਰੋਟੀ ਪਾਣੀ ,ਦਵਾਈਆਂ ਦਾ ਬੰਦੋਬਸਤ ,ਨਵਾਉਣ ਧੋਣ ,ਮੱਲਮ ਪੱਟੀ ਤੇ ਮੰਜੇ ਬਿਸਤਰੇ ਦਾ ਪ੍ਰਬੰਧ ਕਰਨਾ ਉਹ ਆਪਣੀ ਨਿਸ਼ਕਾਮ ਸੇਵਾ ਸਮਝਦੇ ਸਨ |
ਭਗਤ ਜੀ ਕੇਵਲ ਸਮਾਜ ਸੇਵੀ ਹੀ ਨਹੀਂ ਸਨ ਬਲਕਿ ਵਾਤਾਵਰਣ ਪ੍ਰੇਮੀ ਅਤੇ ਸਾਹਿਤ ਰਸੀਏ ਵੀ ਸਨ |ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਫਲਸਫੇ "ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ "ਦੀ ਮਹੱਤਤਾ ਬਾਰੇ ਸਮੁੱਚੀ ਲੋਕਾਈ ਨੂੰ ਜਾਣੂ ਕਰਵਾਇਆ |ਵਾਤਾਵਰਨ ਦੀ ਸ਼ੁੱਧਤਾ ਲਈ ਵਧੇਰੇ ਰੁੱਖ ਲਗਾਉਣ ਦੀ, ਪਾਣੀ ਦੀ ਵਰਤੋਂ ਸੰਜਮਤਾਂ ਨਾਲ ਧਰਤੀ ਨੂੰ ਦੂਸਿਤ ਤੋਂ ਹੋਣ ਤੋਂ ਬਚਾਉਣ ਲਈ ਵੀ ਬੀੜਾ ਚੁੱਕਿਆ| ਭਗਤ ਪੂਰਨ ਸਿੰਘ ਪ੍ਰਦੂਸ਼ਣ, ਜਲ ਸਾਧਨਾ, ਜੰਗਲਾਂ ਦੀ ਕਟਾਈ ਤੋਂ ਪੈਦਾ ਹੋਣ ਵਾਲੇ ਖਤਰੇ ਤੋਂ ਸੁਚੇਤ ਸਨ ਜਿਸ ਕਾਰਨ ਉਹਨਾਂ ਨੇ ਅਨੇਕਾਂ ਕਿਤਾਬਾਂ, ਟਰੈਕਟ ,ਪਰਚੇ ਛਪਵਾ ਕੇ ਲੋਕਾਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕੀਤਾ| ਵਾਤਾਵਰਨ ਦੀ ਸ਼ੁੱਧੀ ਲਈ ਪਿੱਪਲ ,ਬੋਹੜ ,ਨਿੰਮ ਤਿਰਵੈਣੀਆਂ ਲਗਾ ਕੇ ਰੁੱਖਾਂ ਦੀ ਸੰਭਾਲ ਕਰਨ ਦੇ ਯਤਨ ਆਰੰਭ ਕੀਤੇ| ਕਲਮ ਤੇ ਬਾਟੇ ਦੇ ਸੰਕਲਪ ਨਾਲ ਸਮੁੱਚੀ ਮਾਨਵਤਾ ਨੂੰ ਸੇਵਾ ਭਾਵਨਾ ਦਾ ਸੰਦੇਸ਼ ਪਹੁੰਚਾਇਆ ਆਪ ਜੀ ਨੂੰ ਅਨੇਕਾਂ ਭਾਸ਼ਾਵਾਂ ਦਾ ਗਿਆਤਾ ਵੀ ਸਨ|
ਜਿੱਥੇ ਭਗਤ ਜੀ ਉੱਘੇ ਸਮਾਜ ਸੇਵੀ, ਵਾਤਾਵਰਣ ਪ੍ਰੇਮੀ ਤੇ ਸਾਹਿਤ ਰਸੀਏ ਸਨ |ਉਥੇ ਉਹ ਸਰਵ ਭਾਰਤੀ ਪਿੰਗਲਵਾੜਾ ਸੰਸਥਾ ਅੰਮ੍ਰਿਤਸਰ ਦੇ ਮੋਢੀ ਵਜੋਂ ਵੀ ਜਾਣੇ ਗਏ ਸਨ| ਨੇਕੀ ਦੀ ਰਾਹ ਤੇ ਚਲਦੇ ਹੋਏ ਉਹਨਾਂ ਨੇ ਸਮੁੱਚੀ ਮਨੁੱਖਤਾ ਨੂੰ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਪੜਾਉਂਦੇ ਹੋਏ ਸਮਾਜਿਕ ਭਲਾਈ ਦੇ ਕੰਮ ਕੀਤੇ| ਉਹਨਾਂ ਦਾ ਪੂਰੀ ਮਨੁੱਖਤਾ ਨੂੰ ਇਹ ਸੰਦੇਸ਼ ਸੀ ਕਿ ਮਨੁੱਖ ਨੂੰ ਸਾਦਾ ਜੀਵਨ ਬਤੀਤ ਕਰਦੇ ਹੋਏ ਮਨੁੱਖਤਾ ਦਾ ਭਲਾ ਸੋਚਣਾ ਚਾਹੀਦਾ ਹੈ ਤੇ ਆਉਣ ਵਾਲੀਆ ਪੀੜੀਆਂ ਲਈ ਚੰਗੇ ਤੇ ਨੇਕ ਕੰਮ ਕਰਨੇ ਚਾਹੀਦੇ ਹਨ|
ਭਗਤ ਜੀ ਦੀ ਇਸ ਪੁਰਉਪਕਾਰੀ ਸੇਵਾ ਭਾਵਨਾ ਸਦਕਾ ਭਾਰਤ ਸਰਕਾਰ ਨੇ 1979 ਵਿੱਚ 'ਪਦਮ ਸ੍ਰੀ 'ਐਵਾਰਡ ਨਾਲ ਸਨਮਾਨਿਤ ਕੀਤਾ ਪਰ 1984 ਵਿੱਚ ਹਰਿਮੰਦਰ ਸਾਹਿਬ ਦੀ ਦੁਖਦਾਇਕ ਘਟਨਾ ਸਮੇਂ ਸਾਕਾ ਨੀਲਾ ਤਾਰਾ ਵਜੋਂ ਰੋਜ਼ ਪ੍ਰਗਟ ਕਰਕੇ ਵਾਪਸ ਕਰ ਦਿੱਤਾ |1990 ਵਿੱਚ ਭਗਤ ਜੀ ਨੂੰ ਹਾਰਮਨੀ ਅੈਵਾਰਡ ਨਾਲ ਨਿਵਾਜਿਆ ਗਿਆ 1992 ਵਿੱਚ ਰੋਗਮਨ ਤੇ ਭਾਈ ਘਨਈਆ ਅੈਵਾਰਡ ਨਾਲ ਸਨਮਾਨਿਤ ਕੀਤਾ ਗਿਆ ਇੰਨੀ ਨਿਸ਼ਕਾਮ ਸੇਵਾ ਭਾਵਨਾ ਦਾ ਬੀੜਾ ਉਠਾਉਣ ਨਾਲ ਭਗਤ ਪੂਰਨ ਸਿੰਘ ਦਾ ਜੀਵਨ ਸਮੁੱਚੀ ਕੌਮ ਲਈ ਯਾਦਗਰੀ ਹੋ ਨਿਬੜਦਾ ਹੈ| ਉਹ ਸਾਰੀ ਉਮਰ ਅਵਿਵਹਾਤ ਰਹੇ ਸਾਰੀ ਜਿੰਦਗੀ ਸਮੁੱਚੀ ਮਨੁੱਖਤਾ ਦੇ ਲੇਖੇ ਲਗਾ ਕੇ ਨਿਰ ਸੁਆਰਥ ਤੇ ਪਰਉਪਕਾਰ ਦੀ ਭਾਵਨਾ ਨਾਲ ਪੰਜਾਬ ਦੇ ਇਤਿਹਾਸ ਵਿੱਚ ਸੁਨਹਿਰੀ ਪੰਨਿਆਂ ਤੇ ਆਪਣਾ ਨਾਮ ਅੰਕਿਤ ਕਰਵਾ ਗਏ |ਅੰਤਿਮ ਸਮੇਂ ਭਗਤ ਪੂਰਨ ਸਿੰਘ ਜਿਉਂਦੇ ਸਮੇਂ ਪਿੰਗਲਵਾੜੇ ਦੀ ਸੰਸਥਾ ਦਾ ਉੱਤਰਾਧਿਕਾਰੀ ਡਾਕਟਰ ਇੰਦਰਜੀਤ ਕੌਰ ਨੂੰ ਸੌਂਪ ਗਏ| ਭਗਤ ਪੂਰਨ ਸਿੰਘ ਦੁਆਰਾ ਬੀਜੇ ਹੋਏ ਬੋਰਡ ਦੀ ਛਾਂ ਇੰਨੀ ਸੰਘਣੀ ਹੋ ਗਈ ਕਿ ਡਾਕਟਰ ਇੰਦਰਜੀਤ ਕੌਰ ਤੇ ਸਮੁੱਚੀ ਪਿੰਗਲਵਾੜਾ ਟਰੱਸਟ ਦਾ ਵਿਲੱਖਣ ਯੋਗਦਾਨ ਹੋਣ ਨਾਲ ਬੇਸਹਾਰਿਆਂ ਅਤੇ ਅਪੰਗ ਵਿਅਕਤੀ ਉਹਨਾਂ ਦੇ ਰਿਣੀ ਹਨ| "ਘੱਲੇ ਆਵਹਿ ਨਾਨਕਾ ਸਦੇ ਉਠੀ ਜਾਹਿ "ਅਨੁਸਾਰ ਭਗਤ ਪੂਰਨ ਸਿੰਘ ਜੀ ਪੰਜ ਅਗਸਤ 1992 ਨੂੰ ਇਸ ਦੁਨੀਆ ਤੋਂ ਅਲਵਿਦਾ ਹੋ ਗਏ |ਭਗਤ ਜੀ ਭਾਵੇਂ ਸਰੀਰਕ ਤੌਰ ਤੇ ਸਾਡੇ ਵਿਚਕਾਰ ਨਹੀਂ ਰਹੇ ਇਹ ਸਾਡੇ ਲਈ ਬਹੁਤ ਵੱਡਾ ਘਾਟਾ ਹੈ ਪਰ ਆਪਣੇ ਪਿੱਛੇ ਪਿੰਗਲਵਾੜੇ ਦੇ ਰੂਪ ਵਿੱਚ ਆਪਣੀ ਸਦੀਵੀ ਯਾਦ ਤੇ ਅਮਿਟ ਛਾਪ ਛੱਡ ਕੇ ਗਏ| ਜਿਸ ਕਾਰਨ ਭਗਤ ਪੂਰਨ ਸਿੰਘ ਦੇ ਸੁਪਨੇ ਨੇ ਉਹਨਾਂ ਨੂੰ ਪੂਰਨ ਤੌਰ ਤੇ ਅਮਰ ਕਰ ਦਿੱਤਾ|
ਸਮੁੱਚੀ ਮਨੁੱਖਤਾ ਦੇ ਮਸੀਹੇ ਬਣ ਕੇ ਪਰਮਾਤਮਾ ਵੱਲੋਂ ਭੇਜਿਆ ਇਹ ਵਾਰਸ ਪੰਜਾਬ ਵਿੱਚ ਬੜੇ ਸਤਿਕਾਰ ਨਾਲ ਜਾਣਿਆ ਜਾਂਦਾ ਰਿਹਾ ਹੈ ਅਤੇ ਜਾਣਿਆ ਜਾਂਦਾ ਰਹੇਗਾ| ਅੱਜ ਦੁਨੀਆ ਦੀ ਮਹਾਨ ਸ਼ਖਸ਼ੀਅਤ ਰੱਬੀ ਤੇ ਦਰਵੇਸ਼ੀ ਰੂਹ ਭਗਤ ਪੂਰਨ ਸਿੰਘ ਦੇ ਜਨਮ ਦਿਹਾੜੇ ਮੌਕੇ ਉਹਨਾਂ ਦੀ ਮਨੁੱਖੀ ਸੇਵਾ ਭਾਵਨਾ ਅਤੇ ਨੇਕ ਸੋਚ ਨੂੰ ਸਲਾਮ ਕਰਦੇ ਹੋਏ ਆਓ ਆਪਾਂ ਵੀ ਪ੍ਰਣ ਕਰੀਏ ਕਿ ਮਨੁੱਖਤਾ ਦੀ ਸੇਵਾ ਭਾਵਨਾ ਲਈ ਧਨ ਦੌਲਤ ਦੀ ਅਮੀਰੀ ਹੋਣ ਦੀ ਬਜਾਏ ਇੱਕ ਅਜਿਹੀ ਦਿਲੀ ਭਾਵਨਾ ਪੈਦਾ ਕਰੀਏ ਜਿਹੜੀ ਬੇਸਹਾਰਿਆਂ ਦਾ ਦੁੱਖ ਮਹਿਸੂਸ ਕਰ ਸਕੇ ਅਤੇ ਨਿਸ਼ਕਾਮ ਹੋ ਕੇ ਦੀਨ ਦੁਖੀਆਂ ਦੀ ਸੇਵਾ ਕਰ ਸਕੇ|
ਧੰਨਵਾਦ ਸਹਿਤ
ਜਿਓਤੀ ਸ਼ਾਹੀ
ਅਸਿਸਟੈਂਟ ਪ੍ਰੋਫੈਸਰ( ਇਤਿਹਾਸ ਵਿਭਾਗ)
ਮਾਈ ਭਾਗੋ ਕਾਲਜ
(ਸਹਿ- ਸਿੱਖਿਆ) ਰਾਮਗੜ ਲੁਧਿਆਣਾ
98775 44795