ਕੋਹਾਂ ਤੀਕਰ ਬੰਜਰ ਸੀ - ਸੁਖਪਾਲ ਸਿੰਘ ਗਿੱਲ

ਕਵੀ ਫੁੱਲਾਂ ਦੇ ਗੁਲਦਸਤੇ ਵਾਂਗ ਹੁੰਦਾ ਹੈ ਜਿਸ ਵਿੱਚ ਤਰ੍ਹਾਂ-ਤਰ੍ਹਾਂ ਦੇ ਫੁੱਲ ਆਪਣੇ ਸੁਨੇਹੇ ਦਿੰਦੇ ਹਨ। ਗੁਲਦਸਤੇ ਵਾਂਗ ਜਿਸ ਕਵੀ ਕੋਲ ਕਵਿਤਾ ਤੋਂ ਇਲਾਵਾ ਦਾਰਸ਼ਨਿਕਤਾ, ਫਿਲਾਸਪੀ ਅਤੇ ਹੋਰ ਵੰਨਗੀਆਂ ਦੇ ਰੰਗ ਵੀ ਹੋਣ ਉਹ ਆਪਣੀ ਕਵਿਤਾ ਨੂੰ ਭਰਪੂਰ ਸੰਦੇਸ਼ਵਾਹਕ ਸਾਬਤ ਕਰ ਦਿੰਦਾ ਹੈ। ਸੁਰਜੀਤ ਪਾਤਰ ਲਫ਼ਜਾ ਦਾ ਅਜਿਹਾ ਰਚਨਹਾਰਾਂ ਸੀ ਜਿਸ ਵਿੱਚ ਕਾਵਿ ਅਤੇ ਦਾਰਸ਼ਨਿਕਤਾ ਬਰਾਬਰ ਚੱਲਦੀ ਸੀ। ਕਵੀ ਦੀ ਆਤਮਾ ਵਿੱਚ ਕਲਾ, ਬੁੱਧੀ ਅਤੇ ਆਲੇ-ਦੁਆਲੇ ਦੇ ਹਾਲਾਤਾਂ ਦੀ ਅੰਦਰ ਤਰੰਗ ਹੁੰਦੀ ਹੈ। ਜੋ ਲਗਾਤਾਰ ਕੰਪਨ ਛੇੜੀ ਰੱਖਦੀ ਹੈ। ਕਵਿਤਾ ਅੰਦਰਲੀ ਲੋਅ ਨੂੰ ਬਾਹਰ ਕੱਢਕੇ ਪ੍ਰਕਾਸ਼ਮਾਨ ਕਰਦੀ ਹੈ। ਕਵਿਤਾ ਸਾਹਿਤ ਦਾ ਰੂਪ ਹੁੰਦੀ ਹੈ ਜਿਸ ਵਿੱਚ ਖਾਸ ਕਲਾਤਮਿਕ ਪ੍ਰਯੋਜਨ ਲਈ ਭਾਸ਼ਾ ਦੇ ਸੁਹਜਾਤਮਿਕ ਅਤੇ ਲੈਆਤਮਿਕ ਗੁਣ ਹੁੰਦੇ ਹਨ। ਮਨੁੱਖੀ ਹਿਰਦਿਆਂ ਦੇ ਵਲਵਲਿਆਂ ਦੀ ਸੁਹਜਮਈ ਤਰਜ਼ਮਾਨੀ ਕਰਦੀ ਹੈ। ਕਵਿਤਾ ਵਿੱਚ ਕਵੀ ਜਜਬਿਆਂ ਅਤੇ ਆਲੇ-ਦੁਆਲੇ ਦੇ ਬਹੁਮੁੱਲੇ ਅਤੇ ਸੋਹਣੇ ਸ਼ਬਦਾਂ ਦਾ ਪਹਰਾਵਾ ਪਹਿਨਾ ਕੇ ਸੁਰਤਾਲ ਵਿੱਚ ਸਰਲਤਾ ਨਾਲ ਆਤਮਿਕ ਅਤੇ ਬੌਧਿਕ ਰਸ ਪੈਦਾ ਕਰਦਾ ਹੈ। ਕਵੀ ਜੋ ਭਵਿੱਖ ਦੀ ਚੇਤੰਨਤਾ ਪੈਦਾ ਕਰਕੇ ਉਸ ਨੂੰ ਸ਼ਬਦਾਂ ਰਾਹੀ ਭਵਿੱਖੀ ਚਿੰਤਾ ਅਤੇ ਨਾਂਹ-ਪੱਖੀ ਪ੍ਰਭਾਵਾ ਨੂੰ ਰੋਕਣ ਦਾ ਯਤਨ ਕਰਦਾ ਹੈ। ਉਸ ਕਵੀ ਨੂੰ ਦਾਰਸ਼ਨਿਕਤਾ ਦੀ ਮਿਸਾਲ ਵੀ ਸਮੱਝਿਆ ਜਾਂਦਾ ਹੈ। ਇਹ ਗੁਣ ਡਾਕਟਰ ਸੁਰਜੀਤ ਪਾਤਰ ਵਿੱਚ ਪਾਏ ਜਾਂਦੇ ਸਨ। ਉਹਨਾਂ ਦੀ ਕਵਿਤਾ ਖੋਜ ਅਤੇ ਸਾਰਥਿਕ ਪਹੁੰਚ ਵਾਲੀ ਹੈ। ਇਸੇ ਲਈ ਉਹਨਾਂ ਵਿੱਚ ਸਦਾਬਹਾਰੀ ਸਾਹਿਤਕ ਲੋਅ ਸੀ। ਜਦੋਂ ਪਾਤਰ ਸਾਹਿਬ ਅੰਦਰੂਨੀ ਆਤਮਾ ਦੇ ਰਸ, ਹਿਰਦੇ ਚੋਂ ਉੱਪਜੀ ਤਰੰਗ ਅਤੇ ਆਤਮਿਕ ਆਵਾਜ਼ ਨਾਲ ਲਿਖਦੇ ਸਨ ਤਾਂ ਉਹ ਇੱਕ ਤਰ੍ਹਾਂ ਵਾਸਤਵਿਕਤਾ, ਹੋਂਦ, ਗਿਆਨ, ਕੀਮਤਾਂ, ਕਾਰਨਾਂ, ਮਨ, ਬੋਲੀ ਅਤੇ ਭਾਸ਼ਾ ਦਾ ਧਨੰਤਰ ਹੁੰਦੇ ਸਨ।
    ਵਿਅਕਤੀਗਤ ਤੌਰ ਤੇ ਉਹਨਾਂ ਦੀ ਸਖਸ਼ੀਅਤ ਫੁੱਲ ਵਰਗੀ ਸੀ ਜਿਵੇਂ ਫੁੱਲ ਦੀ ਕੀਮਤ ਉਸਦੀ ਖੁਸ਼ਬੂ ਲਈ ਹੁੰਦੀ ਹੈ। ਠੀਕ ਉਸੇ ਤਰ੍ਹਾਂ ਪਾਤਰ ਸਾਹਿਬ ਦੀ ਕੀਮਤ ਉਹਨਾਂ ਦੀ ਕਲਮ ਕਰਕੇ ਸੀ। ਮਿਲਾਪੜਾ, ਸਾਊ, ਇੰਨਸਾਫ ਪਸੰਦ ਅਤੇ ਹੱਕਾਂ ਦੀ ਪਹਿਰੇਦਾਰੀ ਉਹਨੇ ਦੇ ਰਗ-ਰਗ ਵਿੱਚ ਵਸੀ ਆਦਤ ਸੀ। ਸਕੂਲੀ, ਕਾਲਜੀ ਪੜ੍ਹਾਈ ਤੋਂ ਬਾਅਦ ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਪੀ.ਐਚ.ਡੀ. ਦੀ ਡਿਗਰੀ ਹਾਸਲ ਕੀਤੀ ਜਿਸ ਦਾ ਵਿਸ਼ਾ ਸੀ “ਲੋਕਧਾਰਾ ਦਾ ਨਾਨਕ ਬਾਣੀ ਵਿੱਚ ਰੂਪਾਂਤਰਣ”। ਆਪਣੇ ਗੁਰੂ ਅਧਿਆਪਕ ਸੁਰਜੀਤ ਸੇਠੀ ਦੀ ਸਲਾਹ ਤੇ ਆਪਣਾ ਤਖੱਲਸ ‘ਪਾਤਰ’ ਰੱਖਿਆ। ਬਸ ਫੇਰ ਪਾਤਰ-ਪਾਤਰ ਅਤੇ ਸੁਰਜੀਤ ਪਾਤਰ ਹੁੰਦੀ ਗਈ। ਸਾਹਿਤ ਅਕਾਦਮੀ, ਪੰਜਾਬ ਕਲਾ ਪ੍ਰੀਸ਼ਦ ਅਤੇ ਹੋਰ ਸਾਹਿਤਕ, ਸਮਾਜਿਕ ਤਾਣੇ-ਬਾਣੇ ਦੀ ਨੁਮਾਇੰਦਗੀ ਨਿਭਾਉਂਦੇ ਰਹੇ। ਸਮਾਜਿਕ ਭਾਵਨਾਵਾਂ ਦੀ ਤਰਜ਼ਮਾਨੀ ਕਰਕੇ ਜਟਿਲ ਸਮੱਸਿਆਵਾਂ ਹੱਲ ਕਰਨਾ ਉਹਨਾਂ ਦੇ ਸੁਭਾਅ ਦਾ ਪਹਿਲੂ ਸੀ। ਉਹਨਾਂ ਦੀ ਸ਼ਬਦਾਵਲੀ ਦੀ ਤਪਸ ਅਤੇ ਗਹਿਰਾਈ ਮਨੁੱਖਤਾ ਭਾਵਨਾਤਮਿਕ ਤੌਰ ਤੇ ਸਾਂਭਦੀ ਹੈ। ਲਿਖਤਾਂ ਨੂੰ ਯਥਾਰਥ ਅਤੇ ਪ੍ਰਮਾਣਿਕ ਅਨੁਭਵਾਂ ਦੇ ਸਹਾਰੇ ਮੰਤਰ ਮੁਗਧ ਹੋ ਕੇ ਤੋਰੀ ਰੱਖਿਆ। ਕਲਮ ਆਪਣੇ ਆਪ ਫਰਾਟੇ ਮਾਰਦੀ ਹੋਈ ਸ਼ਬਦ ਪਰੋਂਦੀ ਰਹਿੰਦੀ ਅਤੇ ਲੋਕਾਈ ਨੂੰ ਗੂੜ੍ਹੇ, ਸੋਹਣੇ ਅਤੇ ਤਾਕਤਵਰ ਸੁਨੇਹੇ ਦਿੰਦੀ ਰਹੀ। ਸਰੀਰਿਕ ਵਿਛੋੜਾ ਉਹਨਾਂ ਦੀਆਂ ਰਚਨਾਵਾਂ ਨੂੰ ਭਾਵਨਾਤਮਿਕ ਤੌਰ ਤੇ ਗੂੜ੍ਹੀ ਰੰਗਤ ਦੇ ਗਿਆ ਹਰ ਪਾਸੇ ਰਚਨਾਵਾਂ ਦੀ ਝੱਲਕ, ਆਵਾਜ਼ ਅਤੇ ਪਰਛਾਵੇਂ ਦਿਖਦੇ ਹਨ।
    ਅਜੌਕੇ ਯੁੱਗ ਵਿੱਚ ਯੁੱਗ ਪੁਰਸ਼ ਬਣਕੇ ਸਾਹਿਤ ਨੂੰ ਨਵੀਂ ਸੋਚ ਅਤੇ ਰੂਹ ਦਿੱਤੀ। ਇਸੇ ਦੌਰਾਨ ਉਹਨਾਂ ਨੇ ਬਹੁਤ ਗੂੜ੍ਹੀ ਅਤੇ ਨਾਮੀ ਰਚਨਾ ਲਿਖੀ “ਕੋਈ ਡਾਲੀਆਂ ਚੋਂ ਲੰਘਿਆਂ ਹਵਾ ਬਣਕੇ, ਅਸੀਂ ਰਹਿ ਗਏ ਬਿਰਖ ਵਾਲੀ ਹਾਅ ਬਣਕੇ”। ਸਿਆਸੀ ਗਲਿਆਰਿਆਂ, ਝੰਜਟਾਂ ਅਤੇ ਸਮੇਂ ਦੀ ਖਿੱਚੋਤਾਣ ਵਿੱਚੋਂ ਸਾਥ ਬੇਦਾਗ ਹੋ ਕੇ ਜੀਵਨ ਗੁਜਾਰਿਆਂ। ਚੇਤੰਨਤਾ ਦਾ ਸਰੋਤ ਬਣਕੇ ਨਵੀਂਆਂ ਪੈੜਾਂ ਪਾਈਆਂ ਅਤੇ ਰਾਹਾਂ ਤੇ ਤੁਰਨ ਦੀ ਬਜਾਏ ਆਪ ਰਾਹ ਪਾਏ। ਭ੍ਰਿਸ਼ਟਾਚਾਰ ਬਾਰੇ ਸਿਆਸੀ ਜਮਾਤ ਤੇ ਉਹਨਾਂ ਦੀ ਮਾਰੀ ਚੋਟ ਅੱਜ ਵੀ ਝੰਜੋੜਦੀ ਹੈ “ਸੀਟੀ ਮਾਰੀ ਚੋਰ ਤੋਂ ਪੁੱਛ ਕੇ ਪਹਿਰੇਦਾਰ ਨੇ, ਦੋਵਾਂ ਨੂੰ ਹੀ ਰੱਖਿਆ ਵੱਡੀ ਸਰਕਾਰ ਨੇ”। ਭਾਸ਼ਾ ਦਾ ਮਾਂ-ਬੋਲੀ ਪੰਜਾਬੀ ਦਾ ਦੀਵਾਨਾ ਪਾਤਰ ਭਾਸ਼ਾ ਦੀ ਚਿੰਤਾ ਕਰਦਾ ਹੋਇਆ ਇਸ ਨੂੰ ਬਚਾਉਂਣ ਲਈ ਵਾਸਤੇ ਪਾਉਂਦਾ ਹੈ “ਮਰ ਰਹੀ ਹੈ ਮੇਰੀ ਭਾਸ਼ਾ, ਸ਼ਬਦ-ਸ਼ਬਦ, ਵਾਕ-ਵਾਕ”। ਇਕ ਇੰਟਰਵਿਊ ਦੌਰਾਨ ਉਹਨਾਂ  ਕਿਹਾ ਸੀ “ਮੇਰਾ ਬੱਚਾ ਅੰਗਰੇਜ਼ੀ ਬੋਲੇਗਾ ਤਾਂ ਇਹ ਉਸਦੀ ਪਹਿਚਾਣ ਹੋਵੇਗੀ, ਆਪਣੀ ਰੂਹ ਦੇ ਨੰਗੇਜ਼ ਹੋਣ ਦੀ ਥਾਂ ਭਾਸ਼ਾ ਸਾਡੇ ਜਿਸ਼ਮਾਂ ਦਾ ਪਹਿਰਾਵਾ ਬਣ ਗਈ ਹੈ”। ਇਸ ਤੋਂ ਇਲਾਵਾ ਬੋਲੀ ਬਾਰੇ ਇਕ ਹੋਰ ਗਹਿਰੀ ਰਮਜ਼ ਸਾਂਝੀ ਕਰਦੇ ਹਨ “ਮਾਂਵਾਂ ਸਾਰਿਆਂ ਦੀਆਂ ਸੋਹਣੀਆਂ ਹੁੰਦੀਆਂ ਹਨ ਪਰ ਅਸੀਂ ਮਾਂ ਨੂੰ ਕਿਸੇ ਨਾਲ ਬਟਾ ਨਹੀਂ ਸਕਦੇ”। ਅੱਗੇ ਚੱਲਕੇ ਕਹਿੰਦੇ ਹਨ ਇਹ ਸਿਰਫ ਬੋਲੀ ਦੇ ਮਰਨ ਦੀ ਗੱਲ ਨਹੀਂ ਬੰਦੇ ਦੇ ਮਰਨ ਦੀ ਗੱਲ ਹੈ। ਉਹਨਾਂ ਦੀਆਂ ਰਚਨਾਵਾਂ ਦਾ ਖਜ਼ਾਨਾ ਇਸ ਤਰ੍ਹਾਂ ਹੈ “ਹਵਾ ਚ ਲਿਖੇ ਹਰਫ਼, ਬਿਰਖ ਅਰਜ਼ ਕਰੇ, ਹਨ੍ਹੇਰੇ ਵਿੱਚ ਸੁਲਗਦੀ ਵਰਣਮਾਲਾ, ਲਫ਼ਜ਼ਾ ਦੀ ਦਰਗਾਹ, ਪੱਤਝੜ ਦੀ ਪੰਜੇਬ, ਸਰਜ਼ਮੀਨ, ਚੰਨ ਸੂਰਜ ਦੀ ਵਹਿੰਗੀ, ਹਾਏ ਮੇਰੀ ਕੁਰਸੀ, ਸੂਰਜ ਮੰਦਿਰ ਦੀਆਂ ਪੌੜੀਆਂ, ਸ਼ਹਿਰ ਮਰੇ ਦੀ ਪਾਗਲ ਔਰਤ, ਇੱਛਾਧਾਰੀ”। ਇਸ ਤੋਂ ਇਲਾਵਾ ਮਣਾਂ ਦੇ ਹਿਸਾਬ ਨਾਲ ਹੋਰ ਸਾਹਿਤ ਵੀ ਉਹਨਾਂ ਵੱਲੋਂ ਰਚਿਆ ਗਿਆ।
    ਹੀਰਾ ਸੀ ਸੁਰਜੀਤ ਪਾਤਰ, ਇਹ ਹੀਰਾ ਕਈ ਸ਼ੀਸ਼ਿਆਂ ਨੂੰ ਕੱਟ ਸਕਦਾ ਸੀ। ਦਰਵੇਸ ਸੁਭਾਅ ਕਰਕੇ ਕਦੇ ਚੱਕ-ਰੱਖ ਵਿੱਚ ਨਹੀਂ ਪਿਆ। ਆਵਾਜ਼, ਖੋਜ ਅਤੇ ਲਿਖਤ ਨਾਲ ਤਰਾਸਦੀਆਂ ਦਾ ਮੁਕਾਬਲਾ ਕਰਕੇ ਜੇਤੂ ਨਿਕਲਣਾ ਵੀ ਪਾਤਰ ਸਾਹਿਬ ਦੇ ਹਿੱਸੇ ਸੀ। 79 ਸਾਲ ਦੇ ਯੁੱਗ ਪੁਰਸ਼ ਨੇ ਇਕ ਯੁੱਗ ਬਣਾਕੇ ਵਿਰਾਸਤ ਵਿੱਚ ਮਣਾਂ ਦੇ ਹਿਸਾਬ ਨਾਲ ਸਾਹਿਤਕ ਖਜ਼ਾਨਾ ਸਾਨੂੰ ਸੰਭਾਲ ਦਿੱਤਾ। ਉਹਨਾਂ ਦੀ ਸੋਚ ਹੱਦਾਂ ਪਾਰ ਕਰਕੇ ਉੱਥੇ ਤੱਕ ਉਡਾਰੀ ਭਰਦੀ ਸੀ ਜਿੱਥੇ ਹਨੇਰੇ ਵਿੱਚ ਜੀਵਨ ਖਤਮ ਹੁੰਦਾ ਹੈ। ਸ਼ੰਕਾ ਆਪਣੇ ਉੱਤੇ ਹਾਵੀ ਨਹੀਂ ਹੋਣ ਦਿੱਤੀ। ਸੱਭਿਅਤਾ, ਅਦਬ, ਸੂਖਮਤਾ ਅਤੇ ਸੱਭਿਆਚਾਰ ਦਾ ਮੁਜੱਸਮਾਂ ਉਹਨਾਂ ਦੀ ਕਲਮ ਵਿੱਚੋਂ ਕਿਰਦਾ ਸੀ। ਉਹ ਹਮੇਸ਼ਾ ਗੂੜ੍ਹੇ ਸਿਆਸੀ ਸਮਾਰੋਹਾਂ ਦਾ ਪ੍ਰੋਹਣਾ ਬਣਨ ਤੋਂ ਗੁਰੇਜ਼ ਕਰਦੇ ਸਨ। ਆਪਣੇ ਕਿਰਦਾਰ ਦੇ ਅਨੁਕੂਲ ਸ਼ਬਦ ਬੋਲਣੇ ਉਹਨਾਂ ਦੀ ਸਖਸੀਅਤ ਨੂੰ ਹੋਰ ਵੀ ਨਿਖਾਰਦੇ ਸਨ। ਅੱਜ ਦੀ ਮੁੱਖ ਤਰਾਸਦੀ ਪਰਵਾਸ ਨੂੰ ਰੋਕਣ ਲਈ ਸਭ ਤੋਂ ਪਹਿਲਾਂ ਉਹਨਾਂ ਵੱਲੋਂ ਪਹੁੰਚ ਅਪਣਾਈ ਗਈ। ਸ਼ਬਦਾ ਦੇ ਬਾਣ ਨਾਲ ਪਰਵਾਸ ਨੂੰ ਰੋਕਣ ਲਈ ਉਹਨਾਂ ਸੰਜੀਦਗੀ ਦਿਖਾਈ ਅਤੇ ਗਾਗਰ ਵਿੱਚ ਸਾਗਰ ਭਰਨ ਵਰਗਾ ਸੁਨੇਹਾ ਦਿੱਤਾ “ਏਥੋਂ ਕੁੱਲ ਪਰਿੰਦੇ ਹੀ ਉੱਡ ਗਏ, ਏਥੋਂ ਮੇਘ ਆਉਂਦੇ ਵੀ ਮੁੜ ਗਏ, ਏਥੋਂ ਕਰਨ ਅੱਜ ਕੱਲ ਬਿਰਖ ਵੀ ਕਿਤੇ ਹੋਰ ਜਾਣ ਦੇ ਮਸ਼ਵਰੇ”। ਸਤਰਾਂ ਮੂੰਹੋਂ ਬੋਲਦੀਆਂ ਹਨ ਕਿ ਤੜਫ ਅਤੇ ਚਿੰਤਾ ਪੰਜਾਬ ਲਈ ਖੂਨ ਵਿੱਚ ਹੀ ਵਸੀ ਹੋਈ ਸੀ। ਆਪਣੀ ਜ਼ਮੀਰ ਅਤੇ ਦਿਲ ਦਾ ਹੁਕਮ ਕਬੂਲਕੇ ਹਮੇਸ਼ਾ ਬੇ-ਇਨਸਾਫੀ ਦੇ ਵਿਰੁੱਧ ਖੜ੍ਹੇ। ਇਹੀਂ ਕਾਰਨ ਹੈ ਕਿ ਉਹਨਾਂ ਦੀ ਮਕਬੂਲੀਅਤ ਗੂੰਝ ਦੀ ਰਹੀ। ਕਦੇ ਵੀ ਜ਼ਜਬਾਤੀ ਹੋ ਕੇ ਸਮਾਜ ਅਤੇ ਸੱਭਿਅਤਾ ਦੇ ਬੂਹੇ ਨਹੀਂ ਛੱਡੇ। ਉਹਨਾਂ ਦੇ ਜ਼ਜਬਿਆਂ ਵਿੱਚੋਂ ਪਾਤਰ ਅਤੇ ਪਾਤਰ ਵਿੱਚੋਂ ਹਮੇਸ਼ਾ ਜ਼ਜਬੇ ਦਿਖਾਈ ਦਿੱਤੇ।
    1960 ਵਿਆਂ ਤੋਂ ਕਾਵਿ ਸਿਰਜਣਾ ਦਾ ਵਰਤਾਰਾ ਨਿਰੰਤਰ ਚੱਲਦਾ ਰਿਹਾ। ਸਮਾਜ ਵਿੱਚ ਰਾਜਨੀਤਿਕ ਚੇਤਨਾ ਅਤੇ ਜਬਰ ਦੇ ਵਿਰੁੱਧ ਉਹਨਾਂ ਦੀ ਕਵਿਤਾ ਇਨਕਲਾਬੀ ਸੁਰ ਵਿੱਚ ਤੁਰੰਤ ਆਪ ਮੁਹਾਰੇ ਬੋਲ ਪੈਦੀ ਸੀ। ਪ੍ਰਸਿੱਧ ਹੋਣ ਨਾਲੋਂ ਇਮਾਨਦਾਰ ਹੋਣਾ ਉਹਨਾਂ ਨੂੰ ਠੀਕ ਲੱਗਿਆ। ਰਸਨਾ, ਜੀਭ ਅਤੇ ਅੰਦਰ ਹਮੇਸ਼ਾ ਪੰਜਾਬ ਦੀਆਂ ਭਾਵਨਾਵਾਂ ਗੂੰਜਦੀਆਂ ਰਹੀਆਂ। ਲਫ਼ਜ, ਸੂਰਤ, ਚਾਲ-ਢਾਲ, ਵਹਿੰਦੀਧਾਰਾ ਵਾਂਗ ਜੁਝਾਰਵਾਦੀ ਕਵਿਤਾ ਰਾਹੀ ਕਦੇ ਵੀ ਵਕਾਰ ਅਤੇ ਅੰਦਾਜ਼ ਨੂੰ ਇਮਾਨਦਾਰੀ ਵਿੱਚੋਂ ਬਾਹਰ ਨਹੀਂ ਜਾਣ ਦਿੱਤਾ। ਨਵੀਂ ਪ੍ਰਗਤੀਵਾਦੀ ਵਿਚਾਰਾਂ ਨੂੰ ਸਮੇਟਦੀ ਪਾਤਰ ਦੀ ਕਵਿਤਾ ਲੋਕ ਵਿਸ਼ਵਾਸ ਨੂੰ ਜਿੱਤ ਲੈਂਦੀ ਹੈ। ਦੰਭਾਂ, ਪਾਖੰਡਾਂ ਅਤੇ ਨਕਲੀਪਣ ਦਾ ਪਰਦਾਫ਼ਾਸ਼ ਕਰਕੇ ਹਮੇਸ਼ਾ ਪੰਜਾਬ ਦੀ ਨਜ਼ਰ ਉਤਾਰਨ ਦੀ ਗੰਭੀਰਤਾ ਦਿਖਾਈ। ਮਾਨਵਵਾਦੀ ਦੀ ਸੋਚ ਦੀ ਪਹਿਚਾਣ ਕਰਕੇ ਰਿਸ਼ਤਿਆਂ ਨੂੰ ਭਾਵਨਾਤਮਿਕ ਤੌਰ ਤੇ ਮਾਨਵ ਬਿਰਤੀ ਵਿੱਚ ਵਸਾਇਆਂ। ਪਦਮਸ਼੍ਰੀ ਮਿਲਣ ਤੋਂ ਬਾਅਦ ਮਾਂ ਨੂੰ ਮਿਲਕੇ ਉਸ ਦੇ ਸ਼ਬਦ ਨਿੱਜੀ ਸੱਚ ਦੇ ਪਹਿਰੇਦਾਰ ਬਣਦੇ ਹਨ “ਅੰਮੜੀ ਮੈਨੂੰ ਆਖਣ ਲੱਗੀ, ਤੂੰ ਧਰਤੀ ਦਾ ਗੀਤ ਰਹੇਗਾ, ਪਦਮਸ਼੍ਰੀ ਹੋਕੇ ਵੀ ਪਾਤਰ ਤੂੰ ਮੇਰਾ ਸੁਰਜੀਤ ਰਹੇਗਾ”। ਭਾਸ਼ਾ ਅਤੇ ਰਿਜ਼ਕ ਨੂੰ ਇੱਕ ਸਿੱਕੇ ਦੇ ਦੋ ਪਹਿਲੂ ਬਣਾਉਂਣ ਨੂੰ ਪ੍ਰਮਾਣਿਤ ਕੀਤਾ। ਕਵਿਤਾ ‘ਪਿੱਛੇ-ਪਿੱਛੇ ਰਿਜ਼ਕ ਦੇ ਆਇਆ ਨੰਦ ਕਿਸ਼ੋਰ’  ਵਿੱਚ ਬਾਹਰਲੇ ਰਾਜ ਦੀ ਕੁੜੀ ਨੂੰ ਭਾਸ਼ਾ ਨਾਲ ਰਿਜ਼ਕ ਨੂੰ ਸੁਖਾਲਾ ਬਣਾਉਂਣ ਲਈ ਗਿਆਨ ਵਿੱਚ ਵਾਧਾ ਕੀਤਾ। ਕਵਿਤਾ ਦੇ ਬੋਲ ਹਨ “ਊੜਾ ਐੜਾ ਲਿੱਖ ਰਹੀ ਬੇਟੀ ਨੰਦ ਕਿਸ਼ੋਰ ਦੀ, ਕਿੰਨਾਂ ਗੂੜਾ ਸਾਕ ਹੈ ਅੱਖਰਾਂ ਦਾ ਤੇ ਰਿਜ਼ਕ ਦਾ”    
    ਪੰਜਾਬ ਦੀ ਚਿੰਤਾ ਇੰਨੀ ਜਿਆਦਾ ਹੈ ਕਿ ਪਰਿਵਾਰ ਸਮਝ ਕੇ ਇਸ ਦੀ ਫਿਕਰਵੰਦੀ ਕਰਦਾ ਹੈ। ਕਿਸਾਨੀ ਅੰਦੋਲਨ ਸਮੇਂ ਪਾਤਰ ਦੀਆਂ ਸਾਹਿਤਕ ਲਾਹਣਤਾਂ ਇਕ ਟੈਲੀਸਕੋਪਿਕ ਹੱਥਿਆਰ ਵਾਂਗ ਟਿਕਾਣੇ ਵੱਜੀਆਂ। ਕਵਿਤਾ ਅਤੇ ਦਾਰਸ਼ਨਿਕਤਾ ਵਿਚਲਾ ਸੁਮੇਲ ਅਤੇ ਸੁਭਾਅ ਵਿੱਚੋਂ “ਇਹ ਮੇਲਾ ਹੈ” ਕਵਿਤਾ ਰਾਹੀਂ ਅਜਿਹਾ ਬਾਣ ਸਾਬਤ ਹੋਇਆ ਜਿਸ ਦਾ ਅੱਖਰ-ਅੱਖਰ ਸੱਚ ਸੀ। ਇਸ ਕਵਿਤਾ ਦੀ ਸਭ ਤੋਂ ਉੱਚੀ ਸੁੱਚੀ ਗੱਲ ਇਹ ਸੀ ਕਿ ਅੰਦੋਲਨ ਚੱਲਦੇ ਸਮੇਂ ਜੋ ਨਕਸ਼ਾ ਪਾਤਰ ਸਾਹਿਬ ਨੇ ਸਿਰਜਿਆ ਸੀ ਉਹ ਅੱਖਰ-ਅੱਖਰ ਸੱਚ ਹੋਇਆ। ਕਵਿਤਾ ਵਿੱਚੋਂ ਉੱਗਦੀ ਦਾਰਸ਼ਨਿਕਤਾ ਜ਼ਰੀਏ ਪਾਤਰ ਸਾਹਿਬ ਨੇ ਕਿਸਾਨ ਅੰਦੋਲਨ ਵਿੱਚ ਬੋਲੀ ਅਤੇ ਪੰਜਾਬ ਦਾ ਸੱਚਾ ਸਪੂਤ ਸਾਬਤ ਕੀਤਾ। ਜਦੋਂ ਸਰਕਾਰ ਵੱਲੋਂ ਪਾਣੀ ਅਤੇ ਬਿਜਲੀ ਕੱਟ ਕੇ ਅਤੇ ਹੋਰ ਜ਼ਲਾਲਤ ਦੇਕੇ ਅੰਦੋਲਨਕਾਰੀਆਂ ਨੂੰ ਦੁੱਖੀ ਕੀਤਾ ਤਾਂ ਰਕੇਸ਼ ਟਕੈਤ ਦੇ ਅੱਖਾਂ ਵਿੱਚ ਹੰਝੂ ਅਤੇ ਗੱਲੇ ਦਾ ਗੱਚ ਭਰ ਆਇਆ। ਇਸ ਮਾਹੌਲ ਨੂੰ ਭਾਵਨਾਵਾਂ ਨਾਲ ਜੁੜਨ ਦਾ ਹੁਲਾਰਾ ਅਤੇ ਹੁੰਗਾਰਾ ਮਿਲਿਆ। ਇਹਨਾਂ ਹੁੰਝੂਆਂ ਨੂੰ ਪਾਤਰ ਸਾਹਿਬ ਨੇ ਇਸ ਤਰ੍ਹਾਂ ਕਲਮਬੰਦ ਕੀਤਾ ਕਿ ਨਵੀਂ ਜ਼ਜਬਾਤੀ ਅਤੇ ਇਨਕਲਾਬੀ ਲਹਿਰ ਪੈਦਾ ਕਰ ਦਿੱਤੀ:-
“ਪਲਕਾਂ ਤੇ ਇੱਕ ਬੂੰਦ ਹੀ ਆਈ, ਦਿਲ ਵਿੱਚ ਕੋਈ ਸਮੁੰਦਰ ਸੀ,
ਦੇਖਣ ਨੂੰ ਇੱਕ ਕਤਰਾ ਪਾਣੀ, ਕੀ ਕੁੱਝ ਉਸਦੇ ਅੰਦਰ ਸੀ,
ਸੀਨੇ ਖੁੱਭਕੇ ਨੈਣੋਂ ਸਿੰਮਿਆ, ਕਿਹੋ ਜਿਹਾ ਇਹ ਖਜ਼ਰ ਸੀ,
ਵਿਲਕ ਉੱਠੀਆਂ ਧਰਤੀ ਚੋਂ ਮਾਂਵਾਂ, ਪੁੱਤ ਦੇ ਰੋਣ ਦਾ ਮੰਜ਼ਰ ਸੀ,
ਤਾਜ ਮੁੱਕਟ ਸਭ ਕਾਲੇ ਪੈ ਗਏ, ਖੁਰਿਆਂ ਕੂੜ ਅਡੰਬਰ ਸੀ,
ਝੂਠੇ ਤਖਤ ਮੁਨਾਰੇ ਡੁੱਬ ਗਏ, ਅੱਥਰੂ ਨਹੀਂ ਸਮੁੰਦਰ ਸੀ,
ਉਹ ਤੀਰਥ ਇਸ਼ਨਾਨ ਸੀ ਅੱਥਰੂ, ਅੱਖ ਪ੍ਰਭੂ ਦਾ ਮੰਦਰ ਸੀ,
ਧੂੜ ਧੁਲ ਗਈ ਰੁੱਖਾਂ ਉੱਤੋਂ, ਦੋ ਪਲਕਾਂ ਦੀ ਛਹਿਬਰ ਸੀ,
ਇੱਕ ਅੱਥਰੂ ਸਿਰਲੇਖ ਸੀ ਉਸਦਾ, ਕਵਿਤਾ ਵਿੱਚ ਸਮੁੰਦਰ ਸੀ”

ਸਾਹਿਤ ਦੀ ਦੂਰ-ਦੂਰ ਤੱਕ ਬੰਜਰ ਪਈ ਜ਼ਮੀਨ ਨੂੰ ਜ਼ਰਖੇਜ਼ ਬਣਾਕੇ ਸੁਰਜੀਤ ਪਾਤਰ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਅਜਿਹੇ ਸੁਨਹਿਰੀ ਹਰਫ਼ ਅਤੇ ਪੰਨੇ ਦਿੱਤੇ ਜਿਸ ਵਿੱਚ ਹਰ ਮੁਸੀਬਤ ਦਾ ਮੁਕਾਬਲਾ ਕਰਨ ਦਾ ਰੰਗ ਢੰਗ ਹੈ। ਸਾਹਿਤ ਨੂੰ ਸਮੇਂ ਦਾ ਹਾਣੀ ਅਤੇ ਪੰਜਾਬੀਆਂ ਦੀ ਰੂਹ ਅਨੁਸਾਰ ਤਰਾਸ਼ਿਆ। ਜਿਸ ਦੀ ਖੁਸ਼ਬੂ ਹਮੇਸ਼ਾ ਉਤਸ਼ਾਹਜਨਕ ਰਹਿੰਦੀ ਹੈ। ਪਾਤਰ ਪੰਜ ਤੱਤਾਂ ਦੇ ਵਿੱਚ ਵਿਲੀਨ ਹੋ ਕੇ ਜੀਤ, ਗੀਤ, ਸੰਗੀਤ ਅਤੇ ਸੁਰਜੀਤ ਬਣਕੇ ਨਿਖਰਿਆ।
ਸੁਖਪਾਲ ਸਿੰਘ ਗਿੱਲ
ਅਬਿਆਣਾਂ ਕਲਾਂ
ਮੋ: 98781-11445