ਸਿੱਖੀ ਸਿਦਕ - ਸੁਖਪਾਲ ਸਿੰਘ ਗਿੱਲ

ਬੇਇਨਸਾਫ਼ੀ ਖਿਲਾਫ ਅਵਾਜ਼ ਉਠਾਉਣ ਦੇ ਨਾਲ ਸਰਬੱਤ ਦਾ ਭਲਾ ਮੰਗਣਾ ਸਿੱਖੀ ਦਾ ਮਾਣਮੱਤਾ ਫ਼ਲਸਫ਼ਾ ਹੈ।ਤੀਜੇ ਨਾਨਕ,ਨਾਨਾ ਸ੍ਰੀ ਗੁਰੂ ਅਮਰਦਾਸ ਦਾਸ ਜੀ ਦੀ ਗੋਦ ਵਿੱਚ ਗੁਰੂ ਅਰਜਨ ਦੇਵ ਜੀ ਬਿਰਾਜਮਾਨ ਹੋਏ  ਤਾਂ ਇਲਾਹੀ ਜੋਤ ਨੇ ਇਲਾਹੀ ਜੋਤ ਦੀ ਪਹਿਚਾਣ ਕਰਕੇ ਕਿਹਾ,"ਦੋਹਤਾ ਕਾਹਲ ਨਾ ਕਰ ਵੇਲਾ ਆਉਣ ਦੇ"ਪੰਚਮ ਪਾਤਸ਼ਾਹ ਬਣ ਕੇ ਫ਼ਲਸਫ਼ੇ ਅਨੁਸਾਰ ਹਕੂਮਤ ਖਿਲਾਫ ਅਵਾਜ਼ ਉਠਾਈ ਤਾਂ ਕਾਫ਼ਿਰਾਂ ਨੂੰ ਮੁਆਫਿਕ ਨਹੀਂ ਆਈ। ਆਪਣਿਆਂ ਨੇ ਹਕੂਮਤ ਦੀ ਚਾਪਲੂਸੀ ਤੇ ਸ਼ਹਿ ਨਾਲ ਗੁਰੂ ਸਾਹਿਬ ਨੂੰ ਡੁਲਾਉਣਾ ਚਾਹਿਆ ਪਰ ਸਿਦਕੀ ਪ੍ਰਵਾਨਿਆਂ ਨੂੰ ਭਲਾ ਕੌਣ ਡੁਲਾ ਸਕਦਾ ਹੈ? ਆਖਿਰ ਜ਼ਾਲਿਮਾਂ ਨੇ ਸਿਦਕ ਪਰਖਣ ਲਈ ਤੱਤੀ ਤਵੀ ਦੀ ਕਸਵੱਟੀ ਲਾ ਦਿੱਤੀ। ਸ਼ਹੀਦਾਂ ਦੇ ਸਿਰਤਾਜ ਦਾ ਖਿਤਾਬ ਲੈ ਕਿ ਪੰਚਮ ਪਾਤਸ਼ਾਹ ਗੁਲਾਮ ਭਾਰਤ ਦੇ ਪਹਿਲੇ ਸ਼ਹੀਦ ਬਣੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕਰਕੇ ਕੌਮ ਨੂੰ ਵੱਡਮੁੱਲਾ ਸਰਮਾਇਆ ਦੇ ਗਏ। ਅਡੋਲ,ਸਿਰੜ ਅਤੇ ਸਿਦਕ ਦੇ ਮੁਜੱਸਮੇ ਪਾਤਸ਼ਾਹ ਨੇ ਤੱਤੀ ਤਵੀ ਨੂੰ ਸਿੱਖੀ ਦੇ ਸਿਦਕ ਦੀ ਕਸਵੱਟੀ ਤੇ ਲਾ ਕੇ ਸ਼ਹੀਦੀ ਪ੍ਰਾਪਤ ਕੀਤੀ। ਆਪਣੀ ਜੋਤ ਛੇਵੇਂ ਪਾਤਸ਼ਾਹ ਵਿੱਚ ਬਿਰਾਜਮਾਨ ਕਰਕੇ "ਅਰਜਨ ਕਾਇਆ ਪਲਟਿ ਕੈ ਮੂਰਤਿ ਹਰਿਗੋਬਿੰਦ ਸਵਾਰੀ"ਦਾ ਉਚਾਰਨ ਕਰਕੇ ਸਿੱਖੀ ਨੂੰ ਮੀਰੀ ਪੀਰੀ ਦੇ ਲੜ ਲਾ ਕੇ ਭਾਣਾ ਮੰਨਣ ਦਾ ਸੁਨੇਹਾ ਦੇ ਗਏ। ਧੰਨ ਧੰਨ ਪੰਚਮ ਪਾਤਿਸ਼ਾਹ ਗੁਰੂ ਅਰਜਨ ਦੇਵ ਜੀ।
ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ 9878111445