ਪੜ੍ਹਾਈ ਦਾ ਸੰਚਾਲਣ ਨਵੇਂ ਯੁੱਗ ਨੇ ਮਸਲਿਆ - ਗੌਰਵ ਧੀਮਾਨ
ਰੋਜ਼ ਦੀ ਨਵੀਂ ਪੀੜ੍ਹੀ ਬੜੀ ਤੇਜੀ ਨਾਲ ਅੱਗੇ ਵੱਧ ਰਹੀ ਹੈ ਤੇ ਕੁਝ ਪੀੜ੍ਹੀ ਨੂੰ ਬੜੀ ਦਿਕੱਤ,ਜਿਸ ਨਾਲ ਬੱਚਿਆ ਦੇ ਭਵਿੱਖ ਉੱਤੇ ਮਾੜਾ ਪ੍ਰਭਾਵ ਪਹਿ ਰਿਹਾ ਹੈ। ਅੱਜ ਕੱਲ੍ਹ ਪੜ੍ਹਾਈ ਨੂੰ ਆਮ ਪੜ੍ਹਾਈ ਵਾਂਗ ਨਹੀਂ ਦੇਖਿਆ ਜਾ ਸਕਦਾ ਇਸਨੂੰ ਟੈਕਨਾਲੋਜੀ ਤੌਰ ਉੱਤੇ ਵਰਤਿਆ ਜਾ ਰਿਹਾ ਹੈ। ਜਿਸ ਨਾਲ ਪੜ੍ਹਾਈ ਕਰਨਾ ਤੇ ਪੜ੍ਹਨਾ ਸੋਖਾ ਹੋ ਗਿਆ ਹੈ ਪਰ ਇਸ ਨੂੰ ਸਮਝਣਾ ਬਹੁਤ ਮੁਸ਼ਕਿਲ। ਹਰ ਬੱਚਾ ਘਰ ਬੈਠ ਕੇ ਮੋਬਾਈਲ ਉੱਤੇ ਪੜ੍ਹਾਈ ਕਰਦਾ ਹੈ ਲੇਕਿਨ ਇਸਦਾ ਮਾੜਾ ਅਸਰ ਦੋ ਪਾਸਿਓ ਸਾਫ਼ ਸਾਫ਼ ਦਿਖਾਈ ਦਿੰਦਾ ਹੈ। ਪਹਿਲਾ ਮਾੜਾ ਅਸਰ ਅੱਖਾਂ ਦੀ ਰੌਸ਼ਨੀ ਦਾ ਘੱਟਣਾ ਤੇ ਦੂਜਾ ਮਾੜਾ ਅਸਰ ਹਾਰਟ ਅਟੈਕ ਦਾ ਖ਼ਤਰਾ। ਸੋਖੇ ਤਰੀਕੇ ਦੀ ਪੜ੍ਹਾਈ ਜਾਨਲੇਵਾ ਸਾਬਤ ਹੋ ਸਕਦੀ ਹੈ ਇਸ ਵਿੱਚ ਕੋਈ ਸ਼ੱਕ ਨਹੀਂ।
ਸਰਕਾਰ ਹਰ ਅਧਿਆਪਕ ਨੂੰ ਮਹੀਨਾਵਰ ਤਨਖਾਹ ਮੁਹੱਈਆ ਕਰਵਾਉਂਦੀ ਹੈ ਪਰ ਅਸਲ ਵਿੱਚ ਅਧਿਆਪਕ ਹੀ ਆਪਣਾ ਫ਼ਰਜ ਭੁਲਾ ਬੈਠੇ ਹਨ। ਜਿਸ ਨਾਲ ਹਜਾਰਾਂ ਬੱਚਿਆ ਦੀ ਪੜ੍ਹਾਈ ਦੇ ਨਾਲ ਨਾਲ ਉਹਨਾਂ ਦੀ ਜਿੰਦਗੀ ਨਾਲ ਵੀ ਖਿਲਵਾੜ੍ਹ ਕੀਤਾ ਜਾਂਦਾ ਹੈ। ਨਵੇਂ ਯੁੱਗ ਦੇ ਬੱਚੇ ਖੇਡਾਂ ਖੇਡਣ ਦੀ ਥਾਂ ਮੋਬਾਈਲ ਚਲਾਉਣਾ ਵਧੇਰੇ ਪਸੰਦ ਕਰਦੇ ਹਨ ਤੇ ਕੁਝ ਮੋਬਾਈਲ ਨੂੰ ਹੀ ਆਪਣਾ ਜੀਵਨ ਬਣਾ ਬੈਠਦੇ ਹਨ ਜਿਸ ਵਿੱਚੋਂ ਕਈ ਬੱਚੇ ਬਿਮਾਰ ਪਹਿ ਜਾਂਦੇ ਹਨ ਤੇ ਕੁਝ ਬਿਮਾਰੀ ਵਿੱਚ ਹੀ ਘਿਰੇ ਰਹਿ ਜਾਂਦੇ ਹਨ। ਬੱਚਿਆ ਦੇ ਜੀਵਨ ਨਾਲ ਖੇਡਣ ਦਾ ਹੱਕ ਨਾ ਸਰਕਾਰ ਨੂੰ ਹੈ ਤੇ ਨਾ ਹੀ ਅਧਿਆਪਕ ਨੂੰ ਜੋ ਇਸ ਯੁੱਗ ਵਿੱਚ ਹੋ ਰਿਹਾ ਹੈ ਉਹ ਬਿਲਕੁੱਲ ਹੀ ਗਲਤ ਹੈ। ਪੜ੍ਹਾਈ ਅਭਿਆਨ ਜਮਾਤਾਂ ਵਿੱਚ ਹੋਣਾ ਚਾਹੀਦਾ ਹੈ ਨਾ ਕਿ ਮੋਬਾਈਲ ਦੇ ਅੰਦਰ।
ਅੱਜ ਦੇ ਸਮੇਂ ਨੇ ਬੱਚਿਆ ਦੀ ਪੜ੍ਹਾਈ ' ਤੇ ਬੁਰਾ ਪ੍ਰਭਾਵ ਪਾਇਆ ਹੈ। ਜੋ ਜਮਾਤਾਂ ਅੱਜ ਕੱਲ੍ਹ ਲੱਗਦੀਆਂ ਹਨ ਉਸ ਵਿੱਚ ਅਧਿਆਪਕ ਆਪਣੇ ਹੀ ਕੰਮ ਵਿੱਚ ਰੁੱਝਿਆ ਨਜਰ ਆਉਂਦਾ ਹੈ ਤੇ ਬੱਚੇ ਪੜ੍ਹਾਈ ਦੀ ਥਾਂ ਖੇਡਾਂ ਖੇਡਦੇ ਨਜਰ ਆਉਂਦੇ ਹਨ। ਪੜ੍ਹਾਈ ਦਾ ਗਿਆਨ ਬਿਲਕੁੱਲ ਹੀ ਖਤਮ ਹੁੰਦਾ ਜਾ ਰਿਹਾ ਹੈ। ਜੋ ਬੱਚੇ ਨਵੇਂ ਯੁੱਗ ਦੇ ਜੰਮੇ ਹਨ ਉਹਨਾਂ ਦੇ ਪਰਿਵਾਰਿਕ ਮੈਂਬਰ ਵੀ ਉਹਨਾਂ ਹੱਥ ਮੋਬਾਈਲ ਫੜ੍ਹਾ ਦਿੰਦੇ ਹਨ। ਉਹਨਾਂ ਨੂੰ ਲੱਗਦਾ ਹੈ ਕਿ ਬੱਚਾ ਤੰਗ ਪਰੇਸ਼ਾਨ ਨਹੀਂ ਕਰੇਗਾ ਤੇ ਬੱਚਾ ਚੁੱਪ ਚਾਪ ਖੇਡਦਾ ਰਹੇਗਾ ਪਰ ਇਹ ਸਭ ਕਿੱਥੋਂ ਤੱਕ ਸਹੀ ਹੈ। ਨਿੱਕੀ ਜਿਹੀ ਉਮਰ ਵਿੱਚ ਅੱਖਾਂ ਖਰਾਬ ਹੋ ਜਾਣੀਆਂ ਤੇ ਦਿਲ ਦੀਆਂ ਬਿਮਾਰੀਆਂ ਦਾ ਵੱਧਣਾ...ਜੋ ਕਿ ਹਾਨੀਕਾਰਕ ਹੈ। ਪੜ੍ਹਾਈ ਦਾ ਗਿਆਨ ਇੱਕ ਸ਼ੋਸ਼ਲ ਮਾਧਿਅਮ ਰਾਹੀਂ ਨਹੀਂ ਹੋਣਾ ਚਾਹੀਦਾ,ਇਸਨੂੰ ਚੰਗੀ ਤਰ੍ਹਾਂ ਲਿਖਾਇਆ ਪੜ੍ਹਾਇਆ ਤੇ ਸਮਝਾਇਆ ਜਾਣਾ ਚਾਹੀਦਾ ਹੈ।
ਹਰ ਬੱਚੇ ਦੀ ਉਮਰ ਪੜ੍ਹਾਈ ਦੇ ਨਾਲ ਵੱਧਦੀ ਫੁੱਲਦੀ ਹੈ ਪਰ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਬੱਚਾ ਬਹੁਤ ਕਮਜ਼ੋਰ ਹੁੰਦਾ ਜਾ ਰਿਹਾ ਹੈ। ਉਸਦਾ ਖਾਣ ਪੀਣ ਵਿੱਚ ਮਨ ਨਹੀਂ ਲੱਗਦਾ ਹੈ। ਬੱਚੇ ਦੀ ਉਮਰ ਦਿਨ - ਬ - ਦਿਨ ਘੱਟਦੀ ਜਾ ਰਹੀ ਹੈ। ਆਨਲਾਈਨ ਕਲਾਸ ਜੋ ਲਗਾਈ ਜਾਂਦੀ ਹੈ ਉਸ ਵਿੱਚ ਅੱਧ ਤੋਂ ਵੱਧ ਸਮਾਂ ਸ਼ੋਸ਼ਲ ਮੀਡੀਏ ਨੂੰ ਪਹਿਲਾਂ ਹੀ ਦੇ ਦਿੱਤਾ ਜਾਂਦਾ ਹੈ ਜਿਸ ਨਾਲ ਆਨਲਾਈਨ ਪੜ੍ਹਾਈ ਦਾ ਕੋਈ ਫ਼ਾਇਦਾ ਨਹੀਂ ਹੁੰਦਾ ਹੈ। ਕੁਝ ਬੱਚੇ ਅਜਿਹੇ ਹਨ ਜੋ ਸਾਰਾ ਦਿਨ ਮੋਬਾਈਲ ਦੇ ਨਾਲ ਚਿਪਕੇ ਰਹਿੰਦੇ ਹਨ ਤੇ ਖੇਡਾਂ ਘਰ ਬੈਠੇ ਹੀ ਮੋਬਾਈਲਾਂ ਉੱਤੇ ਖੇਡਦੇ ਹਨ। ਜੋ ਖੇਲ - ਕੁੱਦ ਗਰਾਉਂਡ ਵਿੱਚ ਹੋਣੀ ਚਾਹੀਦੀ ਹੈ ਉਹ ਮੋਬਾਈਲ ਉੱਤੇ ਕਿਉਂ ? ਅੱਜ ਦੇ ਵਕ਼ਤ ਇਹ ਸਭ ਗੱਲਾਂ ਧਿਆਨ ਵਿੱਚ ਰੱਖਣ ਦੀ ਬਹੁਤ ਲੋੜ ਹੈ।
ਬੱਚਿਆ ਦੇ ਜੀਵਨ ਨੂੰ ਨਜਰਅੰਦਾਜ਼ ਬਿਲਕੁੱਲ ਨਹੀਂ ਕਰਨਾ ਚਾਹੀਦਾ ਹੈ। ਪੜ੍ਹਾਈ ਦੇ ਮਾਮਲੇ ਵਿੱਚ ਤਾਂ ਪੜ੍ਹਾਈ ਅਧਿਆਪਕ ਦੀ ਹਜੂਰੀ ਤੇ ਜਮਾਤਾਂ ਵਿੱਚ ਹੋਣੀ ਚਾਹੀਦੀ ਹੈ। ਘਰ ਬੈਠੇ ਆਨਲਾਈਨ ਪੜ੍ਹਾਈ ਦਾ ਗਿਆਨ ਕਦੇ ਵੀ ਬੱਚੇ ਦੀ ਬੁੱਧੀ ਨੂੰ ਸਪੱਸ਼ਟ ਰੂਪ ਵਿੱਚ ਸਹੀ ਸੇਧ ਨਹੀਂ ਦੇ ਸਕਦਾ। ਜਦੋਂ ਅਧਿਆਪਕ ਪੜ੍ਹਾਉਂਦਾ ਹੈ ਤਾਂ ਬੱਚੇ ਬੜੇ ਧਿਆਨ ਨਾਲ ਸੁਣਦੇ ਹਨ ਤੇ ਪੜ੍ਹਨ ਦੀ ਦਿਲਚਸਪੀ ਵਧੇਰੇ ਰੱਖਦੇ ਹਨ। ਪੁਰਾਣੇ ਯੁੱਗ ਵਿੱਚ ਜੋ ਵੀ ਪੜ੍ਹਾਇਆ ਲਿਖਾਇਆ ਜਾਂਦਾ ਸੀ ਉਹ ਚੰਗੀ ਤਰ੍ਹਾਂ ਸਮਝ ਵਿੱਚ ਆਉਂਦਾ ਸੀ। ਉਸ ਵਕ਼ਤ ਨਾ ਰੌਸ਼ਨੀ ਹੁੰਦੀ ਸੀ ਤੇ ਨਾ ਪੱਖੇ ਦੀ ਹਵਾ ਫਿਰ ਵੀ ਪੜ੍ਹਾਈ ਦਾ ਜਨੂੰਨ ਹੁੰਦਾ ਸੀ ਲੇਕਿਨ ਅੱਜ ਦੇ ਵਕ਼ਤ ਸਭ ਕੁਝ ਹੋਣ ਦੇ ਬਾਵਜੂਦ ਵੀ ਪੜ੍ਹਾਈ ਨਹੀਂ ਹੁੰਦੀ ਤੇ ਨਾ ਪੜ੍ਹਾਇਆ ਜਾਂਦਾ ਹੈ। ਜਿੱਥੇ ਪੜ੍ਹਾਉਣ ਦੀ ਗੱਲ ਹੈ ਉੱਥੇ ਸਕੂਲ ਦਾ ਗੇਟ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਨਵੇਂ ਯੁੱਗ ਨੇ ਆਨਲਾਈਨ ਧੰਦਾ ਸ਼ੁਰੂ ਕੀਤਾ ਹੈ ਜਿਸ ਨਾਲ ਬੱਚਿਆ ਦੇ ਜੀਵਨ ਉੱਤੇ ਬਹੁਤ ਪ੍ਰਭਾਵ ਪਹਿ ਰਿਹਾ ਹੈ। ਇਸ ਤਰ੍ਹਾਂ ਦੀ ਪੜ੍ਹਾਈ ਨੂੰ ਜਲਦ ਰੋਕਿਆ ਜਾਵੇ ਤਾਂਕਿ ਪੜ੍ਹਨ ਵਾਲੇ ਬੱਚੇ ਸਹੀ ਤਰੀਕੇ ਨਾਲ ਪੜ੍ਹ ਤੇ ਸਮਝ ਸਕਣ।
ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ
ਸਪੰਰਕ: 7626818016