ਸਮੇਂ ਦੇ ਗੇੜ ਸਮੇਂ ਦੇ ਗੇੜ - ਰਵਿੰਦਰ ਸਿੰਘ ਕੁੰਦਰਾ
ਮੇਰੀ ਕਰੂਪਤਾ ਨੂੰ ਦੇਖ, ਭੱਜਦੇ ਅੱਜ ਪਰੇ ਪਰੇ,
ਕਦੀ ਸੁੰਦਰਤਾ ਮੇਰੀ ਦੇਖ, ਮੇਰੇ 'ਤੇ ਕਈ ਮਰੇ।
ਜਦੋਂ ਲੋੜ ਸੀ ਮੈਨੂੰ ਮੇਰੇ, ਦੁਆਲ਼ੇ ਹਮਦਰਦਾਂ ਦੀ,
ਉਹ ਛੱਡ ਕੇ ਮੇਰਾ ਪੱਲਾ, ਜਾ ਵਸੇ ਹੋਰ ਘਰੇ।
ਇਕੱਲਿਆਂ ਆਹਾਂ ਭਰ, ਜਦੋਂ ਹੰਝੂ ਸੁੱਕ ਗਏ,
ਕਈ ਮੋਢੇ ਮੈਂ ਦੇਖੇ, ਮੇਰੇ ਗਿਰਦ ਖੜ੍ਹੇ।
ਜਦੋਂ ਨਫਰਤ ਦਾ ਸਬਕ, ਸਿਖਾਇਆ ਲੋਕਾਂ ਨੇ,
ਕਿਸੇ ਨੇ ਆ ਕੇ ਪਿਆਰ, ਨਾਲ਼ ਮੇਰੇ ਹੱਥ ਫੜੇ।
ਉਮੀਦੀ ਕਿਰਨ ਉਡੀਕਦਿਆਂ, ਜੋ ਮੇਰੀ ਅੱਖ ਲੱਗੀ,
ਤਾਂ ਸੂਰਜ ਨੇ ਦਿੱਤੀ ਦਸਤਕ, ਮੇਰੇ ਅਣਜਾਣ ਦਰੇ।
ਮੋੜ ਬਹੁਤ ਨੇ ਆਉਂਦੇ, ਨਿੱਜੀ ਪਗਡੰਡੀਆਂ 'ਤੇ,
ਪਰ ਰਸਤੇ ਬੰਦ ਨਹੀਂ ਹੁੰਦੇ, ਜੇ ਕੋਈ ਚੱਲ ਪਵੇ।
ਸਫਲਤਾਵਾਂ ਨੇ ਦਿੱਤਾ, ਮੈਨੂੰ ਸੰਸਾਰ ਸਾਰਾ,
ਅਸਫਲਤਾਵਾਂ ਨੇ ਕਿਉਂ, ਨੇ ਮੇਰੇ ਨੈਣ ਭਰੇ?
ਨਰ ਚਾਹੇ ਭਾਵੇਂ ਕੁੱਛ, ਪਰ ਮਿਲ਼ਦਾ ਹੋਰ ਹੀ ਹੈ,
ਪੂਰੇ ਨਾ ਹੁੰਦੇ ਮਨਸੂਬੇ, ਭਾਵੇਂ ਕੋਈ ਲੱਖ ਘੜੇ।
ਪਰ ਹਾਰ ਮੰਨ ਕੇ ਬਹਿਣਾ, ਕਦੀ ਵੀ ਸੋਹੰਦਾ ਨਹੀਂ,
ਜੰਗਾਂ ਉਹ ਵੀ ਨੇ ਜਿੱਤੇ, ਜੋ ਕਈ ਵਾਰ ਹਰੇ।
ਚੱਲਦੇ ਸਾਹਾਂ ਵਿੱਚ ਹਮੇਸ਼ਾਂ, ਕਿਰਨ ਉਮੀਦਾਂ ਦੀ,
ਹਨੇਰਾ ਤਾਂ ਉਦੋਂ ਹੀ ਪਸਰੇ, ਜਦੋਂ ਕੋਈ ਜਿੰਦ ਮਰੇ।