ਸਮਾਜਿਕ ਕੋਹੜ ਹੈ- ਇਕੱਲਾਪਣ - ਸੁਖਪਾਲ ਸਿੰਘ ਗਿੱਲ

ਜਦੋਂ ਕੋਈ ਵੀ ਵਿਸ਼ਾ ਜਾਂ ਚੀਜ਼ ਆਪਣੇ ਨਾ-ਪੱਖੀ ਪ੍ਰਭਾਵ ਦਿਖਾਉਂਦੇ ਹਨ ਉਦੋਂ ਅਸੀਂ ਜਾਗਦੇ ਹਾਂ। ਉਸ ਤੋਂ ਬਾਅਦ ਉਸ ਦੇ ਪਿੱਛੇ ਕਾਰਨਾਂ ਦੀ ਪਰਖ ਪੜਚੋਲ ਕਰਕੇ ਹੱਲ ਕਰਨ ਦੀ ਦੁਹਾਈ ਮਚਾਉਂਦੇ ਹਾਂ। ਅਜਿਹਾ ਵੇਲਾ ਬੀਤਣ ਤੋਂ ਬਾਅਦ ਜਾਗਣ ਦੇ ਸੁਭਾਅ ਕਰਕੇ ਹੁੰਦਾ ਹੈ। ਅੱਜ ਇਸੇ ਲੜੀ ਤਹਿਤ ਇਕੱਲਾਪਣ ਜਾਂ ਇਕੱਲਾ ਰਹਿਣਾ ਭਖਦਾ ਅਤੇ ਖਾਸ ਮਸਲਾ ਹੈ। ਇਸ ਨੇ ਮਨੁਖਤਾ ਅਤੇ ਖਾਸ ਤੌਰ ਤੇ ਬੁਢਾਪਾ ਰੋਲ ਕੇ ਰੱਖ ਦਿੱਤਾ ਹੈ। ਅੱਜ ਦੀ ਜੀਵਨਸ਼ੈਲੀ ਦੀ ਇਹ ਮੁੱਖ ਸਮੱਸਿਆ ਹੈ। ਰੱਦੀ ਸਿਰਫ ਅਖਬਾਰਾਂ, ਕਾਪੀਆਂ ਅਤੇ ਕਾਗਜਾਂ ਦੀ ਨਹੀਂ ਹੁੰਦੀ ਬਹੁਤੀ ਵਾਰ ਬੇਕਦਰਿਆਂ ਦੀ ਨਾ-ਸਨਾਸ਼ੀ ਵੀ ਮਹਿੰਗਾ ਮਾਲ ਸਵੱਲੇ ਭਾਅ ਵੇਚ ਦਿੰਦੀ ਹੈ। ਕੋਹੜ ਦਾ ਰੂਪ ਧਾਰਨ ਕਰ ਚੁੱਕਿਆ ਇਕੱਲਾਪਣ ਸ਼ੁਰੂ ਹੋਣ ਦੇ ਵੱਖ-ਵੱਖ ਕਾਰਨ ਹਨ। ਅਜੌਕੇ ਸਮੇਂ ਧਾਰਮਿਕ, ਸਮਾਜਿਕ ਅਤੇ ਸ੍ਰਿਸ਼ਟਾਚਾਰ ਨੂੰ ਕੀਲੀ ਟੰਗਕੇ ਇਕੱਲਾਪਣ ਖੁਦ ਠੋਸਿਆ ਅਤੇ ਖੁਦ ਸਹੇੜਿਆ ਜਾਂਦਾ ਹੈ। ਹਾਂ ਇਕ ਗੱਲ ਹੋਰ ਵੀ ਹੈ ਕਿ ਨਵੀਂ ਪੁਰਾਣੀ ਪੀੜੀ ਦਾ ਪਾੜਾ ਵੱਧਣ ਕਰਕੇ ਜਦੋਂ ਖਿਆਲਾਤ ਨਹੀਂ ਮਿਲਦੇ ਤਾਂ ਵੀ ਵੱਖਰੀ ਸੋਚ ਕਰਕੇ ਨਵੀਂ ਪੀੜੀ ਹਾਣਦਿਆਂ ਨਾਲ ਖੁਸ਼ੀਆਂ ਮਨਾਉਂਦੀ ਹੈ ਪਰ ਬਜੁਰਗ ਨਵੀਂ ਪੀੜੀ ਨੂੰ ਪਿਆਰ ਕਰਨ ਦੇ ਬਾਵਜੂਦ ਵੀ ਸੰਤਾਪ ਹੰਢਾਉਂਦੇ ਹਨ। ਇਸ ਨਾਲ ਸਮਾਜ ਵੀ ਅੰਦਰੂਨੀ ਨਬਜ਼ ਤੇਜ਼ ਚੱਲਕੇ ਕਈ ਸਮਾਜਿਕ ਰੋਗ ਸਹੇੜਦੀ ਹੈ। ਇਕੱਲੇਪਣ ਦਾ ਉਦੈ, ਉਦੋਂ ਹੁੰਦਾ ਹੈ ਜਦੋਂ ਮਨੁੱਖਤਾ ਸਾਰੇ ਪ੍ਰਬੰਧਾਂ, ਵਿਵਸਥਾਵਾਂ ਅਤੇ ਆਦਰਸ਼ਾਂ ਵਿੱਚੋਂ ਵਿਸ਼ਵਾਸ ਗਵਾ ਲੈਂਦੀ ਹੈ। ਜੀਵਨਸ਼ੈਲੀ ਦੀ ਇਕੱਲਾਪਣ ਮੁੱਖ ਸਮੱਸਿਆ ਹੈ ਇਹ ਸਿਗਰਟ ਨੋਸ਼ੀ ਜਿੰਨਾ ਹੀ ਖਤਰਨਾਕ ਮੰਨਿਆ ਗਿਆ ਹੈ।
    ਇਕੱਲਾਪਣ, ਇਕੱਲਤਾ ਅਤੇ ਇਕੱਲਾ ਜੀਵਨ ਬਤੀਤ ਕਰਨਾ ਤੰਦਰੁਸਤੀ ਦਾ ਵੱਡਾ ਦੁਸ਼ਮਣ ਹੈ। ਇਕੱਲਾਪਣ ਮਾਨਸਿਕ ਕਮਜ਼ੋਰੀ ਪੈਦਾ ਕਰਕੇ ਸੰਤੁਲਨ ਵਿਗਾੜਦਾ ਹੈ। ਮਾਹਿਰਾਂ ਨੇ ਤਾਂ ਇਕੱਲੇਪਣ ਨੂੰ ਨਤੀਜੇ ਉੱਤੇ ਪਹੁੰਚਾਉਣ ਲਈ ਯਤਨ ਸ਼ੁਰੂ ਕੀਤੇ ਹੋਏ ਹਨ ਪਰ ਪੀੜੀ ਦਾ ਪਾੜਾ ਅਤੇ ਬਦਲਦੇ ਹਾਲਾਤ ਪੈਰ ਨਹੀਂ ਲੱਗਣ ਦਿੰਦੇ। ਇੰਗਲੈਡ ਨੇ ਤਾਂ ਇਕੱਲੇਪਣ ਦੀ ਸਮੱਸਿਆ ਨਾਲ ਜੂਝਣ ਲਈ 2018 ਵਿੱਚ ਇਕੱਲੇਪਣ ਲਈ ਮੰਤਰਲਾ ਸ਼ੁਰੂ ਕੀਤਾ, ਅਜਿਹਾ ਹੀ ਮੰਤਰਾਲਾ 2021 ਵਿੱਚ ਜਪਾਨ ਨੇ ਵੀ ਸ਼ੁਰੂ ਕੀਤਾ ਇਸ ਤੋਂ ਸਪੱਸ਼ਟ ਹੈ ਕਿ ਇਕੱਲੇਪਣ ਦਾ ਘੁਣ ਆਲਮੀ ਪੱਧਰ ਤੇ ਲੱਗਿਆ ਹੋਇਆ ਹੈ। ਖੋਜ ਕਰਤਾ ਬਦਲ ਰਹੇ ਸਮਾਜਿਕ ਸਬੰਧ ਅਤੇ ਸੋਚ ਵਿੱਚ ਵੱਡੇ ਖੱਪੇ ਨੂੰ ਹੀ ਇਕੱਲਤਾ ਦੀ ਨੀਂਹ ਦੱਸਦੇ ਹਨ। ਇਕੱਲੇਪਣ ਦੀ ਦਵਾਈ ਨਹੀਂ ਹੁੰਦੀ ਸਿਰਫ ਜੀਵਨ ਵਿੱਚ ਬਦਲਾਓ ਹੀ ਇਸ ਦਾ ਨੁਸਖਾ ਹੈ। ਭਾਵਨਾਵਾਂ ਨੂੰ ਸਮਝ ਕੇ ਹੀ ਇਸ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ। ਸਮਾਜਿਕ ਤਰਾਸਦੀ ਇਹ ਹੁੰਦੀ ਹੈ ਕਿ ਜੋ ਕਿਸੇ ਨੂੰ ਇਸ ਇਕੱਲੇਪਣ ਚੋਂ ਕੱਢਣ ਦੀ ਸੋਚਦੇ ਹਨ ਹੋਲੀ-ਹੋਲੀ ਉਹ ਵੀ ਇਸੇ ਬੀਮਾਰੀ ਵਿੱਚ ਜਾ ਵੜਦੇ ਹਨ ਕਿਉਂਕਿ ਉਹਨਾਂ ਨੂੰ ਨਕਾਰਨ ਵਾਲੇ ਸਮਝਣ ਵਾਲਿਆਂ ਉੱਤੇ ਭਾਰੂ ਪੈਂ ਜਾਂਦੇ ਹਨ। ਇਸ ਸਮੱਸਿਆ ਨੇ ‘ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ’ ਦੇ ਵਿਸ਼ੇ ਨੂੰ ਉੱਲਟਾ ਕਰਨ ਦਾ ਯਤਨ ਵੀ ਕੀਤਾ।
    ਪੁਰਾਤਨ ਸਾਂਝੇ ਪਰਿਵਾਰਾਂ ਵਿੱਚ ਇਕੱਲੇਪਣ ਦਾ ਵਰਕਾ ਹੀ ਨਹੀਂ ਹੁੰਦਾ ਸੀ। ਜਿਵੇਂ ਜਿਵੇਂ ਛੋਟੇ ਪਰਿਵਾਰ ਹੁੰਦੇ ਗਏ ਉਵੇਂ-ਉਵੇਂ ਹੀ ਇਕੱਲਾਪਣ ਜੀਵਨ ਵਿੱਚ ਪਰਵੇਸ਼ ਕਰਦਾ ਗਿਆ। ਦਰਕਿਨਾਰ ਹੋਇਆ ਕਠੇਬਾ ਲੀਰੋ-ਲੀਰ ਹੋਕੇ ਆਪਣੀ ਹੋਣੀ ਨੂੰ ਝੂਰ ਰਿਹਾ ਹੈ। ਆਰਜ਼ੀ ਤੌਰ ਤੇ ਇਕਾਂਤ ਅਤੇ ਇਕੱਲੇਪਣ ਨੂੰ ਅਲੱਗ-ਅਲੱਗ ਕਰਦੇ ਹੋਏ ਸਰੀਰਿਕ ਅਤੇ ਸਿੱਖਿਆ ਦੇ ਤੌਰ ਤੇ ਠੀਕ ਵੀ ਸਮਝਿਆ ਜਾ ਸਕਦਾ ਹੈ। ਪਰ ਪੱਕੇ ਤੌਰ ਤੇ ਇਹ ਮਾਰੂ ਹੈ। ਇਕ ਇਕੱਲਾ ਰਹਿਣਾ ਪਸੰਦ ਕਰਦੇ ਹਨ ਦੂਜਿਆਂ ਦੀ ਇਕੱਲਾ ਰਹਿਣਾ ਮਜਬੂਰੀ ਬਣ ਜਾਂਦਾ ਹੈ। ਦੋਵੇਂ ਹੀ ਨਕਾਰਾ ਕਰਨ ਦਾ ਸੁਭਾਅ ਰੱਖਦੇ ਹਨ। ਜਿਹੜੇ ਆਦਤ ਦੇ ਤੌਰ ਤੇ ਇਕੱਲਾਪਣ ਸਹੀ ਸਮਝਦੇ ਹਨ ਉਹਨਾਂ ਨੂੰ ਖੁਸ਼ੀ-ਖੁਸ਼ੀ ਆਪਣੇ ਪਰਿਵਾਰ ਵਿੱਚ ਵਿਚਰਨਾ ਚਾਹੀਦਾ ਹੈ। ਆਮ ਤੌਰ ਤੇ ਦੇਖਿਆ ਜਾਂਦਾ ਹੈ ਜੋ ਇਕੱਲਾਪਣ ਹੰਢਾਉਂਦੇ ਹਨ ਉਹ ਕਿਸੇ ਦੂਜੇ ਨੂੰ ਆਪਣੇ ਨੇੜੇ ਢੁੱਕਣ ਤੇ ਚਿੜ-ਚਿੱੜੇ ਫੁੰਕਾਰੇ ਮਾਰਦੇ ਹਨ। ਸਮੱਸਿਆ ਤੋਂ ਡਰਕੇ ਮੈਦਾਨ ਵੀ ਛੱਡ ਦਿੰਦੇ ਹਨ। ਆਸ਼ਾਵਾਦੀ ਹੋਣ ਦੀ ਬਜਾਏ ਨਿਰਾਸ਼ਾਬਾਦ ਨੂੰ ਮੰਨ ਵਿੱਚ ਵਸਾ ਲੈਂਦੇ ਹਨ। ਇਹ ਸਥਿਤੀ ਇਕੱਲੇਪਣ ਨੂੰ ਮਾਨਸਿਕ, ਸਮਾਜਿਕ ਅਤੇ ਸਰੀਰਿਕ ਮੌਤ ਵੱਲ ਧੱਕਦੀ ਹੈ। ਇਕੱਲਾਪਣ ਨਸ਼ੇ ਵੱਲ ਅਤੇ ਨਸ਼ਾ ਇਕੱਲੇਪਣ ਦਾ ਰਾਹ ਦਿਖਾਉਂਦਾ ਹੈ। ਸਵੈ ਮਾਣ ਕਾਰਨ ਜੋ ਦੂਜਿਆਂ ਦੇ ਮੁਕਾਬਲੇ ਨਹੀਂ ਕਰ ਸਕਦੇ ਉਹ ਵੀ ਉਦਾਸੀ ਅਤੇ ਇਕੱਲਤਾ ਦੇ  ਖਾਤੇ ਪੈ ਜਾਂਦੇ ਹਨ। ਅੱਜ ਕੱਲ ਇਕੱਲਾਪਣ ਇੱਕ ਬਿਜਨਸ ਵੀ ਬਣ ਗਿਆ ਹੈ। ਇਕੱਲੇਪਣ ਚੋਂ ਉਪਜੀ ਉਦਾਸੀ ਅਤੇ ਤਨਾਅ ਦਵਾਈਆਂ ਦੀ ਦਲਦਲ ਵਿੱਚ ਫਸਾਕੇ ਪੈਸਾ ਬਰਬਾਦ ਕਰਵਾਉਂਦਾ ਹੈ।    
    ਇਹ ਵਿਸ਼ਾ ਇਕ ਅਜਿਹੀ ਦਰਦਨਾਕ ਸਥਿਤੀ ਹੈ ਕਿ ਇਕੱਲੇਪਣ ਦੇ ਅਸੀਂ ਖੁੱਦ ਹੀ ਰਾਹੀ ਹੁੰਦੇ ਹਾਂ। ਰਸਤਾ ਵੀ ਅਸੀਂ ਹੀ ਹਾਂ, ਮੰਜਿਲ ਤੇ ਵੀ ਅਸੀਂ ਪੁੱਜਦੇ ਹਾਂ। ਮੰਜਿਲ ਜਿਹੋ ਜਿਹੀ ਹੋਵੇ ਜਿਆਦਾਤਰ ਇਕੱਲੇਪਣ ਦੀ ਮੰਜਿਲ ਤਬਾਹੀ ਹੁੰਦੀ ਹੈ। ਜਿਹੜੇ ਵਕਤ ਦੇ ਮਾਰੇ ਹੋਏ ਕਰੋਪੀ ਦੇ ਸ਼ਿਕਾਰ ਇਕੱਲਾਪਣ ਝੱਲਦੇ ਹਨ ਉਹਨਾਂ ਨੂੰ ਸਮਾਜਿਕ, ਮਾਨਸਿਕ ਅਤੇ ਸਰੀਰਿਕ ਤੌਰ ਤੇ ਤੀਹਰੀ ਮਾਰ ਝੱਲਣੀ ਪੈਂਦੀ ਹੈ। ਇਕੱਲੇਪਣ ਕਾਰਨ ਉਹਨਾਂ ਦੀ ਔਲਾਦ ਸਮੇਂ ਦੇ ਅਨੁਸਾਰ ਬਜ਼ੁਰਗਾਂ ਨਾਲ ਮਾੜਾ ਵਤੀਰਾ ਕਰਦੀ ਹੈ। ਅਜੋਕੀ ਪੀੜੀ ਨੂੰ ਸੱਭਿਅਤ ਅਤੇ ਸੰਸ੍ਰਕਿਤੀ ਦੇ ਤੌਰ ਤੇ ਆਦਰ, ਸਤਿਕਾਰ ਰਹਿਤ ਪੀੜਾ ਦੇਣ ਵਾਲੀ ਸਾਡੀ ਪਹਿਲੀ ਪੀੜੀ ਹੈ। ਹੁਣ ਤਾਂ ਅਜਿਹੇ ਵਤੀਰਿਆਂ ਨੂੰ ਸਮਾਜਿਕ ਮਾਨਤਾ ਮਿਲਣੀ ਸ਼ੁਰੂ ਹੋ ਚੁੱਕੀ ਹੈ। ਇਸ ਦੀ ਮਿਸਾਲ ਪੰਜਾਬ ਵਰਗੇ ਸੰਪੂਰਨ ਸੂਬੇ ਵਿੱਚ ਬਿਰਧ ਆਸ਼ਰਮ ਖੁਲੱਣਾ ਵੀ ਹੈ। ਦਾਰਸ਼ਨਿਕ ਦੱਸਦੇ ਹਨ ਕਿ ਜਦੋਂ ਸਮਾਜਿਕ ਕਠਨਾਈ ਆਉਂਦੀ ਹੈ ਤਾਂ ਕੁਦਰਤ ਬਲ ਬੁੱਧੀ ਬਖਸ਼ ਦਿੰਦੀ ਹੈ। ਪਰ ਇੱਥੇ ਇਕੱਲਾਪਣ ਪੀੜੀ ਦੀ ਪਾੜੇ ਦੀ ਮਾਰ ਹੇਠ ਆਉਂਦਾ ਹੈ। ਇਸ ਨਾਲ ਬਲ ਅਤੇ ਬੁੱਧੀ ਨੂੰ ਜੰਦਰੇ ਲੱਗ ਜਾਂਦੇ ਹਨ ਮਨੁੱਖਤਾ ਲਾਚਾਰ ਹੋ ਜਾਂਦੀ ਹੈ। ਭੁੱਖ, ਪਿਆਸ ਅਤੇ ਖੁਸ਼ੀ ਨੂੰ ਇਕੱਲਾਪਣ ਖਾ ਜਾਂਦਾ ਹੈ। ਕਈ ਜੰਮਾਦਰੂ ਦੀ ਇਕੱਲੇਪਣ ਦੇ ਆਦਿ ਹੁੰਦੇ ਹਨ ਖੁੱਦ ਹੀ ਸਮਾਜਿਕ ਲਾਹਨਤਾਂ ਸੱਦ ਕੇ ਮੰਨੋਰੋਗੀ ਬਣ ਜਾਂਦੇ ਹਨ। ਇਕੱਲਾਪਣ ਇੱਕ ਜੀਵਨ ਦੀ ਮਾੜੀ ਘਟਨਾ ਹੋ ਨਿਬੜਦੀ ਹੈ। ਇਹ ਅਲਾਮਤ ਖੁੱਦ ਇੱਕਲੀ ਜਾਨ ਹੀ ਸਮਾਜ ਨਾਲੋਂ ਅਤੇ ਘਰ ਨਾਲੋਂ ਟੁੱਟ ਕੇ ਜੀਵਨ ਬਤੀਤ ਕਰਦੀ ਹੈ। ਇਕੱਲਤਾ ਜਿਥੇ ਮਾਨਸਿਕ ਰੋਗਾਂ ਦੀ ਮਾਂ ਹੈ ਉਥੇ ਸਮਾਜਿਕ ਖੁਸ਼ੀਆਂ ਦਾ ਵੈਰੀ ਵੀ ਹੈ। ਇਕੱਲਤਾ ਰਹਿਤ ਭਾਵ ਇਕੱਠ ਦਾ ਸਮੂਹ ਮਾਨਸਿਕਤਾ ਤਰੋ-ਤਾਜ਼ਾ ਰੱਖਦੀ ਹੈ। ਇੱਕਲੇਪਣ ਵਿਚ ਇੰਦਰੀਆਂ ਬਾਹਰਮੁੱਖੀ ਹੋਕੇ ਸਮਾਜ ਵਿਚੋਂ ਸੁਖ ਭਾਲਦੀਆਂ ਹਨ। ਉਹਨਾਂ ਨੂੰ ਫਿਰ ਵੀ ਸੁਖ ਨਹੀਂ ਮਿਲਦਾ ਉਹ ਇਕੱਲੇ ਪੈ ਜਾਂਦੇ ਹਨ। ਸਾਥ ਬਿਨ੍ਹਾਂ ਜੱਗ ਸੁੰਨਾ ਦੇ ਸਿਧਾਂਤ ਅਨੁਸਾਰ ਇਕੱਲੇਪਣ ਵਿੱਚ ਇਕ ਹੱਦ ਤੋਂ ਬਾਅਦ ਬੰਦੇ ਦਾ ਅੰਦਰ ਧੁੱਖ ਜਾਂਦਾ ਹੈ ਬੰਦਾ ਸਭ ਕੁੱਝ ਛੱਡ ਦਿੰਦਾ ਹੈ। ਸ਼ੋਸਲ ਮੀਡੀਆ ਤੇ ਇਕੱਲਾਪਣ ਦੂਰ ਕਰਨ ਲਈ ਸੁਨੇਹੇ ਭੇਜੇ ਜਾਂ ਸਕਦੇ ਸਨ ਪਰ ਵਿਅਕਤੀਗਤ ਮਿਲਣੀ ਨਹੀਂ ਹੁੰਦੀ। ਸਮਾਜ ਦੀ ਕੋਹੜ ਅਤੇ ਨਾਸੂਰ ਰੂਪੀ ਇਕੱਲਤਾ, ਇਕੱਲੇਪਣ ਦੀ ਤਰਾਸਦੀ ਨੂੰ ਸਾਂਭਣ ਲਈ ਧਾਰਮਿਕ, ਸਮਾਜਿਕ ਅਤੇ ਵਿਦਿਅਕ ਖੇਤਰ ਅੱਗੇ ਆਉਣ ਇਸ ਨਾਲ ਮਨੁੱਖ ਇਕੱਲੇਪਣ ਤੋਂ ਬਾਹਰ ਨਿਕਲ ਸਕੇਗਾ ਅਤੇ ਸਮਾਜ ਵਿੱਚ ਇਕੱਲਪੁਣਾ ਹੰਢਾ ਰਹੇ ਮਨੁੱਖ ਦੀ ਕੀਮਤ ਵਧੇਗੀ। ਇਸ ਨਾਲ ਇਸ ਤਰਾਸਦੀ ਵਾਲਾ ਬੰਦਾ ਸਮਾਜ ਵਿੱਚ ਮਜਾਕ ਦਾ ਪਾਤਰ ਨਹੀਂ ਬਣੇਗਾ ਅਤੇ ਸਮਾਜ ਵਿੱਚ ਬੋਝ ਬਣਨ ਤੋਂ ਛੁਟਕਾਰਾਂ ਪਾਵੇਗਾ।
ਸੁਖਪਾਲ ਸਿੰਘ ਗਿੱਲ
ਮੋ: 98781-11445