ਬਣਦਾ ਜਾਂਦਾ ਰੇਗਿਸਤਾਨ ਪੰਜਾਬ - ਕੁਲਦੀਪ ਚੁੰਬਰ ਕਨੇਡਾ

ਸਾਂਭ ਲਓ ਤੁਸੀਂ ਪਾਣੀ ਲੋਕੋ
ਹੋ ਜਾਊ ਖ਼ਤਮ ਕਹਾਣੀ ਲੋਕੋ
ਜਾਗੋ ਆਉਂਦਾ ਜਾਂਦਾ ਕਾਲਾ ਦੌਰ ਖ਼ਰਾਬੀਆਂ ਦਾ
ਬਣਦਾ ਜਾਂਦਾ ਰੇਗਿਸਤਾਨ ਪੰਜਾਬ ਪੰਜਾਬੀਆਂ ਦਾ

ਬਿਨਾਂ ਪਾਣੀ ਦੇ ਦੱਸੋ ਚੱਲੂ ਕਿੰਝ ਜੀਵਨ ਦੀ ਗੱਡੀ
ਹੋਂਦ ਮਨੁੱਖਾ ਤੇਰੀ ਹੈ ਇਸ ਪਾਣੀ ਦੇ ਨਾਲ ਵੱਡੀ
ਦੇਖੀਂ ਖ਼ਤਰੇ ਵਿੱਚ ਨਾ ਪੈ ਜਾਏ ਟੌਹਰ ਨਵਾਬੀਆਂ ਦਾ
ਬਣਦਾ ਜਾਂਦਾ ਰੇਗਿਸਤਾਨ ........

ਪਵਨ ਗੁਰੂ ਤੇ ਪਿਤਾ ਹੈ ਪਾਣੀ ਗੁਰੂਆਂ ਨੇ ਫ਼ਰਮਾਇਆ
ਕਾਦਰ ਦੀ ਕੁਦਰਤ ਨੂੰ ਸਭ ਨੇ ਝੁੱਕਕੇ ਸੀਸ ਨਿਵਾਇਆ
ਬੰਦਿਆ ਕਿਉਂ ਮੁੱਢ ਬੰਨ੍ਹਦਾ ਜਾਂਦਾ ਤੂੰ ਬਰਬਾਦੀਆਂ ਦਾ
ਬਣਦਾ ਜਾਂਦਾ ਰੇਗਿਸਤਾਨ ........

ਇਸ ਦੇ ਵਗਦੇ ਖੂਹਾਂ ਦੇ ਸੀ ਸ਼ਰਬਤ ਵਰਗੇ ਪਾਣੀ
ਬੰਦੇ ਦੀ ਫ਼ਿਤਰਤ ਨੇ ਦਿੱਤੀ ਕੁੱਲ ਵਿਗਾੜ ਕਹਾਣੀ
ਨਹੀਂ ਹਿਸਾਬ ਹੈ ਲੱਗਦਾ ਗ਼ਲਤੀਆਂ ਬੇਹਿਸਾਬੀਆਂ ਦਾ
ਬਣਦਾ ਜਾਂਦਾ ਰੇਗਿਸਤਾਨ ........
'ਚੁੰਬਰਾ' ਬਿਨ ਪਾਣੀ ਦੇ ਜਿਉਣਾ ਹੋ ਜਾਊ ਪਲ ਪਲ ਔਖਾ
ਕੁਦਰਤ ਦੇ ਨਾਲ ਕਰ ਖਿਲਵਾੜ ਨਾ ਜੀਵਨ ਰਹਿੰਦਾ ਸੌਖਾ
ਦੇਖਿਓ ਫਿੱਕਾ ਪੈ ਜਾਏ ਨਾ ਰੰਗ ਫੁੱਲ ਗੁਲਾਬੀਆਂ ਦਾ
ਬਣਦਾ ਜਾਂਦਾ ਰੇਗਿਸਤਾਨ ........

ਆਓ ਇਨ੍ਹਾਂ ਦੀ ਰੱਖਿਆ ਦੇ ਲਈ ਰਲਮਿਲ ਅੱਗੇ ਆਈਏ
ਧਰਤੀ ਹਵਾ ਪਾਣੀ ਤੇ ਰੁੱਖਾਂ ਦੀ ਦਿਲੋਂ ਹੋਂਦ ਬਚਾਈਏ
ਕੁਦਰਤ ਦੇ ਨਾਲ ਮਿਲਕੇ ਮਾਣੀਏ ਰੰਗ ਆਜ਼ਾਦੀਆਂ ਦਾ
ਬਣਦਾ ਜਾਂਦਾ ਰੇਗਿਸਤਾਨ ........
ਪੇਸ਼ਕਸ਼ -  ਕੁਲਦੀਪ ਚੁੰਬਰ ਕਨੇਡਾ