18 ਜੂਨ 2023 : ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼ - ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਨੂੰ ਚੇਤੇ ਕਰਦਿਆਂ - ਡਾ. ਗੁਰਵਿੰਦਰ ਸਿੰਘ
ਕੈਨੇਡਾ ਦੇ ਨੌਜਵਾਨ ਸਿੱਖ ਆਗੂ ਭਾਈ ਹਰਦੀਪ ਸਿੰਘ ਨਿੱਝਰ ਨੂੰ ਸ਼ਹੀਦ ਹੋਇਆਂ ਇੱਕ ਸਾਲ ਗੁਜ਼ਰ ਗਿਆ ਹੈ। ਇਹਨਾਂ ਦੀ ਯਾਦ ਵਿੱਚ 16 ਜੂਨ ਤੋਂ 18 ਜੂਨ ਤੱਕ, ਤਿੰਨ ਦਿਨਾਂ ਸਮਾਗਮ, ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਵਿਖੇ ਕਰਵਾਏ ਜਾ ਰਹੇ ਹਨ, ਜਿੱਥੇ ਭਾਈ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਸੀ। ਕੈਨੇਡਾ ਵਿਚ ਖਾਲਿਸਤਾਨੀ ਰਾਇਸ਼ਮਾਰੀ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ ਦੇ ਪ੍ਰਧਾਨ ਭਾਈ ਹਰਦੀਪ ਸਿੰਘ ਨਿੱਝਰ ਨੂੰ 18 ਜੂਨ 2023 ਨੂੰ ਕਾਇਰਤਾ ਪੂਰਨ ਢੰਗ ਨਾਲ ਕਤਲ ਕਰ ਦਿੱਤਾ ਗਿਆ। ਸ਼ਹੀਦ ਭਾਈ ਨਿੱਝਰ ਦੇ ਕਤਲ ਮਾਮਲੇ ਵਿੱਚ 4 ਭਾਰਤੀ ਨਾਗਰਿਕਾਂ ਕਰਨ ਬਰਾੜ, ਕਮਲ ਪ੍ਰੀਤ, ਕਰਨ ਪ੍ਰੀਤ ਅਤੇ ਅਮਨਦੀਪ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਜਲਦੀ ਹੋਰ ਗ੍ਰਿਫਤਾਰੀਆਂ ਦੀ ਸੰਭਾਵਨਾ ਵੀ ਹੈ। ਇਸ ਮਾਮਲੇ ਦੇ ਸਬੂਤ ਕੈਨੇਡਾ ਦੀ ਖੁਫੀਆ ਏਜੰਸੀ ਨੇ ਭਾਰਤ ਨੂੰ ਪਿਛਲੇ ਦਿਨੀਂ ਸੌਂਪੇ ਹਨ। ਇਹਨਾਂ ਬੇਜ਼ਮੀਰੇ ਅਤੇ ਭਾੜੇ ਦੇ ਕਾਤਲਾਂ ਤੋਂ ਜਥੇਦਾਰ ਭਾਈ ਹਰਦੀਪ ਸਿੰਘ ਨਿੱਝਰ ਨੂੰ ਕਤਲ ਕਰਵਾਉਣ ਲਈ ਇੰਡੀਅਨ ਸਟੇਟ ਏਜੰਸੀਆਂ ਵੱਲੋਂ ਸੁਪਾਰੀ ਦੇ ਕੇ ਕੌਟਰੈਕਟ ਕਿਲਿੰਗ ਦੇ ਗੰਭੀਰ ਦੋਸ਼ ਲੱਗੇ ਹਨ। ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਦੋਸ਼ ਵਿਚ ਭਾਰਤੀ ਨਾਗਰਿਕਾਂ ਦੀ ਗ੍ਰਿਫ਼ਤਾਰੀ ਤੋਂ ਮਗਰੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਕੈਨੇਡਾ ‘ਕਾਨੂੰਨ ਦੇ ਰਾਜ ਵਾਲਾ ਮੁਲਕ’ ਹੈ, ਜਿਸ ਦਾ ਨਿਆਂ ਪ੍ਰਬੰਧ ਮਜ਼ਬੂਤ ਤੇ ਸੁਤੰਤਰ ਅਤੇ ਆਪਣੇ ਨਾਗਰਿਕਾਂ ਦੀ ਸੁਰੱਖਿਆ ਲਈ ਮੌਲਿਕ ਤੌਰ ’ਤੇ ਵਚਨਬੱਧ ਹੈ। ਕੈਨੇਡਾ ਦੀ ਨਿਊ ਡੈਮੋਕਰੇਟਿਕ ਪਾਰਟੀ ਦੇ ਨੈਸ਼ਨਲ ਆਗੂ ਜਗਮੀਤ ਸਿੰਘ ਨੇ ਵੀ ਦੋਸ਼ ਲਾਇਆ ਹੈ ਕਿ ਭਾਈ ਹਰਦੀਪ ਸਿੰਘ ਨਿੱਝਰ ਦਾ ਕਤਲ ਭਾਰਤ ਨੇ ਕਰਵਾਇਆ ਹੈ। ਇਨਾਂ ਦੋਸ਼ੀਆਂ ਦੀ ਅਗਲੀ ਅਦਾਲਤੀ ਪੇਸ਼ੀ 21 ਜੂਨ, 2024 ਨੂੰ ਹੈ।
ਭਾਈ ਦੀਪ ਸਿੰਘ ਨਿੱਝਰ ਭਾਰਤ ਵਿਚ ਸੰਨ 1984 ਤੋਂ ਲੈ ਕੇ ਲਗਾਤਾਰ ਸਿੱਖਾਂ ਦੇ ਕਤਲੇਆਮ ਦੇ ਖਿਲਾਫ, ਰਾਏਸ਼ੁਮਾਰੀ ਦਾ ਤਰੀਕਾ ਅਪਣਾ ਕੇ ਸ਼ਾਂਤਮਈ ਢੰਗ ਰਾਹੀਂ ਆਵਾਜ਼ ਉਠਾ ਰਹੇ ਸਨ।ਸਿਤਮਜ਼ਰੀਫੀ ਇਹ ਹੈ ਕਿ 'ਬੁਲਿਟ' ਦਾ ਜਵਾਬ 'ਬੈਲਟ' ਰਾਹੀਂ ਦੇਣ ਵਾਲੇ ਸ਼ਹੀਦ ਭਾਈ ਹਰਦੀਪ ਸਿੰਘ ਨਿਝੱਰ ਲਈ 'ਬੁਲਿਟ' ਦੀ ਵਰਤੋਂ ਕਰਨਾ ਕਾਇਰਤਾ ਦਾ ਸਿਖਰ ਹੈ। ਪੰਜਾਬ ਦੇ ਜ਼ਿਲ੍ਹਾ ਜਲੰਧਰ ਵਿਚ ਪੈਂਦੇ ਪਿੰਡ ਭਾਗਸਿੰਘਪੁਰ ਵਿਚ ਜਨਮੇ ਭਾਈ ਨਿੱਝਰ 1997 ਤੋਂ ਕੈਨੇਡਾ ਰਹਿ ਰਹੇ ਸਨ, ਜਿੱਥੇ ਉਨ੍ਹਾਂ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਸੀ, ਬੇਸ਼ੱਕ ਭਾਰਤ ਦੀ ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਉਹਨਾਂ ਦੇ ਸਿਰ ਦਾ 10 ਲੱਖ ਮੁੱਲ ਰੱਖਿਆ ਗਿਆ ਸੀ ਅਤੇ ਖੁੰਖਾਰ ਅੱਤਵਾਦੀ ਐਲਾਨਿਆ ਸੀ। ਭਾਈ ਹਰਦੀਪ ਸਿੰਘ ਲਗਾਤਾਰ ਇਨ੍ਹਾਂ ਦੋਸ਼ਾਂ ਨੂੰ ਨਕਾਰਦੇ ਰਹੇ ਸਨ ਅਤੇ ਕਿਸੇ ਵੀ ਅਦਾਲਤ ਵਿੱਚ ਉਨ੍ਹਾਂ 'ਤੇ ਕੋਈ ਦੋਸ਼ ਸਿੱਧ ਨਹੀਂ ਹੋਏ। ਇਸ ਦੇ ਬਾਵਜੂਦ 'ਭਾਰਤੀ ਮੀਡੀਆ ਟ੍ਰਾਇਲ ਚਲਾ ਕੇ' ਉਹਨਾਂ ਨੂੰ 'ਦਹਿਸ਼ਤਗਰਦ' ਸ਼ਬਦ ਨਾਲ ਸੰਬੋਧਨ ਕਰ ਰਿਹਾ ਹੈ, ਜੋ ਕਿ ਸ਼ਰਮਨਾਕ ਵਰਤਾਰਾ ਹੈ। ਕੈਨੇਡਾ ਦੇ ਸਿੱਖ ਇਤਿਹਾਸ ਵੱਲ ਨਜ਼ਰ ਮਾਰੀਏ ਤਾਂ 4 ਸਤੰਬਰ 1914 ਨੂੰ ਕੈਨੇਡਾ ਦੇ ਗੁਰਦਵਾਰੇ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਉਸ ਸਮੇਂ ਦੇ ਪ੍ਰਧਾਨ ਭਾਈ ਭਾਗ ਸਿੰਘ ਭਿੱਖੀਵਿੰਡ ਅਤੇ ਉਨ੍ਹਾਂ ਦੇ ਸਾਥੀ ਭਾਈ ਬਤਨ ਸਿੰਘ ਦਲੇਲ ਸਿੰਘ ਵਾਲਾ ਦਾ, ਉਸ ਸਮੇਂ ਦੇ ਬ੍ਰਿਟਿਸ਼ ਭਾਰਤੀ ਸਰਕਾਰ ਨੇ ਖੁਫੀਆ ਏਜੰਸੀਆਂ ਤੇ ਭਾੜੇ ਦੇ ਜਾਸੂਸ ਵਿਲੀਅਮ ਹੌਪਕਿਨਸਸਨ ਦੇ ਇਸ਼ਾਰੇ 'ਤੇ, ਕੌਮ ਦੇ ਗੱਦਾਰ ਅਤੇ ਮੁਖ਼ਬਰ ਬੇਲੇ ਜਿਆਣ ਰਾਹੀਂ ਕਤਲ ਕਰਵਾਇਆ ਸੀ।
109 ਸਾਲ ਬਾਅਦ ਫਿਰ ਇਤਿਹਾਸ ਦੁਹਰਾਇਆ ਗਿਆ ਹੈ, ਜਦੋਂ ਕਿ ਗੁਰਦੁਆਰਾ ਗੁਰੂ ਨਾਨਕ ਗੁਰਦੁਆਰਾ ਸਰੀ-ਡੈਲਟਾ ਦੇ ਪ੍ਰਧਾਨ ਉਥੇ ਕੈਨੇਡਾ ਦੀ ਨਾਗਰਿਕ ਭਾਈ ਹਰਦੀਪ ਸਿੰਘ ਨਿੱਝਰ ਨੂੰ ਇੰਡੀਅਨ ਏਜੰਸੀਆਂ ਰਾਹੀਂ ਕੈਨੇਡਾ ਦੀ ਧਰਤੀ ਤੇ ਭਾਵ ਗੁਰੂ ਨਾਨਕ ਗੁਰਦੁਆਰਾ ਸਾਹਿਬ ਵਿਖੇ ਗੋਲੀਆਂ ਮਾਰ ਕੇ ਕਰਵਾਉਣ ਦੇ 'ਗੰਭੀਰ ਦੋਸ਼', ਕੈਨੇਡਾ ਦੀ ਪਾਰਲੀਮੈਂਟ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਲਾਏ ਗਏ ਹਨ। ਉਹ ਕੈਨੇਡਾ ਦੀ ਧਰਤੀ 'ਤੇ ਸੇਵਾ ਦੌਰਾਨ ਸ਼ਹੀਦ ਹੋਣ ਵਾਲੇ ਦੂਜੇ ਪ੍ਰਧਾਨ ਸਨ। ਗੁਰਦਵਾਰੇ ਦੀ ਸੇਵਾ ਸੰਭਾਲ ਦੇ ਪ੍ਰਸੰਗ ਵਿਚ ਉਨ੍ਹਾਂ ਵੱਡੇ-ਵਡੇਰਿਆਂ ਵਾਲਾ ਗੌਰਵਮਈ ਇਤਿਹਾਸ ਦੁਹਰਾਇਆ। ਭਾਈ ਹਰਦੀਪ ਸਿੰਘ ਨਿੱਝਰ ਕੈਨੇਡਾ ਦੇ ਮੋਢੀ ਸਿੱਖ ਪ੍ਰਿੰਸੀਪਲ ਸੰਤ ਤੇਜਾ ਸਿੰਘ ਦੇ ਨਕਸ਼ੇ-ਕਦਮਾਂ ਤੇ ਪਹਿਰਾ ਦੇਣ ਵਾਲੇ ਸਨ। ਉਨ੍ਹਾਂ ਗੁਰਦੁਆਰਾ ਸਾਹਿਬ ਵਿਖੇ 'ਸੰਤ ਤੇਜਾ ਸਿੰਘ ਐਲਾਨਨਾਮਾ' ਸਤਿਕਾਰ ਸਹਿਤ ਸਵੀਕਾਰ ਕੀਤਾ। ਇਸ ਤੋਂ ਇਲਾਵਾ ਕੈਨੇਡਾ ਦੇ ਮੋਢੀ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਲਈ ਸਿਟੀ ਕੌਂਸਲ ਨਿਊ ਵੈਸਟਮਿਨਸਟਰ ਦੇ ਕੌਂਸਲਰ ਚੱਕਪੱਕ ਮਾਯੇਰ ਵੱਲੋਂ ਜਾਰੀ ਐਲਾਨਨਾਮੇ ਲਈ ਭਾਈ ਨਿੱਝਰ ਨੇ ਕੌਂਸਲਰ ਚੱਕਪੱਕਮਾਯੇਰ ਨੂੰ ਸਨਮਾਨ ਦਿੱਤਾ।
11 ਜਨਵਰੀ 1915 ਨੂੰ ਕੈਨੇਡਾ ਦੀ ਧਰਤੀ ਤੇ ਫਾਂਸੀ ਦਾ ਰਿਸਰਚਣ ਵਾਲੇ ਭਾਈ ਮੇਵਾ ਸਿੰਘ ਲੋਪੋਕੇ ਜਿੱਥੇ ਕੈਨੇਡਾ ਦੇ ਸੁਚੇਤ ਪੱਧਰ 'ਤੇ ਪਹਿਲੇ ਸਿੱਖ ਸ਼ਹੀਦ ਸਨ, ਉਥੇ ਭਾਈ ਹਰਦੀਪ ਸਿੰਘ ਨਿੱਝਰ ਉਸੇ ਤਰਾਂ ਹੀ ਸੁਚੇਤ ਮਨ ਨਾਲ ਸ਼ਹੀਦੀ ਪਾਉਣ ਵਾਲੇ ਸਿੱਖ ਯੋਧੇ ਸਨ। ਇਹੀ ਕਾਰਨ ਸੀ ਕਿ ਭਾਈ ਸਾਹਿਬ ਦੀ ਸ਼ਹੀਦੀ ਮਗਰੋਂ ਉਨ੍ਹਾਂ ਦੇ ਮਾਤਾ ਪਿਤਾ, ਸੁਪਤਨੀ ਅਤੇ ਦੋਹਾਂ ਪੁੱਤਰਾਂ ਨੂੰ 'ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਗੋਲਡ ਮੈਡਲ' ਨਾਲ ਸਿੱਖ ਪੰਥ ਵੱਲੋਂ ਸਨਮਾਨਤ ਕੀਤਾ ਗਿਆ। ਭਾਈ ਸਾਹਿਬ ਦੀ ਤਸਵੀਰ ਲੰਗਰ ਹਾਲ ਸਜਾਈ ਗਈ ਅਤੇ ਕੇਂਦਰੀ ਸਿੱਖ ਅਜਾਇਬ ਘਰ ਅੰਮ੍ਰਿਤਸਰ ਵਿਖੇ ਸ਼ਹੀਦ ਭਾਈ ਹਰਦੀਪ ਸਿੰਘ ਦੀ ਤਸਵੀਰ ਸਜਾਉਣ ਲਈ, ਸਾਂਝੇ ਤੌਰ 'ਤੇ ਪੰਥ ਵੱਲੋਂ ਮੰਗ ਕੀਤੀ ਗਈ ਸੀ, ਜਿਸ ਨੂੰ ਦਲ ਖਾਲਸਾ ਦੇ ਆਗੂ ਭਾਈ ਪਰਮਜੀਤ ਸਿੰਘ ਮੰਡ ਨੇ ਸ਼੍ਰੋਮਣੀ ਕਮੇਟੀ ਦੇ ਸਨਮੁਖ ਰੱਖਿਆ ਹੈ।ਅੰਤਰਰਾਸ਼ਟਰੀ ਪੱਧਰ 'ਤੇ ਸਰੀ ਨਗਰ ਕੀਰਤਨ ਇਸ ਵਾਰੀ ਭਾਈ ਹਰਦੀਪ ਸਿੰਘ ਨਿੱਝਰ ਦੀ ਸ਼ਹਾਦਤ ਨੂੰ ਸਮਰਪਿਤ ਕੀਤੇ ਜਾਣਾ ਜਿੱਥੇ ਇਤਿਹਾਸਿਕ ਕਾਰਜ ਹੋ ਨਿਬੜਿਆ ਹੈ, ਉਥੇ ਇੰਡੀਅਨ ਸਟੇਟ ਦੀ ਧੱਕੇਸ਼ਾਹੀ ਨੂੰ ਦੁਨੀਆ ਸਾਹਮਣੇ ਜਾਹਰ ਕਰਨ ਦਾ ਇੱਕ ਵਿਲੱਖਣ ਵਰਤਾਰਾ ਕਿਹਾ ਜਾ ਸਕਦਾ ਹੈ। ਭਾਈ ਨਿੱਝਰ ਦੀ ਸ਼ਹਾਦਤ, ਗੁਰਦੁਆਰਾ ਸਾਹਿਬ ਵਿਖੇ ਸੇਵਾਦਾਰ ਵਜੋਂ ਡਿਊਟੀ ਨਿਭਾਉਂਦਿਆਂ ਹੋਣਾ ਵੀ ਇਤਿਹਾਸਕ ਮਹੱਤਵ ਰੱਖਦਾ ਹੈ। ਡਿਊਟੀ 'ਤੇ ਜਾਨ ਦੇਣ ਵਾਲੇ ਲੋਕਾਂ ਦਾ ਇੱਥੇ ਬੇਹੱਦ ਸਤਿਕਾਰ ਹੁੰਦਾ ਹੈ। ਮਾਪਿਆਂ ਦੇ ਨੌਜਵਾਨ ਪੁੱਤਰ, ਦੋ ਪੁੱਤਰਾਂ ਦੇ ਪਿਤਾ ਅਤੇ ਇੱਕ ਸੁਚੱਜ ਜੀਵਨ ਸਾਥੀ ਨੂੰ, 'ਪਿਤਾ ਦਿਹਾੜੇ' 'ਤੇ, ਗੁਰਦੁਆਰਾ ਤੋਂ ਘਰ ਪਰਤਣ ਲੱਗਿਆਂ ਪਿੱਛੋਂ ਹਮਲਾ ਕਰਕੇ ਮਾਰ ਦੇਣਾ ਅੱਤ ਦਰਜੇ ਦੀ ਕਾਇਰਤਾ ਕਹੀ ਜਾ ਸਕਦੀ ਹੈ।
ਭਾਈ ਹਰਦੀਪ ਸਿੰਘ ਨਿੱਝਰ ਜਿੱਥੇ ਕਿੱਤੇ ਵਜੋਂ ਪਲੰਬਰ ਸਨ, ਉਥੇ ਉਨ੍ਹਾਂ ਗੁਰਦੁਆਰਾ ਸਾਹਿਬ ਵਿਖੇ ਹੱਥੀਂ ਕਿਰਤ ਕਰਕੇ ਤੇ ਸਾਥੀਆਂ ਨਾਲ ਮਿਲ ਕੇ ਵਿਸ਼ਾਲ ਹਾਲ ਬਣਾਇਆ, ਜਿਸ ਦਾ ਨਾਂ 'ਸ਼ਹੀਦ ਭਾਈ ਹਰਦੀਪ ਸਿੰਘ ਯਾਦਗਾਰੀ ਹਾਲ' ਰੱਖਿਆ ਗਿਆ ਹੈ। ਲਗਾਤਾਰ ਮਿਹਨਤ ਸਦਕਾ ਉਨ੍ਹਾਂ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਨੁਹਾਰ ਬਦਲ ਦਿੱਤੀ ਅਤੇ ਆਪਣੀ ਕਿਰਤ ਕਮਾਈ ਗੁਰਦੁਆਰਾ ਸਾਹਿਬ ਨੂੰ ਸਮਰਪਿਤ ਕਰ ਦਿੱਤੀ। ਕੌੜੀ ਸਚਾਈ ਹੈ ਕਿ ਜਿੱਥੇ ਆਮ ਤੌਰ 'ਤੇ ਅਹੁਦੇ ਅਤੇ ਪਦਵੀਆਂ ਵਰਤ ਕੇ ਬਹੁਤ ਸਾਰੇ ਗੁਰਦੁਆਰਾ ਪ੍ਰਬੰਧਕ ਹਿੰਦੁਸਤਾਨੀ ਜਾਂ ਪੱਛਮੀ ਸਟੇਟਾਂ ਦੇ ਸੰਦ ਬਣ ਜਾਂਦੇ ਹਨ, ਓਥੇ ਭਾਈ ਨਿੱਝਰ ਵਲੋਂ ਚਲਾਇਆ ਪ੍ਰਬੰਧ 'ਸਿੱਖ ਸਟੇਟ' ਦੀ ਬੁਨਿਆਦ ਵਜੋਂ ਪੰਥਕ ਅਜ਼ਾਦੀ ਦਾ ਪ੍ਰਤੀਕ ਬਣਿਆ ਹੈ। ਗੁਰੂ ਪੰਥ ਦੇ ਨਿਸ਼ਾਨ ਹੇਠ ਤੇ ਪਾਤਸ਼ਾਹੀ ਦਾਅਵੇ ਸਿੱਖ ਰਵਾਇਤ ਅਨੁਸਾਰ ਸਮੁੱਚਾ ਪ੍ਰਬੰਧ ਚਲਾਉਣ ਦੀ ਮਿਸਾਲ ਭਾਈ ਹਰਦੀਪ ਸਿੰਘ ਨਿੱਝਰ ਨੇ ਕਾਇਮ ਕੀਤੀ ਹੈ।ਜਿਸ ਗੁਰਦੁਆਰਾ ਸਾਹਿਬ ਦੀ ਹਦੂਦ ਵਿੱਚ ਕਿਸੇ ਸਮੇਂ ਭਾਰਤੀ ਰਾਜ ਦੇ ਝੰਡੇ ਝੁਲਾਏ ਜਾਂਦੇ ਸਨ, ਉਥੇ ਇਲਾਹੀ ਪਾਤਸ਼ਾਹੀ ਅਤੇ ਸਿੱਖਾਂ ਦੀ ਖੁਦ-ਮੁਖਤਿਆਰੀ ਦੇ ਖ਼ਾਲਸਾਈ ਪਰਚਮ ਝੁਲਾਉਣ ਦਾ ਸਿਹਰਾ ਭਾਈ ਹਰਦੀਪ ਸਿੰਘ ਨਿੱਝਰ ਦੇ ਸਿਰ ਬੱਝਦਾ ਹੈ। ਉਨ੍ਹਾਂ ਨੂੰ ਦੋ ਵਾਰ ਸਰੀ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ ਸੀ। ਭਾਈ ਨਿੱਝਰ ਦੀ ਆਖਰੀ ਚੋਣ ਸਰਬਸੰਮਤੀ ਨਾਲ ਹੋਈ ਸੀ। ਉਨ੍ਹਾਂ ਗੁਰਦੁਆਰੇ ਦੀ ਸੇਵਾ ਪ੍ਰਧਾਨ ਬਣ ਕੇ ਨਹੀਂ, ਬਲਕਿ ਸੇਵਾਦਾਰ ਬਣ ਕੇ ਨਿਭਾਈ ਤੇ ਆਪਣੇ ਆਪ ਵਿੱਚ ਉਹ ਇਤਿਹਾਸ ਸਿਰਜਿਆ, ਜੋ ਅਸੀਂ ਕੇਵਲ ਇਤਿਹਾਸ ਵਿੱਚ ਸੁਣਦੇ ਹਾਂ। ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ ਨੂੰ, ਸੰਸਾਰ ਭਰ ਵਿੱਚ ਸਿੱਖ ਪੰਥ ਦੀ ਅਜ਼ਾਦ ਖੁਦ ਮੁਖਤਿਆਰ ਹੋਂਦ ਵਾਲੇ ਕੇਂਦਰੀ ਸਥਾਨ ਵਜੋਂ ਜਦੋਂ ਵੀ ਚੇਤੇ ਕੀਤਾ ਜਾਵੇਗਾ, ਤਾਂ ਉਸ ਵੇਲੇ ਭਾਈ ਹਰਦੀਪ ਸਿੰਘ ਨਿੱਝਰ ਦੀ ਸ਼ਹਾਦਤ ਦੀ ਬਾਤ ਪਾਈ ਜਾਇਆ ਕਰੇਗੀ।
ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਭਾਈ ਹਰਦੀਪ ਸਿੰਘ ਨਿੱਝਰ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਨੂੰ ਮੁੱਖ ਰੱਖਣ ਦੇ ਨਾਲ-ਨਾਲ, ਕੈਨੇਡਾ ਦੇ ਮੂਲ ਵਾਸੀਆਂ ਦੀ ਮੱਦਦ ਲਈ ਅੱਗੇ ਹੋ ਕੇ ਹਾਅ ਦਾ ਨਾਹਰਾ ਮਾਰਦੇ ਰਹੇ। ਭਾਰਤ ਸਰਕਾਰ ਵੱਲੋਂ ਜੇਲ੍ਹਾਂ ਵਿੱਚ ਬੰਦ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਜੀ ਐਨ ਸਾਈ ਬਾਬਾ ਦੀ ਰਿਹਾਈ ਲਈ ਪਟੀਸ਼ਨਾਂ ਦਸਤਖ਼ਤ ਕਰਵਾਉਣ ਦਾ ਸਿਹਰਾ ਵੀ ਭਾਈ ਨਿੱਝਰ ਦੇ ਸਿਰ ਬੱਝਦਾ ਹੈ। ਮਨੁੱਖੀ ਹੱਕਾਂ ਦੇ ਕਾਰਕੁੰਨਾਂ ਗੌਤਮ ਨਵਲੱਖਾ, ਤੀਸਤਾ ਸੀਤਲਵਾੜ, ਰਾਣਾ ਆਯੂਬ, ਆਨੰਦ ਤਲਤੁੰਬੜੇ, ਸਟੈਨ ਸੁਆਮੀ ਅਤੇ ਅਨੇਕਾਂ ਹੋਰਨਾਂ ਬਾਰੇ ਜਦੋਂ ਵੀ ਕੋਈ ਰੋਸ ਮੁਜ਼ਾਹਰਾ ਰੱਖਿਆ ਜਾਂਦਾ, ਉਹ ਅਗ੍ਹਾਂਹ ਹੋ ਕੇ ਸ਼ਮੂਲੀਅਤ ਕਰਦੇ। ਭਾਈ ਨਿੱਝਰ ਜਿੱਥੇ ਭਾਰਤੀ ਜੇਲ੍ਹਾਂ ਵਿਚ ਉਮਰ ਕੈਦ ਦੀਆਂ ਸਜ਼ਾਵਾਂ ਭੁਗਤ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਲਈ ਅਵਾਜ਼ ਉਠਾਉਂਦੇ, ਉਥੇ ਉਹ ਮਨੁੱਖੀ ਹੱਕਾਂ ਲਈ ਜੂਝ ਰਹੇ ਹਰ ਮੁਲਕ, ਰੰਗ, ਨਸਲ, ਧਰਮ, ਫ਼ਿਰਕੇ ਦੇ ਲੋਕਾਂ ਲਈ ਆਵਾਜ਼ ਬੁਲੰਦ ਕਰਦੇ।
ਚਾਹੇ ਮਨੁੱਖੀ ਹੱਕਾਂ ਦੀ ਵਕਾਲਤ ਕਰਨ ਵਾਲੇ ਉੱਘੇ ਐਡਵੋਕੇਟ ਰੰਜਨ ਲਖਣ ਪਾਲ ਹੋਣ ਅਤੇ ਚਾਹੇ ਸਿਆਟਲ ਵਿੱਚ ਜਾਤੀ ਵਿਤਕਰੇ ਖਿਲਾਫ ਮਤਾ ਲਿਆਉਣ ਵਾਲੀ ਸ਼ਾਮਾ ਸਾਵੰਤ ਹੋਵੇ, ਚਾਹੇ ਕੈਨੇਡਾ ਵਿੱਚ ਪੰਜਾਬੀ ਲਈ ਸੇਵਾਵਾਂ ਨਿਭਾਉਣ ਵਾਲੀ ਕੋਈ ਵੀ ਸਾਹਿਤ ਸਭਾ ਦੇ ਲੇਖਕ ਹੋਣ ਅਤੇ ਚਾਹੇ ਪਾਕਿਸਤਾਨ ਵਿੱਚ ਸਿੱਖ ਇਤਿਹਾਸ ਅਤੇ ਪੰਜਾਬੀ ਦੀ ਸੇਵਾ ਸੰਭਾਲ ਲਈ ਕੰਮ ਕਰ ਰਹੇ ਲਿਖਾਰੀ ਹੋਣ, ਭਾਈ ਹਰਦੀਪ ਸਿੰਘ ਨਿੱਝਰ ਅਥਾਹ ਨਿਮਰਤਾ ਸਹਿਤ, ਸਭ ਦਾ ਸਨਮਾਨ ਕਰਦੇ। ਇਸ ਰੱਬੀ ਰੂਹ ਵਲੋਂ ਨਿਸ਼ਕਾਮ ਸੇਵਾ ਅਧੀਨ ਹੋਰ ਵੀ ਬਹੁਤ ਕਾਰਜ ਕੀਤੇ ਗਏ ਹਨ, ਜੋ ਆਪਣੇ ਆਪ ਵਿੱਚ ਮਿਸਾਲ ਹਨ। ਭਾਈ ਹਰਦੀਪ ਸਿੰਘ ਨਿੱਝਰ ਮਨੁੱਖੀ ਅਧਿਕਾਰਾਂ ਨੂੰ ਸਮਰਪਤ ਹੋਣ ਦੇ ਨਾਲ-ਨਾਲ, ਮਾਨਵੀ ਸੇਵਾਵਾਂ ਦੇ ਵੀ ਅਲੰਬਰਦਾਰ ਸਨ।
ਜਿਥੇ ਇਕ ਪਾਸੇ ਉਹ ਸਿੱਖ ਸੰਘਰਸ਼ ਦੇ ਨਾਇਕ ਹਨ, ਉਥੇ ਦੂਜੇ ਪਾਸੇ ਉਹਨਾਂ ਨਿਸ਼ਕਾਮ ਸੇਵਾ ਅਧੀਨ ਬਹੁਤ ਕਾਰਜ ਕੀਤੇ ਗਏ ਹਨ। ਕੈਨੇਡਾ ਆਏ ਅੰਤਰ-ਰਾਸ਼ਟਰੀ ਭਾਰਤੀ ਵਿਦਿਆਰਥੀਆਂ ਨੂੰ ਖਾਣੇ ਸਬੰਧੀ ਦਰਪੇਸ਼ ਸਮੱਸਿਆਵਾਂ ਦੇ ਮੱਦੇ ਨਜ਼ਰ, ਉਨ੍ਹਾਂ ਨੂੰ ਲੰਗਰ ’ਚੋਂ ਪੈਕ ਖਾਣਾ ਘਰ ਲਿਜਾਣ ਦੀ ਸ਼ੁਰੂਆਤ ਭਾਈ ਹਰਦੀਪ ਸਿੰਘ ਨਿੱਝਰ ਨੇ ਹੀ ਕਰਵਾਈ ਸੀ। ਗੁਰਦੁਆਰਾ ਸਾਹਿਬ ਅੰਦਰ ਸਿੱਖ ਰਵਾਇਤ ਅਨੁਸਾਰ ਲੋੜਵੰਧ ਲਈ ਰਿਹਾਇਸ਼, ਦਵਾ-ਦਾਰੂ ਅਤੇ ਆਰਥਿਕ ਮਦਦ ਆਦਿ ਦਾ ਪ੍ਰਬੰਧ ਕਾਇਮ ਕੀਤਾ ਸੀ। ਉਹਨਾਂ ਨੇ ਸੂਬੇ ਵਿੱਚ ਹੜ੍ਹਾਂ, ਜੰਗਲੀ ਅੱਗਾਂ ਅਤੇ ਕਰੋਨਾ ਕਾਲ ਦੌਰਾਨ ਮਾਨਵੀ ਸੇਵਾਵਾਂ ਸਭ ਤੋਂ ਮੋਹਰੀ ਰੋਲ ਨਿਭਾਇਆ। ਬੇਸ਼ੱਕ ਭਾਰਤ ਦਾ ਗੋਦੀ ਮੀਡੀਆ ਏਜੰਸੀਆਂ ਦੇ ਇਸ਼ਾਰੇ 'ਤੇ ਭਾਈ ਹਰਦੀਪ ਸਿੰਘ ਨਿਝਰ ਬਾਰੇ ਜੋ ਮਰਜ਼ੀ ਲਿਖੇ, ਪਰ ਕੈਨੇਡਾ ਦੇ ਮੀਡੀਏ ਨੇ ਬਿਆਨ ਕੀਤਾ ਹੈ ਕਿ ਇਤਿਹਾਸ ਵਿਚ ਕਿਸੇ ਵਿਅਕਤੀ ਨੂੰ, ਉਸ ਦੇ ਮਰਨ ਉਪਰੰਤ ਹਜ਼ਾਰਾਂ ਦੀ ਤਾਦਾਦ ਵਿੱਚ ਲੋਕ ਸ਼ਰਧਾ ਦੇ ਫੁੱਲ ਭੇਟ ਕਰਨ, ਵੱਡੀ ਗੱਲ ਹੈ।
ਇਸ ਤੋਂ ਇਲਾਵਾ ਕੈਨੇਡਾ ਦੇ ਮੀਡੀਏ ਨੇ ਇਹ ਗੱਲ ਵੀ ਬਿਆਨ ਕੀਤੀ ਹੈ ਕਿ ਭਾਈ ਨਿੱਝਰ ਦੇ ਸਾਜਿਸ਼ੀ ਢੰਗ ਨਾਲ ਕਤਲ ਪਿੱਛੇ ਭਾਰਤੀ ਖੁਫੀਆ ਏਜੰਸੀਆਂ ਦੀ ਸ਼ਮੂਲੀਅਤ ਦੇ ਅਹਿਮ ਪੱਖ ਪ੍ਰਤੱਖ ਹੋਣ ਦੇ ਮਾਮਲੇ 'ਤੇ ਗੌਰ ਕਰਨੀ ਜ਼ਰੂਰੀ ਹੈ। ਗੋਦੀ ਮੀਡੀਆ ਵੱਲੋਂ ਖਾਲਸਾ ਸਕੂਲਾਂ ਦੇ ਸੰਸਥਾਪਕ ਰਿਪਦੁਮਨ ਸਿੰਘ ਮਲਿਕ ਦੇ ਪਿਛਲੇ ਸਾਲ ਹੋਏ ਕਤਲ ਵਿਚ, ਹਰਦੀਪ ਸਿੰਘ ਨਿੱਝਰ ਦਾ ਨਾਮ ਜੋੜਿਆ ਜਾਂਦਾ ਰਿਹਾ ਹੈ, ਪਰ ਸਥਾਨਕ ਪੁਲਿਸ ਨੂੰ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਜਦ ਕਿ ਹੁਣ ਤਾਂ ਭਾਈ ਮਲਿਕ ਦੇ ਕਤਲ ਦੀ ਸੂਈ ਵੀ ਇੰਡੀਅਨ ਏਜੰਸੀਆਂ ਵੱਲ ਘੁੰਮਦੀ ਨਜ਼ਰ ਆ ਰਹੀ ਹੈ। ਭਾਈ ਨਿੱਝਰ ਨੂੰ ਕਈ ਮਹੀਨਿਆਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸੀ, ਜਿਨ੍ਹਾਂ ਬਾਰੇ ਉਨ੍ਹਾਂ ਦਾ ਸਪੱਸ਼ਟ ਕਹਿਣਾ ਸੀ ਕਿ ਇਹ ਧਮਕੀਆਂ ਉਨ੍ਹਾਂ ਨੂੰ ਭਾਰਤੀ ਏਜੰਸੀਆਂ ਤੋਂ ਮਿਲ ਰਹੀਆਂ ਹਨ।18 ਜੂਨ 2023 ਨੂੰ ਉਨ੍ਹਾਂ ਦੀ ਹੱਤਿਆ ਤੋਂ ਮਗਰੋਂ, ਕੈਨੇਡਾ ਦੀਆਂ ਸਿੱਖ ਜਥੇਬੰਦੀਆਂ ਅਤੇ ਗੁਰਦਵਾਰਾ ਸੁਸਾਇਟੀਆਂ ਨੇ ਸਾਂਝੇ ਰੂਪ ਵਿੱਚ ਭਾਰਤੀ ਏਜੰਸੀਆਂ ਨੂੰ ਭਾਈ ਨਿੱਝਰ ਦੀ ਹੱਤਿਆ ਲਈ ਜ਼ਿੰਮੇਵਾਰ ਕਰਾਰ ਦੇ ਦਿੱਤਾਸੀ। ਭਾਈ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੋਂ ਤੁਰੰਤ ਬਾਅਦ ਹੀ ਕੈਨੇਡਾ ਦੀ ਨਿਯੁੂ ਡੈਮੋਕ੍ਰੇਟਿਕ ਪਾਰਟੀ ਦੇ ਲੀਡਰ ਜਗਮੀਤ ਸਿੰਘ ਅਤੇ ਕਈ ਹੋਰਨਾਂ ਨੇ ਵਿਦੇਸ਼ੀ ਏਜੰਸੀਆਂ ਦੀ ਦਖ਼ਲਅੰਦਾਜ਼ੀ ਦੀ ਮੁਕੰਮਲ ਜਾਂਚ ਬਾਰੇ ਆਵਾਜ਼ ਉਠਾਈ ਸੀ।
ਭਾਈ ਨਿੱਝਰ ਦੀ ਸ਼ਹਾਦਤ ਨੂੰ ਚੇਤੇ ਕਰਦਿਆਂ ਇੱਕ ਗੰਭੀਰ ਸਵਾਲ ਇਹ ਵੀ ਹੈ ਕਿ ਜੇ ਕੈਨੇਡਾ ਦੀ ਏਜੰਸੀ ਸੀਸਿਜ਼ ਭਾਈ ਹਰਦੀਪ ਸਿੰਘ ਨਿੱਝਰ 'ਤੇ ਹਮਲੇ ਦਾ ਖਦਸ਼ਾ ਪ੍ਰਗਟ ਕਰ ਰਹੇ ਸਨ, ਤਾਂ ਇਸ ਤੋਂ ਸਪੱਸ਼ਟ ਹੁੰਦਾ ਹੈ ਉਨ੍ਹਾਂ ਨੂੰ ਇਲਮ ਸੀ ਕਿ ਇਹ ਹਮਲਾ ਕਿਸ ਵੱਲੋਂ ਹੋ ਸਕਦਾ ਹੈ। ਸਵਾਲ ਇਹ ਉਠਦਾ ਹੈ ਕਿ ਉਨ੍ਹਾਂ ਅਜਿਹੇ ਹਮਲੇ ਨੂੰ ਰੋਕਣ ਲਈ ਕੀ ਕੀਤਾ? ਫੌਰੀ ਅਪਰਾਧਿਕ ਜਾਂਚ ਤੋਂ ਇਲਾਵਾ, ਕੈਨੇਡੀਅਨ ਖੁਫੀਆ ਅਤੇ ਸੁਰੱਖਿਆ ਏਜੰਸੀਆਂ ਨੂੰ ਇਹ ਵੀ ਮੁਲਾਂਕਣ ਕਰਨਾ ਚਾਹੀਦਾ ਹੈ ਕਿ ਭਾਰਤੀ ਖੁਫੀਆ ਅਧਿਕਾਰੀਆਂ ਦੀ ਅਪਰਾਧ ਵਿੱਚ ਕਿਹੋ ਜਿਹੀ ਭੂਮਿਕਾ ਸੀ? ਕੀ ਅਜਿਹੀਆਂ ਏਜੰਸੀਆਂ ਜਾਂ ਵਿਦੇਸ਼ੀ ਕਰਿੰਦੇ, ਹੱਤਿਆ ਮਗਰੋਂ ਦੇ ਮੀਡੀਆ ਚਿੱਤਰਣ ਜਾਂ ਰਾਜਨੀਤਿਕ ਪ੍ਰਚਾਰ ਨੂੰ ਪ੍ਰਭਾਵਿਤ ਕਰਨ ਵਿੱਚ ਸ਼ਾਮਲ ਹਨ? ਕੈਨੇਡਾ ਵਿਚ ਵਿਦੇਸ਼ੀ ਦਖਲਅੰਦਾਜ਼ੀ ਬਾਰੇ ਜਨਤਕ ਖੇਤਰ ਦੇ ਸਰੋਤਾਂ ਦਾ ਵਿਸ਼ਲੇਸ਼ਣ ਕਰਦੇ ਹੋਏ, ਮਹੱਤਵਪੂਰਨ ਸਬੂਤ ਮੌਜੂਦ ਹਨ, ਜੋ ਇਹ ਸਥਾਪਿਤ ਕਰਦੇ ਹਨ ਕਿ 'ਵਿਦੇਸ਼ੀ ਅਧਿਕਾਰੀਆਂ ਅਤੇ ਖੁਫੀਆ ਕਾਰਜਕਰਤਾਵਾਂ' ਨੇ, ਕਈ ਦਹਾਕਿਆਂ ਤੋਂ ਕੈਨੇਡਾ ਅੰਦਰ ਮੀਡੀਆ ਆਊਟਲਿਟਾਂ ਤੱਕ ਨੂੰ ਆਪਣੀ ਰਿਪੋਰਟਿੰਗ ਨੂੰ ਪ੍ਰਭਾਵਿਤ ਕਰਨ ਲਈ ਵੱਖ-ਵੱਖ ਹੱਥਕੰਡਿਆਂ ਦੀ ਵਰਤੋਂ ਕੀਤੀ ਹੈ ਅਤੇ ਕਈ ਦਹਾਕਿਆਂ ਤੋਂ ਨਿਸ਼ਾਨੇ ਸਾਧਦਿਆਂ, ਇਸ ਨੂੰ ਹੋਰ ਵਧਾਇਆ ਹੈ।
ਸੀਬੀਸੀ ਦੀ ਡਾਕੂਮੈਂਟਰੀ, ਬੀਬੀਸੀ ਦੀ ਡਾਕੂਮੈਂਟਰੀ, ਅਲਜਜ਼ੀਰਾ ਅਤੇ ਆਸਟਰੇਲੀਆ ਦੀ ਦਸਤਾਵੇਜ਼ੀ ਫਿਲਮ ਸਮੇਤ ਵੱਖ-ਵੱਖ ਰਿਪੋਰਟਾਂ ਇਹ ਦਰਸਾ ਰਹੀਆਂ ਹਨ ਕਿ ਸਿੱਖ ਡਾਇਸਪੋਰਾ ਕਿਸ ਕਦਰ ਭਾਰਤੀ ਏਜੰਸੀਆਂ ਦੇ ਨਿਸ਼ਾਨੇ 'ਤੇ ਹੈ। ਤਾਜ਼ਾ ਜਾਣਕਾਰੀ ਅਨੁਸਾਰ ਕੈਨੇਡਾ ਨਾਲ 'ਦੇਸ਼-ਧਰੋਹ' ਕਮਾਉਣ ਵਾਲੇ ਸਿਆਸਤਦਾਨਾਂ ਵੱਲੋਂ ਕੈਨੇਡਾ ਦੇ ਖਾਸ ਕਰਕੇ ਖਾਲਿਸਤਾਨੀ ਸਿੱਖ ਧਿਰਾਂ ਦੇ ਗੁਪਤ ਭੇਦ ਭਾਰਤੀ ਏਜੰਸੀਆਂ ਤੱਕ ਪਹੁੰਚਾਉਣ ਦੀ ਸਾਜਿਸ਼ ਹੋਰ ਵੀ ਖਤਰਨਾਕ ਹੋ ਨਿਬੜੀ ਹੈ ਅਤੇ ਇਹਨਾਂ ਦੋਗਲੇ ਚੇਹਰਿਆਂ ਨੂੰ ਨੰਗੇ ਕਰਨ ਦੀ ਮੰਗ ਲੋਕਾਂ ਵੱਲੋਂ ਜ਼ੋਰਦਾਰ ਢੰਗ ਨਾਲ ਉਠਾਈ ਜਾ ਰਹੀ ਹੈ। ਇਹ ਸਾਰਾ ਪ੍ਰਪੰਚ ਸਾਜਸ਼ੀ ਰੂਪ ਵਿੱਚ 'ਸਿੱਖ ਵਿਰੋਧੀ ਹਿੱਤਾਂ' ਨੂੰ ਅੱਗੇ ਵਧਾਉਣ ਲਈ ਕੀਤਾ ਗਿਆ ਹੈ ਅਤੇ ਕੈਨੇਡਾ ਵਿੱਚ 'ਸਿੱਖ ਭਾਈਚਾਰੇ ਨੂੰ ਬਦਨਾਮ ਕਰਨ' ਦੀ ਕੀਮਤ 'ਤੇ ਹੋਇਆ ਹੈ। 1988 ਦੀ ਗਲੋਬ ਐਂਡ ਮੇਲ ਦੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਭਾਰਤੀ ਖੁਫੀਆ ਏਜੰਟਾਂ ਨੇ 1980 ਦੇ ਦਹਾਕੇ ਤੋਂ ਹੀ ਇਸ ਮਕਸਦ ਨੂੰ ਅੱਗੇ ਵਧਾਉਣ ਲਈ, 'ਕੈਨੇਡਾ ਦੇ ਸਿੱਖ ਭਾਈਚਾਰੇ ਵਿੱਚ ਘੁਸਪੈਠ ਕਰਨ ਲਈ ਵੱਡੇ-ਵੱਡੇ ਭੁਗਤਾਨ' ਕੀਤੇ ਸਨ ਅਤੇ ਮੁਖਬਰਾਂ ਅਤੇ ਭੜਕਾਊ ਲੋਕਾਂ ਦਾ ਇੱਕ 'ਨੈਟਵਰਕ' ਸਥਾਪਤ ਕੀਤਾ ਸੀ। ਕੈਨੇਡੀਅਨ ਸੰਸਦ ਦੀ ਰਾਸ਼ਟਰੀ ਸੁਰੱਖਿਆ ਅਤੇ ਖੁਫੀਆ ਕਮੇਟੀ (NSICOP) ਨੇ, ਵਿਦੇਸ਼ੀ ਦਖਲ ਨਾਲ ਸਬੰਧਤ ਕਈ ਰਿਪੋਰਟਾਂ ਪ੍ਰਕਾਸ਼ਿਤ ਕੀਤੀਆਂ ਹਨ। ਵਿਦੇਸ਼ੀ ਦਖਲਅੰਦਾਜ਼ੀ ਦੀਆਂ ਖੋਜਾਂ ਦੇ ਸਬੰਧ ਵਿੱਚ ਭਾਰੀ ਸੋਧ ਕੀਤੇ ਜਾਣ ਦੇ ਬਾਵਜੂਦ, ਇੱਕ ਰਿਪੋਰਟ ਵਿੱਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਭਾਰਤੀ ਏਜੰਸੀਆਂ ਨੇ ਇੱਕ ਖਾਸ ਬਿਰਤਾਂਤ ਨੂੰ ਵਧਾਉਣ ਲਈ ਚੱਲ ਰਹੀ ਮੁਹਿੰਮ ਦਾ ਆਯੋਜਨ ਕੀਤਾ, ਜਿਸ ਵਿੱਚ 'ਕੈਨੇਡਾ ਦੇ ਸਿੱਖ ਭਾਈਚਾਰੇ ਨੂੰ ਕੱਟੜਪੰਥੀ' ਗਰਦਾਨਦੇ ਹੋਏ, ਭਾਰਤੀ ਰਾਸ਼ਟਰੀ ਸੁਰੱਖਿਆ 'ਤੇ ਜ਼ੋਰ ਦਿੱਤਾ ਗਿਆ। ਕੈਨੇਡੀਅਨ ਰਾਸ਼ਟਰੀ ਸੁਰੱਖਿਆ ਅਤੇ ਖੁਫੀਆ ਸਲਾਹਕਾਰ, ਡੇਵਿਡ ਜੀਨ, ਨੇ ਵੀ ਰਿਕਾਰਡ ਵਿਚ ਸਪੱਸ਼ਟ ਤੌਰ 'ਤੇ ਦੱਸਿਆ ਸੀ ਕਿ ਵਿਦੇਸ਼ੀ ਖੁਫੀਆ ਆਪਰੇਟਿਵ, ਕੈਨੇਡੀਅਨ ਮੀਡੀਆ ਆਊਟਲੇਟਾਂ ਰਾਹੀਂ ਸਰਗਰਮੀ ਨਾਲ, ਝੂਠੇ ਬਿਰਤਾਂਤ ਘੜ ਰਹੇ ਸਨ ਅਤੇ ਪ੍ਰਚਾਰ ਰਹੇ ਸਨ। ਏ ਬੀ ਬਨਾਮ ਕੈਨੇਡਾ (ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ), 2020 ਐਫ ਸੀ 461 ਵਿੱਚ ਫੈਡਰਲ ਕੋਰਟ ਆਫ਼ ਕਨੇਡਾ ਦੀਆਂ ਖੋਜਾਂ ਦੁਆਰਾ, ਇਸ ਦੀ ਹੋਰ ਪੁਸ਼ਟੀ ਕੀਤੀ ਗਈ, ਜਿਸ ਵਿੱਚ ਇਹ ਸਥਾਪਿਤ ਕੀਤਾ ਗਿਆ ਹੈ ਕਿ 'ਭਾਰਤੀ ਖੁਫੀਆ ਤੰਤਰ ਸਿੱਧੇ ਤੌਰ 'ਤੇ ਕਿਸੇ ਵਿਅਕਤੀ ਨੂੰ ਕੰਮ ਸੌਂਪ ਕੇ', ਕੈਨੇਡੀਅਨ ਪ੍ਰਕਿਰਿਆਵਾਂ, ਸਰਕਾਰੀ ਨੀਤੀ ਅਤੇ ਮੀਡੀਆ ਦੀ ਆਜ਼ਾਦੀ ਵਿੱਚ ਦਖਲਅੰਦਾਜ਼ੀ ਕਰਦਾ ਹੈ। ਇਹ ਗਤੀਵਿਧੀਆਂ, ਨਾ ਸਿਰਫ਼ ਕੈਨੇਡੀਅਨ ਸੰਸਥਾਵਾਂ ਨੂੰ ਕਮਜ਼ੋਰ ਕਰਦੀਆਂ ਹਨ, ਬਲਕਿ ਸਰਕਾਰਾਂ ਨੂੰ ਦਬਾਏ ਜਾ ਰਹੇ ਭਾਈਚਾਰਿਆਂ ਨੂੰ ਹੋਰ ਦਬਾਉਣ ਲਈ ਰਾਜ਼ੀ ਕਰਕੇ, ਪੀੜਤ ਕੌਮਾਂ ਨੂੰ ਨਸਲੀ ਸਮੂਹ ਵਜੋਂ ਪਰਿਭਾਸ਼ਤ ਕਰਦੀਆਂ ਹਨ।
ਸਿੱਖਾਂ ਦੇ ਮਾਮਲੇ ਵਿਚ ਇੰਡੀਅਨ ਏਜੰਸੀਆਂ ਦੀਆਂ ਗਤੀਵਿਧੀਆਂ ਇਸ ਤੋਂ ਵੀ ਅੱਗੇ ਪੰਜਾਬ ਅਤੇ ਵਿਦੇਸ਼ਾਂ ਵਿੱਚ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਜਾਰੀ ਰੱਖਣ ਲਈ ਵੀ ਉਤਸ਼ਾਹਿਤ ਕਰਦੀਆਂ ਹਨ। ਗਲੋਬਲ ਭਾਈਚਾਰਕ ਸਰਗਰਮੀ ਵਜੋਂ ਵਿਦੇਸ਼ਾਂ ਵਿੱਚ ਸਿੱਖ ਕਾਰਕੁਨਾਂ ਵਿਰੁੱਧ ਚੱਲ ਰਿਹਾ ਅਪਰਾਧੀਕਰਨ, ਭਾਰਤ ਦੇ ਘਰੇਲੂ ਤੌਰ 'ਤੇ ਅਸਹਿਮਤੀ ਵਾਲੇ ਅਪਰਾਧੀਕਰਨ ਦਾ ਅਤੇ ਵਿਦੇਸ਼ੀ ਦਖਲਅੰਦਾਜ਼ੀ ਅਤੇ ਜਾਸੂਸੀ ਦਾ ਵਿਸਤਾਰ ਹੈ। ਇਹਨਾਂ ਗਤੀਵਿਧੀਆਂ ਦੀ ਪੂਰੀ ਪਾਰਦਰਸ਼ੀ ਢੰਗ ਨਾਲ ਗੌਰ ਕਰਨੀ ਜ਼ਰੂਰੀ ਹੈ। ਅਜਿਹੀ ਜਾਂਚ ਦੇ ਨਤੀਜਿਆਂ ਨੂੰ ਅੱਗੇ ਜਨਤਕ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੈਨੇਡਾ ਦੇ ਸਾਰੇ ਭਾਈਚਾਰਿਆਂ ਨੂੰ, ਕੈਨੇਡਾ ਦੀਆਂ ਸਿਆਸੀ ਸੰਸਥਾਵਾਂ ਅਤੇ ਪੱਤਰਕਾਰੀ ਦੀ ਆਜ਼ਾਦੀ ਨੂੰ, ਕਮਜ਼ੋਰ ਕਰਨ ਦੀਆਂ ਗੈਰ-ਕਾਨੂੰਨੀ ਕੋਸ਼ਿਸ਼ਾਂ ਤੋਂ ਸੁਰੱਖਿਅਤ ਰੱਖਿਆ ਗਿਆ ਹੈ। 'ਪੀੜਤ ਨੂੰ ਦੋਸ਼ੀ ਸਾਬਿਤ' ਕਰਨਾ, ਇਸ ਵੇਲੇ ਭਾਰਤੀ ਮੀਡੀਏ ਦੇ ਵੱਡੇ ਹਿੱਸੇ ਅਤੇ ਏਜੰਸੀਆਂ ਦਾ ਮੁੁੂਲ ਬਿਰਤਾਂਤ ਦਿਖਾਈ ਦਿੰਦਾ ਹੈ।
ਭਾਈ ਹਰਦੀਪ ਸਿੰਘ ਨਿੱਝਰ ਦੀ ਨਿਆਂ ਅਤੇ ਅਮਨ ਪਸੰਦ ਕੈਨੇਡੀਅਨ ਸ਼ਹਿਰੀ ਹੋਣ ਦੇ ਬਾਵਜੂਦ ਕਿਰਦਾਰਕੁਸ਼ੀ ਅਤੇ ਏਅਰ ਇੰਡੀਆ ਬੰਬ ਧਮਾਕੇ ਵਿੱਚ 329 ਮੁਸਾਫਰਾਂ ਦੇ ਸਮੂਹਿਕ ਕਤਲੇਆਮ ਲਈ ਸਿੱਖਾਂ ਬਾਰੇ ਗਲਤ ਬਿਰਤਾਂਤ ਸਿਰਜਣ ਦੀ ਸਾਜ਼ਿਸ਼ ਅਜਿਹੇ ਬਿਰਤਾਂਤ ਦਾ ਹੀ ਹਿੱਸਾ ਹਨ। ਦੂਜੇ ਪਾਸੇ ਖਾਲਸਾਈ ਬਿਰਤਾਂਤ ਸਿੱਖੀ ਦੇ ਸਰਬਤ ਦੇ ਭਲੇ ਦੇ ਸੰਕਲਪ ਅਤੇ ਜਬਰ ਖ਼ਿਲਾਫ਼ ਡਟਣ ਦੇ ਸਿਧਾਂਤ ਬਖਸ਼ਦੇ ਹਨ। ਸਰਬਤ ਦੇ ਹੱਕਾਂ ਲਈ ਲੜਨ ਵਾਲੇ ਇਹ ਸਿੱਖ ਐਕਟਿਵਿਸਟ ਉਹੀ ਵਿਅਕਤੀ ਹਨ, ਜਿਹੜੇ ਪਿਛਲੇ ਲੰਮੇ ਸਮੇਂ ਤੋਂ ਭਾਰਤੀ ਜੇਲ੍ਹਾਂ 'ਚ ਬੰਦ ਚਿੰਤਕਾਂ ਪ੍ਰੋਫੈਸਰ ਜੀ ਐਨ ਸਾਈ ਬਾਬਾ, ਪ੍ਰੋਫ਼ੈਸਰ ਵਾਰਵਰਾ ਰਾਓ, ਗੌਤਮ ਨਵਲੱਖਾ, ਆਨੰਦ ਤੇਲਤੁੰਬੜੇ ਆਦਿ ਦੀ ਰਿਹਾਈ ਦੀ ਲਗਾਤਾਰ ਮੰਗ ਕਰਨ ਲਈ ਰੋਸ ਪ੍ਰਗਟਾਵੇ ਕਰਦੇ ਰਹੇ ਹਨ। ਇਹ ਉਹੀ ਸਿੱਖ ਅਦਾਰੇ ਹਨ, ਜਿਨ੍ਹਾਂ ਗੌਰੀ ਲੰਕੇਸ਼ ਵਰਗੇ ਪੱਤਰਕਾਰ ਦੇ ਕਤਲ ਤੋਂ ਬਾਅਦ, ਕੈਨੇਡਾ ਦੀ ਧਰਤੀ ਤੋਂ ਉਸ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦਿਆਂ, ਭਾਰਤ ਵਿਚ ਚੱਲ ਰਹੇ ਹਿੰਦੂਤਵੀ ਏਜੰਡੇ ਅਤੇ ਨਫ਼ਰਤੀ ਮਾਹੌਲ ਦਾ ਵਿਰੋਧ ਕਰ ਰਹੇ ਹਨ। ਇਹ ਉਹੀ ਸਿੱਖ ਸੰਸਥਾਵਾਂ ਹਨ, ਜਿਹੜੀਆਂ ਜੇਲ੍ਹਾਂ 'ਚ ਉਮਰ ਕੈਦ ਦੀਆਂ ਸਜ਼ਾਵਾਂ ਭੋਗ ਚੁੱਕੇ ਸਿੰਘਾਂ ਦੀ ਰਿਹਾਈ ਲਈ ਲਗਾਤਾਰ ਜੱਦੋ- ਜਹਿਦ ਕਰ ਰਹੀਆਂ ਹਨ। ਇਹ ਉਹੀ ਲੋਕ ਹਨ, ਜਿਨ੍ਹਾਂ ਵਿੱਚ ਭਾਰਤ ਦੇ ਪ੍ਰਧਾਨਮੰਤਰੀ ਮੋਦੀ ਦੀ 2015 ਵਿਚ ਕੈਨੇਡਾ ਫੇਰੀ ਸਮੇਂ ਸ਼ਾਂਤਮਈ ਵਿਰੋਧ ਕਰਦਿਆਂ, ਮਨੁੱਖੀ ਅਧਿਕਾਰਾਂ ਦੇ ਹੋ ਰਹੇ ਘਾਣ ਨੂੰ ਰੋਕਣ ਦੀ ਮੰਗ ਕੀਤੀ ਸੀ।
ਅੱਜ ਇਹ ਸਾਰੇ ਮਿਲ ਕੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੇ ਲਈ ਇਨਸਾਫ ਦੀ ਮੰਗ ਕਰ ਰਹੇ ਹਨ, ਜਿਨ੍ਹਾਂ ਹੱਕ, ਸੱਚ ਤੇ ਇਨਸਾਫ ਲਈ ਫਾਸ਼ੀਵਾਦੀ ਅਤੇ ਮਨੂਵਾਦੀ ਤਾਕਤਾਂ ਖਿਲਾਫ਼ ਲੜਾਈ ਲੜੀ ਅਤੇ ਆਪਣੀ ਜਾਨ ਕੁਰਬਾਨ ਕਰ ਦਿੱਤੀ। ਮੌਜੂਦਾ ਸਮੇਂ ਇੰਡੀਅਨ ਸਟੇਟ ਦਾ ਸਭ ਤੋਂ ਵੱਡਾ ਇਤਰਾਜ਼ ਹੈ ਕਿ ਵਿਦੇਸ਼ਾਂ ਦੀ ਧਰਤੀ ਤੋਂ ਐਕਟਿਵਿਸਟ ਮਨੁੱਖੀ ਹੱਕਾਂ ਦੀ ਆਵਾਜ਼ ਕਿਉਂ ਉਠਾ ਰਹੇ ਹਨ ;
''ਕੁਛ ਨਾ ਕਹਿ ਖਾਮੋਸ਼ ਰਹਿ ਓ ਸ਼ਾਇਰਾ
ਸਭ ਨੂੰ ਤੇਰੇ ਕਹਿਣ ਤੇ ਇਤਰਾਜ਼ ਹੈ
ਗੀਤ ਤੇਰੇ ਮੁਖਬਰੀ ਕਰ ਦੇਣਗੇ
ਤੇਰੀ ਹਿਕ ਵਿਚ ਰੌਸ਼ਨੀ ਦਾ ਰਾਜ਼ ਹੈ
ਜੋ ਜਗੇ ਉਸ ਦਾ ਨਿਸ਼ਾਨਾ ਬੰਨ੍ਹਦਾ
ਰਾਤ ਦਾ ਹਾਕਮ ਨਿਸ਼ਾਨੇਬਾਜ਼ ਹੈ
ਉਹ ਕਿ ਜਿਸ ਦੀ ਜਾਨ ਹੀ ਨ੍ਹੇਰੇ 'ਚ ਹੈ
ਉਸ ਨੂੰ ਸਾਡੇ ਜਗਣ ਤੇ ਇਤਰਾਜ਼ ਹੈ
ਤਗਮਿਆਂ ਦੀ ਥਾਂ ਤੇ ਹਿਕ ਵਿਚ ਗੋਲੀਆਂ
ਇਹ ਵੀ ਇਕ ਸਨਮਾਨ ਦਾ ਅੰਦਾਜ਼ ਹੈ''
(ਮਰਹੂਮ ਸ਼ਾਇਰ ਡਾ. ਸੁਰਜੀਤ ਪਾਤਰ)