ਘਾਲਿ ਖਾਇ ਕਿਛੁ ਹਥਹੁ ਦੇਇ - ਸੁਖਪਾਲ ਸਿੰਘ ਗਿੱਲ
ਮੇਰੇ ਪਿਤਾ ਜੀ ਨੇ ਬਚਪਨ ਵਿੱਚ ਇੱਕ ਵਾਰ ਸ਼ਾਮ ਦੇ ਸਮੇਂ ਮੈਨੂੰ ਆਵਾਜ਼ ਮਾਰੀ ਅਤੇ ਕਿਹਾ “ ਮੇਰੀ ਜੇਬ ਵਿੱਚੋਂ ਕਣਕ ਵੱਢਕੇ ਆਏ ਮਜਦੂਰ ਨੂੰ ਦਿਹਾੜੀ ਦੇ ਪੈਸੇ ਦਿਉ” ਮੈਂ ਆਨਾ-ਕਾਨੀ ਕਰਕੇ ਕਿਹਾ ਨਹੀਂ ਸਵੇਰ ਨੂੰ ਇੱਕਠੇ ਦੇ ਦਿਆਂਗੇ ਪਰ ਮੇਰੇ ਪਿਤਾ ਜੀ ਨੇ ਮੈਨੂੰ ਸਬਕ ਦਿੱਤਾ “ਪੁੱਤ ਮਜਦੂਰ ਨੂੰ ਪਸੀਨਾ ਸੁੱਕਣ ਤੋਂ ਪਹਿਲਾ ਉਸ ਦੀ ਮਜਦੂਰੀ ਦੇਣੀ ਚਾਹੀਦੀ ਹੈ” ਉਹਨਾਂ ਦੀ ਇਹ ਸਿੱਖਿਆ ਅੱਜ ਜਦੋਂ ਮਜਦੂਰ ਵਰਗ ਦੀ ਤਰਾਸਦੀ ਵੱਲ ਵੇਖਦਾ ਹਾਂ ਤਾਂ ਆਪਣੇ ਆਪ ਲਈ ਸਬਕ ਮਿਲ ਜਾਂਦਾ ਹੈ। ਸਮਾਜ, ਕੌਮ ਅਤੇ ਮੁਲਕ ਦੀ ਬੁਨਿਆਦ ਮਜਦੂਰ ਜਮਾਤ ਉੱਤੇ ਨਿਰਭਰ ਕਰਦੀ ਹੈ। ਭਾਵੇਂ ਮਸ਼ੀਨੀ ਯੁੱਗ ਕਰਕੇ ਮਜਦੂਰ ਦੀ ਕੀਮਤ ਘੱਟ ਸਮਝੀ ਜਾਣ ਲੱਗੀ ਹੈ ਪਰ ਆਖਿਰ ਹੱਥ ਹਿਲਾਉਣਾ ਹੀ ਪੈਂਦਾ ਹੈ। ਜਦੋਂ ਹੱਥ ਹਿਲਾਉਣਾ ਪੈਂਦਾ ਹੈ ਤਾਂ ਉਹ ਇੱਕ ਕਿਸਮ ਦਾ ਮਜਦੂਰ ਹੀ ਹੁੰਦਾ ਹੈ। ਮਜਦੂਰ ਨਾਲ ਬੇ-ਇਨਸਾਫੀ ਅਤੇ ਹੱਕ ਮਰਨਾ ਸ਼ੁਰੂ ਤੋਂ ਨਾਲ ਹੀ ਰਿਹਾ। ਕਿਰਤੀ ਦੀ ਕਦਰ ਕਰਨਾ ਮਨੁੱਖਤਾ ਦਾ ਸੁਭਾਅ ਹੋਣਾ ਚਾਹੀਦਾ ਸੀ ਪਰ ਇਸ ਨੂੰ ਬੂਰ ਨਹੀਂ ਪਿਆ। ਕਿਰਤੀ ਮਜਦੂਰ ਦੀ ਉੱਪਜ ਨਾਲ ਧੰਨ ਪੈਦਾ ਹੰਦਾ ਹੈ।ਕਿਰਤੀ ਜਮਾਤ ਇਸ ਧੰਨ ਦਾ ਖਜ਼ਾਨਾ ਹੁੰਦੀ ਹੈ। ਪੁਆੜਾ ਉਦੋਂ ਪੈਂਦਾ ਹੈ ਜਦੋਂ ਮਜਦੂਰ ਕਿਰਤੀ ਦੀ ਮਿਹਨਤ ਅਤੇ ਉੱਪਜ ਨੂੰ ਕੋਈ ਨਿੱਜੀ ਸਮਝ ਲੈਂਦਾ ਹੈ। ਕਿਰਤ ਇੱਕ ਸੂਖਮ ਜੀਵ ਹੈ ਜਦੋਂ ਕਿ ਮੋਟੇ ਪੂੰਜੀਵਾਦ ਇਹਨਾਂ ਨੂੰ ਖਾਈ ਜਾ ਰਹੇ ਹਨ। ਛੋਟਿਆਂ ਕੋਲ ਮਜਦੂਰ ਵਰਗ ਲਈ ਕੁੱਝ ਕਰਨ ਦੀ ਗੁੰਜਾਇਸ਼ ਹੈ ਪਰ ਵੱਡੇ ਤਾਂ ਮਜਦੂਰ ਦੀ ਸ਼ਕਤੀ ਨੂੰ ਹੜੱਪਣ ਦੀ ਕੋਸ਼ਿਸ ਵਿੱਚ ਰਹਿੰਦੇ ਹਨ। ਅੱਜ ਦੇ ਮਜਦੂਰ ਦਾ ਹਾਲ, ਸਮਾਜਿਕ ਢਾਂਚਾ ਅਤੇ ਜੀਵਨ ਜਾਂਚ ਦੇਖੀ ਘੋਖੀ ਅਤੇ ਪਰਖੀ ਜਾਵੇ ਤਾਂ ਇਹ ਵਰਗ ਵਿਤਕਰੇ ਅਤੇ ਨਾ-ਇਨਸ਼ਾਫੀ ਦੀ ਮੂਲ ਇਕਾਈ ਝੱਲਕਦੀ ਹੈ। ਇਤਿਹਾਸ ਗਵਾਹ ਹੈ ਕਿ ਮਜਦੂਰ ਕਿਰਤ ਵਿੱਚ ਖੁੱਭ ਕੇ ਜੀਵਨ ਜੀਊਂਦਾ ਹੈ ਪਰ ਕੁੱਲੀ, ਗੁੱਲੀ ਅਤੇ ਜੁੱਲੀ ਲਈ ਤਰਸਦਾ ਰਹਿੰਦਾ ਹੈ। ਸਭ ਤੋਂ ਲਚਾਰੀ ਉਦੋਂ ਹੁੰਦੀ ਹੈ ਜਦੋਂ ਆਪਣੇ ਬੱਚਿਆਂ ਦੀ ਰੀਝ ਪੂਰੀ ਕਰਨ ਨਾਲੋਂ ਪਰਿਵਾਰ ਦੇ ਲੂਣ, ਤੇਲ ਅਤੇ ਆਟੇ ਨੂੰ ਤਰਜੀਹ ਦੇਣੀ ਪੈਂਦੀ ਹੈ।
ਮਜਦੂਰਾਂ ਦੀ ਸਾਰ ਲੈਣ ਲਈ ਸਰਕਾਰ ਵਿਸ਼ੇਸ਼ ਤਵੱਜੋ ਦੇਵੇ। ਅਖ਼ਬਾਰੀ ਇਸ਼ਤਿਹਾਰ ਦੇ ਕੇ ਬੁੱਤਾ ਸਾਰ ਲਿਆ ਜਾਂਦਾ ਹੈ ਇਸ ਵਿੱਚ ਮਜਦੂਰ ਵਰਗ ਦੇ ਬੇਵੱਸੀ ਅਤੇ ਸਰਕਾਰੀ ਧਿਰ ਦੀ ਖਾਨਾਪੂਰਤੀ ਹੋ ਜਾਂਦੀ ਹੈ। ਲੋਟੂ ਜਮਾਤ ਜੋ ਮਜਦੂਰ ਦਾ ਖੂਨ ਪੀਂਦੀ ਹੈ ਉਹ ਨਾਨਕ ਸਿੰਘ ਦੇ ਕਥਨ “ਲੋਕ ਪਾਣੀ ਪੁਣ ਕੇ ਪੀਂਦੇ ਹਨ ਪਰ ਲੁਕਾਈ ਦਾ ਖੂਨ ਅਣਪੁਣਿਆਂ ਹੀ ਪੀ ਜਾਂਦੇ ਹਨ” ਦੇ ਕਥਨ ਅੱਜ ਵੀ ਢੁੱਕਵੇਂ ਹਨ। ਲੋਕਾਂ ਅਤੇ ਜੋਕਾਂ ਦਾ ਫ਼ਲਸਫ਼ਾ ਸ਼ੁਰੂ ਤੋਂ ਹੀ ਭਾਰੀ ਰਿਹਾ ਜਦੋਂ ਇਸ ਫ਼ਲਸਫ਼ੇ ਅਤੇ ਪਾੜੇ ਵਿਰੁੱਧ ਕੁੱਝ ਜਗਿਆਸਾ ਆਈ ਤਾਂ ਮਜਦੂਰ ਵਰਗ ਸੁਲਗਿਆ ਪਰ ਕਾਰਪੋਰੇਟ ਜਗਤ ਨੂੰ ਇਹ ਗੱਲ ਪਚੀ ਨਹੀਂ। ਇਸ ਲਈ ਹੰਊਮੈ ਵਿੱਚੋਂ ਮਜਦੂਰਾਂ ਦਾ ਘਾਣ ਕੀਤਾ ਜਾਂਦਾ ਹੈ। ਇਸ ਵਰਤਾਰੇ ਪਿੱਛੇ ਕਾਰਪੋਰੇਟ ਦਾ ਹੰਕਾਰ ਝਲਕਦਾ ਹੈ। ਆਲਮੀ ਪੱਧਰ ਤੋਂ ਬਾਅਦ ਭਾਰਤ ਵਿੱਚ ਵੀ ਮਜਦੂਰਾਂ ਪ੍ਰਤੀ ਜਗਿਆਸਾ ਵਧੀ। ਇਸ ਲਈ ਭਾਰਤ ਵਿੱਚ ਮਜਦੂਰ ਨੂੰ 8 ਘੰਟੇ ਕੰਮ ਕਰਨ ਦਾ ਕਾਨੂੰਨ ਬਣਿਆ। ਹਾਂ ਇੱਕ ਗੱਲ ਜਰੂਰ ਹੈ 1991 ਤੋਂ ਭਾਰਤ ਮਾਤਾ ਅੰਦਰ ਕਿਰਤ ਸੁਧਾਰਾਂ ਦੀ ਕੋਸ਼ਿਸ ਸ਼ੁਰੂ ਹੈ। ਇਸ ਦੀ ਸ਼ੁਰੂਆਤ ਕਾਮਰੇਡ ਸਿੰਗਰਾਵੇਲੂ ਚੇਟਿਆਰ ਨੇ ਸ਼ੁਰੂ ਕੀਤੀ। ਅੱਜ ਸੰਸਾਰ ਦੇ 80 ਦੇ ਲੱਗਭਗ ਦੇਸ਼ ਮਜਦੂਰ ਦੇ ਹਿੱਤਾਂ ਲਈ ਜਾਗਰੂਕ ਹਨ। ਇਹਨਾਂ ਸਭ ਕਾਸੇ ਪਿੱਛੇ 1886 ਦਾ ਸਾਕਾ ਹੀ ਕੰਮ ਕਰਦਾ ਹੈ। ਮਜਦੂਰ ਨੂੰ ਆਪਣੀ ਹੋਂਦ ਅਤੇ ਕਿਰਤ ਸ਼ਕਤੀ ਲਈ ਉਤਸ਼ਾਹਿਤ ਹੋਣਾ ਚਾਹੀਦਾ ਹੈ। ਇਸ ਨਾਲ ਮਜਦੂਰ ਜਾਗਰੂਕ ਹੋਕੇ ਸੁਰੱਖਿਆ ਮਹਿਸੂਸ ਕਰੇਗਾ । ਸਿੱਟਾ ਇਹ ਨਿਕਲਦਾ ਹੈ ਕਿ ਰਾਜਨੀਤਿਕ ਵਰਗ ਵੀ ਜਵਾਬਦੇਹ ਬਣਦਾ ਹੈ।
ਮਜਦੂਰ, ਕਿਰਤ ਅਤੇ ਕਿਰਤ ਸ਼ਕਤੀ ਦੀ ਦਿਸ਼ਾ ਅਤੇ ਦਸ਼ਾ ਪਹਿਲੀ ਪਾਤਸ਼ਾਹੀ ਨੇ ਦੁਨਿਆਵੀ ਅਤੇ ਰੂਹਾਨੀ ਤੌਰ ਤੇ 1452 ਵਿੱਚ ਸੈਦਪੁਰ ਏਮਨਾਬਾਦ ਪਾਕਿਸਤਾਨ ਵਿੱਚ ਉਜਾਗਰ ਕੀਤੀ ਸੀ। “ਕਿਰਤ ਕਰੋ ਨਾਮ ਜਪੋ ਅਤੇ ਵੰਡ ਛਕੋ” ਦਾ ਸੁਨਹਿਰੀ ਸੁਨੇਹਾ ਵੀ ਇੱਥੋਂ ਹੀ ਮਿਲਦਾ ਹੈ। ਗੁਰੂ ਸਾਹਿਬ ਨੇ ਮਲਕ ਭਾਗੋ ਅਤੇ ਭਾਈ ਲਾਲੋ ਦਾ ਨਿਖੇੜ ਅਤੇ ਨਿਬੇੜ ਕਰਕੇ ਕਿਰਤ ਨੂੰ ਪ੍ਰਧਾਨ ਬਣਾਇਆ। ਅੱਜ ਭਾਵੇਂ ਸਮੇਂ ਦੇ ਹਾਣ ਅਨੁਸਾਰ ਮਲਕ ਭਾਗੋ ਨਵੇਂ ਜਾਮੇ ਵਿੱਚ ਆ ਜਾਂਦੇ ਹਨ ਪਰ ਫੈਸਲਾ ਉਹੀ ਹੁੰਦਾ ਹੈ ਜੋ ਗੁਰੂ ਸਾਹਿਬ ਨੇ ਦੱਸਿਆ ਸੀ। ਕਰਤਾਰਪੁਰ ਵਿੱਚ ਖੁਦ ਖੇਤੀ ਦੀ ਹੱਥੀ ਕਿਰਤ ਕਰਕੇ ਮਾਨਵਤਾ ਨੂੰ ਸੰਦੇਸ਼ ਦਿੱਤਾ। “ਘਾਲਿ ਖਾਇ ਕਿਛੁ ਹਥਹੁ ਦੇਇ, ਨਾਨਕ ਰਾਹੁ ਪਛਾਣਹਿ ਸੇਇ” ਅੱਜ ਦੇ ਸਮੇਂ ਵਿੱਚ ਦੇਖਿਆ ਜਾਵੇ ਗੁਰੂ ਸਾਹਿਬ ਦੇ ਸੰਦੇਸ਼ ਨੂੰ ਘੱਟ ਲੋਕ ਪੱਲੇ ਬੰਨਦੇ ਹਨ।ਬਹੁਤੇ ਲੋਕ ਕਲਯੁੱਗ ਦੇ ਘੇਰੇ ਵਿੱਚ ਹੀ ਹਨ। ਮਜਦੂਰ ਵਰਗ ਲਈ ਅੱਜ ਵੀ ਇਹ ਗੱਲ ਤਰੋਤਾਜ਼ਾ ਰਹਿੰਦੀ ਹੈ ਕਿ ਇਸ ਨੂੰ ਘੱਟ ਪੈਸੇ ਦਿੱਤੇ ਜਾਣ। ਮਜਦੂਰ ਲੋਕ ਹੱਥੀਂ ਮਿਹਨਤ ਕਰਕੇ ਪਰਿਵਾਰ ਪਾਲਦੇ ਹਨ। ਬਚਪਨ ਵਿੱਚ ਜਦੋਂ ਅਸੀਂ ਸੋਝੀ ਸੰਭਲੀ ਤਾਂ ਸਾਡੇ ਬਜੁਰਗ ਖੇਤਾਂ ਦੇ ਕੰਮ ਲਈ ਮਜਦੂਰ ਦਿਹਾੜੀ ਉੱਤੇ ਲਾਉਂਦੇ ਸਨ ਇਸ ਦੇ ਨਾਲ ਉਹਨਾਂ ਨੂੰ ਤਨਖਾਹ ਦੇ ਨਾਲ ਰੋਟੀ, ਚਾਹ ਅਤੇ ਪਾਣੀ ਵੀ ਦਿੰਦੇ ਸਨ। ਮਜਦੂਰ ਦਾ ਹੱਕ ਮਾਰਨ ਦੀ ਕੋਈ ਗੱਲ ਹੀ ਨਹੀਂ ਹੁੰਦੀ ਸੀ। ਇਸੇ ਲਈ ਪਿੰਡਾਂ ਵਿੱਚ ਸੱਚੀਂ ਮੁੱਚੀਂ ਰੱਬ ਵੱਸਦਾ ਸੀ। ਮਜਦੂਰ ਦਾ ਹੱਕ ਅਤੇ ਪੈਸਾ ਮਾਰਨਾ ਆਪਣੀ ਸ਼ਾਨ ਅਤੇ ਹੱਕ ਸਮਝਣ ਵਾਲੇ ਲੋਕਾਂ ਨੂੰ ਗੁਰਬਾਣੀ ਦਾ ਇਹ ਹੁਕਮ ਮੰਨਣਾ ਪਵੇਗਾ।
“ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ”
ਅੱਜ ਮਜਦੂਰ ਦਾ ਘਾਣ, ਸ਼ੋਸਣ ਅਤੇ ਹੱਕ ਮਾਰਨ ਦਾ ਤਰੀਕਾ ਨਵੇਂ ਯੁੱਗ ਅਨੁਸਾਰ ਬਿਰਾਜਮਾਨ ਹੈ। ਭੱਠਾ ਮਜਦੂਰ, ਖੇਤੀ ਖੇਤਰ, ਉਦਯੋਗਿਕ ਖੇਤਰ ਅਤੇ ਮਜਦੂਰ ਵਰਗ ਦੇ ਹੋਰ ਖੇਤਰ ਆਪਣੀ ਕਿਰਤ ਰਾਹੀਂ ਕਿਰਤ ਵੇਚਕੇ ਗੁਜਾਰਾ ਕਰਦੇ ਹਨ। ਕਿਰਤੀ ਵਰਗ ਅੱਜ ਵੀ ਸੁਰੱਖਿਅਤ ਨਹੀਂ ਹੈ। ਛੁੱਟੀ ਲਈ ਤਰਸਦਾ ਰਹਿੰਦਾ ਹੈ ਮਿਹਨਤ ਦੀ ਕੀਮਤ ਘੱਟ ਮਿਲਦੀ ਹੈ। ਸਿਹਤ, ਸਿੱਖਿਆ ਅਤੇ ਸੁਰੱਖਿਆ ਪੱਖੋਂ ਵੀ ਵਿਹੂਣਾ ਹੈ। ਮਜਦੂਰ ਅਤੇ ਧਨਾਢ ਦਾ ਪਾੜਾ ਅੱਜ ਵੀ ਉਸੇ ਤਰ੍ਹਾਂ ਹੀ ਹੈ। ਮਜਦੂਰ ਵਰਗ ਦੀ ਸਭ ਤੋਂ ਵੱਡੀ ਤਰਾਸਦੀ ਇਹ ਹੈ ਕਿ ਜਦੋਂ ਉਮਰ ਦਾ ਪੜਾਅ ਠੀਕ ਹੁੰਦਾ ਹੈ ਤਾਂ ਮਿਹਨਤ ਕਰਕੇ ਜੀਵਨ ਗੁਜਾਰ ਲੈਂਦਾ ਹੈ ਪਰ ਜਦੋਂ ਬੁਢਾਪੇ ਵਿੱਚ ਜਾਂਦਾ ਹੈ ਤਾਂ ਇਹਨਾਂ ਦਾ ਬੁਢਾਪਾ ਸਰਾਪਿਆ ਜਾਂਦਾ ਹੈ। ਸਮਾਜਿਕ, ਆਰਥਿਕ ਅਤੇ ਸਿਹਤ ਦੀ ਰੱਖਿਆ ਲਈ ਮਜਦੂਰ ਵਰਗ ਦੀ ਕੋਈ ਗਰੰਟੀ ਨਹੀਂ ਹੈ। ਕਰੋਨਾ ਕਾਲ ਵਿੱਚ ਮਜਦੂਰ ਦੀ ਦਸ਼ਾ ਨੇ ਨਵੇਂ ਅਧਿਆਏ ਲਿਖੇ। ਜਦੋਂ ਕਿਰਤੀ ਨੂੰ ਕਿਰਤ ਦਾ ਮੁੱਲ ਠੀਕ ਨਹੀਂ ਲੱਗਦਾ ਤਾਂ ਉਹ ਬਾਹਰਲੇ ਮੁਲਕਾਂ ਨੂੰ ਭੱਜਦੇ ਹਨ। ਜੇ ਇਹਨਾਂ ਬਾਹਰ ਨੂੰ ਭੱਜਣ ਵਾਲਿਆਂ ਨੂੰ ਪੁੱਛਿਆ ਜਾਵੇ ਤਾਂ ਇਹਨਾਂ ਦਾ ਸਰਬ ਪ੍ਰਵਾਨਿਤ ਜਵਾਬ ਹੁੰਦਾ ਹੈ ਕਿ ਸਾਨੂੰ ਉਹਨਾਂ ਦੇਸ਼ਾਂ ਵਿੱਚ ਕਿਰਤ ਦਾ ਅਸਲੀ ਅਤੇ ਸਹੀ ਮੁੱਲ ਮਿਲਦਾ ਹੈ। ਜਦੋਂ ਕਿਰਤ ਸ਼ਕਤੀ ਦੂਜੇ ਦੇਸ਼ਾਂ ਵੱਲ ਜਾਂਦੀ ਹੈ ਤਾਂ ਇਸਦਾ ਦੂਜਾ ਪੱਖ ਇਹ ਵੀ ਹੈ ਕਿ ਸਾਡੇ ਦੇਸ਼ ਵਿੱਚ ਕਿਰਤ ਸ਼ਕਤੀ ਦੀ ਕਮੀ ਆਉਂਦੀ ਹੈ ਜਿਸ ਨਾਲ ਵਿਕਾਸ ਰੁਕਦਾ ਹੈ। ਸਾਡੇ ਆਪਣੇ ਮੁਲਕ ਵਿੱਚ ਸਰਕਾਰ ਨੂੰ ਹੋਰ ਵੀ ਮਜਦੂਰ ਵਰਗ ਲਈ ਸੁਰੱਖਿਆ ਪ੍ਰਦਾਨ ਕਰਨ ਲਈ ਕਾਨੂੰਨ ਕਾਇਦੇ ਕਾਇਮ ਕਰਨੇ ਚਾਹੀਦੇ ਹਨ। ਇਸ ਨਾਲ ਮਜਦੂਰ ਵਰਗ ਲਈ ਬਾਹਰਲੇ ਮੁਲਕਾਂ ਦੇ ਬਰਾਬਰ ਢੁੱਕਵੇਂ ਪ੍ਰਬੰਧ ਵੀ ਹੋਣੇ ਚਾਹੀਦੇ ਹਨ। ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ 2022 ਵਿੱਚ ਮਜਦੂਰ ਲਈ ਸੁਨੇਹਾ ਦਿੱਤਾ ਸੀ “ਮਜਦੂਰ ਦਿਵਸ ਤੇ ਮੈਂ ਸਾਡੇ ਮਜਦੂਰਾਂ ਦੇ ਯਤਨਾਂ ਅਤੇ ਅਣਥੱਕ ਜ਼ਜਬੇ ਨੂੰ ਸਲਾਮ ਕਰਦਾ ਹਾਂ, ਜਿਹਨਾਂ ਦੇ ਹੁਨਰ ਅਤੇ ਜਨੂੰਨ ਨੇ ਰਾਸ਼ਟਰ ਨਿਰਮਾਣ ਲਈ ਵਿਕਾਸ ਦੀਆਂ ਨਵੀਆਂ ਰਾਹਾਂ ਉੱਕਰੀਆਂ” ਸਾਡੇ ਦੇਸ਼ ਦੀ ਬਹੁ-ਗਿਣਤੀ ਦਸਾਂ ਨਹੁੰਆਂ ਦੀ ਕਿਰਤ ਕਰਦੀ ਹੈ ਪਰ ਉਜਰਤ ਘੱਟ ਮਿਲਦੀ ਹੈ। ਇਸ ਲਈ ਉਹਨਾਂ ਨੂੰ ਅਨਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਸਿੱਟਾ ਇਹ ਨਿਕਲਦਾ ਹੈ ਕਿ ਮਜਦੂਰ ਦੇ ਸਿਰ ਤੇ ਅਮੀਰ ਹੋਰ ਅਮੀਰ ਹੋਈ ਜਾਂਦਾ ਹੈ।
ਮਜਦੂਰ ਆਪਣੀ ਕਿਰਤ ਸ਼ਕਤੀ ਨੂੰ ਪੇਟ ਭਰਨ ਤੱਕ ਸੀਮਤ ਰਹਿੰਦਾ ਹੈ। ਸਿਆਣੇ ਲੋਕ ਮਜਦੂਰ ਦੀ ਮਜਦੂਰੀ ਦਾ ਖਿਆਲ ਰੱਖਦੇ ਹਨ। ਸਮਾਜ ਵਿੱਚ ਮਜਦੂਰੀ ਮਾਰਨ ਵਾਲੇ ਵੀ ਹੁੰਦੇ ਹਨ ਅਜਿਹੇ ਲੋਕ ਮਨੁੱਖਤਾ ਦੇ ਨਾਮ ਤੇ ਕਲੰਕ ਹੁੰਦੇ ਹਨ। ਪਿੰਡਾਂ ਦੇ ਲੋਕ ਰਸੋਈ ਆਪਣੇ ਅਤੇ ਮਜਦੂਰ ਲਈ ਇਕੋ ਤਰ੍ਹਾਂ ਦੀ ਰੱਖਦੇ ਹਨ। ਖਾਣੇ ਵਿੱਚ ਵਿਤਕਰਾ ਨਹੀਂ ਕਰਦੇ। ਅੱਜ ਸਭ ਤੋਂ ਮਾੜੀ ਹਾਲਤ ਬਾਲ ਮਜਦੂਰੀ ਕਰਕੇ ਵੀ ਹੁੰਦੀ ਹੈ। ਬਚਪਨ, ਚਾਅ ਮਲਾਰ ਅਤੇ ਖੇਲ ਖਿਲਾਰ ਛੱਡਕੇ ਜਦੋਂ ਬਾਲ ਮਜਦੂਰੀ ਲਈ ਮਜਬੂਰ ਹੋਣਾ ਪੈਦਾ ਹੈ ਤਾਂ ਬਾਲਪਣ ਦੇ ਅਰਮਾਨ ਮਰ ਜਾਂਦੇ ਹਨ। ਇਹ ਸਮਾਜ ਦੀ ਵੱਡੀ ਬੁਰਾਈ ਹੈ। ਦੇਸ਼ ਦੀ ਤਰੱਕੀ, ਸੱਭਿਅਤਾ ਅਤੇ ਆਲਮੀ ਮੁਹਾਂਦਰੇ ਲਈ ਮਜਦੂਰ ਦੀ ਤਰਾਸਦੀ ਸਭ ਤੋਂ ਖਤਰਨਾਕ ਅਤੇ ਪਿਛਾਂਹ ਖਿੱਚੂ ਸਮਝੀ ਜਾਂਦੀ ਹੈ। ਇਸ ਪਿੱਛੇ ਜਗੀਰੂ ਪ੍ਰਬੰਧ ਹੁੰਦਾ ਹੈ। ਇਸ ਕਰਕੇ ਕਈ ਵਾਰ ਮਜਦੂਰ ਵਿੱਚੋਂ ਮਜਬੂਰ ਦੀ ਝੱਲਕ ਪੈਂਦੀ ਹੈ। ਮਜ਼ਦੂਰਾਂ ਦਿਨ ਦਿਹਾੜੇ ਹੋਰ ਹੀ ਮਨਾਈ ਜਾਂਦੇ ਹਨ ਜਦੋਂ ਕਿ ਮਜਦੂਰ ਤਾਂ ਵਿਚਾਰਾ ਆਪਣੀ ਮਜਦੂਰੀ ਅਤੇ ਢਿੱਡ ਭਰਨ ਲਈ ਮਿਹਨਤ ਵਿੱਚ ਖੁੱਭਿਆ ਰਹਿੰਦਾ ਹੈ। ਵਿਦਿਆ, ਸਿਹਤ, ਭੁੱਖ ਅਤੇ ਸਮਾਜਿਕ ਤਰਾਸਦੀ ਨਾਲ ਜੂਝਦਾ ਰਹਿੰਦਾ ਹੈ। ਇਸ ਸਾਰੇ ਵਰਤਾਰੇ ਨੂੰ ਸੰਤ ਰਾਮ ਉਦਾਸੀ ਨੇ ਇਉਂ ਵਰਨਣ ਕੀਤਾ ਸੀ:-
“ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ,
ਤੂੰ ਮਘਦਾ ਰਹੀ ਵੇ ਸੂਰਜਾ ਕੰਮੀਆਂ ਦੇ ਵਿਹੜੇ,
ਜਿਥੇ ਤੰਗ ਨਾਲ ਸਮਝਣ ਤੰਗੀਆਂ ਨੂੰ,
ਜਿਥੇ ਮਿਲਣ ਅੰਗੂਠੇ ਸੰਘੀਆਂ ਨੂੰ,
ਜਿਥੇ ਵਾਲ ਤਰਸਦੇ ਕੰਘੀਆਂ ਨੂੰ,
ਨੱਕ ਵਗਦੇ ਅੱਖਾਂ ਚੁੰਨੀਆਂ ਨੂੰ ਤੇ ਦੰਦ ਕਰੇੜੇ,
ਤੂੰ ਮਘਦਾ ਰਹੀ ਵੇ ਸੂਰਜਾ ਕੰਮੀਆਂ ਦੇ ਵਿਹੜੇ”
ਅੱਜ ਮਜਦੂਰ ਦੇ ਹਾਲਾਤ ਅਤੇ ਤਰਾਸਦੀ ਨੂੰ ਨਵੇਂ ਦ੍ਰਿਸ਼ਟੀਕੋਣ ਤੋਂ ਲਿਖਣ ਦੀ ਲੋੜ ਹੈ। ਮਜਦੂਰ ਨੂੰ ਲੁੱਟਣ ਵਾਲਾ ਆਰਥਿਕ ਨਿਜ਼ਾਮ ਨੰਗਾ ਹੋਣਾ ਚਾਹੀਦਾ ਹੈ। ਇਸ ਨੂੰ ਸਿਆਸੀ ਅਤੇ ਅਮੀਰ ਵਰਗ ਦੇ ਪੱਖ ਤੋਂ ਵੀ ਘੋਖਣਾ ਚਾਹੀਦਾ ਹੈ। ਧਨਾਢ ਵਰਗ ਲਾਲਚ, ਦੌਲਤ, ਸ਼ਾਹੀ ਠਾਠਬਾਠ ਦੀ ਪ੍ਰਤੀਨਿਧਤਾ ਕਰਦਾ ਹੈ ਜਦਕਿ ਮਜਦੂਰ ਵਰਗ ਅੱਜ ਵੀ ਦੋ ਡੰਗ ਦੀ ਰੋਟੀ ਲਈ ਤਰਸਦਾ ਹੈ।
“ਤੁਹਾਨੂੰ ਤਾਂ ਬਸ ਵੇਹਲ ਨਹੀਂ ਆਪਣੀ ਆਯਾਸ਼ੀ ਤੋਂ,
ਤਾਹੀਉ ਤਾਂ ਅੱਜ ਮੇਰੇ ਨਾਂ ਤੇ ਐਸ਼ ਕਰੀ ਜਾਂਦੇ ਹੋ,
ਮੈਂ ਤਾਂ ਹਮੇਸ਼ਾ ਦਬਿਆ ਰਹਾਂਗਾ,
ਲੁੱਟਿਆ ਜਾਂਦਾ ਰਹਾਂਗਾ ਤੁਹਾਡੇ ਹੱਥੋਂ,
ਕਿਉਂਕਿ ਮੈਂ ਮਜਦੂਰ ਹਾਂ ਤੇ ਮਜਦੂਰ ਹੀ ਰਹਾਂਗਾ”
ਮਜਦੂਰ ਵਰਗ ਦਾ ਉਦੇਸ਼ ਮਜਦੂਰਾਂ ਨੂੰ ਜਾਗਰੂਕ ਕਰਕੇ ਹਰ ਪੱਖ ਦੀ ਸੁਰੱਖਿਆ ਪ੍ਰਦਾਨ ਕਰਨਾ ਹੈ। ਪਰ ਇਸ ਦੇ ਉਦੇਸ਼ ਜਿੱਥੋਂ ਚੱਲੇ ਸਨ ਉੱਥੇ ਹੀ ਦਬੇ ਪਏ ਹਨ। ਸਰਕਾਰਾਂ ਦੀਆਂ ਕੋਸ਼ਿਸਾਂ ਤਾਂ ਹੋਈਆਂ ਕੁੱਝ ਮਜਦੂਰ ਭਲਾਈ ਲਈ ਵੀ ਸਰਕਾਰਾਂ ਨੇ ਕੰਮ ਕੀਤੇ ਪਰ ਤਰਾਸਦੀ ਜਾਰੀ ਹੈ। ਕਿਸੇ ਵੀ ਸਮਾਜ ਦੇ ਵਿਕਾਸ ਲਈ ਮਜਦੂਰ ਹੱਥੀ ਕਿਰਤ, ਇਲਮ ਅਤੇ ਤਨਦੇਹੀ ਨਾਲ ਵਿਕਾਸ ਅਤੇ ਖੁਸ਼ਹਾਲੀ ਪੈਦਾ ਕਰਦਾ ਹੈ। ਇਸ ਨੂੰ ਤਰੋ ਤਾਜ਼ਾ ਰੱਖਣ ਲਈ ਸਰਮਾਏਦਾਰੀ ਬਨਾਮ ਕਿਰਤੀ ਸਵਰਾਜ ਵਿੱਚੋਂ ਮਜਦੂਰ ਜਮਾਤ ਨੂੰ ਇਨਕਲਾਬੀ ਰਾਹਾਂ ਦਾ ਪਾਂਧੀ ਬਨਣਾ ਚਾਹੀਦਾ ਹੈ।
ਸੁਖਪਾਲ ਸਿੰਘ ਗਿੱਲ
ਅਅਬਿਆਣਾ ਕਲਾਂ
ਮੋ: 98781-11445