83 ਵੀਂ ਬਰਸੀ ਤੇ ਸ਼ਰਧਾਂਜਲੀ - ਮੇਜਰ ਸਿੰਘ ਬੁਢਲਾਡਾ

        'ਆਇਨਕਾਲੀ'
'ਆਇਨਕਾਲੀ 'ਪਲਿਆਰ' ਵਿੱਚ ਕੇਰਲਾ ਦੇ,
ਯੋਧਾ ਹੋਇਆ ਬੜਾ ਮਹਾਨ ਲੋਕੋ।
ਛੈਲ ਗੱਭਰੂ ਦੇ ਗੁੰਦਵੇਂ ਸਰੀਰ ਅੰਦਰ,
ਹੱਦੋਂ ਵੱਧ ਸੀ ਕਹਿੰਦੇ ਜਾਨ ਲੋਕੋ।
ਜਿਸਨੇ ਜ਼ੁਲਮ ਸਹਿ ਰਹੇ ਸਮਾਜ ਖ਼ਾਤਰ,
ਪਾਇਆ ਦੁਸ਼ਮਣਾਂ ਵਿੱਚ ਘਮਸਾਨ ਲੋਕੋ।
ਜੋ ਮੇਨ ਰਾਹਾਂ ਤੋਂ ਲੰਘਣੋਂ ਰੋਕਦੇ ਸੀ,
ਨਾ ਚੰਗਾ ਦਿੰਦੇ ਸੀ ਪਹਿਨਣ ਖਾਣ ਲੋਕੋ।
ਔਰਤਾਂ ਨੂੰ ਛਾਤੀਆਂ ਢਕਣ ਖ਼ਾਤਰ,
ਟੈਕਸ ਦੇਣ ਦਾ ਸੀ ਫੁਰਮਾਨ ਲੋਕੋ।
ਚੰਗੀ ਵਸਤ, ਪਸ਼ੂ ਨਾ ਰੱਖਣ ਦਿੰਦੇ,
ਅਪਮਾਨ ਸਮਝਕੇ ਕਰਦੇ ਨੁਕਸਾਨ ਲੋਕੋ।
'ਆਇਨਕਾਲੀ' ਨੇ ਲੈ ਬਲਦ ਗੱਡਾ,
ਵਰਜਿਤ ਰਾਹਾਂ ਤੇ ਪਿਆ ਚੱਲ ਲੋਕੋ।
ਖਪਰਾ ਧਰ ਲਿਆ ਵੱਡਾ ਮੋਢੇ ਉਤੇ,
ਪਾਉਣ ਲਈ ਜ਼ੁਲਮ ਨੂੰ ਠੱਲ੍ਹ ਲੋਕੋ।
ਹੰਕਾਰੀ ਲੋਕ ਰਹਿ ਗ‌ਏ ਦੰਦ ਪੀਂਹਦੇ,
ਵਧਿਆ ਕੋਈ ਨਾ ਇਹਦੇ ਵੱਲ ਲੋਕੋ।
ਸਮਾਜ ਦੇ ਨੌਜਵਾਨ ਨਿਕਲ ਬਾਹਰ ਆਏ,
ਜੋ ਧਸੇ ਗੁਲਾਮੀ ਦੀ ਵਿੱਚ ਦਲ਼ ਦਲ਼ ਲੋਕੋ।
ਖ਼ਾਤਰ ਹੱਕਾਂ ਦੀ ਚੁੱਕੇ ਹਥਿਆਰ ਇਹਨਾਂ,
ਮਰਨ ਮਾਰਨ ਦਾ ਸਿੱਖਕੇ  ਵਲ਼ ਲੋਕੋ।
ਮੋਛੇ ਪਾ ਦਿੱਤੇ ਜ਼ਾਤ ਅਭਿਮਾਨੀਆਂ ਦੇ।
ਜੋ ਧੱਕੇ ਨਾਲ ਮਨਾਉਂਦੇ ਸੀ ਹਰ ਗੱਲ ਲੋਕੋ।
ਆਖਿਰ ਜਿੱਤ ਦਾ ਝੰਡਾ ਝੁਲਾ ਦਿੱਤਾ,
ਸਿਰੇ ਲਾਕੇ ਆਪਣੀ ਗੱਲ ਲੋਕੋ।
ਮੇਜਰ ਸਿੰਘ 'ਬੁਢਲਾਡਾ'
94176 42327